ਨਿਊਜ਼ੀਲੈਂਡ ‘ਚ ਪੰਜਾਬੀ ਮੁੰਡੇ ਮੋਹਦੀਪ ਸੋਢੀ ਨੇ ਫੁੱਟਬਾਲ ਦੇ ਵਿਚ ਫਿਰ ਨਾਂਅ ਚਮਕਾਇਆ

NZ PIC 20 Sep-1

ਨਿਊਜ਼ੀਲੈਂਡ ਦੇ ਟੀਪੁੱਕੀ ਖੇਤਰ ਦੇ ਵਿਚ ਜਿੱਥੇ ਪੰਜਾਬੀਆਂ ਨੇ ਕੀਵੀ ਫਰੂਟ ਦੇ ਖੇਤਾਂ ਵਿਚ ਹੱਡ-ਭੰਨਵੀਂ ਮਿਹਨਤ ਕਰਕੇ ਆਪਣਾਂ ਨਾਂਅ ਚਮਕਾਇਆ ਹੈ ਉਥੇ ਇਥੇ ਪੜ੍ਹ-ਲਿਖ ਕੇ ਨਵੀਂ ਪੰਜਾਬੀ ਨੌਜਵਾਨ ਪੀੜ੍ਹੀ ਵੀ ਪੜ੍ਹਾਈ ਦੇ ਨਾਲ-ਨਾਲ ਸਥਾਨਕ ਖੇਡਾਂ ਵਿਚ ਪੰਜਾਬੀਆਂ ਦਾ ਨਾਂਅ ਚਮਕਾ ਰਹੀ ਹੈ। 14 ਸਾਲਾ ਪੰਜਾਬੀ ਮੁੰਡਾ ਮੋਹਦੀਪ ਸੋਢੀ ਜੋ ਕਿ 5 ਸਾਲ ਦੀ ਉਮਰ ਤੋਂ ਫੁੱਟਬਾਲ ਦੀ ਖੇਡ ਨਾਲ ਪਿਆਰ ਪਾ ਕੇ ਦਿਨ ਬ ਦਿਨ ਅੱਗੇ ਵਧ ਰਿਹਾ ਹੈ, ਨੇ ਹੁਣ ਸਥਾਨਕ ਫੁੱਟਬਾਲ ਕਲੱਬ ‘ਮਾਊਂਟ ਮਾਉਂਗਾਨੂਈ ਜੂਨੀਅਰ ਫੁੱਟਬਾਲ ਕਲੱਬ’ ਤੋਂ ਟਾਪ ਸਕੋਰਰ ਵਜੋਂ ਦੋ ਟ੍ਰਾਫੀਆਂ ਜਿੱਤ ਕੇ ਆਪਣੇ ਨਾਂਅ ਕੀਤੀਆਂ ਹਨ। ਸਟਰਾਈਕਰ ਦੇ ਤੌਰ ‘ਤੇ ਇਸ ਵਾਰ ਉਸਨੇ ਆਪਣੇ 14 ਮੈਚਾਂ ਦੌਰਾਨ 22 ਗੋਲ ਕੀਤੇ। ਇਕ ਟ੍ਰਾਫੀ ਓਵਰ ਹਾਲ ਟਾਪ ਸਕੋਰਰ ਹੋਣ ਉਤੇ ਇਸਨੂੰ ਦਿੱਤੀ ਗਈ। ਕਲੱਬਾਂ ਦੇ ਬੋਰਡ ਉਤੇ ਵੀ ਇਸਦਾ ਨਾਂਅ ਟਾਪ ਸਕੋਰਰ ਦੇ ਤੌਰ ‘ਤੇ ਲਿਖਿਆ ਗਿਆ।
ਮੋਹਦੀਪ ਸੋਢੀ ਦੇ ਪਿਤਾ ਸ੍ਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੋਹਦੀਪ ਸੋਢੀ ਨੂੰ 2014 ਦੇ ਵਿਚ ਗੋਲਡਨ ਬੂਟ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸਨੇ ਉਸ ਸਮੇਂ 13ਵੇਂ ਗ੍ਰੇਡ ਦੇ ਹੋਏ ਟੂਰਨਾਮੈਂਟ ਦੇ ਮੈਚਾਂ ਵਿਚ 17 ਗੋਲ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਵੇਲੇ ਉਹ ਤਿੰਨ ਫੁੱਟਬਾਲ ਕਲੱਬਾਂ ਦੇ ਲਈ ਖੇਡ ਰਿਹਾ ਹੈ ਜਿਸ ਦੇ ਵਿਚ ਵਾਇਕਾਟੋ-ਬੇਅ ਆਫ ਪਲੈਂਟੀ ਫੈਡਰੇਸ਼ਨ ਟੇਲੇਂਟ ਸੈਂਟਰ, ਟੌਰੰਗਾ ਸਿਟੀ ਯੂਨਾਇਟਡ ਏ.ਐਫ.ਸੀ. ਫੈਡਰੇਸ਼ਨ ਅਤੇ ਮਾਊਂਟ ਮਾਉਂਗਾਨੂਈ ਜੂਨੀਅਰ ਫੁੱਟਬਾਲ ਕਲੱਬ। ਇਸ ਬੱਚੇ ਜਾ ਪਰਿਵਾਰ 1995 ਤੋਂ ਟੀਪੁੱਕੀ ਵਿਖੇ ਰਹਿ ਰਿਹਾ ਹੈ ਅਤੇ ਇਨ੍ਹਾਂ ਦਾ ਜੱਦੀ ਪਿੰਡ ਮੀਰਪੁਰ ਲੱਖਾ ਨੇੜੇ ਸ਼ਹੀਦ ਭਗਤ ਸਿੰਘ ਨਗਰ ਹੈ। ਸ਼ਾਲਾ! ਇਹ ਹੋਣਹਾਰ ਬੱਚਾ ਇਕ ਦਿਨ ਰਾਸ਼ਟਰੀ ਟੀਮ ਦੇ ਵਿਚ ਖੇਡ ਕੇ ਪੰਜਾਬੀ ਭਾਈਚਾਰੇ ਦਾ ਨਾਂਅ ਚਮਕਾਵੇ।

Install Punjabi Akhbar App

Install
×