ਤਿਰਛੀ ਨਜ਼ਰ: ਮੋਦੀ ਦੀ ਨੋਟ-ਬੰਦੀ ਨੇ ਚਰਚਾ ਵਿਚ ਲਿਆਂਦਾ ਤੁਗ਼ਲਕੀ ਇਤਿਹਾਸ 

muhammad-bin-tughluq-1

ਇਨ੍ਹੀਂ ਦਿਨੀਂ ਕਿਉਂ ਯਾਦ ਕੀਤਾ ਜਾ ਰਿਹੈ ਮੁਹੰਮਦ ਤੁਗਲਕ ਨੂੰ…. ? ਕੌਣ ਸੀ ਮੁਹੰਮਦ ਤੁਗਲਕ…. ?

ਜਦੋਂ ਸਕੂਲ ਵਿਚ ਪੜ੍ਹਦੇ ਸੀ ਉਦੋਂ ਕਿਸੇ ਜਮਾਤ ਦੀ ਇਤਿਹਾਸ ਦੀ ਕਿਤਾਬ ਵਿਚ ਪੜ੍ਹਿਆ ਸੀ। ਭਾਰਤ ਦਾ ਇੱਕ ਮੁਗ਼ਲ ਰਾਜਾ ਹੋਇਆ ਸੀ ਮੁਹੰਮਦ ਤੁਗਲਕ। ਉਸ ਨੇ ਦਿੱਲੀ ਤੇ ਰਾਜ ਕੀਤਾ ਸੀ। ਆਪਣੀ ਹਕੂਮਤ ਚਲਾਉਣ ਲਈ ਰਾਜ-ਪ੍ਰਬੰਧ ਵਿਚ ਸੁਧਾਰ ਦੇ ਨਾਂ ਤੇ ਅਜਿਹੇ ਸਖ਼ਤ ਫ਼ੈਸਲੇ ਲਏ ਜਿਨ੍ਹਾਂ ਨਾਲ ਲੋਕਾਂ ਨੂੰ ਬੇਹੱਦ ਤਕਲੀਫ਼ ਝੱਲਣੀ ਪਈ ਅਤੇ ਤੁਗਲਕ ਦੀ ਆਪਣੀ ਬਾਦਸ਼ਾਹਤ ਵੀ ਢਹਿ-ਢੇਰੀ ਹੋ ਗਈ। ਬਚਪਨ ਤੋਂ ਇਹ ਵੀ ਸੁਣਦੇ ਆ ਰਹੇ ਹਾਂ ਕਿ ਜਦੋਂ ਕੋਈ ਵੱਡਾ ਬੰਦਾ ਜਾਂ ਰਾਜ ਭਾਗ ਤੇ ਕਾਬਜ਼ ਆਪ ਹੁਦਰਾ ਨੇਤਾ ਜਾਂ ਅਫ਼ਸਰ -ਹੋਰਨਾਂ ਦੇ ਦੁੱਖ -ਦਰਦ ਅਤੇ ਲੋੜ ਦਾ ਖ਼ਿਆਲ ਨਾ ਰੱਖਦੇ ਹੋਏ -ਆਪਣੀ ਮਨ-ਮਾਨੀ ਵਾਲਾ ਕੋਈ ਨਿਰਨਾ ਜਾਂ ਐਲਾਨ ਕਰ ਦੇਵੇ ਤਾਂ ਅਕਸਰ ਹੀ ਕਿਹਾ ਜਾਂਦਾ ਸੀ -ਇਹ ਤੁਗ਼ਲਕੀ ਫ਼ਰਮਾਨ ਜਾਂ ਨਾਦਰਸ਼ਾਹੀ ਹੁਕਮ ਹੈ। ਅਸੀਂ ਖ਼ੁਦ ਵੀ ਆਪਣੇ ਕਾਲਜ ਦੇ ਸਮੇਂ ਤੇ ਖੱਬੇ -ਪੱਖੀ ਲਹਿਰ ਨਾਲ ਜੁੜੇ ਵਿਦਿਆਰਥੀ ਅੰਦੋਲਨਾਂ ਦੌਰਾਨ -ਸਰਕਾਰ, ਪੁਲਿਸ ਅਤੇ ਸੁਰੱਖਿਆ ਫੋਰਸਾਂ ਵੱਲੋਂ ਕੀਤੇ ਜਾਂਦੇ ਜਬਰ ਅਤੇ ਧੱਕੇ ਨੂੰ ਤੁਗ਼ਲਕੀ ਅਤੇ ਨਾਦਰ ਸ਼ਾਹੀ ਫ਼ਰਮਾਨ ਕਹਿਕੇ ਹੀ ਭਾਂਡੇ ਹੁੰਦੇ ਸੀ। ਜਦੋਂ ਜੂਨ 1975 ਵਿਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਗੂ ਕੀਤੀ ਤਾਂ ਉਦੋਂ ਵੀ -ਵਿਰੋਧੀਆਂ ਵੱਲੋਂ ਉਸ ਦੇ ਇਨ੍ਹਾਂ ਫ਼ੈਸਲਿਆਂ ਨੂੰ ਤੁਗ਼ਲਕੀ ਫ਼ਰਮਾਨਾਂ ਨਾਲ ਹੀ ਤੁਲਨਾ ਦਿੱਤੀ ਗਈ ਸੀ।

ਹੁਣ ਫੇਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ 500 ਅਤੇ 1000 ਰੁਪਏ ਦੇ ਨੋਟ ਬੰਦ ਕਰਕੇ 2000 ਰੁਪਏ ਦੇ ਨਵੇਂ ਨੋਟ ਚਾਲੂ ਕਰਕੇ ਨੋਟ ਬੰਦੀ ਦੇ ਕੀਤੇ ਫ਼ੈਸਲੇ ਤੋਂ ਤੁਗਲਕ ਅਤੇ ਨਾਦਾਰਸ਼ਾ ਚਰਚਾ ਵਿਚ ਨੇ।

ਮੁਹੰਮਦ ਤੁਗਲਕ ਹਿੰਦੁਸਤਾਨ ਦਾ ਉਹ ਮੁਗ਼ਲ ਬਾਦਸ਼ਾਹ ਸੀ ਜਿਸ ਨੇ 14 ਸਦੀ ਵਿਚ ਆਪਣੀ ਹਕੂਮਤ ਦੌਰਾਨ ਇੱਕ ਤਾਂ ਆਪਣੀ ਕਰੰਸੀ ਇੱਕ ਦਮ ਤਬਦੀਲ ਕੀਤੀ ਸੀ। ਦੂਜਾ ਉਸਦਾ ਚਰਚਿਤ ਇਤਿਹਾਸਕ ਨਿਰਨਾ ਆਪਣੀ ਰਾਜਧਾਨੀ ਨੂੰ ਦਿੱਲੀ ਤੋਂ ਤਬਦੀਲ ਕਰਕੇ ਮਹਾਰਾਸ਼ਟਰ ਵਿਚ ਲਿਜਾਣਾ ਸੀ।

ਇਤਿਹਾਸ ਗਵਾਹ ਹੈ ਕਿ ਤੁਗਲਕ ਨੇ 1324 ਤੋਂ ਲੈ ਕੇ 1351 ਤੱਕ ਭਾਰਤੀ ਉਪ-ਮਹਾਂਦੀਪ ਤੇ ਰਾਜ ਕੀਤਾ। ਉਹ ਇੱਕ ਬੁੱਧੀਮਾਨ ਬਾਦਸ਼ਾਹ ਮੰਨਿਆ ਜਾਂਦਾ ਸੀ ਜੋ ਕਵਿਤਾ ਦਾ ਸ਼ੁਕੀਨ ਸੀ। ਉਹ ਤਾਰਾ -ਵਿਗਿਆਨ  ( ਅਸਟਰੌਨੋਮੀ ), ਧਰਮ ਅਤੇ ਫ਼ਿਲਾਸਫ਼ੀ ਦਾ ਵੀ ਮਾਹਰ ਮੰਨਿਆ ਜਾਂਦਾ ਸੀ। ਦਿੱਲੀ ਦੇ ਸੁਲਤਾਨ ਦੇ ਨਾਮ ਨਾਲ ਜਾਣੇ ਜਾਂਦੇ ਤੁਗਲਕ ਨੇ  ਆਪਣੇ 27 ਵਰ੍ਹੇ ਦੇ ਰਾਜ ਦੌਰਾਨ ਰਾਜ ਪ੍ਰਬੰਧ ਵਿਚ ਕਈ ਨਵੇਂ ਸਿਲਸਿਲੇ ਸ਼ੁਰੂ ਕੀਤੇ ਪਰ ਉੱਪਰ ਜ਼ਿਕਰ ਕੀਤੇ ਦੋ ਅਹਿਮ ਫ਼ੈਸਲੇ ਇਤਿਹਾਸਕ ਯਾਦ ਬਣ ਗਏ।

ਅਜਿਹੇ ਹੀ ਇੱਕ ਨਵੇਂ ਤਜਰਬੇ ਵਜੋਂ ਮੁਹੰਮਦ ਤੁਗਲਕ ਨੇ ਸਨ  1329 ਵਿਚ ਭਾਰਤ ਦੀ ਰਾਜਧਾਨੀ ਦਿੱਲੀ ਤੋ ਬਦਲੇ ਕੇ ਮਹਾਰਾਸ਼ਟਰ ਸੂਬੇ ਦੇ ਦੇਵਗਿਰੀ ਦੇ ਸਥਾਨ ਤੇ ਤਬਦੀਲ  ਕਰਨ ਦਾ ਨਿਰਨਾ ਲਈ ਲਿਆ ਜਿਸ ਨੂੰ ਬਾਅਦ ਵਿਚ ਦੌਲਤਾਬਾਦ ਵਜੋਂ ਜਾਣਿਆ ਗਿਆ। ਇਤਿਹਾਸਕਾਰ ਸਮਝਦੇ ਹਨ ਕਿ ਉਸਦੇ ਦੋ -ਤਿੰਨ ਮੁੱਖ ਮੰਤਵ ਸਨ ਜਿਨ੍ਹਾਂ  ਵਿਚ ਆਪਣੀ ਰਾਜਧਾਨੀ  ਨੂੰ ਵਾਰ ਵਾਰ ਹੋ ਰਹੇ ਮੰਗੋਲ ਹਮਲਿਆਂ ਤੋਂ ਬਚਾਉਣਾ, ਦੱਖਣੀ ਭਾਰਤ ਦੀ ਉਪਜਾਊ ਜ਼ਮੀਨ ਤੇ ਕਬਜ਼ਾ ਕਰਨਾ ਅਤੇ ਗੁਜਰਾਤ ਅਤੇ ਦੱਖਣੀ ਭਾਰਤ ਦੀਆਂ ਬੰਦਰਗਾਹਾਂ ਤੱਕ ਸੁਖਾਲੀ ਪਹੁੰਚ ਕਰਨਾ ਸ਼ਾਮਲ ਸਨ। ਪਰ ਉਸਨੇ ਦਿੱਲੀ ਵਿਚਲੇ ਸਿਰਫ਼  ਆਪਣੇ ਦਰਬਾਰ ਨੂੰ ਹੀ ਨਹੀਂ ਸਗੋਂ ਦਿੱਲੀ ਦੀ ਸਾਰੀ ਵਸੋਂ ਨੂੰ ਹੀ ਨਵੀਂ ਰਾਜਧਾਨੀ ਵਿਚ ਜਾ ਕੇ ਵੱਸਣ ਦੇ ਹੁਕਮ ਦੇ ਦਿੱਤੇ। ਰਾਜ-ਭਾਗ ਦੇ ਪ੍ਰਬੰਧਾਂ ਦੇ ਬਾਵਜੂਦ , ਏਨੇ ਲੰਮੇ ਸਫ਼ਰ ਦੌਰਾਨ ਅਤੇ ਨਵੇਂ  ਥਾਂ ਜਾ ਕੇ ਲੋਕ  ਬੇਹੱਦ ਖੱਜਲ ਖ਼ੁਆਰ ਹੋਏ, ਤੰਗ-ਪ੍ਰੇਸ਼ਾਨ ਹੋਏ ਅਤੇ ਕਈਆਂ ਦੀ ਤਾਂ ਰਸਤੇ ਵਿਚ ਮੌਤ ਵੀ ਹੋ ਗਈ। ਉਦੋਂ ਕਿਹੜਾ ਅੱਜ ਵਾਂਗ ਆਵਾਜਾਈ ਦੇ ਅਸਾਨ ਸਾਧਨ ਸਨ। ਦਿੱਲੀ ਲਗਭਗ ਉਜਾੜ ਦਿੱਤੀ ਗਈ। ਕਹਿੰਦੇ ਨੇ ਕੁੱਤੇ -ਬਿੱਲੀਆਂ ਤੱਕ ਵੀ ਦੌਲਤਾਬਾਦ ਲਿਜਾਏ ਗਏ ਸਨ।

ਰਾਜਧਾਨੀ ਤਬਦੀਲ ਕਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਬੰਗਾਲ ਅਤੇ ਨਾਰਥ-ਈਸਟ ਵਿਚ ਬਗ਼ਾਵਤ ਹੋ ਗਈ। ਕੁਝ ਦੇਰ ਬਾਅਦ ਹੀ ਉਸਨੂੰ ਤੁਗਲਕ ਨੂੰ ਇਹ ਅਹਿਸਾਸ ਹੋ ਗਿਆ ਕਿ ਦੱਖਣ ਵਿਚ ਤਖ਼ਤ ‘ਤੇ ਬੈਠ ਕੇ ਉੱਤਰੀ ਭਾਰਤ ਅਤੇ ਨਾਰਥ-ਈਸਟ ਨੂੰ ਕਾਬੂ ਵਿਚ ਰੱਖਣਾ ਬੇਹੱਦ ਮੁਸ਼ਕਿਲ ਸੀ। ਅੱਖਰ 1335 ਵਿਚ ਫੇਰ ਤੁਗਲਕ ਨੇ ਰਾਜਧਾਨੀ ਬਦਲ ਕੇ ਦਿੱਲੀ ਕਰ ਲਈ ਅਤੇ ਸਾਰੇ ਬਾਸ਼ਿੰਦਿਆਂ ਨੂੰ ਦਿੱਲੀ ਵੱਲ ਕੂਚ ਕਰਨ ਦੇ ਫ਼ਰਮਾਨ ਦੇ ਦਿੱਤੇ। ਇਸ ਅਦਲਾ- ਬਦਲੀ ਦੇ ਚੱਕਰ ਵਿਚ ਲੋਕ ਵੀ ਖ਼ਿਲਾਫ਼ ਹੋ ਗਏ ਅਤੇ ਬਗ਼ਾਵਤਾਂ ਵੀ ਹੋ ਗਈਆਂ, ਉਸਦੀ ਹਕੂਮਤ ਦੇ ਖ਼ਜ਼ਾਨੇ ਤੰਗ ਹੋ ਗਏ, ਸੋਨੇ ਅਤੇ ਚਾਂਦੀ ਦੀ ਸਪਲਾਈ ਘਟ ਗਈ  ਤਾਂ ਉਸਨੇ 1330 ਵਿਚ ਕਰੰਸੀ ( ਮੁਦਰਾ ) ਦਾ ਇੱਕ ਨਵਾਂ ਫ਼ਰਮਾਨ ਜਾਰੀ ਕੀਤਾ। ਸੋਨੇ ਅਤੇ ਚਾਂਦੀ ਦੇ ਸਿੱਕਿਆਂ ( ਦੀਨਾਰ ਅਤੇ ਅਦਲਿਸ )  ਦੀ ਥਾਂ ਤਾਂਬੇ ਅਤੇ ਕਾਂਸੀ ਦੇ ਟੋਕਨ ਸਿੱਕੇ ਜਾਰੀ ਕਰ ਦਿੱਤੇ ਜਿਨ੍ਹਾਂ ਨੂੰ ਟਣਕਾ ਕਿਹਾ ਜਾਂਦਾ ਸੀ। ਇੰਨਾ ਬਦਲੇ  ਸੋਨੇ ਅਤੇ ਚਾਂਦੀ ਦੇ  ਸਿੱਕੇ ਹਾਸਲ ਕੀਤੇ ਝਾਕਦੇ ਸਨ ਜਿਵੇਂ ਅੱਜ ਕੱਲ੍ਹ ਭਾਰਤੀ ਰੁਪਏ ਦੇ ਕੇ ਆਪਾਂ ਡਾਲਰ ਖ਼ਰੀਦਦੇ ਹਾਂ। ਕੁਝ ਦੇਰ ਲਈ ਹਕੂਮਤ ਦਾ ਅਰਥਚਾਰਾ ਸੁਖਾਲਾ ਵੀ ਹੋ ਗਿਆ ਪਰ ਥੋੜ੍ਹੀ ਦੇਰ ਬਾਅਦ ਹੀ ਵਿੱਤੀ ਅਨਾਰਕੀ ਫੈਲਣ ਲੱਗੀ। ਤਾਂਬੇ ਅਤੇ ਕਾਂਸੀ ਦੇ ਜਾਅਲੀ ਸਿੱਕੇ ਵੱਡੀ ਮਾਤਰਾ ਵਿਚ ਧੜਾ -ਧੜ ਤਿਆਰ ਹੋ ਕੇ ਚੱਲਣ  ਲੱਗੇ ਭਾਵ ਇਨ੍ਹਾਂ ਸਿੱਕਿਆਂ ਦਾ ਪਸਾਰ ਬਹੁਤ ਵੱਧ ਗਿਆ । ਸੋਨੇ ਅਤੇ ਚਾਂਦੀ ਦੇ ਸਿੱਕਿਆਂ ਦੀ ਜਮ੍ਹਾਖ਼ੋਰੀ ਸ਼ੁਰੂ ਹੋ ਗਈ। ਇਹ ਏਨੇ ਆਮ ਹੋ ਗਏ ਕਿ ਇਨ੍ਹਾਂ ਦੀ ਬੇਕਦਰੀ ਹੋ ਗਈ। ਵਿਦੇਸ਼ੀ ਵਪਾਰੀਆਂ ਨੇ ਤਾਂਬੇ ਅਤੇ ਕਾਂਸੀ ਦੇ ਇਹ ਟੋਕਨ ਲੈਣੇ ਬੰਦ ਕਰ ਦਿੱਤੇ। ਸਿੱਟੇ ਵਜੋਂ ਵਪਾਰ-ਕਾਰੋਬਾਰ ਠੱਪ ਹੋਣ ਲੱਗਾ। ਚਾਰੇ ਪਾਸੇ ਹਾਂ-ਹਾਂ ਕਰ ਮੱਚ ਗਈ -ਸਿੰਘਾਸਣ ਦੀਆਂ ਮਾਇਕ ਚੂਲਾਂ ਹਿੱਲ ਗਈਆਂ। ਇਤਿਹਾਸਕਾਰਾਂ ਅਨੁਸਾਰ 1333 ਵਿਚ ਹੀ ਮੁਹੰਮਦ ਤੁਗਲਕ ਨੇ ਕਰੰਸੀ ਬਦਲਣ ਦਾ ਫ਼ੈਸਲਾ ਵਾਪਸ ਲੈ ਲਿਆ ਅਤੇ ਮੁੜ ਸੋਨੇ ਅਤੇ ਚਾਂਦੀ ਦੇ ਸਿੱਕੇ ਸ਼ੁਰੂ ਕਰ ਦਿੱਤੇ। ਪਰ ਉਦੋਂ ਤੱਕ ਬਹੁਤ ਨੁਕਸਾਨ ਹੋ ਚੁੱਕਾ ਸੀ। ਇਹ ਕਿਹਾ ਜਾਂਦਾ ਹੈ ਕਿ ਤੁਗਲਕ ਦੀ ਹਕੂਮਤ ਢਹਿ -ਢੇਰੀ ਹੋਣ ਵਿਚ  ਰਾਜਧਾਨੀ ਅਤੇ ਸਿੱਕੇ ਬਦਲਣ ਦੇ ਇਨ੍ਹਾਂ ਫ਼ੈਸਲਿਆਂ ਕਰਨ ਪੈਦਾ ਹੋਈ ਅਰਾਜਕਤਾ ਅਤੇ ਪਰਜਾ ਦੇ ਅੰਦਰ ਪੀੜਾ ਹੋਏ ਰੋਸ ਅਤੇ ਬਗ਼ਾਵਤਾਂ ਦਾ ਵੀ ਅਹਿਮ ਰੋਲ ਸੀ। 1351 ਵਿਚ ਜਦੋਂ ਉਸਦੀ ਮੌਤ ਹੋਈ ਤਾਂ ਉਸਦੀ ਹਕੂਮਤ ਦਿੱਲੀ ਅਤੇ ਇਸਦੇ ਆਲ਼ੇ ਦੁਆਲੇ ਛੋਟੇ ਜਿਹੇ ਇਲਾਕੇ ਤੱਕ ਸੁੰਗੜ ਹੋਈ ਸੀ।

ਇਹ ਲਿਖਿਆ ਗਿਆ ਹੈ ਕਿ ਚੰਗੇ ਨਿਰਨੇ ਵੀ ਉਹ ਹਮੇਸ਼ਾ ਕਾਹਲੀ ਵਿਚ ਅਤੇ  ਲੋਕਾਂ ਦੀਆਂ ਮੁਸ਼ਕਲਾਂ-ਤਕਲੀਫ਼ਾਂ ਦੀ ਪ੍ਰਵਾਹ ਕੀਤੇ ਬਿਨਾਂ ਜੂਆ ਖੇਡਣ ਵਾਂਗ ਕਰਦਾ ਸੀ। ਜਿਹੜੇ ਇਨ੍ਹਾਂ ਦਾ ਵਿਰੋਧ ਕਰਦੇ ਸੀ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੰਦਾ  ਸੀ। ਇਸੇ ਕਰਕੇ ਚੰਗੇ ਫ਼ੈਸਲੇ ਵੀ ਉਹ ਠੀਕ ਤਰ੍ਹਾਂ ਲਾਗੂ ਨਹੀਂ ਸੀ ਕਰ ਸਕਦਾ।

ਬਲਜੀਤ ਬੱਲੀ (ਸੰਪਾਦਕ, ਬਾਬੂਸ਼ਾਹੀ ਡਾਟ ਕਾਮ ), ਚੰਡੀਗੜ੍ਹ

Install Punjabi Akhbar App

Install
×