ਮੋਹ ਦੀਆਂ ਤੰਦਾਂ…..

ਪਿਛਲੇ ਦਿਨੀਂ ਪੰਜਾਬੀ ਸਾਹਿਤ ਨੂੰ ਵੱਡਾ ਘਾਟਾ ਪਿਆ ਹੈ। ਇਹ ਰਸਮਨ ਕਹੀ ਹੋਈ ਗੱਲ ਨਹੀਂ। ਪੰਜ ਕਲਮਕਾਰਾਂ, ਭਾਵੇਂ ਉਹ ਪੰਜੇ ਹੀ ਪੱਕੀ ਉਮਰ ਨੂੰ ਪਹੁੰਚੇ ਹੋਏ ਸਨ, ਦੇ ਅੱਗੜ-ਪਿੱਛੜ ਤੁਰ ਜਾਣ ਕਾਰਨ ਸਾਹਿਤ ਨਾਲ ਜੁੜੇ ਹੋਏ ਹਰ ਵਿਅਕਤੀ ਦਾ ਉਦਾਸ ਹੋ ਜਾਣਾ ਕੁਦਰਤੀ ਹੈ। ਇੰਦਰ ਸਿੰਘ ਖ਼ਾਮੋਸ਼ ਨੇ ਗੌਲਣਜੋਗ ਨਾਵਲ ਲਿਖੇ। ਸੁਰਜੀਤ ਹਾਂਸ ਦੀ ਬੌਧਿਕਤਾ ਦਾ ਸਿੱਕਾ ਹਰ ਕੋਈ ਮੰਨਦਾ ਸੀ। ਸੁਰਜੀਤ ਸਿੰਘ ਢਿੱਲੋਂ ਵਿਗਿਆਨ ਦੇ ਔਖੇ ਵਿਸ਼ਿਆਂ ਨੂੰ ਜਿਸ ਕਮਾਲ ਨਾਲ ਖ਼ੂਬਸੂਰਤ ਸਰਲ ਪੰਜਾਬੀ ਵਿਚ ਆਮ ਪਾਠਕ ਦੇ ਸਮਝ ਪੈਣ ਵਾਲ਼ੇ ਬਣਾ ਦਿੰਦਾ ਸੀ, ਪੰਜਾਬੀ ਵਿਚ ਇਹ ਸਮਰੱਥਾ ਹੋਰ ਕਿਸੇ ਦੂਜੇ ਕੋਲ ਨਹੀਂ। ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ ਕੰਵਲ ਬਾਰੇ ਤਾਂ ਕੁਝ ਦੱਸਣ ਦੀ ਲੋੜ ਹੀ ਨਹੀਂ।

ਜਸਵੰਤ ਸਿੰਘ ਕੰਵਲ ਦੇ ਜਾਣ ਪਿੱਛੋਂ ਇਕ ਘਟਨਾ ਕੁਝ ਸਾਹਿਤਕ ਲੋਕਾਂ ਦੇ ਚੇਤੇ ਵਿਚ ਸੱਜਰੀ ਹੋ ਗਈ। ਟਿਵਾਣਾ ਨੇ ਪੁੱਛਿਆ, ‘‘ਬਾਈ, ਤੇਰੀ ਉਮਰ ਕਿੰਨੀ ਹੋ ਗਈ?’’ ਕੰਵਲ ਕਹਿੰਦਾ, ‘‘ਦਲੀਪ ਕੁਰੇ, ਤੈਥੋਂ ਮਗਰੋਂ ਮਰੂੰ!’’ ਟਿਵਾਣਾ ਹੱਸ ਕੇ ਕਹਿੰਦੀ, ‘‘ਇਹ ਕੌਲ ਨਿਭਾ ਕੇ ਦਿਖਾਈਂ।’’ ਤੇ ਕੰਵਲ ਸੱਚੀਉਂ ਹੀ ਇਹ ਕੌਲ ਨਿਭਾ ਗਿਆ। ਸਗੋਂ ਉਹ ਤਾਂ ਜਿਵੇਂ ਆਪਣਾ ਕੌਲ ਨਿਭਾਉਣ ਖ਼ਾਤਰ ਟਿਵਾਣਾ ਦਾ ਜਾਣਾ ਹੀ ਉਡੀਕਦਾ ਹੋਵੇ, ਅਗਲੇ ਦਿਨ ਹੀ ਉਹਦੇ ਪਿੱਛੇ ਪਿੱਛੇ ਤੁਰ ਗਿਆ।

27 ਜੂਨ 2019 ਨੂੰ ਜਨਮਿਆ ਕੰਵਲ ਸਦੀ ਪੂਰੀ ਕਰ ਕੇ ਇਕੋਤਰ ਸੌਵੇਂ ਸਾਲ ਵਿਚ ਸੀ। ਪਰ ਵਧੀਆ ਗੱਲ ਇਹ ਰਹੀ ਕਿ ਬੁਢਾਪੇ ਦੇ ਵਰ੍ਹੇ ਵੀ ਉਹਨੇ ਕੋਈ ਮੰਜੀ ਮੱਲ ਕੇ ਮੌਤ ਉਡੀਕਦਿਆਂ ਨਹੀਂ ਸਨ ਲੰਘਾਏ। ਅੰਤ ਤੱਕ ਸੁਰਤ ਟਿਕਾਣੇ, ਹੱਡ-ਗੋਡੇ ਸਿੱਧੇ, ਅੱਖ-ਕੰਨ ਕਾਇਮ! ਲਉ, ਉਹਦੀ ਸਿਹਤ ਤੇ ਹਿੰਮਤ ਦੀ ਇਕ ਗੱਲ ਸੁਣ ਲਵੋ। ਕੋਈ ਬਹੁਤੀ ਪੁਰਾਣੀ ਨਹੀਂ, ਪੰਜ ਕੁ ਸਾਲ ਪਹਿਲਾਂ ਦੀ ਗੱਲ ਹੈ। ਦਿੱਲੀ ਵਸਦੇ ਸਾਡੇ ਸਾਂਝੇ ਮਿੱਤਰ ਚੰਨੀ ਨੂੰ, ਜੋ ਕੰਵਲ ਤੋਂ ਦਸ ਸਾਲ ਛੋਟਾ ਸੀ, ਭੁੱਲਣ-ਰੋਗ ਹੋ ਗਿਆ। ਪਹਿਲਾਂ ਉਹ ਬਾਹਰ ਤੇ ਬਾਹਰਲਿਆਂ ਨੂੰ ਭੁੱਲਿਆ, ਫੇਰ ਘਰ ਤੇ ਘਰਵਾਲਿਆਂ ਨੂੰ ਭੁੱਲਣ ਲੱਗ ਪਿਆ। ਮੈਂ ਕੰਵਲ ਨੂੰ ਫੋਨ ’ਤੇ ਉਹਦੀ ਹਾਲਤ ਦੱਸ ਕੇ ਕਿਹਾ ਕਿ ਉਹਦਾ ਚੇਤਾ ਪੂਰੀ ਤਰ੍ਹਾਂ ਸਾਫ਼ ਹੋ ਜਾਣ ਤੋਂ ਪਹਿਲਾਂ ਤੁਸੀਂ ਇਕ ਵਾਰ ਮਿਲ ਜਾਉ, ਅਜੇ ਸ਼ਾਇਦ ਉਹ ਤੁਹਾਨੂੰ ਪਛਾਣ ਲਵੇ। ਕਹਿੰਦਾ, ਮੈਂ ਦੇਖਦਾ ਹਾਂ ਜਿਸ ਦਿਨ ਕਾਰ ’ਤੇ ਲਿਆਉਣ ਵਾਲ਼ੇ ਕਿਸੇ ਮੁੰਡੇ ਨੂੰ ਵਿਹਲ ਹੋਈ। ਪਰ ਤੀਜੇ ਹੀ ਦਿਨ ਚੰਨੀ ਦੇ ਘਰੋਂ ਫੋਨ ਆ ਗਿਆ, ਭਾਈ ਸਾਹਿਬ ਢੁੱਡੀਕੇ ਤੋਂ ਬਸਾਂ ਫੜਦੇ ਦਿੱਲੀ ਬਾਈਪਾਸ ਉੱਤਰ ਕੇ ਰਿਕਸ਼ਾ ਲੈ ਆ ਪਧਾਰੇ ਸਨ।

ਕੰਵਲ ਦੀ ਕਲਮ ਵਿਚ ਬੜੀ ਬਰਕਤ ਸੀ। ਉਹਨੇ ਕਹਾਣੀਆਂ-ਨਾਵਲ ਤਾਂ ਲਿਖੇ ਹੀ, ਕਵਿਤਾ ਵੀ ਲਿਖੀ, ਕਲਮੀ ਚਿੱਤਰ ਵੀ ਲਿਖੇ ਤੇ ਸਮਾਜਕ-ਰਾਜਨੀਤਕ ਲੇਖ ਵੀ ਲਿਖੇ। ਮੈਨੂੰ ਲਗਦਾ ਹੈ, ਉਹਦੀਆਂ ਸਾਰੀਆਂ ਕਿਤਾਬਾਂ ਦੀ ਗਿਣਤੀ ਜ਼ਰੂਰ ਉਹਦੀ ਉਮਰ ਜਿੰਨੀ ਹੋਵੇਗੀ। ਤੇ ਉਹਦੀਆਂ ਲਿਖਤਾਂ ਨੇ, ਉਹਦੇ ਨਾਂ ਨੂੰ ਸੱਚਾ ਸਿੱਧ ਕਰਦਿਆਂ ਉਹਨੂੰ ਭਰਪੂਰ ਜਸ ਦੁਆ ਕੇ ਪੰਜਾਬੀ ਦਾ ਪਾਠਕ-ਪਿਆਰਾ ਜਸ-ਵੰਤ ਬਣਾ ਦਿੱਤਾ। ਉਹ ਧੜਾਧੜ ਲਿਖਦਾ ਰਿਹਾ, ਪਾਠਕ ਤੇਹ ਨਾਲ ਪੜ੍ਹਦੇ ਰਹੇ ਤੇ ਪੰਜਾਬੀ ਸਾਹਿਤ ਦੀ ਰੀਤ ਦੇ ਉਲਟ ਪ੍ਰਕਾਸ਼ਕ ਉਹਦੇ ਮਗਰ-ਮਗਰ ਖਰੜੇ ਮੰਗਦੇ ਫਿਰਦੇ ਰਹੇ। ਪ੍ਰਕਾਸ਼ਕ ਤਰਲੇ ਕਰਦੇ, ਜੇ ਨਵੀਂ ਕਿਤਾਬ ਨਹੀਂ ਦੇਣੀ, ਕਿਸੇ ਪੁਰਾਣੀ ਨੂੰ ਛਾਪਣ ਦੀ ਹੀ ਆਗਿਆ ਦੇ ਦਿਉ! ਉਹਦੀ ਇਕ ਇਕ ਕਿਤਾਬ ਉਹਦੀ ਆਗਿਆ ਨਾਲ ਤੇ ਇਕ ਦੂਜੇ ਬਾਰੇ ਜਾਣਕਾਰੀ ਹੁੰਦਿਆਂ ਤਿੰਨ-ਤਿੰਨ ਪ੍ਰਕਾਸ਼ਕ ਇਕੋ ਸਮੇਂ ਛਾਪਦੇ ਰਹੇ। ਮੈਂ ਇਕ ਅਜਿਹੇ ਪ੍ਰਕਾਸ਼ਕ ਨਾਲ ਗੱਲ ਕੀਤੀ ਤਾਂ ਉਹ ਕਹਿੰਦਾ, ‘‘ਕੋਈ ਫ਼ਰਕ ਨਹੀਂ ਪੈਂਦਾ, ਕਿਤਾਬ ਤਿੰਨਾਂ ਕੋਲੋਂ ਹੀ ਵਿਕੀ ਜਾਂਦੀ ਹੈ।’’ ਇਸੇ ਕਰਕੇ ਉਹਦਾ ਕੋਈ ਇਕ ਪ੍ਰਕਾਸ਼ਕ ਨਹੀਂ ਸੀ, ਜਿਹੜਾ ਵੱਧ ਰਾਇਲਟੀ ਦਿੰਦਾ ਹੈ, ਛਾਪ ਲਵੇ!

ਉਹ ਪੰਜਾਬੀ ਦਾ ਪਹਿਲਾ ਲੇਖਕ ਸੀ ਜਿਸ ਨੇ ਕਈ ਦਹਾਕੇ ਪਹਿਲਾਂ ਕਿਤਾਬਾਂ ਦੀ ਰਾਇਲਟੀ ਦਾ ਇਨਕਮ ਟੈਕਸ ਦੇਣਾ ਸ਼ੁਰੂ ਕੀਤਾ ਸੀ। ਸ਼ਾਇਦ ਉਹ ਅਜਿਹਾ ਇਕੋ-ਇਕ ਲੇਖਕ ਹੀ ਰਿਹਾ ਹੋਵੇ। ਜਾਂ ਸ਼ਾਇਦ ਦੂਜੀ ਅੰਮ੍ਰਿਤਾ ਪ੍ਰੀਤਮ ਭਾਵੇਂ ਹੋਵੇ। ਉਹ ਮਗਰੋਂ ਝਗੜਦੇ ਫਿਰਨ ਨਾਲੋਂ ਰਾਇਲਟੀ ਪਹਿਲਾਂ ਹੀ ਰਖਵਾ ਲੈਣੀ ਠੀਕ ਸਮਝਦਾ ਸੀ। ਜਦੋਂ ਉਹਨੇ ਸਵੈਜੀਵਨੀ ਦੇ ਨਾਂ ਹੇਠ ਛਪੀ ਆਪਣੀ ਤੇ ਡਾ. ਜਸਵੰਤ ਗਿੱਲ ਦੀ ਕਥਾ ‘ਪੁੰਨਿਆ ਦਾ ਚਾਨਣ’ ਲਿਖੀ, ਇਕ ਪ੍ਰਕਾਸ਼ਕ ਨੇ ਸੱਠ ਹਜ਼ਾਰ ਗਿਣ ਕੇ ਕੰਵਲ ਦੇ ਮੇਜ਼ ਉੱਤੇ ਰੱਖਿਆ ਤੇ ਖਰੜਾ ਚੁੱਕ ਲਿਆ। ਰਾਇਲਟੀ ਦੇ ਪਰਤਾਪ ਨਾਲ ਹੀ ਉਹਨੇ ਦੁਨੀਆ ਗਾਹ ਮਾਰੀ। ਇਕ ਇਕ ਦੇਸ ਵਿਚ ਕਿੰਨੇ ਕਿੰਨੇ ਵਾਰ ਗਿਆ। ਟਿਕਟ ਰਾਇਲਟੀ ਵਿਚੋਂ ਤੇ ਪਰਦੇਸਾਂ ਵਿਚ ਉਹਦੀ ਮਹਿਮਾਨਨਿਵਾਜ਼ੀ ਕਰਨ ਨੂੰ ਤਰਸਦੇ ਪਾਠਕਾਂ ਦੀ ਤਾਂ ਗਿਣਤੀ ਹੀ ਕੋਈ ਨਹੀਂ ਸੀ।

ਉਹਨੇ ਪੰਜਾਬੀ ਲੇਖਕਾਂ ਲਈ ‘ਬਾਵਾ ਬਲਵੰਤ ਇਨਾਮ’ ਤੇ ‘ਬਲਰਾਜ ਸਾਹਨੀ ਇਨਾਮ’ ਕਾਇਮ ਕੀਤੇ ਜੋ ਬਾਕਾਇਦਗੀ ਨਾਲ ਹਰ ਸਾਲ ਦਿੱਤੇ ਜਾਂਦੇ ਰਹੇ। ਡਾ. ਜਸਵੰਤ ਗਿੱਲ ਦੇ ਚਲਾਣੇ ਮਗਰੋਂ ਉਹਨੇ ਲੇਖਿਕਾਵਾਂ ਵਾਸਤੇ ਉਹਦੇ ਨਾਂ ਦਾ ਸਨਮਾਨ ਕਾਇਮ ਕੀਤਾ। ਆਪ ਉਹਨੂੰ ਮਾਣਾਂ-ਸਨਮਾਨਾਂ ਦਾ ਘਾਟਾ ਹੀ ਕੋਈ ਨਹੀਂ ਰਿਹਾ। ਅਣਗਿਣਤ ਸਾਹਿਤਕ ਸਭਾਵਾਂ ਤੇ ਸੰਸਥਾਵਾਂ ਦੇ ਸਨਮਾਨਾਂ ਤੋਂ ਇਲਾਵਾ ਭਾਰਤੀ ਸਾਹਿਤ ਅਕਾਦਮੀ ਤੋਂ ਲੈ ਕੇ ‘ਸਾਹਿਤ ਰਤਨ’ ਸਮੇਤ ਪੰਜਾਬ ਸਰਕਾਰ ਦੇ ਸਭ ਛੋਟੇ-ਵੱਡੇ ਸਰਕਾਰੀ ਮਾਣ-ਸਨਮਾਨ ਉਹਦੀ ਝੋਲ਼ੀ ਪਏ।

ਸਤਾਰਾਂ ਸਾਲ ਦੀ ਕੱਚੀ ਉਮਰ ਵਿਚ ਮਲਾਇਆ ਜਾ ਕੇ ਤਿੰਨ ਸਾਲ ਜਾਗੇ ਦੀ ਨੌਕਰੀ ਕਰਨ ਮਗਰੋਂ ਦੇਸ ਮੁੜਿਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੌਕਰੀ ਕਰ ਲਈ। ਅਕਾਲੀ ਰਾਜਨੀਤੀ ਦਾ ਪ੍ਰਭਾਵ ਕਬੂਲਣਾ ਸੁਭਾਵਿਕ ਸੀ ਪਰ ਇਹ ਇਕ-ਧਰਮੀ ਮਾਹੌਲ ਉਹਨੂੰ ਵਾਰਾ ਨਾ ਖਾਧਾ ਤੇ ਉਹ ਲੰਮੀ ਛਾਲ ਮਾਰ ਕੇ ਕਮਿਊਨਿਸਟਾਂ ਨਾਲ ਜਾ ਖਲੋਤਾ। ਉਹਨਾਂ ਵਿਚ ਫੁੱਟ ਪਈ ਤਾਂ ਉਹਨੇ ਵਧੇਰੇ ਇਨਕਲਾਬੀ ਜਾਣ ਕੇ ਖੱਬਿਆਂ ਦੀ ਚੋਣ ਕੀਤੀ। ਜਦੋਂ ਖੱਬਿਆਂ ਵਿਚੋਂ ਨਿੱਕਲ ਕੇ ਨਕਸਲੀਏ ਪਿੜ ਵਿਚ ਆਏ, ਇਨਕਲਾਬ ਦੀ ਉਹਦੀ ਆਸ ਉਹਨਾਂ ਨਾਲ ਜੁੜ ਗਈ। ਇਨਕਲਾਬ ਰਾਜਨੀਤਕ ਕਾਰਜ-ਸੂਚੀ ਵਿਚੋਂ ਨਿੱਕਲ ਹੀ ਗਿਆ, ਤਾਂ ਉਹਨੂੰ ਇਸ ਦੌਰਾਨ ਰਸਾਤਲ ਵੱਲ ਤਿਲ੍ਹਕਦੇ ਗਏ ਪੰਜਾਬ ਦੀ ਚਿੰਤਾ ਨੇ ਘੇਰ ਲਿਆ। ਜਦੋਂ ਖਾੜਕੂ ਰਣਜੀਤ ਸਿੰਘ ਵਾਲ਼ਾ ਰਾਜ ਲਿਆਉਣ ਲੱਗੇ, ਉਹਨੇ ਆਪਣੀ ਉਮੀਦ ਉਹਨਾਂ ਉੱਤੇ ਲਾ ਲਈ। ਸੁਭਾਵਿਕ ਸੀ ਕਿ ਉਹ ਸਮੇਂ-ਸਮੇਂ ਜਿਸ ਲਹਿਰ ਨਾਲ ਜੁੜਦਾ ਰਿਹਾ, ਕਲਮ ਨੂੰ ਉਸੇ ਦੇ ਰੰਗ ਦੀ ਸਿਆਹੀ ਵਿਚ ਡੋਬ ਕੇ ਰਚਨਾ ਕਰਦਾ ਰਿਹਾ। ਅਸਲ ਵਿਚ ਢੁੱਡੀਕੇ ਪਹਿਲਾਂ ਤੋਂ ਹੀ ਸਿਆਸੀ ਪੱਖੋਂ ਜਾਗਰਿਤ ਪਿੰਡ ਹੈ। ਆਜ਼ਾਦੀ ਦੀ ਲੜਾਈ, ਗ਼ਦਰ ਪਾਰਟੀ, ਅਕਾਲੀ ਲਹਿਰ ਤੇ ਕਮਿਊਨਿਸਟ ਪਰਟੀ ਨੂੰ ਇਸ ਪਿੰਡ ਦੀ ਦੇਣ ਬਹੁਤ ਵੱਡੀ ਰਹੀ। ਪਿਛਲੇ ਸਮੇਂ ਵਿਚ ਨਕਸਲੀਆਂ ਤੇ ਖਾੜਕੂਆਂ ਵਿਚ ਵੀ ਪਿੰਡ ਨੇ ਆਪਣਾ ਬਣਦਾ-ਸਰਦਾ ਸੀਰ ਪਾਇਆ। ਕੰਵਲ ਦਾ ਸਾਹਿਤ ਦੇ ਨਾਲ ਨਾਲ ਸਿਆਸੀ ਪੱਖੋਂ ਸਰਗਰਮ ਰਹਿਣਾ ਕੁਦਰਤੀ ਸੀ।

ਇਸ ਸੂਰਤ ਵਿਚ ਅਜਿਹੀ ਚਰਚਾ ਛਿੜਦੀ ਰਹਿਣੀ ਵੀ ਕੁਦਰਤੀ ਸੀ ਕਿ ਉਹਦੀ ਕੋਈ ਵਿਚਾਰਧਾਰਾ ਨਹੀਂ, ਜਿਧਰ ਨੂੰ ਹਵਾ ਵਗਦੀ ਹੈ, ਉਧਰੇ ਤੁਰ ਪੈਂਦਾ ਹੈ! ਅਜਿਹੀਆਂ ਗੱਲਾਂ ਸਿਰਫ਼ ਉਹ ਕਰਦੇ ਸਨ ਜਿਨ੍ਹਾਂ ਦਾ ਉਹਦੀਆਂ ਲਿਖਤਾਂ ਨਾਲ ਤਾਂ ਘੱਟ-ਵੱਧ ਵਾਹ ਹੈ ਸੀ ਪਰ ਉਹ ਮਨੁੱਖ ਵਜੋਂ ਕੰਵਲ ਨੂੰ ਨਹੀਂ ਸਨ ਜਾਣਦੇ। ਮੈਂ ਛੇ ਦਹਾਕੇ ਲੰਮੇ ਵਾਹ ਦੇ ਬਲ ਨਾਲ ਕਹਿ ਸਕਦਾ ਹਾਂ ਕਿ ਵਿਚਾਰਧਾਰਾਵਾਂ ਬਦਲਣ ਬਾਰੇ ਇਹ ਦਿਸਦੀ ਅਸਲੀਅਤ ਤਾਂ ਹੋ ਸਕਦੀ ਹੈ, ਅਸਲ ਅਸਲੀਅਤ ਨਹੀਂ। ਇਕ ਸੱਚ ਤਾਂ ਇਹ ਹੈ ਕਿ ਸਾਰਾ ਜੀਵਨ ਉਹਦੀ ਇਕੋ-ਇਕ ਵਿਚਾਰਧਾਰਾ ਮਨੁੱਖ-ਹਿਤ ਤੇ ਫੇਰ ਪੰਜਾਬ-ਹਿਤ ਰਹੀ ਅਤੇ ਦੂਜਾ ਸੱਚ ਇਹ ਹੈ ਕਿ ਉਹ ਸਿਰੇ ਦਾ ਜਜ਼ਬਾਤੀ ਸੀ। ਏਨਾ ਜਜ਼ਬਾਤੀ ਜਿੰਨੇ ਬਹੁਤ ਘੱਟ ਲੋਕ ਹੁੰਦੇ ਹਨ। ਇਸ ਨਿੱਘਰੇ ਹੋਏ ਸਮਾਜਕ-ਰਾਜਨੀਤਕ ਮਾਹੌਲ ਵਿਚ ਉਹਨੂੰ ਜਿਥੇ ਵੀ ਆਪਣੀ ਸੋਚ ਦੀ ਸਾਕਾਰਤਾ ਦੀ ਸੰਭਾਵਨਾ ਦਾ ਮਿਰਗ-ਜਲ ਦਿੱਸਿਆ, ਉਹ ਉਧਰੇ ਹੀ ਤੁਰ ਪਿਆ। ਉਹਦੀਆਂ ਕਿਤਾਬਾਂ ਦੇ ਨਾਂ ਵੀ ‘ਪੂਰਨਮਾਸੀ’ ਜਿਹੇ ਚਾਨਣੇ ਸ਼ਬਦ ਤੋਂ ਤੁਰ ਕੇ ਬਦਲਦੇ ਬਦਲਦੇ ਦੂਜਾ ਜਫ਼ਰਨਾਮਾ, ਸਿੱਖ ਜਦੋਜਹਿਦ, ਆਪਣਾ ਕੌਮੀ ਘਰ, ਪੰਜਾਬ ਤੇਰਾ ਕੀ ਬਣੂ, ਰੁੜ੍ਹ ਚਲਿਆ ਪੰਜਾਬ, ਪੰਜਾਬੀਓ! ਜੀਣਾ ਐ ਕਿ ਮਰਨਾ, ਜਿਹੇ ਹੋ ਗਏ। ਪਰ ਮਿਰਗ-ਜਲ ਤਾਂ ਤੇਹ ਬੁਝਾਉਣ ਦੀ ਥਾਂ ਤੇਹ ਨੂੰ ਹੋਰ ਭੜਕਾਉਂਦਾ ਹੈ। ਕੰਵਲ ਨਾਲ ਵੀ ਇਹੋ ਹੋਈ! ਮੇਰਾ ਯਕੀਨ ਹੈ, ਜੇ ਕੋਈ ਉਹਨੂੰ ਆਖਦਾ, ਤੇਰੇ ਸੁਫ਼ਨਿਆ ਦਾ ਪੰਜਾਬ ਤੈਨੂੰ ਦੇ ਦਿੰਦੇ ਹਾਂ, ਤੂੰ ਆਪਣਾ ਸੀਸ ਦੇ ਦੇ, ਉਹਨੇ ਇਕ ਪਲ ਵੀ ਗੁਆਏ ਬਿਨਾਂ ਆਪਣਾ ਸੀਸ ਆਪ ਕੱਟ ਕੇ ਅਗਲੇ ਦੀ ਹਥੇਲ਼ੀ ਉੱਤੇ ਰੱਖ ਦੇਣਾ ਸੀ!

ਜਗਤ-ਪ੍ਰਸਿੱਧ ਫ਼ਿਲਮ ‘ਗੋਟਸ ਹਾਰਨ’ (ਬੱਕਰੀ ਦਾ ਸਿੰਗ) ਵਿਚ ਨਾਇਕ ਸਭ ਸੁਪਨਿਆਂ ਦੇ ਟੁੱਟਣ ਮਗਰੋਂ ਸੁੰਨੇ ਪਹਾੜੀ ਇਲਾਕੇ ਵਿਚ ਇਕ ਪਹਾੜੀ ਦੀ ਟੀਸੀ ਉੱਤੇ ਚੜ੍ਹ ਕੇ ਖਿਝਦਾ-ਖਪਦਾ ਤੇ ਗੁੱਸੇ ਹੁੰਦਾ ਚਾਰ-ਚੁਫੇਰੇ ਪੱਥਰ ਵਗਾਹੁੰਦਿਆਂ ਖਾਲੀ ਹਵਾ ਵਿਚ ਫੋਕੇ ਲਲਕਾਰੇ ਮਾਰਦਾ ਹੈ। ਕੰਵਲ ਗਰਕਦੇ ਜਾਂਦੇ ਪੰਜਾਬ ਨੂੰ ਠੱਲ੍ਹ ਪਾਉਣ ਵਾਸਤੇ ਅਪਣੱਤ ਬਣਾਉਂਦਾ, ਮੇਰ ਜਤਾਉਂਦਾ, ਹੰਮਾ ਦਿਖਾਉਂਦਾ ਤੇ ਆਸ ਲਾਉਂਦਾ। ਪਰ ਇਹ ਸਭ ਅੱਜ ਦੇ ਸਿਆਸੀ ਮਾਹੌਲ ਵਿਚ ਖੋਟੇ ਸਿੱਕੇ ਸਨ ਜੋ ਚੱਲਣ ਦੀ ਥਾਂ ਵਾਪਸ ਉਹਦੀ ਝੋਲ਼ੀ ਵਿਚ ਹੀ ਆ ਡਿਗਦੇ। ਜਦੋਂ ਪ੍ਰਕਾਸ਼ ਸਿੰਘ ਬਾਦਲ ਬੀਜੇਪੀ ਨਾਲ ਗੰਢ-ਚਿਤਰਾਵਾ ਕਰਨ ਲਗਿਆ, ਕੰਵਲ ਨੇ ਇਕ ਲੇਖ ਵਿਚ ਇਹਦੇ ਨੁਕਸਾਨ ਗਿਣਾ ਕੇ ਤੋੜਾ ਕੁਝ ਅਜਿਹੇ ਸ਼ਬਦਾਂ ਵਿਚ ਝਾੜਿਆ, ‘‘ਬਾਦਲ ਸਾਹਿਬ, ਇਕ ਗੱਲ ਸੁਣ ਲਵੋ, ਇਹ ਸਮਝੌਤਾ ਤਾਂ ਮੈਂ ਤੁਹਾਨੂੰ ਕਰਨ ਨਹੀਂ ਦੇਣਾ!’’ ਮੈਂ ਬਾਦਲ ਬਾਰੇ ਉਹਦੀ ਇਹ ਅਪਣੱਤ ਤੇ ਮੇਰ ਪੜ੍ਹ ਕੇ ਦੰਗ ਰਹਿ ਗਿਆ। ਪਰ ਮੇਰ ਉਥੇ ਚਲਦੀ ਹੈ ਜਿਥੇ ਅਗਲਾ ਵੀ ਏਨਾ ਕੁ ਹੱਸਾਸ ਹੋਵੇ ਕਿ ਇਕ ਪਲ ਰੁਕ ਕੇ ਸੋਚ ਸਕਦਾ ਹੋਵੇ ਕਿ ਇਹ ਬੰਦਾ ਕਿਸ ਦਰਦ ਨਾਲ, ਕਿਸ ਦਾਈਏ ਨਾਲ ਏਨਾ ਹੰਮਾ ਦਿਖਾ ਰਿਹਾ ਹੈ! ਏਨਾ ਸਿਆਣਾ ਹੋਣ ਦੇ ਬਾਵਜੂਦ ਬਾਈ ਕੰਵਲ ਇਹ ਨਾ ਸਮਝ ਸਕਿਆ ਕਿ ਅਗਲਾ ਆਪਣਾ ਪਰਿਵਾਰ ਦੇਖੇ ਕਿ ਤੇਰਾ ਪੰਜਾਬ ਦੇਖੇ! ਸਮਝੌਤਾ ਹੋਏ ਤੋਂ ਮਗਰੋਂ ਇਕ ਦਿਨ ਮਿਲਿਆ ਤਾਂ ਮੈਂ ਚਿਤਾਰਿਆ, ‘‘ਬਾਈ, ਤੁਹਾਡਾ ਹੰਮਾ ਤਾਂ ਕਿਸੇ ਕੰਮ ਆਇਆ ਨਾ!’’ ਉਹਦੀਆਂ ਅੱਖਾਂ ਵਿਚ ਉਦਾਸੀ ਸਿੱਲ੍ਹ ਬਣ ਕੇ ਫਿਰ ਗਈ ਤੇ ਇਕ ਬੇਮਾਲੂਮੇ ਹਉਕੇ ਤੋਂ ਵੱਧ ਉਹ ਕੋਈ ਜਵਾਬ ਨਾ ਦੇ ਸਕਿਆ।

ਅਜਿਹੀਆਂ ਅਨੇਕ ਹਾਲਤਾਂ ਤੇ ਘਟਨਾਵਾਂ ਵਿਚੋਂ, ਸਗੋਂ ਬੇਵਫ਼ਾਈਆਂ ਵਿਚੋਂ ਲੰਘਦਿਆਂ ਤੇ ਟੁੱਟੀਆਂ ਆਸਾਂ ਦੀਆਂ ਕੀਚਰਾਂ ਮਿਧਦਿਆਂ ਆਖ਼ਰ ਉਹ ਜਿਸ ਪੜਾਅ ਉੱਤੇ ਪਹੁੰਚ ਗਿਆ, ਉਹਦਾ ਜ਼ਿਕਰ ਸਰਵਣ ਸਿੰਘ ਨੇ ਉਹਦੇ ਜਿਉਂਦੇ-ਜੀਅ ਇਹਨਾਂ ਸ਼ਬਦਾਂ ਵਿਚ ਕੀਤਾ ਸੀ: ‘‘ਅੱਜ-ਕੱਲ੍ਹ ਉਹਦੇ ਬੋਲਾਂ ਤੇ ਲਿਖਤਾਂ ਵਿਚ ਉਲਾਂਭੇ ਹਨ, ਮਿਹਣੇ ਹਨ, ਵੈਣ ਹਨ ਤੇ ਕੀਰਨੇ ਹਨ। ਤੜਪ ਹੈ, ਝੋਰਾ ਹੈ ਤੇ ਝੁੰਜਲਾਹਟ ਹੈ। ਉਹ ਸਿਆਸੀ ਨੇਤਾਵਾਂ ਨੂੰ ਆਰਾਂ ਲਾਉਂਦਾ ਹੈ ਤੇ ਕਈ ਵਾਰ ਬੋਲ-ਕੁਬੋਲ ਬੋਲਦਾ ਉਖੜਿਆ ਲਗਦਾ ਹੈ। ਉਹਨਾਂ ਦੇ ਨਾਂ ਖੁੱਲ੍ਹੀਆਂ ਚਿੱਠੀਆਂ ਛਪਵਾਉਂਦਾ ਹੈ।’’

ਕੰਵਲ ਔਖਾ-ਸੌਖਾ ਨੌਵੀਂ ਤਾਂ ਕਰ ਗਿਆ ਪਰ ਦਸਵੀਂ ਵਿਚ ਅਲਜਬਰੇ ਦੇ ਜਬਰ ਅੱਗੇ ਹਥਿਆਰ ਸਿੱਟ ਬੈਠਾ। ਸ਼ਾਇਦ ਇਹੋ ਕਸਰ ਪੂਰੀ ਕਰਨ ਲਈ ਉਹਨੇ ਸਾਰੀਆਂ ਕੁੜੀਆਂ ਨੂੰ ਐਮ.ਐਸ-ਸੀ. ਕਰਵਾਈ! ਸਾਹਿਤ-ਮਾਰਗ ਉੱਤੇ ਤੁਰਨ ਪਿੱਛੋਂ ਇਹਨਾਂ ਨੌਂ ਸਾਲਾਂ ਵਿਚ ਸਿੱਖੀ ਭਾਸ਼ਾਵਾਂ ਉਠਾਲਣ ਦੀ ਜਾਚ ਨੂੰ ਆਪੇ ਵਿਕਸਤ ਕਰ ਕੇ ਉਹਨੇ ਚੰਗਾ ਸਾਹਿਤ ਲੱਭ ਲੱਭ ਪੜ੍ਹਿਆ। ਆਖ਼ਰ ਪਿੰਡ ਤੇ ਇਲਾਕੇ ਦੇ ਲੋਕ ਉਹਨੂੰ ਗਿਆਨੀ ਜੀ ਆਖਣ ਲੱਗ ਪਏ! ਇਸ ਲੋਕ-ਭਾਖਿਆ ਉੱਤੇ ਮੋਹਰ ਲਾਉਂਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਹਨੂੰ ਡੀ.ਲਿਟ. ਬਣਾ ਦਿੱਤਾ।

ਉਹ ਦੋ ਵਾਰ ਪਿੰਡ ਦਾ ਸਰਪੰਚ ਬਣਿਆ। ਉਹਨੇ ਪਿੰਡ ਦੇ ਭਲੇ ਦੇ ਕਈ ਕੰਮ ਕੀਤੇ। ਢੁੱਡੀਕੇ ਲਾਲਾ ਲਾਜਪਤ ਰਾਏ ਦੇ ਨਾਨਕੇ ਸਨ ਤੇ ਰਿਵਾਜ ਅਨੁਸਾਰ ਉਹ ਨਾਨਕੀਂ ਹੀ ਜਨਮਿਆ ਸੀ। ਸਰਪੰਚ ਕੰਵਲ ਨੂੰ ਵਧੀਆ ਫੁਰਨਾ ਫੁਰਿਆ, ਕਿਉਂ ਨਾ ਇਸ ਗੱਲ ਦਾ ਲਾਹਾ ਲਿਆ ਜਾਵੇ! ਉਹਦੀ ਇਹ ਜੁਗਤ ਏਨੀ ਕਾਮਯਾਬ ਰਹੀ ਕਿ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ, ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ, ਚੰਦਰ ਸ਼ੇਖਰ ਤੇ ਇੰਦਰ ਕੁਮਾਰ ਗੁਜਰਾਲ ਸਮੇਂ-ਸਮੇਂ ਢੁੱਡੀਕੇ ਦੀ ਮਿੱਟੀ ਨੂੰ ਸਲਾਮ ਕਰਨ ਆਏ ਤੇ ਕੁਛ ਨਾ ਕੁਛ ਹੱਥ ਝਾੜ ਕੇ ਗਏ। ਪੰਜਾਬ ਦੇ ਗਵਰਨਰਾਂ, ਮੁੱਖ ਮੰਤਰੀਆਂ, ਮੰਤਰੀਆਂ ਦਾ ਤਾਂ ਗਿਣਨਾ ਹੀ ਕੀ ਹੋਇਆ। ਇਸ ਸਾਰੀ ਖੇਡ ਵਿਚੋਂ ਪਿੰਡ ਦੇ ਪੱਲੇ ਬਹੁਤ ਕੁਝ ਪਿਆ।

ਕੋਈ 67-68 ਸਾਲ ਹੋਏ, ਪਹਿਲਾਂ ਮੈਂ ਉਹਨੂੰ ਪੜ੍ਹਿਆ, ਫੇਰ ਦੇਖਿਆ ਤੇ ਤਿੰਨ-ਚਾਰ ਸਾਲਾਂ ਮਗਰੋਂ ਮਿਲਿਆ। ਉਹਨੂੰ ਪੜ੍ਹਨਾ ਮੈਂ ‘ਪੂਰਨਮਾਸੀ’ ਨਾਲ ਸ਼ੁਰੂ ਕੀਤਾ। 1951 ਵਿਚ ਮੈਂ ਮੋਗੇ ਕਾਲਜ ਵਿਚ ਦਾਖ਼ਲ ਹੋਇਆ ਤਾਂ ਕੰਵਲ ਦਾ ਇਹ ਨਾਵਲ ਨਵਾਂ ਨਵਾਂ ਛਪਿਆ ਸੀ। ਕਾਲਜ ਦੀ ਲਾਇਬਰੇਰੀ ਵਿਚ ਵਾਰੀ ਨਾ ਆਉਂਦੀ। ਇਹ ਸਾਡੀ ਲਾਇਬਰੇਰੀ ਵਿਚ ਪਹਿਲੀ ਵਾਰ ਹੋਇਆ ਕਿ ਕੋਈ ਕਿਤਾਬ ਦੋ ਨਗ ਮੰਗਵਾਈ ਗਈ। ਦੇਖਿਆ ਵੀ ਮੈਂ ਉਹਨੂੰ ਸਾਡੇ ਕਾਲਜ ਵਿਚ ਹੀ। ਪੰਜਾਬੀ ਦਾ ਕੋਈ ਸਮਾਗਮ ਸੀ ਤੇ ਸੰਤ ਸਿੰਘ ਸੇਖੋਂ ਪ੍ਰਧਾਨਗੀ ਕਰ ਰਹੇ ਸਨ। ਚਲਦੀ ਕਾਰਵਾਈ ਵਿਚ ਕੰਵਲ ਹਾਲ ਵਿਚ ਉਸ ਬੂਹਿਉਂ ਵੜਿਆ ਜੋ ਸਟੇਜ ਦੇ ਸਾਹਮਣੇ ਸੀ ਤੇ ਸਰੋਤਿਆਂ ਦੇ ਪਿੱਛੇ ਸੀ। ਅਚਾਨਕ ਸੇਖੋਂ ਕੁਰਸੀ ਤੋਂ ਖੜ੍ਹੇ ਹੋ ਕੇ ਬੜੀ ਅਪਣੱਤ ਨਾਲ ਬੋਲੇ, ‘‘ਆ ਬਈ ਜਸਵੰਤ! ਐਥੇ ਮੇਰੇ ਕੋਲ ਆ ਜਾ!’’ ਏਨੇ ਨੂੰ ਆਉਣ ਵਾਲ਼ਾ ਸਾਡੇ ਕੋਲੋਂ ਦੀ ਸਟੇਜ ਵੱਲ ਲੰਘ ਗਿਆ- ਪੱਗ ਦੀ ਥਾਂ ਪਰਨਾ ਜਿਹਾ ਲਪੇਟਿਆ ਹੋਇਆ ਤੇ ਚਾਦਰਾ ਬੰਨ੍ਹਿਆ ਹੋਇਆ। ਘੁਸਰ-ਮੁਸਰ ਹੋਈ, ਕੰਵਲ ਹੈ ਇਹੇ। ‘ਪੇਮੀ ਦੇ ਨਿਆਣੇ’ ਵਾਲ਼ਾ ਸੇਖੋਂ ਸਾਡੇ ਲਈ ਬਹੁਤ ਵੱਡਾ ਨਾਂ ਸੀ। ਉਹਦੇ ਅਜਿਹੇ ਸਵਾਗਤ ਨੇ ਮੇਰੀ ਨਜ਼ਰ ਵਿਚ ਕੰਵਲ ਨੂੰ ਵੀ ਵੱਡਾ ਨਾਂ ਬਣਾ ਦਿੱਤਾ ਜੋ ਉਹ ਸਾਰੀ ਉਮਰ ਬਣਿਆ ਰਿਹਾ।

ਮਿਲਿਆ ਮੈਂ ਉਹਨੂੰ ਸਾਡੀ ਬਰਨਾਲਾ ਸਾਹਿਤ ਸਭਾ ਦੇ ਸਮਾਗਮ ਵਿਚ। ਨਵੇਂ ਲੇਖਕਾਂ ਨੂੰ ਉਹ ਬਹੁਤ ਉਤਸ਼ਾਹ ਦਿੰਦਾ ਸੀ ਤੇ ਮੋਹ ਕਰਦਾ ਸੀ। ਦੋ ਸਮਾਗਮਾਂ ਦੇ ਵਿਚਾਲੇ ਉਹ ਕਹਿੰਦਾ, ‘‘ਚਲੋ ਮੁੰਡਿਉ, ਬਾਹਰ ਖੇਤਾਂ ਵੱਲ ਚਲਦੇ ਹਾਂ।’’ ਕਣਕਾਂ ਦੇ ਖੇਤਾਂ ਵਿਚਾਲ਼ੇ ਇਕ ਖੂਹ ਕੋਲ ਜਾ ਬੈਠੇ ਤਾਂ ਉਹ ਬੋਲਿਆ, ‘‘ਬਈ, ਕੋਈ ਕੁਛ ਸੁਣਾਉ।’’ ਮੈਂ ਮੌਕਾ ਮਿਲਿਆ ਦੇਖ ਆਪਣੀ ਪਹਿਲ-ਪਲੇਠੀ ਕਹਾਣੀ ‘ਰਾਤਾਂ ਕਾਲ਼ੀਆਂ’ ਸੁਣਾ ਦਿੱਤੀ ਜੋ ਕਈ ਸਾਲਾਂ ਉੱਤੇ ਫ਼ੈਲੀ ਹੋਈ ਸੀ। ਕੰਵਲ ਨੇ ਕਿਹਾ, ‘‘ਕਹਾਣੀ ਤੇਰੀ ਵਧੀਆ ਹੈ ਪਰ ਏਨਾ ਸਮਾਂ ਲੰਘਾਉਣਾ ਕਹਾਣੀ ਨੂੰ ਵਾਰਾ ਨਹੀਂ ਖਾਂਦਾ। ਇਉਂ ਸਮਾਂ ਨਾਵਲ ਵਿਚ ਲੰਘਦਾ ਹੁੰਦਾ ਹੈ।’’ ਮੇਰੇ ਪੁੱਛਣ ’ਤੇ ਉਹਨੇ ਗੁਰ ਦੱਸਿਆ ਕਿ ਕਹਾਣੀ ਨੂੰ ਅੰਤ ਦੇ ਨੇੜਿਉਂ ਸ਼ੁਰੂ ਕਰ ਕੇ ਬਾਕੀ ਸਾਰੀਆਂ ਘਟਨਾਵਾਂ ਪਿੱਛਲਝਾਤ ਵਿਚ ਪਾ ਤੇ ਅੰਤ ਇਹੋ ਰਹਿਣ ਦੇ। ਹੁਣ ਇਹ ਕਹਾਣੀ ਉਹਦੇ ਦੱਸੇ ਅਨੁਸਾਰ ਹੀ ਹੈ। ਉਹਦਾ ਇਹ ਸਬਕ ਮੇਰੀ ਸਾਰੀ ਕਹਾਣੀ-ਰਚਨਾ ਵਿਚ ਮੇਰੇ ਅੰਗ-ਸੰਗ ਰਿਹਾ ਹੈ।

ਇਹ ਮਿਲਣ ਦੀ ਬਾਤ ਅਜਿਹੇ ਰਾਹ ਤੁਰੀ ਕਿ ਅੰਤ ਨੂੰ ਮੈਂ ਉਹਦੇ ਤਿੰਨੇ ਧੀ-ਜੁਆਈਆਂ ਦਾ ਵੀ ‘‘ਚਾਚਾ ਜੀ’’ ਬਣ ਗਿਆ। ਹੁਣ ਸੁਮੇਲ ਵੀ ਪਿਉ ਦੀ ਰੀਸ ‘‘ਚਾਚਾ ਜੀ’’ ਹੀ ਆਖਦਾ ਹੈ। ਕੰਵਲ ਦੇ ਚਲਾਣੇ ਦੀ ਖ਼ਬਰ ਮਿਲੀ ਤਾਂ ਮੈਂ ਸੁਮੇਲ ਨੂੰ ਲਿਖਿਆ, ‘‘ਪਰਿਵਾਰ ਦਾ ਵੱਡਾ ਤੇ ਸਾਹਿਤ ਦਾ ਵੱਡਾ ਤੁਰ ਗਿਆ, ਦਿਲ ਪੁੱਛਿਆ ਹੀ ਜਾਣੀਂਦੈ!’’ ਉਮਰ ਕਿੰਨੀ ਵੀ ਪੱਕੀ ਹੋਵੇ, ਬੰਦੇ ਦੇ ਸਦਾ ਵਾਸਤੇ ਚਲੇ ਜਾਣ ਨਾਲ ਦਿਲ ਨੂੰ ਡੋਬ ਤਾਂ ਪੈਂਦਾ ਹੀ ਹੈ। ਪਰ ਫੇਰ ਉਸ ਕਿੰਨੇ ਕੁਝ ਵੱਲ ਸੋਚ ਕੇ ਮਨ ਠਹਿਰ ਵੀ ਜਾਂਦਾ ਹੈ ਜੋ ਉਹ ਸਾਡੇ ਲਈ ਛੱਡ ਗਿਆ ਹੈ। ਯਾਦਾਂ ਦੇ ਦੀਵੇ ਜਗਦੇ ਰਹਿਣ ਤਾਂ ਪੈਰਾਂ ਅੱਗੇ ਚਾਨਣ ਹੁੰਦਾ ਰਹਿੰਦਾ ਹੈ!

ਧੰਨਵਾਦ ਸਾਹਿਤ ਪੰਜਾਬੀ ਟ੍ਰਿਬਿਊਨ ਵਿੱਚੋਂ 

ਗੁਰਬਚਨ ਸਿੰਘ ਭੁੱਲਰ
ਸੰਪਰਕ: 011-42502364

ਫੋਟੋ ਧੰਨਵਾਦ: ਸੁਮੇਲ ਸਿੰਘ ਸਿੱਧੂ