ਪ੍ਰਧਾਨ ਮੰਤਰੀ ਕਿਉਂ ਨਹੀਂ ਕਰਦੇ ਪ੍ਰੈਸ ਕਾਨਫ਼ਰੰਸ?

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੇਪਰ ਵਿਚ ਸਭ ਤੋਂ ਪਹਿਲਾਂ ਔਖੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਇਸੇ ਗੱਲ ਨੂੰ ਆਧਾਰ ਬਣਾ ਕੇ ਰਵੀਸ਼ ਕੁਮਾਰ ਨੇ ਆਪਣੇ ਪ੍ਰੋਗਰਾਮ ਵਿਚ ਕਿਹਾ ਕਿ ਸਰਕਾਰ ਨੂੰ, ਮੰਤਰੀਆਂ ਨੂੰ ਪ੍ਰਧਾਨ ਮੰਤਰੀਆਂ ਨੂੰ ਵੀ ਪੱਤਰਕਾਰਾਂ ਦੇ ਔਖੇ ਸਵਾਲਾਂ ਦੇ ਜਵਾਬ ਪਹਿਲਾਂ ਦੇਣੇ ਚਾਹੀਦੇ ਹਨ ਅਤੇ ਅਕਸ਼ੈ ਕੁਮਾਰ ਵਰਗਿਆਂ ਦੇ ਹਲਕੇ ਫੁਲਕੇ ਪ੍ਰਸ਼ਨਾਂ ਦੇ ਉਤਰ ਬਾਅਦ ਵਿਚ ਦੇਣੇ ਚਾਹੀਦੇ ਹਨ।

ਸਾਲ 2020 ਦੇ ਆਰੰਭ ਵਿਚ ਆਰ.ਟੀ.ਆਈ. ਰਾਹੀਂ ਇਕ ਨਿਊਜ਼ ਚੈਨਲ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀਆਂ ਪ੍ਰੈਸ ਕਾਨਫ਼ਰੰਸਾਂ ਸੰਬੰਧੀ ਪ੍ਰਧਾਨ ਮੰਤਰੀ ਦਫ਼ਤਰ ਨੂੰ ਪੁੱਛਿਆ। ਜਵਾਬ ਮਿਲਿਆ ਕਿ ਸਾਡੇ ਕੋਲ ਉਨ੍ਹਾਂ ਦੀਆਂ ਪ੍ਰੈਸ ਕਾਨਫ਼ਰੰਸਾਂ ਦਾ ਕੋਈ ਰਿਕਾਰਡ ਮੌਜੂਦ ਨਹੀਂ ਹੈ। ਅਸਲੀਅਤ ਇਹ ਹੈ ਕਿ ਉਨ੍ਹਾਂ ਨੇ ਕੋਈ ਵੀ ਅਜਿਹੀ ਖੁੱਲ੍ਹੀ ਪ੍ਰੈਸ ਕਾਨਫ਼ਰੰਸ ਨਹੀਂ ਕੀਤੀ ਜਿਸ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਹੋਣ।

ਵਿਦਿਆਰਥੀਆਂ ਨੂੰ ਸਮਝਾਉਣਾ, ਸਲਾਹਾਂ ਦੇਣੀਆਂ ਅਸਾਨ ਹਨ। ਉਨ੍ਹਾਂ ਸਥਿਤੀਆਂ ਵਿਚੋਂ ਖੁਦ ਲੰਘਣਾ ਕਠਿਨ ਹੈ। ਸਰਕਾਰ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੰਦੀ? ਔਖੇ ਸਵਾਲਾਂ ਦੇ ਤਾਂ ਬਿਲਕੁਲ ਨਹੀਂ। ਮੀਡੀਆ ਕੋਲ, ਜਨਤਾ ਕੋਲ ਵੀ ਔਖੇ ਸਵਾਲਾਂ ਦੀ ਲੰਮੀ ਸੂਚੀ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਪਹਿਲੀ ਪ੍ਰੈਸ ਕਾਨਫ਼ਰੰਸ ਉਦੋਂ ਕੀਤੀ ਜਦੋਂ ਦੂਸਰੀ ਵਾਰ ਚੋਣ-ਮੁਹਿੰਮ ਉਪਰੰਤ ਨਤੀਜਿਆਂ ਦੀ ਉਡੀਕ ਵਿਚ ਸਨ। ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਅਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਸ਼੍ਰੀ ਅਮਿਤ ਸ਼ਾਹ ਨੂੰ ਅੱਗੇ ਕਰ ਦਿੱਤਾ। ਉਹ ਇਹ ਕਹਿੰਦਿਆਂ ਖਾਮੋਸ਼ ਹੋ ਗਏ। “ਮੈਂ ਮੀਡੀਆ ਦੀ ਪ੍ਰਸੰਸਾ ਕਰਦਾ ਹਾਂ।” ਉਨ੍ਹਾਂ ਪੱਤਰਕਾਰਾਂ ਦੇ ਕਿਸੇ ਵੀ ਪ੍ਰਸ਼ਨ ਦਾ ਉਤਰ ਨਹੀਂ ਦਿੱਤਾ ਅਤੇ ਸ਼੍ਰੀ ਅਮਿਤ ਸ਼ਾਹ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਨ ਲੱਗੇ।

ਪੰਜ ਸਾਲ ਸਰਕਾਰ ਚਲਾਉਣ ਬਾਅਦ ਇਹ ਪ੍ਰਧਾਨ ਮੰਤਰੀ ਦੀ ਪਹਿਲੀ ਪ੍ਰੈਸ ਕਾਨਫ਼ਰੰਸ ਸੀ। ਉਹ ਜਿਸ ਵਿਚ 17 ਮਿੰਟ ਬੈਠੇ ਪਰੰਤੂ ਇਕ ਵੀ ਪ੍ਰਸ਼ਨ ਦਾ ਜਵਾਬ ਨਹੀਂ ਦਿੱਤਾ।

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਲੰਮੇ ਭਾਸ਼ਨ ਕਰਨ ਵਿਚ ਮਾਹਿਰ ਹਨ ਪਰੰਤੂ ਪੱਤਰਕਾਰਾਂ ਦੇ ਸਵਾਲਾਂ ਤੋਂ ਉਹ ਹਮੇਸ਼ਾ ਬਚਦੇ ਰਹੇ ਹਨ। ਸਵਾਲ ਉਠਾਉਣ ਵਾਲੇ ਉਨ੍ਹਾਂ ਨੂੰ ਚੰਗੇ ਨਹੀਂ ਲੱਗਦੇ। ਬੀਤੇ ਸਾਲਾਂ ਦੌਰਾਨ ਉਨ੍ਹਾਂ ਨੇ ਕੁਝ ਕੁ ਟੀ.ਵੀ. ਇੰਟਰਵਿਊ ਦਿੱਤੀਆਂ ਹਨ ਪਰੰਤੂ ਅਜਿਹੇ ਐਂਕਰਾਂ, ਕਲਾਕਾਰਾਂ ਨੂੰ ਜਿਹੜੇ ਭਾਜਪਾ ਪੱਖੀ ਹਨ ਅਤੇ ਸਵਾਲਾਂ ਦੀ ਸੂਚੀ ਪਹਿਲਾਂ ਤੈਅ ਕਰ ਲਈ ਜਾਂਦੀ ਹੈ। ਉਨ੍ਹਾਂ ਵਿਚ ਦੇਸ਼ ਦੀਆਂ ਸਮੱਸਿਆਵਾਂ ਸੰਬੰਧੀ ਕੋਈ ਸਵਾਲ ਨਹੀਂ ਹੁੰਦਾ। ਚੋਣ-ਅਮਲ ਦੌਰਾਨ ਕੀਤੇ ਵਾਅਦਿਆਂ ਦਾ ਜ਼ਿਕਰ ਨਹੀਂ ਹੁੰਦਾ। ਮਹਿੰਗਾਈ, ਬੇਰੁਜ਼ਗਾਰੀ ਦੀ ਬਾਤ ਨਹੀਂ ਹੁੰਦੀ।

ਅਜਿਹੀ ਇੰਟਰਵਿਊ ਵਿਚ ਉਨ੍ਹਾਂ ਨੂੰ ਪੁੱਛਿਆ ਜਾਂਦਾ ਹੈ- ਤੁਸੀਂ ਇਕ ਦਿਨ ਵਿਚ 18 ਘੰਟੇ ਕਿਵੇਂ ਕੰਮ ਕਰ ਲੈਂਦੇ ਹੋ? ਕੇਵਲ 4 ਘੰਟੇ ਸੌ ਕੇ ਤੁਸੀਂ ਸਾਰਾ ਦਿਨ ਚੁਸਤ ਦਰੁਸਤ ਕਿਵੇਂ ਰਹਿੰਦੇ ਹੋ? ਤੁਸੀਂ ਆਪਣਾ ਕੰਮ-ਕਾਰ, ਆਪਣੀਆਂ ਜ਼ਿੰਮੇਵਾਰੀਆਂ ਦੀ ਵਿਉਂਤਬੰਦੀ ਕਿਵੇਂ ਕਰਦੇ ਹੋ?

ਜਿਹੜੀ ਟੈਲੀਵਿਜ਼ਨ ਇੰਟਰਵਿਊ ਵਿਚ ਉਨ੍ਹਾਂ ਨੂੰ ਸਖ਼ਤ ਤੇ ਔਖੇ ਸਵਾਲ ਪੁੱਛੇ ਗਏ ਜਾਂ ਉਸ ਇੰਟਰਵਿਊ ਨੂੰ ਉਹ ਵਿਚਾਲੇ ਛੱਡ ਗਏ ਜਾਂ ਗੱਲਬਾਤ ਦਾ ਵਿਸ਼ਾ ਬਦਲ ਦਿੱਤਾ।

ਉਨ੍ਹਾਂ ਆਪਣੀ ਸਰਕਾਰ ਦੀਆਂ ਅਸਫ਼ਲਤਾਵਾਂ ਸੰਬੰਧੀ ਆਲੋਚਨਾ ਸੁਣਨ ਦੀ ਥਾਂ ਮੀਡੀਆ ਦਾ ਸਾਹਮਣਾ ਕਰਨਾ ਛੱਡ ਦਿੱਤਾ। ਪ੍ਰੈਸ ਕਾਨਫ਼ਰੰਸ ਵਿਚ ਵੱਖ-ਵੱਖ ਮੀਡੀਆ ਅਦਾਰਿਆਂ ਦੇ ਪੱਤਰਕਾਰ ਬੈਠੇ ਹੋਣਗੇ। ਕੋਈ ਨੋਟਬੰਦੀ ਦੀਆਂ ਪ੍ਰਾਪਤੀਆਂ ਸੰਬੰਧੀ ਸਵਾਲ ਪੁੱਛੇਗਾ। ਕੋਈ ਜੀ.ਐਸ.ਟੀ ਤੋਂ ਕੇਂਦਰ ਤੇ ਰਾਜਾਂ ਨੂੰ ਪਹੁੰਚੇ ਫਾਇਦਿਆਂ ਦੀ ਗੱਲ ਕਰੇਗਾ। ਕੋਈ ਕੋਰੋਨਾ ਕਾਰਨ ਮੱਚੀ ਹਾ-ਹਾ-ਹਾ ਦਾ ਮੁੱਦਾ ਛੇੜੇਗਾ। ਅਜਿਹੀਆਂ ਸੰਭਾਵਨਾਵਾਂ ਦੇ ਚੱਲਦੇ ਕਿਉਂ ਕੋਈ ਨੇਤਾ ਪ੍ਰੈਸ-ਕਾਨਫਰੰਸ ਕਰੇਗਾ?

ਕਰਨ ਥਾਪਰ ਨੇ ਇਕ ਇੰਟਰਵਿਊ ਵਿਚ ਗੁਜਰਾਤ ਦੇ ਦੰਗਿਆਂ ਸੰਬੰਧੀ ਸਵਾਲ ਪੁੱਛਿਆ ਤਾਂ ਉਹ ਚੱਲਦੀ ਇਟੰਰਵਿਊ ਵਿਚੋਂ ਉੱਠ ਕੇ ਚਲੇ ਗਏ। ਇਕ ਵਾਰ ਇਕ ਭਾਜਪਾ ਵਰਕਰ ਨੇ ਖੜੇ ਹੋ ਕੇ ਸਵਾਲ ਪੁੱਛ ਲਿਆ ਕਿ ਸਰਕਾਰ ਮੱਧ-ਵਰਗੀ ਦੇਸ਼ ਵਾਸੀਆਂ ਪਾਸੋਂ ਟੈਕਸ ਇਕੱਠਾ ਕਰਦੀ ਹੈ। ਉਸਦੇ ਬਦਲੇ ਵਿਚ ਉਨ੍ਹਾਂ ਨੂੰ ਕਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਸ਼੍ਰੀ ਨਰਿੰਦਰ ਮੋਦੀ ਨੇ ਸਵਾਲ ਦਾ ਜਵਾਬ ਨਾ ਦੇ ਕੇ ਗੱਲਬਾਤ ਦਾ ਵਿਸ਼ਾ ਹੀ ਬਦਲ ਦਿੱਤਾ।

ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਮੀਡੀਆ ਦਾ ਸਾਹਮਣਾ ਨਾ ਕਰਕੇ ਕੇਵਲ ਭਾਸ਼ਨ ਦਿੰਦੇ ਹਨ ਕਿਉਂਕਿ ਭਾਸ਼ਨ ਦੇਣਾ ਸੁਖਾਲਾ ਹੈ। ਉਹ ਆਪਣੇ ਹੀ ਤਰਕ ਵਾਲੀ ਰਾਜਨੀਤੀ ਕਰਦੇ ਹਨ ਜਿੱਥੇ ਕੇਵਲ ਇਕ ਵਿਅਕਤੀ ਬੋਲਦਾ ਹੈ ਅਤੇ ਬਾਕੀ ਸਾਰੇ ਸੁਣਦੇ ਹਨ। ਭਾਸ਼ਨ ਭੀੜ ਨੂੰ ਦਿੱਤਾ ਜਾਂਦਾ ਹੈ ਅਤੇ ਭੀੜ ਕਦੇ ਸਵਾਲ ਨਹੀਂ ਕਰਦੀ। ਭੀੜ ਜਾਂ ਤਾੜੀਆਂ ਮਾਰਦੀ ਹੈ ਜਾਂ ਹੱਥ ਖੜ੍ਹੇ ਕਰਕੇ ਹਾਂ ਵਿਚ ਹਾਂ ਮਿਲਾਉਂਦੀ ਹੈ। ਭਾਰਤ ਦੀ ਆਬਾਦੀ ਐਨੀ ਹੈ ਕਿ ਸਿਆਸੀ ਨੇਤਾਵਾਂ ਲਈ ਭੀੜ ਇਕੱਠੀ ਕਰਨੀ ਖੱਬੇ ਹੱਥ ਦੀ ਖੇਡ ਹੈ। ਸਿਆਸੀ ਨੇਤਾ ਆਪਣੀ ਪ੍ਰਸਿੱਧੀ ਦਾ ਪ੍ਰਗਟਾਵਾ ਕਰਨ ਲਈ ਵੱਡੀਆਂ ਭੀੜਾਂ ਇਕੱਠੀਆਂ ਕਰਦੇ ਹਨ। ਜਿਨ੍ਹਾਂ ʼਤੇ ਵੱਡੀ ਉਰਜਾ, ਵੱਡਾ ਧੰਨ ਖਰਚਿਆ ਜਾਂਦਾ ਹੈ। ਚਾਹੀਦਾ ਇਹ ਹੈ ਕਿ ਦੇਸ਼ ਦੇ ਬੁਨਿਆਦੀ ਮੁੱਦਿਆਂ ਮਸਲਿਆਂ ਸੰਬੰਧੀ ਟੈਲੀਵਿਜ਼ਨ ʼਤੇ ਸਿਆਸੀ ਨੇਤਾਵਾਂ ਨਾਲ ਖੁਲ੍ਹੀ ਬਹਿਸ ਹੋਵੇ।  ਹਰੇਕ ਨੇਤਾ, ਹਰੇਕ ਪਾਰਟੀ ਆਪਣੀਆਂ ਨੀਤੀਆਂ ਸਪਸ਼ਟ ਕਰੇ। ਉਸਦੀ ਰੌਸ਼ਨੀ ਵਿਚ ਦੇਸ਼ ਵਾਸੀ ਵੋਟ ਦਾ ਇਸਤੇਮਾਲ ਕਰਨ।

(ਪ੍ਰੋਫੈਸਰ ਕੁਲਬੀਰ ਸਿੰਘ) prof_kulbir@yahoo.com

Install Punjabi Akhbar App

Install
×