ਮੋਦੀ ਜੀ, ਦੇਸ਼ ਦੇ ਕਿਸਾਨਾਂ ਨੂੰ ਅਜਿਹੀ ਸਜ਼ਾ ਦੇਵੋ ਕਿ ਓਹ ਯਾਦ ਰੱਖਣ… (ਵਿਅੰਗ)

ਪੰਜਾਬੀ ਦੀ ਕਹਾਵਤ ਹੈ ਕਿ “ਓਹ ਕਹੇ ਪੂਰਾ ਤੋਲ ਤੇ ਓਹ ਕਹੇ ਥੜ੍ਹੇ ਨਾ ਚੜ੍ਹ”। ਭਾਰਤ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨ ਕਿਸਾਨ ਪੱਖੀ ਕਹਿ ਕੇ ਪ੍ਰਚਾਰੇ ਗਏ। ਸਰਕਾਰ ਤੇ ਸਰਕਾਰੀ ਪਿਆਦਿਆਂ ਵੱਲੋਂ  ਕਿਸਾਨਾਂ ਨੂੰ ਇਹ ਗੱਲ ਜਚਾਉਣ ਲਈ ਢੁੰਡਰੀ ਤੱਕ ਜ਼ੋਰ ਲਾਇਐ ਕਿ ਇਹ ਕਾਨੂੰਨ ਲਾਗੂ ਹੋ ਕੇ ਕਿਸਾਨ, ਕਿਸਾਨੀ ਦੀ ਕਾਇਆ ਕਲਪ ਕਰ ਦੇਣਗੇ। ਇਹ ਤਾਂ ਭਾਰਤ ਸਰਕਾਰ ਹੀ ਐ, ਜੋ ਕਿਸਾਨਾਂ ਬਾਰੇ ਐਨਾ ਸੋਚਦੀ ਐ…… ਐਨਾ ਸੋਚਦੀ ਐ ਕਿ ਨੀਂਦ ਨੀ ਆਉਂਦੀ, ਭੁੱਖ ਤ੍ਰੇਹ ਮਿਟੀ ਪਈ ਐ। ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਹੇਠਲੀ ਲਾਗੜ ਦੂਗੜ ਤੱਕ ਦੇ ਬੁਰਕੀ ਸੰਘੋਂ ਹੇਠਾਂ ਨੀ ਹੁੰਦੀ ਕਿ ਜੇ ਕਿਸਾਨ ਆਵਦੀ ਜ਼ਿਦ ਤੋਂ ਪਿਛਾਂਹ ਨਾ ਹਟੇ ਤਾਂ ਕਿਸਾਨ ਆਵਦੀ ਆਮਦਨ ਦੁੱਗਣੀ ਚੌਗਣੀ ਹੋਣ ਦਾ ਮੌਕਾ ਗੁਆ ਲੈਣਗੇ, ਜਿਵੇਂ ਹਰ ਖਾਤੇ ‘ਚ 15-15 ਲੱਖ ਪੁਆਉਣ ਦਾ ਖੁੰਝਾ ਲਿਆ। 

ਸੱਚ ਲਾਗੜ ਦੂਗੜ ਤੋਂ ਗੱਲ ਯਾਦ ਆਗੀ…… ਮਾਛੀਕਿਆਂ ਆਲ਼ੇ ਭੀਰੀ ਦੀ ਪੈਲੀ ਨਵੇਂ ਬਣਦੇ ਸ਼ੈਲਰ ਦੇ ਨਾਲ ਲਗਦੀ ਸੀ। ਸ਼ੈਲਰ ਵਾਲੇ ਅੰਬਾਨੀ ਅਡਾਨੀ ਵਰਗੇ ਗਊ ਦੇ ਜਾਏ, ਕਰਮੀ-ਧਰਮੀ, ਪੁੰਨ ਦਾਨ ਕਰਨ ਵਾਲੀਆਂ ਰੂਹਾਂ। ਗੱਲ ਮੁਕਾਓ ਕਿ ਪੈਸੇ ਵੱਲ ਤਾਂ ਝਾਕਦੇ ਈ ਨੀ ਸੀ ਅੰਬਾਨੀ ਅਡਾਨੀ ਵਾਂਗੂੰ। ਓਹ ਵੀ ਭੀਰੀ ਦੇ ਖੇਤ ਦਾ ਭਲਾ ਕਰਨ ਦੇ ਮਕਸਦ ਨਾਲ ਵੱਡੇ ਅਧਿਕਾਰੀਆਂ ਤੋਂ ਲੈ ਕੇ ਪੰਚੈਤਾਂ ਤੱਕ ਨੂੰ ਆਵਦੇ ਹੱਥ ‘ਚ ਕਰਕੇ ਰੱਖਦੇ ਸਨ ਤਾਂ ਕਿ ਸ਼ੈਲਰ ਦੇ ਆਸੇ ਪਾਸੇ ਲਗਦੇ ਖੇਤਾਂ ਵਾਲਿਆਂ ਦਾ ਵੱਧ ਤੋਂ ਵੱਧ ‘ਭਲਾ’ ਕਰਕੇ ਅਖੀਰ ‘ਚ ਉਹਨਾਂ ਕੋਲੋਂ ਪੈਲੀ ਖਰੀਦ ਕੇ ਕਿਸਾਨਾਂ ਨੂੰ ਮਾਲਾਮਾਲ ਕੀਤਾ ਜਾ ਸਕੇ। ਨਾਲ ਹੀ ਉਹਨਾਂ ਦੇ ਪਰਉਪਕਾਰੀ ਵਿਚਾਰ ਇਹ ਵੀ ਸਨ ਕਿ ਜਦੋਂ ਕਿਸਾਨ ਜ਼ਮੀਨ ਦੇ ਮਾਲਕ ਨਾ ਰਹਿ ਕੇ ਮਾਲਾਮਾਲ ਹੋ ਗਏ ਤਾਂ ਉਹਨਾਂ ਦੀ ਕਮਾਈ ‘ਚ ਹੋਰ ਵਾਧਾ ਕਰਨ ਲਈ ਉਸੇ ਖਰੀਦੀ ਜ਼ਮੀਨ ‘ਚ ਕੰਮ ਕਰਨ ਲਈ ‘ਨੌਕਰੀ’ ਵੀ ਦੇ ਦੇਣਗੇ। ਦਿੱਲੀ ਬੈਠੇ ‘ਅਨਪੜ੍ਹ’ ਕਿਸਾਨਾਂ ਵਰਗੇ ਉਹਨਾਂ ਪਿੰਡਾਂ ਦੇ ਕਿਸਾਨਾਂ ਨੂੰ ਕੌਣ ਸਮਝਾਵੇ ਕਿ ਪਹਿਲਾਂ ਤੁਸੀਂ ਐਨਾ ਸੰਦ-ਸੰਦੇੜਾ, ਰੇਹ ਸਪਰੇਹਾਂ, ਦਿਹਾੜੀਆਂ ਦੇ ਖਰਚੇ ਝੱਲਦੇ ਸੀ, ਹੁਣ ਤਾਂ ਸਾਰਾ ਝੰਜਟ ਈ ਖਤਮ….. ਸਿਰਫ ਪੋਣੇ ‘ਚ ਲਪੇਟ ਕੇ ਜਾਂ ਟਿਫਨ ‘ਚ ਪਾ ਕੇ ਖਾਣ ਜੋਕਰੀ ਰੋਟੀ ਲਿਜਾਣ ਦਾ ਈ ਕੰਮ ਸੀ। ਹੰਅਅਅ ਅਨਪੜ੍ਹ ਕਿਸਾਨਾਂ ਨੂੰ ਕੌਣ ਸਮਝਾਵੇ?

ਭੀਰੀ ਦੇ ਨਾਲ ਲਗਦੇ ਸ਼ੈਲਰ ਵਾਲਿਆਂ ਨੇ ਪਹਿਲਾਂ ਤਾਂ ਕੰਧ ਈ ਭੀਰੀ ਵਾਲੇ ਪਾਸੇ ਕੱਢ ਲਈ ਤਾਂ ਕਿ ਭੀਰੀ ਕੱਚੀ ਵੱਟ ਘੜ੍ਹਨ ਦੇ ਝੰਜਟ ਤੋਂ ਖਹਿੜਾ ਛੁਡਾਵੇ। ਪਿੱਟ ਪਿੱਟ ਮਰ ਗਿਆ ਕਿਸੇ ਨੇ ਗੱਲ ਨਾ ਸੁਣੀ। ਫੇਰ ਜਦੋਂ ਝੋਨੇ ‘ਚੋਂ ਚੌਲ ਕੱਢ ਕੇ ਬਾਕੀ ਬਚਦਾ ਤੂਤੜ ਕੰਧ ‘ਤੋਂ ਡਿੱਗ ਕੇ ਸੌਖਿਆਂ ਹੀ 5-7 ਮਰਲੇ ਫਸਲ ਦਾ ਨਾਸ਼ ਮਾਰਨ ਲੱਗਿਆ ਤਾਂ ਓਹਨੂੰ ਕਿਸੇ ਨੇ ਦੱਸ ਪਾਈ ਕਿ ਆਪਣੇ ਪਿੰਡ ਆਲ਼ਾ ਘਤੋਤਰ ਸਿਉਂ ਵੀ ਸ਼ੈਲਰ ਵਾਲਿਆਂ ਨਾਲ ਬਾਹਵਾ ਬਹਿੰਦਾ ਉੱਠਦੈ। ਭੀਰੀ ਦੀ ਵੱਢੀ ਰੂਹ ਨਾ ਕਰੇ ਘਤੋਤਰ ਸਿਉਂ ਕੋਲ ਜਾਣ ਨੂੰ। ਤੋਮਰ ਨਾਲ ਹੋਈਆਂ ਮੀਟਿੰਗਾਂ ਅੰਗੂੰ ਭੀਰੀ ਵੀ ਪੰਚੈਤਾਂ ਨਾਲ ‘ਬੈਠਕਾਂ’ ਕਰਕੇ ਅੱਕਿਆ ਪਿਆ ਸੀ। ਪਤਾ ਭੀਰੀ ਨੂੰ ਵੀ ਸੀ ਕਿ ਘਤੋਤਰ ਸਿਉਂ ਆਲੀ ਬੈਠਕ ‘ਚੋਂ ਵੀ ਲੱਕੜ ਦਾ ਮੁੰਡਾ ਈ ਮਿਲਣੈ, ਜਿਹੜਾ ਨਾ ਰੋਵੇ ਤੇ ਨਾ ਦੁੱਧ ਮੰਗੇ। ਅਖੀਰ ਭੀਰੀ ਵੀ ਆਸੇ ਪਾਸੇ ਲਗਦੇ ਖੇਤਾਂ ਵਾਲਿਆਂ ਦੀ ਵਹੀਰ ਲੈ ਕੇ ਘਤੋਤਰ ਦੇ ਦਰਾਂ ‘ਚ ਇਉਂ ਜਾ ਖੜ੍ਹਿਆ ਜਿਵੇਂ ਦਿੱਲੀ ਦੀਆਂ ਸਰਹੱਦਾਂ ‘ਤੇ ਪਿੰਡ ਪਿੰਡ ਦੇ ਕਿਸਾਨ ਖੜ੍ਹੇ ਬੈਠੇ ਨੇ।

ਘਤੋਤਰ ਸਿਉਂ ਨਾਲ ਬੈਠਕ ਵੀ “ਡੰਡਬੈਠਕ” ਹੋ ਨਿੱਬੜੀ। ਵਾਪਸ ਮੁੜਨ ਤੋਂ ਪਹਿਲਾਂ ਭੀਰੀ ਸਾਨ੍ਹ ਵਾਂਗੂੰ ਪੈਰਾਂ ਨਾਲ ਮਿੱਟੀ ਕੱਢਦਾ ਨਾਲੇ ਤਾਂ ਆਵਦੀ ਗੱਲ ਕਹਿ ਗਿਆ ਤੇ ਨਾਲੇ ਘਤੋਤਰ ਸਿਉਂ ਨੂੰ ਓਹਦੀ ਔਕਾਤ ਯਾਦ ਕਰਵਾ ਕੇ ਦੇਹਲੀਉਂ ਬਾਹਰ ਹੋ ਗਿਆ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਭੀਰੀ ਐਹੋ ਜਿਹਾ ਕੀ ਕਹਿ ਆਇਆ? ਲਓ ਸੁਣੋ, ਕਹਿੰਦਾ, “ਘਤੋਤਰ ਸਿਆਂ, ਜ਼ਮੀਨ ਖਰੀਦਣ ਤੇ ਮਹਿੰਗਾ ਮੁੱਲ ਦੇਣ ਦੇ ਸੁਨੇਹੇ ਤੁਸੀਂ ਸਾਰੇ ਈ ਲਾਈ ਜਾਨੇ ਓਂ। ਜਦੋਂ ਅਸੀਂ ਖੀਰ ਖਾਣੀ ਈ ਨਹੀਂ, ਫੇਰ ਬੰਨ੍ਹ ਕੇ ਖੁਆਉਣ ਨੂੰ ਕਿਉਂ ਫਿਰਦੇ ਓਂ? ਅਸੀਂ ਤਾਂ ਤੇਰੇ ਕੋਲ ਤਾਂ ਆਏ ਸੀ ਕਿ ਪੰਚੈਤਾਂ ਪੁਚੈਤਾਂ ਤਾਂ ਸ਼ੈਲਰ ਆਲਿਆਂ ਦੇ ਨਾਲੇ ਨਾਲ ਬੰਨ੍ਹੀਆਂ ਹੋਈਆਂ। ਸ਼ਾਇਦ ਤੇਰੇ ਅਰਗੀ ਲਾਗੜ ਦੂਗੜ ਦੀ ਗੱਲ ਈ ਸੁਣ ਲੈਣ?”

ਇਹੀ ਹਾਲ ਕਿਸਾਨ ਸੰਘਰਸ਼ ਨਾਲ ਵਾਪਰ ਰਿਹੈ। ਤੋਮਰ, ਸ਼ਾਹ ਤੇ ਹੋਰ ਪੰਚੈਤੀਆਂ ਅੱਗੇ ਤਾਂ 12-13 ਬੈਠਕਾਂ ਕਰਕੇ ਕਿਸਾਨ ਆਗੂਆਂ ਨੇ ਬਥੇਰਾ ਚਿਰ ਪੱਖ ਸੁਣਾ ਲਏ। ਮਾਣਯੋਗ ਪ੍ਰਧਾਨ ਸੇਵਕ ਜੀ, ਹੁਣ ਤਾਂ ਸਿਰਫ਼ ਥੋਡੇ ਵਰਗੀ ਲਾਗੜ ਦੂਗੜ ਅੱਗੇ ਇਹੀ ਬੇਨਤੀ ਕਰਨੀ ਬਾਕੀ ਰਹਿ ਗਈ ਕਿ ਇਹ ਪੀਜ਼ਿਆਂ ਦੇ ਲੰਗਰਾਂ ਵਾਲੇ, ਮਹਿੰਗੇ ਮਹਿੰਗੇ ਫੋਨ ਰੱਖਣ ਵਾਲੇ, ਮਹਿੰਗੇ ਬਰਾਂਡਾਂ ਦੇ ਲੀੜੇ ਪਾਉਣ ਵਾਲੇ, ਜਹਾਜ਼ਾਂ ਵਰਗੇ ਟਰੈਕਟਰਾਂ ਵਾਲੇ, ਲੱਖਾਂ ਦੀਆਂ ਕਾਰਾਂ ਜੀਪਾਂ ਵਾਲੇ ਕਿਸਾਨ ਤੁਹਾਡੇ ਪਰਉਪਕਾਰੀ ਸੁਭਾਅ ਤੋਂ ਅਣਜਾਣ ਹਨ। ਇਹਨਾਂ ਨੂੰ ਕੀ ਪਤੈ ਅਨਪੜ੍ਹ ਲਾਣੇ ਨੂੰ ਕਿ ਅੰਬਾਨੀ ਅਡਾਨੀ ਵਰਗੇ ਦਾਨੀ ਪੁਰਸ਼ ਤਾਂ ਯੁਗਾਂ ਬਾਅਦ ਪੈਦਾ ਹੁੰਦੇ ਹਨ। ਮੋਦੀ ਜੀ, ਇਹਨਾਂ ਨੂੰ ਖੇਤੀ ਕਾਨੂੰਨਾਂ ਦੀ ਅਹਿਮੀਅਤ ਦਾ ਕੀ ਪਤਾ ਭਲਾ? ਇਹ ਕੀ ਜਾਨਣ ਕਿ ਤੁਸੀਂ ਤਾਂ ਇਹਨਾਂ ਦੀ ਕਮਾਈ ‘ਚ ਦੁੱਗਣਾ ਚੌਗਣਾ ਵਾਧਾ ਕਰਨ ਲਈ ਅੰਬਾਨੀ ਅਡਾਨੀ ਵਰਗਿਆਂ ਦੇ ਪੈਰ ਚੱਟਣ ਤੱਕ ਗਏ ਹੋ। ਇਹਨਾਂ ਨੂੰ ਤਾਂ ਥੋਡੇ ਅਹਿਸਾਨਮੰਦ ਹੋਣਾ ਚਾਹੀਦੈ ਕਿ ਪ੍ਰਧਾਨ ਸੇਵਕ ਸੁੱਕ ਕੇ ਡੱਕਾ ਹੁੰਦਾ ਜਾ ਰਿਹਾ ਕਿਸਾਨੀ ਦੇ ਸੰਸੇ ‘ਚ। ਪ੍ਰਧਾਨ ਸੇਵਕ ਜੀ ਕੋਲ ਤਾਂ ਦਾਹੜੀ ਮੁੰਨਵਾਉਣ ਦਾ ਟੈਮ ਹੈਨੀਂ, ਓਹ ਵੀ ਹੈਂਕੜ ਵਾਂਗੂੰ ਧੁੰਨੀ ਵੱਲ ਨੂੰ ਤੁਰੀ ਜਾਂਦੀ ਐ।

ਪ੍ਰਧਾਨ ਸੇਵਕ ਜੀ, ਮੈਂ ਥੋਨੂੰ ਇੱਕ ਜੁਗਤ ਦੱਸਦਾਂ। ਇਹਨਾਂ ਅਮੀਰ ਤੇ ਅਨਪੜ੍ਹ ਕਿਸਾਨਾਂ ਨੂੰ ਜਿੰਨਾ ਪੁਲਿਸ ਕੋਲੋਂ ਕੁਟਵਾਓਗੇ, ਫੌਜ਼ ਕੋਲੋਂ ਮਰਵਾਓਗੇ….. ਇਹਨਾਂ ਨੇ ਕੌੜੀ ਵੇਲ ਵਾਂਗੂੰ ਵਧਦੇ ਈ ਜਾਣੈ। ਮੱਥਿਆਂ ‘ਚੋਂ ਵਗਦੀਆਂ ਤਤ੍ਹੀਰੀਆਂ, ਪਿੰਡੇ ‘ਤੇ ਪਏ ਨੀਲ ਪਏ ਦੇਖ ਕੇ ਇਹਨਾਂ ਨੇ ਥੋਡੇ ਲਾਣੇ ਅੰਗੂੰ “ਊਈ ਮੰਮੀ ਦਰਦ ਹੋਤਾ ਹੈ” ਨੀ ਕਹਿਣਾ। ਇਹਤਾਂ ਸਗੋਂ  ਜੈਕਾਰੇ ਲਾਉਣਗੇ, ਲਲਕਰੇ ਮਾਰਨਗੇ। ਪਿੰਡਾਂ ‘ਚੋਂ ਹੋਰ ਟਰਾਲੀਆਂ ਭਰ ਭਰ ਆਉਣਗੇ। ਕਿੰਨਿਆਂ ਕੁ ਨੂੰ ਮਾਰੋਂਗੇ? ਤੁਸੀਂ ਤਾਂ ਆਵਦੇ ਲੱਠਮਾਰਾਂ, ਨਕਲੀ ਕਿਸਾਨਾਂ,  ਸ਼ਹਿਰੀਆਂ ਕੋਲੋਂ ਹਾਤ-ਹੂਤ ਵੀ ਕਰਵਾ ਕੇ ਦੇਖ ਲਈ। ਪ੍ਰਧਾਨ ਸੇਵਕ ਜੀ, ਇਹਨਾਂ ਨੂੰ ਸੁਰਤ ਈ ਓਦੋਂ ਆਉਣੀ ਐ, ਜਦੋਂ ਖੇਤੀ ਕਾਨੂੰਨਾਂ ਨਾਲ ਹੋਣ ਵਾਲੇ ‘ਫਾਇਦੇ’ ਨਾ ਮਿਲੇ। ਫੇਰ ਪਿੱਟਣਗੇ, ਜਦੋਂ ਤੁਹਾਡੀ ਦੁੱਗਣੀ ਚੌਗਣੀ ਇਨਕਮ ਵਾਲਾ ਦਾਅ ਇਹਨਾਂ ਕੋਲੋਂ ਖੁੰਝ ਗਿਆ। ਚੁੱਪ ਕਰਕੇ ਖੇਤੀ ਕਾਨੂੰਨ ਕਰ ਦਿਓ ਰੱਦ ਤੇ ਮਰਨ ਦਿਓ ਇਹਨਾਂ ਨੂੰ ਭੁੱਖੇ। ਮੈਨੂੰ ਪਤੈ, ਅੰਬਾਨੀ ਅਡਾਨੀ ਤੁਹਾਨੂੰ ਜ਼ਰੂਰ ਖੰਡ ਪਾਉਣਗੇ ਕਿ ਤੁਸੀਂ ਉਹਨਾਂ ਨੂੰ ‘ਦਾਨ-ਪੁੰਨ’ ਕਰਨ ਦਾ ਮੌਕਾ ਨਹੀਂ ਦਿੱਤਾ। ਚਲੋ ਕੋਈ ਨਾ, ਉਹਨਾਂ ਕੋਲੋਂ ਮਾਫ਼ੀ ਮੰਗ ਆਇਓ। ਜਦੋਂ ਬੇਸ਼ਰਮਾਂ ਦੀ ਦਾਲ ਡੁੱਲ੍ਹ ਜਾਂਦੀ ਐ, ਭੁੰਜੇ ਡਿੱਗੀ ਵੀ ਖਾ ਈ ਲੈਂਦੇ ਹੁੰਦੇ ਆ।

ਜ਼ੋਰ ਸੇ ਬੋਲੋ, ਭਾਰਤ ਮਾਤਾ ਕੀ ਜੈ।

Install Punjabi Akhbar App

Install
×