ਬਹੁਤ ਕੁੱਝ ਕਹਿ ਗਿਆ ਰਾਜ ਸਭਾ ਦੇ ਵਿਹੜੇ ਗੂੰਜਿਆ ਸ਼ੈਤਾਨੀ ਹਾਸਾ

ਇੱਕ ਪੁਰਾਣੀ ਕਹਾਵਤ ਹੈ – ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ। ਰਾਜ ਸਭਾ ਵਿੱਚ ਭਾਸ਼ਨ ਦੌਰਾਨ ਪ੍ਰਧਾਨ ਮੰਤਰੀ ਦਾ ਕਿਸਾਨ ਅੰਦੋਲਨ ਬਾਰੇ ਮਜ਼ਾਕੀਆ ਤਨਜ ਕਸ ਕੇ ਹੱਸਣਾ ਉਸਦੇ ਵੀ ਗਵਾਰ ਹੋਣ ਦੀ ਗਵਾਹੀ ਦੇ ਗਿਆ। ਅਸਫ਼ਲ ਰੋਮਨ ਸ਼ਾਸਕ ਨੀਰੋ ਕਲਾਊਡੀਅਸ ਬਾਰੇ ਇੱਕ ਹੋਰ ਇਤਿਹਾਸ ਮੁਹਾਵਰਾ ਪ੍ਰਚੱਲਤ ਹੈ – ਰੋਮ ਜਲ਼ ਰਿਹਾ ਸੀ ਤੇ ਨੀਰੋ ਚੈਨ ਦੀ ਬੰਸਰੀ ਵਜਾ ਰਿਹਾ ਸੀ। ਮੋਦੀ ਬਾਰੇ ਵੀ ਕਿਹਾ ਜਾ ਸਕਦਾ ਹੈ ਕਿ ਦੇਸ਼ ਦਾ ਕਿਸਾਨ ਰੁਲ਼ ਰਿਹਾ ਸੀ ਤਾਂ ਮੋਦੀ ਪੂੰਜੀਵਾਦੀ ਰਾਗ ਅਲਾਪ ਰਿਹਾ ਸੀ। ਦੁਨੀਆਂ ਭਰ ਦੀਆਂ ਮਹਾਨ ਹਸਤੀਆਂ ਦੇਸ਼ ਅੰਦਰ ਹੋ ਰਹੇ ਕਿਸਾਨ ਸੰਘਰਸ਼ ਨੂੰ ਹਮਾਇਤ ਦੇ ਰਹੀਆਂ ਹਨ ਅਤੇ ਅੱਤ ਦੀ ਸਰਦੀ ਵਿੱਚ ਸੜ੍ਹਕਾਂ ਤੇ ਬੈਠੇ ਆਪਣੇ ਹੱਕਾਂ ਲਈ ਲੜਦੇ ਕਿਸਾਨਾਂ ਪ੍ਰਤੀ ਹਮਦਰਦੀ ਜਤਾ ਰਹੀਆਂ ਹਨ ਪਰ ਸਾਡੇ ਦੇਸ਼ ਦਾ ਕਾਰਪੋਰੇਟ ਹੱਥ ਵਿਕਿਆ ਬੇਸ਼ਰਮ ਪ੍ਰਧਾਨ ਮੰਤਰੀ ਇੱਕ ਜਿੰਮੇਵਾਰ ਸਥੱਲ ਤੋਂ ਕਿਸਾਨਾਂ ਨੂੰ ਮਜ਼ਾਕ ਕਰ ਰਿਹਾ ਹੈ। ਦੁੱਖ ਵਾਲੀ ਗੱਲ ਹੈ ਕਿ ਉੱਥੇ ਬੈਠੇ ਮਰੀ ਹੋਈ ਸੰਵੇਦਨਾ ਵਾਲੇ ਲੋਕ ਮੇਜ਼ ਥਪਥਪਾ ਕੇ ਸਹਿਮਤੀ ਦੇ ਰਹੇ ਸਨ ਅਤੇ ਓਸ ਤੋਂ ਵੀ ਡੁੱਬ ਮਰਨ ਵਾਲੀ ਗੱਲ ਹੈ ਵਿਰੋਧੀ ਧਿਰ ਵਾਸਤੇ ਜੋ ਇਸ ਨਿਰਦਈ ਵਤੀਰੇ ਮੌਕੇ ਚੁੱਪ ਬੈਠੀ ਸੀ। ਕੱਲ੍ਹ ਦਾ ਰਾਜ਼ ਸਭਾ ਦਾ ਵਰਤਾਰਾ ਦੇਖ ਕੇ ਇਹ ਮਹਿਸੂਸ ਹੋ ਰਿਹਾ ਸੀ ਵਿਰੋਧੀ ਧਿਰ ਦੀ ਨਿਪੁੰਸਕਤਾ ਦੇ ਹੁੰਦਿਆਂ ਲੋਕਤੰਤਤਰ ਦੇ ਕਿਸੇ ਵੀ ਵਿਹੜੇ ਤੋਂ ਇਨਸਾਫ਼ ਲੈਣ ਲਈ ਬਹੁਤ ਤਕੜੇ ਹੋਣਾ ਪਵੇਗਾ।

ਦੇਸ਼ ਦੇ ਪ੍ਰਧਾਨ ਮੰਤਰੀ ਵਲੋ ਹੱਕ ਮੰਗਣ ਵਾਲੇ ਕਿਸਾਨਾਂ ਨੂੰ ਅੰਦੋਲਨਜੀਵੀ ਅਤੇ ਨਾਲ ਹੀ ਪਰਜੀਵੀ ਕਹਿਣਾ ਬਹੁਤ ਹੀ ਅਫਸੋਸਜਨਕ ਅਤੇ ਨਿੰਦਣਯੋਗ ਕਥਨ ਹੈ। ਇੰਝ ਲਗਦਾ ਹੈ ਕਿ ਉਹ ਪਰਜੀਵੀ ਦੀ ਪ੍ਰੀਭਾਸ਼ਾ ਹੀ ਨਹੀਂ ਜਾਣਦਾ, ਪਰਜੀਵੀ ਤਾਂ ਦੂਸਰੇ ਦੇ ਵਜੂਦ ਉੱਪਰ ਜਿਓਂਣ ਵਾਲੇ ਨੂੰ ਕਿਹਾ ਜਾਂਦਾ ਹੈ ਜਦ ਕਿ ਕਿਸਾਨ ਤਾਂ ਖੁਦ ਹੀ ਅੰਨ ਪੈਦਾ ਕਰਦਾ ਹੈ ਅਤੇ ਦੁਨੀਆਂ ਦਾ ਵੀ ਢਿੱਡ ਭਰਦਾ ਹੈ। ਕਿਸਾਨ ਦੇ ਪੈਦਾ ਕੀਤੇ ਅੰਨ ਤੇ ਤਾਂ ਪੂਰੀ ਦੁਨੀਆਂ ਪਲ਼ਦੀ ਹੈ ਫਿਰ ਕਿਸਾਨ ਪਰਜੀਵੀ ਕਿਵੇਂ ਹੋਇਆ। ਕਾਰਪੋਰੇਟ ਦੇ ਖੁਦਗਰਜ ਜਾਲ਼ ਵਿੱਚ ਫਸਿਆ ਪ੍ਰਧਾਨ ਮੰਤਰੀ ਕਿਸਾਨਾਂ ਪ੍ਰਤੀ ਪਾਲ਼ੀ ਨਫ਼ਰਤ ਤੇ ਜਹਿਰ ਨੂੰ ਉਗ਼ਲਣ ਲਈ ਸਥਾਨ, ਭਾਸ਼ਾ, ਸ਼ਬਦਾਂ ਅਤੇ ਅਹੁਦੇ ਦੀ ਮਰਿਆਦਾ ਵੀ ਭੁੱਲ ਬੈਠਿਆ ਹੈ।

ਲੋਕਤੰਤਰ ਦੇ ਇੱਕ ਜੁਆਬਦੇਹ ਪਟਲ ਤੋਂ ਹੱਕ ਮੰਗਦੇ ਅੰਨ ਦਾਤੇ ਬਾਰੇ ਅਜਿਹੀ ਗੈਰ ਜਿੰਮੇਵਾਰ ਅਤੇ ਘਟੀਆ ਟਿੱਪਣੀ ਕਰਨਾ ਸਾਬਤ ਕਰਦਾ ਹੈ ਕਿ ਉਹ ਆਪਣੇ ਆਪ ਨੂੰ ਤਾਨਾਸ਼ਾਹ ਸਿੱਧ ਕਰਨਾ ਚਾਹੁੰਦਾ ਹੈ। ਆਪਣੀ ਨਿੱਜੀ ਇੱਛਾ ਦੇ ਉਲਟ ਜਾਇਜ਼ ਹੱਕ ਮੰਗਣ ਵਾਲਿਆਂ ਨੂੰ ਅੰਦੋਲਨਜੀਵੀ ਕਹਿ ਕੇ ਮਜ਼ਾਕ ਕਰਨਾ ਉਸਦੀ ਖੁਦਗਰਜ ਤੇ ਨੀਂਵੇਂ ਪੱਧਰ ਦੀ ਸੋਚ ਦਾ ਪ੍ਰਗਟਾਵਾ ਕਰਦਾ ਹੈ ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲਿਆਂ ਦੀ ਕਿੰਨੀ ਕੁ ਕਦਰ ਕਰਦਾ ਹੋਵੇਗਾ। ਵੱਖ-ਵੱਖ ਦੇਸ਼ਾਂ ਦੀਆਂ ਮਾਨਵਤਾ ਪ੍ਰਤੀ ਸੰਵੇਦਨਸ਼ੀਲ ਬਹੁਤ ਸਾਰੀਆਂ ਪ੍ਰਮੁੱਖ ਸ਼ਖਸੀਅਤਾ ਵਲੋਂ ਭਾਰਤ ਅੰਦਰ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਹਮਾਇਤ ਮਿਲ ਰਹੀ ਹੈ ਅਤੇ ਬਹੁਤ ਸਾਰੇ ਦੇਸ਼ਾਂ ਦੇ ਰਾਜਨੀਤਿਕ ਪਿੜਾਂ ਤੋਂ ਵੀ ਕਿਸਾਨਾਂ ਦੀ ਹਾਮੀ ਭਰੀ ਜਾ ਰਹੀ ਹੈ ਇਹ ਸਭ ਕੁੱਝ ਸਾਬਤ ਕਰਦਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਹੱਕੀ ਹਨ। ਸਰਕਾਰ ਦੇ ਇਸ ਵਤੀਰੇ ਤੋਂ ਲੱਗਦਾ ਹੈ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਰੌਂਅ ਵਿੱਚ ਨਹੀਂ ਹੈ ਇਸ ਕਰਕੇ ਕਿਸਾਨ ਜਥੇਬੰਦੀਆਂ ਨੂੰ ਆਪਣੀ ਆਉਣ ਵਾਲੀ ਰਣਨੀਤੀ ਨੂੰ ਤਾਕਤਵਰ ਬਣਾਉਣਾ ਪਵੇਗਾ।

(ਖਵੀਰ ਸਿੰਘ ਕੰਗ) +91 85678-72291

Install Punjabi Akhbar App

Install
×