ਮੋਦੀ ਦਾ ਫਰਾਂਸ ਅਤੇ ਜਰਮਨੀ ਦਾ ਦੌਰਾ: ਕੀ ਹਨ ਸੰਭਾਵਨਾਵਾਂ ?

Modi-1ਜਦੋਂ ਤੋਂ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ, ਉਦੋਂ ਤੋਂ ਹੀ ਉਹਨਾਂ ਦੇ ਵਿਦੇਸ਼ ਦੌਰੇ ਅਕਸਰ ਹੀ ਚਰਚਾ ਵਿੱਚ ਰਹੇ ਹਨ। ਹੁਣ ਤੱਕ ਉਹਨਾਂ ਨੇ ਅਮਰੀਕਾ ਅਤੇ ਚੀਨ ਵਰਗੇ ਸੁਪਰ ਪਾਵਰ ਦੇਸ਼ਾਂ ਉੱਤੇ ਹੀ ਸਭ ਤੋਂ ਵੱਧ ਧਿਆਨ ਦਿੱਤਾ ਹੈ। ਪਰ ਹੁਣ ਪੱਛਮ ਦੀਆਂ ਹੋਰ ਵੱਡੀਆਂ ਤਾਕਤਾਂ ਜਿਵੇਂ ਕਿ ਫਰਾਂਸ, ਜਰਮਨੀ ਬਰਤਾਨੀਆ ਅਤੇ ਕੈਨੇਡਾ ਆਦਿ ਵੱਲ ਵੀ ਧਿਆਨ ਦੇਣਾ ਸ਼ੁਰੂ ਕੀਤਾ ਹੋਇਆ ਹੈ। ਦੁਨੀਆਂ ਵਿੱਚ ਅਮਰੀਕੀ ਉਭਾਰ ਤੋਂ ਪਹਿਲਾਂ ਯੂਰਪ ਦੇ ਤਿੰਨ ਮੁੱਖ ਦੇਸ਼ ਸਭ ਤੋਂ ਵੱਡੀਆਂ ਤਾਕਤਾਂ ਵਜੋਂ ਸਥਾਪਤ ਰਹੇ ਹਨ : ਬਰਤਾਨੀਆ, ਫਰਾਂਸ ਅਤੇ ਜਰਮਨੀ। ਅੱਜ ਵੀ ਤਕਨੀਕ ਪੱਖੋਂ ਇਹ ਸਿਰਕੱਢ ਦੇਸ਼ ਹਨ। ਅੱਜ ਦੇ ਸਮੇਂ ਜਦੋਂ ਫੌਜੀ ਰਣਨੀਤੀ ਉੱਤੇ ਆਰਥਿਕ ਰਣਨੀਤੀ ਹਾਵੀ ਹੁੰਦੀ ਜਾ ਰਹੀ ਹੈ ਤਾਂ ਭਾਰਤ ਨੂੰ ਵੀ ਦੁਨੀਆਂ ਦੀਆਂ ਹੋਰ ਵੱਡੀਆਂ ਆਰਥਿਕ ਤਾਕਤਾਂ ਨਾਲ ਸੰਬੰਧ ਬਣਾਉਣ ਦੀ ਲੋੜ ਹੈ। ਇਸੇ ਲਈ ਹੁਣ ਪ੍ਰਧਾਨ ਮੰਤਰੀ ਵੱਲੋਂ ਯੂਰਪ ਦੀਆਂ ਦੋ ਵੱਡੀਆਂ ਆਰਥਿਕ ਅਤੇ ਫੌਜੀ ਤਾਕਤਾਂ ਫਰਾਂਸ ਅਤੇ ਜਰਮਨੀ ਨਾਲ ਸੰਬੰਧ ਬਣਾਉਣ ਲਈ ਉਥੋਂ ਦਾ ਦੌਰਾ ਕੀਤਾ ਗਿਆ ਹੈ। ਇਸ ਦੌਰੇ ਦੌਰਾਨ ਉਹਨਾਂ ਨੇ ਐਕਟ ਈਸਟ – ਲਿੰਕ ਵੈਸਟ (ਪੂਰਬ ਨਾਲ ਕੰਮ ਕਰੋ ਅਤੇ ਪੱਛਮ ਆਲ ਜੁੜੋ ) ਦਾ ਨਾਅਰਾ ਦਿੱਤਾ ਹੈ।

ਫਰਾਂਸ:  ਫਰਾਂਸ ਨਾਲ ਭਾਰਤ ਦੇ ਰਿਸ਼ਤੇ ਕੋਈ ਅੱਜ ਜਾਂ ਕੱਲ ਦੀ ਗੱਲ ਨਹੀਂ ਹੈ। ਅੰਗਰੇਜਾਂ ਖਿਲਾਫ਼ ਮਰਦੇ ਦਮ ਤੱਕ ਲੜਨ ਵਾਲੇ ਟੀਪੂ ਸੁਲਤਾਨ ਦੀ ਫਰਾਂਸ ਸਰਕਾਰ ਨਾਲ ਕਾਫੀ ਨੇੜਤਾ ਸੀ। ਉਹ 1789 ਵਾਲੇ ਫਰਾਂਸੀਸੀ ਇਨਕਲਾਬ ਨਾਲ ਸੰਬੰਧਿਤ ਇਨਕਲਾਬੀ ਗੁੱਟ ‘ਜੈਕੋਬਿਨ ਕਲੱਬ’ ਦਾ ਸਰਗਰਮ ਮੈਂਬਰ ਵੀ ਸੀ। ਫਰਾਂਸੀਸੀ ਇਨਕਲਾਬ ਤੋਂ ਪਹਿਲਾਂ ਟੀਪੂ ਨੇ ਸਮਰਾਟ ਲੂਈਸ ਸੋਲਵੇਂ ਕੋਲ ਆਪਣਾ ਇੱਕ ਵਿਦੇਸ਼ ਮੰਡਲ ਵੀ ਭੇਜਿਆ ਸੀ। ਇਸੇ ਤਰਾਂ ਇਨਕਲਾਬ ਤੋਂ ਬਾਅਦ ਉਸਨੇ ਨੈਪੋਲੀਅਨ ਨਾਲ ਸੰਬੰਧ ਬਣਾਉਣ ਲਈ ਵੀ ਹੱਥ ਪੈਰ ਮਾਰੇ ਸਨ ਪਰ ਸਫਲਤਾ ਨਹੀਂ ਮਿਲੀ ਸੀ। ਫਿਰ ਠੰਡੀ ਜੰਗ (1945-1991) ਦੌਰਾਨ ਵੀ ਫਰਾਂਸ ਨੇ ਭਾਰਤ ਨੂੰ ਪਲੂਟੋਨੀਅਮ ਦਿੱਤਾ, ਰਾਕਟ ਤਕਨੀਕ ਵਿੱਚ ਸਹਾਇਤਾ ਦਿੱਤੀ ਅਤੇ ਇਥੋਂ ਤੱਕ ਕਿ 1965 ਦੀ ਜੰਗ ਵੇਲੇ ਵੀ ਕੁਝ ਸਹਾਇਤਾ ਦਿੱਤੀ। ਭਾਰਤ ਦੇ ਪਰਮਾਣੂ ਪ੍ਰੋਗਰਾਮ ਦੇ ਖਿਲਾਫ਼ ਵੀ ਫਰਾਂਸ ਨੇ ਕਦੇ ਬਹੁਤਾ ਸਖਤ ਰੁਖ ਨਹੀਂ ਸੀ ਅਪਣਾਇਆ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਵਿੱਚ ਪੱਕੀ ਮੈਂਬਰਸ਼ਿਪ ਲਈ ਵੀ ਸਾਨੂੰ ਫਰਾਂਸ ਦਾ ਸਹਿਯੋਗ ਮਿਲ ਰਿਹਾ ਹੈ ਜੋ ਕਿ ਸ਼ੁਰੂ ਤੋਂ ਹੀ ਸੁਰੱਖਿਆ ਪ੍ਰੀਸ਼ਦ ਦਾ ਪੱਕਾ ਮੈਂਬਰ ਹੈ।

ਫਰਾਂਸ ਦੇ ਰਾਸ਼ਟਰਪਤੀ ਫ੍ਰਾਂਕੋਸ ਓਲਾਂਦੇ ਨਾਲ ਮਿਲਕੇ ਨਰਿੰਦਰ ਮੋਦੀ ਨੇ ਕੋਈ 17 ਸਮਝੌਤਿਆਂ ਉੱਤੇ ਸਹੀ ਪਾਈ ਹੈ। ਇਹਨਾਂ ਵਿੱਚ ਜੰਗੀ ਜਹਾਜ਼, ਰੇਲਵੇ, ਪੁਲਾੜ ਖੋਜ ਅਤੇ ਪਰਮਾਣੂ ਊਰਜਾ ਆਦਿ ਖੇਤਰਾਂ ਵਿੱਚ ਸਹਿਯੋਗ ਪ੍ਰਮੁੱਖ ਹੈ। ਜਿਵੇਂ ਕਿ ਚੰੜੀਗੜ ਤੋਂ ਦਿੱਲੀ ਰੇਲਵੇ ਲਾਈਨ ਉੱਤੇ ਰੇਲ ਦੀ ਰਫਤਾਰ ਨੂੰ 200 ਕਿਲੋਮੀਟਰ ਪ੍ਰਤੀ ਘੰਟਾ ਤੱਕ ਪੁਚਾਉਣ ਲਈ ਸਾਂਝਾ ਕੰਮ ਕੀਤਾ ਜਾਵੇਗਾ। ਇਸ ਵੇਲੇ ਇਸ ਲਾਈਨ ਉੱਤੇ ਔਸਤ ਰਫਤਾਰ ਸਿਰਫ 80 ਕਿਲੋਮੀਟਰ ਪ੍ਰਤੀ ਘੰਟਾ ਹੀ ਹੈ। ਲੁਧਿਆਣਾ ਅਤੇ ਅੰਬਾਲਾ ਦੇ ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਦਾ ਵੀ ਸਮਝੌਤਾ ਹੋਇਆ ਹੈ। ਮਹਾਂਰਾਸ਼ਟਰ ਦੇ ਜੈਤਾਪੁਰ ਵਿੱਚ 6 ਪਰਮਾਣੂ ਪਲਾਂਟ ਲਾਉਣ ਦੇ ਸਮਝੌਤੇ ਉੱਤੇ ਵੀ ਸਹੀ ਪਾਈ ਗਈ। ਇਸ ਅਨੁਸਾਰ ਉਥੇ 1650 ਮੈਗਾਵਾਟ ਦੇ 6 ਪਲਾਂਟ ਲਾਏ ਜਾਣਗੇ ਜਿਨ੍ਹਾਂ ਦੀ ਕੁੱਲ ਸਮਰੱਥਾ 9900 ਮੈਗਾਵਾਟ ਬਣਦੀ ਹੈ। ਫਰਾਂਸ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਉਹ ਭਾਰਤੀਆਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਯਾਤਰੀ ਵੀਜ਼ਾ ਦੇਣ ਦੇ ਪ੍ਰਬੰਧ ਕਰੇਗਾ।

ਫਰਾਂਸ ਦਾ ਸਮਾਜ ਇੱਕ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ, ਸਲੀਕੇਦਾਰ ਅਤੇ ਖੁਲ੍ਹਦਿਲਾ ਸਮਾਜ ਹੈ। ਉਹ ਆਪਣੀਆਂ ਜੜ੍ਹਾਂ ਨੂੰ ਪਿਆਰ ਕਰਨ ਵਾਲੇ, ਆਜ਼ਾਦੀ ਦੀ ਕਦਰ ਕਰਨ ਵਾਲੇ, ਖੁਲ੍ਹ ਕੇ ਹੱਸਣ ਵਾਲੇ ਅਤੇ ਜ਼ਿੰਦਾਦਿਲ ਲੋਕ ਹਨ। ਪਹਿਲੀ ਸੰਸਾਰ ਜੰਗ ਵਿੱਚ ਫਰਾਂਸ ਦੀ ਰੱਖਿਆ ਖਾਤਰ ਸ਼ਹੀਦ ਹੋਣ ਵਾਲੇ ਭਾਰਤੀ ਫੌਜੀਆਂ ਦੀ ਸ਼ਹੀਦੀ ਦਾ ਉਥੇ ਅੱਜ ਵੀ ਪੂਰਾ ਸਨਮਾਨ ਕੀਤਾ ਜਾਂਦਾ ਹੈ ਜਿਸ ਵਿੱਚ ਪਗੜੀਧਾਰੀ ਸਿੱਖ ਫੌਜੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਸੀ। ਭਾਵੇਂ ਕਿ ਇਹ ਦੁਖਦ ਪਹਿਲੂ ਹੀ ਹੈ ਕਿ ਪ੍ਰਧਾਨ ਮੰਤਰੀ ਦੇ ਇਸ ਪੂਰੇ ਦੌਰੇ ਦੌਰਾਨ, ਸਿੱਖਾਂ ਦੀ ਦਸਤਾਰ ਵਾਲੇ ਮੁੱਦੇ ਨੂੰ ਕਿਸੇ ਨੇ ਯਾਦ ਤੱਕ ਨਹੀਂ ਕੀਤਾ।

ਜਰਮਨੀ:  ਜਰਮਨੀ ਇੱਕ ਅਜਿਹਾ ਦੇਸ਼ ਹੈ ਜਿਸਨੇ ਡਿੱਗ ਡਿੱਗ ਕੇ ਖੜਾ ਹੋਣਾ ਸਿੱਖਿਆ ਹੈ। ਦੋ ਸੰਸਾਰ ਜੰਗਾਂ ਵਿੱਚ ਬੁਰੀ ਤਰਾਂ ਤਬਾਹ ਹੋਣ ਵਾਲਾ ਜਰਮਨੀ ਅੱਜ ਯੂਰਪੀ ਸੰਘ ਦਾ ਸਭ ਤੋਂ ਤਾਕਤਵਰ ਦੇਸ਼ ਹੈ। ਉਸ ਨਾਲ ਸਾਡੇ ਰਿਸ਼ਤੇ ਸੁਭਾਸ਼ ਚੰਦਰ ਬੋਸ ਵੇਲੇ ਤੋਂ ਹੀ ਹਨ। ਫਰਾਂਸ ਨਾਲ ਟੀਪੂ ਸੁਲਤਾਨ ਦੇ ਰਿਸ਼ਤੇ ਅਤੇ ਜਰਮਨੀ ਨਾਲ ਸੁਭਾਸ਼ ਬੋਸ ਦੇ ਰਿਸ਼ਤੇ ਇਸ ਸੰਕਲਪ ਉੱਤੇ ਅਧਾਰਤ ਸਨ ਕਿ ਦੁਸ਼ਮਣ ਦੇ ਦੁਸ਼ਮਣ ਨੂੰ ਦੋਸਤ ਮੰਨਿਆ ਜਾ ਸਕਦਾ ਹੈ। ਕਿਉਂਕਿ ਟੀਪੂ ਦੇ ਵੇਲੇ ਅੰਗਰੇਜ ਅਤੇ ਫਰਾਂਸੀਸੀ ਆਪਸ ਵਿੱਚ ਪੱਕੇ ਦੁਸ਼ਮਣ ਸਨ ਅਤੇ ਸੁਭਾਸ਼ ਬੋਸ ਦੇ ਸਮੇਂ ਦੂਜੀ ਸੰਸਾਰ ਜੰਗ ਸਮੇਂ ਜਰਮਨੀ ਇੰਗਲੈਂਡ ਦਾ ਜਾਨੀ ਦੁਸ਼ਮਣ ਸੀ। ਅੱਜ ਯੂਰਪੀ ਸੰਘ ਵਿੱਚ ਜਰਮਨੀ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਾਂਝੀਦਾਰ ਹੈ। ਅਸੀਂ ਜਰਮਨੀ ਨੂੰ ਸਭ ਤੋਂ ਵੱਧ ਕੱਪੜਾ ਭੇਜਦੇ ਹਾਂ। ਪਰ ਅਸੀਂ ਉਹਨਾਂ ਤੋਂ ਲੈਂਦੇ ਬਹੁਤ ਕੁਝ ਹਾਂ। ਪਿਛਲੇ ਕੁਝ ਸਾਲਾਂ ਵਿੱਚ ਉਥੋਂ ਦੀਆਂ ਸਾਰੀਆਂ ਵੱਡੀਆਂ ਵਾਹਨ ਨਿਰਮਾਤਾ ਕੰਪਨੀਆਂ ਨੇ ਭਾਰਤ ਵਿੱਚ ਆਪਣੇ ਉਤਪਾਦਕ ਅਤੇ ਅਸੈਂਬਲਿੰਗ ਯੂਨਿਟ ਲਗਾਏ ਹਨ। ਇਹਨਾਂ ਵਿੱਚ ਡੈਮਲਰ, ਬੀ ਐਮ ਡਬਲਿਊ, ਮੈਨਾਗ, ਔਡੀ ਅਤੇ ਵਾਕਸਵੈਗਨ ਪ੍ਰਮੁੱਖ ਹਨ। ਉਂਜ ਵੀ ਦੁਨੀਆਂ ਦੇ ਸਭ ਤੋਂ ਵੱਡੇ ਨਿਰਯਾਤਕ ਅਤੇ ਤੀਸਰੀ ਸਭ ਤੋਂ ਵੱਡੀ ਅਰਥ ਵਿਵਸਥਾ ਦਾ ਦਰਜਾ ਖੁੱਸਣ ਕਰਕੇ ਜਰਮਨੀ ਬੜੀ ਤਾਕਤ ਨਾਲ ਕੰਮ ਕਰ ਰਿਹਾ ਹੈ ਤਾਂ ਕਿ ਆਪਣਾ ਪੁਰਾਣਾ ਵਕਾਰ ਬਹਾਲ ਕਰ ਸਕੇ। ਭਾਰਤ ਤੋਂ ਬਿਹਤਰ ਸੰਭਾਵਨਾਵਾਂ ਉਸ ਨੂੰ ਸ਼ਾਇਦ ਹੀ ਕਿਤੇ ਨਜ਼ਰ ਆਉਂਦੀਆਂ ਹੋਣ। ਪ੍ਰਧਾਨ ਮੰਤਰੀ ਨੇ ਵੀ ਹੈਨੋਵਰ ਵਪਾਰ ਮੇਲੇ ਵਿੱਚ ਜਰਮਨ ਚਾਂਸਲਰ ਐਂਜਲਾ ਮਾਰਕਲ ਨਾਲ ਚਾਹ ਦਾ ਕੱਪ ਸਾਂਝਾ ਕਰਦੇ ਹੋਏ, ਉਥੋਂ ਦੇ ਉੱਦਮੀਆਂ ਨੂੰ ਸੁਨੇਹਾ ਦਿੱਤਾ ਕਿ ਭਾਰਤ ਵਿੱਚ ਆ ਕੇ ਵੇਖੋ, ਭਾਰਤ ਬਹੁਤ ਬਦਲ ਗਿਆ ਹੈ। ਉਂਜ ਵੀ ਜਰਮਨੀ ਜੋ ਕਿ ਖੁਦ ਵੀ ਸੁਰੱਖਿਆ ਪ੍ਰੀਸ਼ਦ ਵਿੱਚ ਪੱਕੀ ਮੈਂਬਰਸ਼ਿਪ ਲਈ ਹੱਥ ਪੈਰ ਮਾਰ ਰਿਹਾ ਹੈ, ਜੇਕਰ ਭਾਰਤ ਨਾਲ ਮਿਲ ਜਾਵੇ ਤਾਂ ਦੋਵੇਂ ਦੇਸ਼, ਇਸ ਮਾਮਲੇ ਵਿੱਚ ਵੀ ਇੱਕ ਦੂਜੇ ਦਾ ਡਟ ਕੇ ਸਾਥ ਦੇ ਸਕਦੇ ਹਨ।

ਪਰ ਫਿਰ ਵੀ ਜਰਮਨੀ ਦੇ ਆਮ ਲੋਕਾਂ ਵਿੱਚ ਭਾਰਤ ਦਾ ਪ੍ਰਭਾਵ ਬਹੁਤਾ ਚੰਗਾ ਨਹੀਂ ਹੈ। ਜਿਵੇਂ ਕਿ ਮਾਰਚ 2015 ਵਿੱਚ ਉਥੋਂ ਦੀ ਲੀਪਜ਼ਿਗ ਯੂਨੀਵਰਸਿਟੀ ਦੀ ਇੱਕ ਪ੍ਰੋਫੈਸਰ ਦੀ ਈ ਮੇਲ ਸਾਹਮਣੇ ਆਈ ਸੀ ਜਿਸ ਵਿੱਚ ਉਸਨੇ ਇੱਕ ਭਾਰਤੀ ਵਿਦਿਆਰਥੀ ਨੂੰ ਕਿਸੇ ਕੋਰਸ ਵਿੱਚ ਦਾਖਲਾ ਦੇਣ ਤੋਂ ਸਿਰਫ ਇਸ ਲਈ ਨਾਂਹ ਕਰ ਦਿੱਤੀ ਸੀ ਕਿ ਉਸ ਅਨੁਸਾਰ ਭਾਰਤੀ ਮਰਦ ਬਲਾਤਕਾਰੀ ਹੁੰਦੇ ਹਨ। ਭਾਵੇਂ ਕਿ ਬਾਅਦ ਵਿੱਚ ਉਸ ਪ੍ਰੋਫ਼ੇਸਰ ਨੇ ਇਸ ਈ ਮੇਲ ਲਈ ਮੁਆਫੀ ਵੀ ਮੰਗ ਲਈ ਸੀ ਪਰ ਇਹ ਘਟਨਾ ਦਰਸਾਉਂਦੀ ਹੈ ਕਿ ਜਰਮਨੀ ਦੇ ਕਈ ਲੋਕ ਭਾਰਤ ਨੂੰ ਇੱਕ ਅਜਿਹੇ ਦੇਸ਼ ਵਜੋਂ ਹੀ ਜਾਣਦੇ ਹਨ ਜਿਥੇ ਕਿ ਔਰਤਾਂ ਉੱਤੇ ਜਿਨਸੀ ਅੱਤਿਆਚਾਰ ਹੁੰਦੇ ਹਨ। ਜਿਵੇਂ ਕਿ ਬੀ ਬੀ ਸੀ ਦੇ ਇੱਕ ਸਰਵੇ ਤੋਂ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਜਰਮਨੀ ਵਿੱਚ ਭਾਰਤ ਨੂੰ ਨਾਪਸੰਦ ਕਰਨ ਵਾਲੇ ਲੋਕਾਂ ਦੀ ਗਿਣਤੀ 64 ਫੀਸਦੀ ਹੈ। ਇਸ ਹਿਸਾਬ ਨਾਲ ਇਹ ਪਾਕਿਸਤਾਨ ਤੋਂ ਵੀ ਮਾੜੀ ਹਾਲਤ ਹੈ ਜਿਥੇ ਕਿ 58 ਫੀਸਦੀ ਲੋਕ ਭਾਰਤ ਨੂੰ ਨਾਪਸੰਦ ਕਰਦੇ ਹਨ। ਬੇਸ਼ਕ ਇਹ ਪੱਛਮੀ ਮੀਡੀਆ ਦਾ ਭਾਰਤ ਬਾਰੇ ਨਾਕਾਰਤਮਕ ਪ੍ਰਚਾਰ ਹੀ ਹੋਵੇ ਪਰ ਫਿਰ ਵੀ ਇਸ ਵਰਤਾਰੇ ਨੂੰ ਬਦਲਣ ਲਈ ਸਾਨੂੰ ਆਪਣੇ ਦੇਸ਼ ਦੇ ਅਕਸ ਵਿੱਚ ਸੁਧਾਰ ਕਰਨ ਲਈ ਜ਼ੋਰਦਾਰ ਉਪਰਾਲੇ ਕਰਨ ਦੀ ਲੋੜ ਹੈ। ਪੱਛਮੀ ਸੈਲਾਨੀਆਂ ਨੂੰ ਖਿੱਚਣ ਲਈ ਸਾਨੂੰ ਆਪਣੇ ਦੇਸ਼ ਵਿੱਚ ਹਰ ਰੋਜ਼ ਹੁੰਦੇ ਬਲਾਤਕਾਰਾਂ ਨੂੰ ਸਖਤੀ ਨਾਲ ਰੋਕਣ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ।

ਫਰਾਂਸ ਅਤੇ ਜਰਮਨੀ, ਕਿਸੇ ਵੇਲੇ ਚਾਹੇ ਕਿੰਨੇ ਵੀ ਤਾਕਤਵਰ ਦੇਸ਼ ਰਹੇ ਹੋਣ, ਪਰ ਅੱਜ ਉਹ ਭਾਰਤ ਦੀ ਤਾਕਤ ਨੂੰ ਨਜ਼ਰੰਦਾਜ਼ ਨਹੀਂ ਕਰ ਸਕਦੇ। ਅੱਜ ਭਾਰਤ ਕਿਸੇ ਪੱਛਮੀ ਦੇਸ਼ ਦੀ ਬਸਤੀ ਨਹੀਂ ਬਲਕਿ ਇੱਕ ਆਜ਼ਾਦ ਅਤੇ ਵਿਕਾਸਮੁਖੀ ਦੇਸ਼ ਹੈ। ਇਸ ਲਈ ਫਰਾਂਸ ਤੇ ਜਰਮਨੀ ਵਰਗੇ ਦੇਸ਼ ਸਾਨੂੰ ਇੱਕ ਬਰਾਬਰ ਦੇ ਵਪਾਰਕ ਭਾਈਵਾਲ ਵਾਂਗੂੰ ਹੀ ਲੈਣ। ਇਹ ਨਾ ਹੋਵੇ ਕਿ ਉਹ ਸਾਨੂੰ ਆਪਣੇ ਹਥਿਆਰਾਂ ਨੂੰ ਵੇਚਣ ਵਾਸਤੇ ਇੱਕ ਮੰਡੀ ਹੀ ਸਮਝ ਬੈਠਣ। ਭਾਰਤ ਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਪਰਮਾਣੂ ਹਥਿਆਰ, ਲੰਬੀ ਦੂਰੀ ਦੀਆਂ ਮਿਜ਼ਾਈਲਾਂ ਅਤੇ ਚੰਦਰਮਾ ਉੱਤੇ ਪਹੁੰਚ ਹੀ ਸਭ ਕੁਝ ਨਹੀਂ ਹੁੰਦੀ। ਅਸਲ ਵਿੱਚ ਤਾਂ ਸਾਨੂੰ ਦੁਨੀਆਂ ਵਿੱਚ ਉਦੋਂ ਹੀ ਉੱਚਾ ਰੁਤਬਾ ਮਿਲਣਾ ਹੈ ਜਦੋਂ ਸਾਡੇ ਦੇਸ਼ ਵਾਸੀਆਂ ਦਾ ਜੀਵਨ ਪੱਧਰ, ਦੂਸਰੇ ਅਮੀਰ ਦੇਸ਼ਾਂ ਦੇ ਜੀਵਨ ਪੱਧਰ ਦੇ ਬਰਾਬਰ ਪਹੁੰਚੇਗਾ। ਇਸ ਲਈ ਅਮੀਰ ਦੇਸ਼ਾਂ ਨਾਲ ਸਿਰਫ ਹਥਿਆਰਾਂ ਦੇ ਹੀ ਸੌਦੇ ਨਾ ਕੀਤੇ ਜਾਣ ਬਲਕਿ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਨੂੰ ਉੱਤਮ ਬਣਾਉਣ ਦੀ ਤਕਨੀਕ ਲੈਣ ਵਾਲੇ ਸਮਝੌਤੇ ਖਾਸ ਤੌਰ ਤੇ ਕੀਤੇ ਜਾਣ। ਇਹ ਕਾਫੀ ਤਸੱਲੀ ਵਾਲੀ ਗੱਲ ਹੈ ਕਿ ਇਸ ਯਾਤਰਾ ਦੌਰਾਨ ਇਸ ਪਾਸੇ ਲੋੜੀਂਦਾ ਧਿਆਨ ਦਿੱਤਾ ਗਿਆ ਹੈ।

Install Punjabi Akhbar App

Install
×