ਮਿਰਜ਼ਾ-ਸਾਹਿਬਾ, ਹੀਰ-ਰਾਂਝਾ ਨੂੰ ਅੱਜ ਦੇ ਜ਼ਮਾਨੇ ਅਨੁਸਾਰ ਪੇਸ਼ ਕਰ ਹਸਾਉਂਦੇ ਹਸਾਉਂਦੇ ਚੁੱਕੇ ਸੰਗੀਨ ਮੁੱਦੇ

ਨਾਟਿਅਮ ਮੇਲੇ ਦੀ 5ਵੀਂ ਸ਼ਾਮ ਕਾਮੇਡੀ ਨਾਟਕ ਇਸ਼ਕ ਰੀਮਿਕਸ ਦਾ ਹੋਇਆ ਮੰਚਨ

(ਬਠਿੰਡਾ)– ਨਾਟਿਅਮ ਪੰਜਾਬ ਵੱਲੋਂ ਡਾਇਰੈਕਟਰ ਕੀਰਤੀ ਕਿਰਪਾਲ, ਚੇਅਰਮੈਨ ਕਸ਼ਿਸ਼ ਗੁਪਤਾ ਅਤੇ ਪ੍ਰਧਾਨ ਸੁਦਰਸ਼ਨ ਗੁਪਤਾ ਦੀ ਅਗੁਵਾਈ ਵਿੱਚ ਬਠਿੰਡਾ ਦੇ ਐਮਆਰਐਸਪੀਟੀਯੂ ਕੈਂਪਸ ਵਿਖੇ ਕਰਵਾਏ ਜਾ ਰਹੇ 11ਵੇਂ ਨਾਟਕ ਮੇਲੇ ਦੀ 5ਵੀਂ ਸ਼ਾਮ ਠਹਾਕਿਆਂ ਭਰਪੂਰ ਰਹੀ। ਇਸ ਦੌਰਾਨ ਨਿਰਦੇਸ਼ਕ ਇਕੱਤਰ ਦੀ ਅਗੁਵਾਈ ਵਿੱਚ ਚੰਡੀਗੜ੍ਹ ਸਕੂਲ ਆੱਫ ਡਰਾਮਾ ਦੀ ਟੀਮ ਵੱਲੋਂ ਦਵਿੰਦਰ ਗਿੱਲ ਦਾ ਲਿਖਿਆ ਕਾਮੇਡੀ ਨਾਟਕ ‘ਇਸ਼ਕ ਰੀਮਿਕਸ’ ਪੇਸ਼ ਕੀਤਾ ਗਿਆ, ਜਿਸ ਵਿੱਚ ਮਿਰਜ਼ਾ-ਸਾਹਿਬਾ, ਹੀਰ-ਰਾਂਝਾ ਆਦਿ ਪਾਤਰਾਂ ਨੂੰ ਅੱਜ ਦੇ ਜ਼ਮਾਨੇ ਅਨੁਸਾਰ ਪੇਸ਼ ਕਰਦੇ ਹੋਏ, ਜਿੱਥੇਕਿ ਹਸਾ-ਹਸਾ ਕੇ ਦਰਸ਼ਕਾਂ ਦੇ ਢਿੱਡੀ ਪੀੜਾਂ ਪਾ ਦਿੱਤੀਆਂ; ਉੱਥੇ ਹੀ ਮੌਜੂਦਾ ਪੰਜਾਬ ਦੇ ਸਰਗਰਮ ਮੁੱਦੇ ਜਿਵੇਂ ਕਿ ਗਨ ਕਲਚਰ, ਨਸ਼ੇ, ਫੁੱਕਰਪੁਣਾ, ਜਵਾਨੀ ਦਾ ਪੜਾਈ ‘ਚ ਪੱਛਣਨਾ-ਵਿਦੇਸ਼ਾਂ ਵੱਲ ਭੱਜਣਾ ਅਤੇ ਆਈਲੈਟਸ ਰਾਹੀਂ ਰਿਸ਼ਤਿਆਂ ਦੇ ਨਾਮ ‘ਤੇ ਹੋ ਰਹੀ ਸੌਦੇਬਾਜ਼ੀ ਆਦਿ ਉੱਪਰ ਕਰਾਰਾ ਵਿਅੰਗ ਵੀ ਕੱਸਿਆ ਗਿਆ।

ਨਾਟਿਅਮ ਪੰਜਾਬ ਵੱਲੋਂ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਪੰਜਾਬ ਸੰਗੀਤ ਨਾਟਕ ਅਕਾਦਮੀ, ਹਰਿਆਣਾ ਕਲਾ ਪ੍ਰੀਸ਼ਦ ਅਤੇ ਸੰਗੀਤ ਨਾਟਕ ਅਕਾਦਮੀ ਦੇ ਸਾਂਝੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ 15 ਰੋਜ਼ਾ ਥੇਟਰ ਫੈਸਟੀਵਲ ਦੀ 5ਵੀਂ ਸ਼ਾਮ ਦੌਰਾਨ ਪਹੁੰਚੀਆਂ ਸਨਮਾਨਿਤ ਸਖਸ਼ੀਅਤਾਂ ਵਿੱਚ ਬਠਿੰਡਾ ਦੇ ਏਡੀਸੀ ਰਾਹੁਲ, ਐਸਡੀਐਮ ਮੈਡਮ ਇਨਾਇਤ, ਚੇਅਰਮੈਨ ਪੰਜਾਬ ਟ੍ਰੇਡਰਸ ਬੋਰਡ ਅਨਿਲ ਠਾਕੁਰ, ਉੱਘੇ ਵਪਾਰੀ ‘ਤੇ ਸਮਾਜਸੇਵੀ ਅਮਰਜੀਤ ਮਹਿਤਾ, ਮਾਹਿਰ ਨਿਓਰੋ ਸਰਜਨ ਡਾ. ਰੌਣਿਤ ਵੱਲੋਂ ਸ਼ਮਾ ਰੌਸ਼ਨ ਦੀ ਰਸਮ ਅਦਾ ਕੀਤੀ ਗਈ, ਉਹਨਾਂ ਦੇ ਨਾਲ ਰਜਿਸਟਰਾਰ ਐਮਆਰਐਸਪੀਟੀਯੂ ਡਾ. ਗੁਰਿੰਦਰਪਾਲ ਸਿੰਘ, ਪੈਰਿਸ ਸਿਟੀ ਬਠਿੰਡਾ ਤੋਂ ਅਰਜਿਤ ਗੋਇਲ, ਅਤੇ ਆਪ ਸਪੋਕਸਮੈਨ ਨੀਲ ਗਰਗ ਵੀ ਹਾਜ਼ਿਰ ਸਨ। ਆਏ ਮਹਿਮਾਨਾਂ ਵੱਲੋਂ ਨਾਟਿਅਮ ਟੀਮ ਦੇ ਯਤਨਾਂ ਦੀ ਸਲਾਂਘਾ ਕਰਦਿਆਂ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।