
ਬ੍ਰਿਸਬੇਨ — ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਡਰਾਈਵਰ ਜੋ ਵਾਹਨ ਚਲਾਉਣ ਸਮੇਂ ਆਪਣੇ ਫੋਨ ਦੀ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਇਕ ਫਰਵਰੀ ਦਿਨ ਸ਼ਨੀਵਾਰ ਤੋਂ 1000 ਡਾਲਰ ਦਾ ਜ਼ੁਰਮਾਨਾ ਅਤੇ 4 ਡੀ-ਮੈਰਿਟ ਪੁਆਇੰਟਸ ਦਾ ਸਾਹਮਣਾ ਕਰਨਾ ਪਵੇਗਾ।
ਵਧੇਰੇ ਜੁਰਮਾਨੇ ਦਾ ਅਰਥ ਇਹ ਹੈ ਕਿ ਕੁਝ ਲਾਇਸੰਸ ਧਾਰਕ, ਜਿਵੇਂ ਸਿੱਖਣ ਵਾਲੇ (ਲਰਨਰ) ਅਤੇ ਪੀ-ਪਲੇਟ, ਸਿਰਫ 1 ਜੁਰਮ ਤੋਂ ਆਪਣਾ ਲਾਇਸੰਸ ਗੁਆ ਸਕਦੇ ਹਨ, 12 ਮਹੀਨਿਆਂ ਦੇ ਅੰਦਰ-ਅੰਦਰ ਦੂਸਰੀ ਵਾਰ ਮੋਬਾਈਲ ਫੋਨ ਅਪਰਾਧ ਲਈ ਡਬਲ ਡੀ-ਮੈਰਿਟ ਪੁਆਇੰਟਸ ਲਾਗੂ ਹੋਣਗੇ। ਜਿਸ ਲਈ 1000 ਡਾਲਰ ਜੁਰਮਾਨਾ ਅਤੇ 8 ਡੀ-ਮੈਰਿਟ ਪੁਆਇੰਟਸ ਹੋਣਗੇ ਅਤੇ ਜ਼ਿਆਦਾਤਰ ਲੋਕਾਂ ਨੂੰ ਉਨ੍ਹਾਂ ਦੇ ਲਾਇਸੈਂਸ ਦੀ ਕੀਮਤ ਚੁਕਾਉਣੀ ਪੈ ਸਕਦੀ ਹੈ।ਸਾਈਕਲ ਸਵਾਰਾਂ ਨੂੰ 1000 ਡਾਲਰ ਦਾ ਜ਼ੁਰਮਾਨਾ ਵੀ ਕੀਤਾ ਜਾਵੇਗਾ, ਪਰ ਕੋਈ ਡੀ-ਮੈਰਿਟ ਪੁਆਇੰਟ ਨਹੀਂ ਹਨ।
ਟਰਾਂਸਪੋਰਟ ਮੰਤਰੀ ਮਾਰਕ ਬੇਲੀ ਨੇ ਕਿਹਾ, “ਪਿਛਲੇ ਸਾਲ 1300 ਵੱਖ-ਵੱਖ ਸੜਕ ਹਾਦਸਿਆ ਵਿੱਚ 33 ਬੇਸ਼ਕੀਮਤੀ ਜਾਨਾਂ ਗਈਆਂ ਹਨ। “ਖੋਜ ਦਰਸਾਉਂਦੀ ਹੈ ਕਿ ਤੁਹਾਡੇ ਮੋਬਾਈਲ ਫੋਨ ਜਾਂ ਕਿਸੇ ਹੋਰ ਚੀਜ਼ ਦੁਆਰਾ ਵਾਹਨ ਤੋ ਧਿਆਨ ਭਟਕਾਉਣਾ ਤੁਹਾਡੇ ਸਿਸਟਮ ਵਿਚ 0.07 ਤੋਂ 0.1 ਖੂਨ ਦੇ ਅਲਕੋਹਲ ਨਾਲ ਵਾਹਨ ਚਲਾਉਣ ਦੇ ਬਰਾਬਰ ਹੈ,” ਇਹ ਜੋਖਮ ਨਸ਼ਾ ਪੀਣ ਦੇ ਬਰਾਬਰ ਹੈ।
ਨਵੇਂ ਕਾਨੂੰਨ ਅਨੁਸਾਰ ਸੀਮਤ ਫੋਨ ਦੀ ਵਰਤੋਂ ਦੀ ਆਗਿਆ ਹੋਵੇਗੀ ਜਿਸ ਵਿੱਚ ਬਲਿਊਟੁੱਥ ਹੈਂਡ ਫਰੀ ਰਾਹੀਂ ਕਾਲ ਨੂੰ ਸਵੀਕਾਰ ਕਰਨਾ, ਜਾਂ, ਰਾਈਡ ਸ਼ੇਅਰ ਡਰਾਈਵਰਾਂ ਲਈ ਯਾਤਰਾ ਨੂੰ ਸਵੀਕਾਰ ਕਰਨਾ ਜਾਂ ਪੂਰਾ ਕਰਨਾ ਸ਼ਾਮਲ ਹੈ। ਪਰ ਜੁਰਮਾਨਾ ਦੇਣਾ ਹੈ ਜਾਂ ਨਹੀਂ ਇਸ ਬਾਰੇ ਫੈਸਲਾ ਕਰਨ ਲਈ ਪੁਲਿਸ ਦੀ ਮਰਜ਼ੀ ਹੋਵੇਗੀ।
ਸ੍ਰੀ ਬੇਲੀ ਨੇ ਕਿਹਾ ਕਿ ਨਵੀਂ ਤਕਨਾਲੋਜੀ ਵਾਲੇ ਕੈਮਰੇ ਸਾਰੇ ਵੱਡੇ ਖੇਤਰੀ ਖੇਤਰਾਂ ਦੇ ਨਾਲ ਨਾਲ ਬ੍ਰਿਸਬੇਨ ਅਤੇ ਦੱਖਣ-ਪੂਰਬੀ ਕੁਈਨਜ਼ਲੈਂਡ ਵਿੱਚ ਸਥਾਪਤ ਕੀਤੇ ਜਾਣਗੇ, ਜਿਸ ਨਾਲ ਵਾਹਨ ‘ਚ ਗੈਰ-ਕਾਨੂੰਨੀ ਢੰਗ ਨਾਲ ਮੋਬਾਇਲ ਫੋਨ ਦੀ ਵਰਤੋਂ ਕਰਦੇ ਵਾਹਨ ਚਾਲਕ ਫੜੇ ਜਾਣਗੇ। ਨਿਊ ਸਾਊਥ ਵੇਲਜ ਸੂਬੇ ‘ਚ ਦਸੰਬਰ ਵਿਚ ਅਜ਼ਮਾਇਸ਼ ਕੈਮਰੇ ‘ਚ ਪਹਿਲੇ ਹਫ਼ਤੇ ਵਿਚ 3300 ਤੋਂ ਵੱਧ ਲੋਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਆਪਣੇ ਫੋਨ ਦੀ ਵਰਤੋਂ ਕਰਦੇ ਹੋਏ ਫੜ ਲਿਆ ਗਿਆ ਹੈ। ਉਨਾਂ ਕਿਹਾ ਕਿ ਹੱਥ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰਦੇ ਸਮੇਂ ਵਾਹਨ ਚਲਾਉਣਾ ਗੈਰ ਕਾਨੂੰਨੀ ਹੈ।