ਜਾਗਰੂਕਤਾ ਅਭਿਆਨ ਤਹਿਤ ਲੋਕਾਂ ਨੂੰ ਕਰੋਨਾ ਤੋਂ ਕੀਤਾ ਜਾਵੇਗਾ ਸੁਚੇਤ -ਸ੍ਰੀ ਨਿਵਾਸਨ

ਬਠਿੰਡਾ/ 4 ਜੂਨ/ — ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਹੀਨਾ ਭਰ ਚੱਲਣ ਵਾਲੇ ਜਨ ਜਾਗਰੂਕਤਾ ਦੇ ਮਹਾਂ ਅਭਿਆਨ ‘ਮਿਸ਼ਨ ਫਤਿਹ’ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਇਸ ਅਭਿਆਨ ਦਾ ਉਦੇਸ਼ ਲੋਕਾਂ ਦੇ ਮਨਾਂ ਵਿਚ ਕੋਵਿਡ-19 ਬਿਮਾਰੀ ਸਬੰਧੀ ਪ੍ਰਚਲਿਤ ਗਲਤ ਮਿੱਥਾਂ ਤੋਂ ਸਾਵਧਾਨ ਕਰਦਿਆਂ ਉਨ੍ਹਾਂ ਵਿਚ ਇਸ ਬਿਮਾਰੀ ਕਾਰਨ ਪੈਦਾ ਹੋਏ ਹਲਾਤਾਂ ਨਾਲ ਦ੍ਰਿੜ ਇੱਛਾ ਸ਼ਕਤੀ ਨਾਲ ਮੁਕਾਬਲਾ ਕਰਦਿਆਂ ਇਕ ਆਮ ਜੀਵਨ ਜੀਓਣ ਦੇ ਗੁਰ ਸਮਝਾਉਣਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਅਭਿਆਨ ਦਾ ਮੁੱਖ ਉਦੇਸ਼ ਲੋਕਾਂ ਨੂੰ ਸੁਰੱਖਿਆ ਉਪਾਵਾਂ ਸਬੰਧੀ ਸੁਚੇਤ ਕਰਨਾ ਵੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਅਭਿਆਨ ਦੌਰਾਨ ਮਾਸਕ ਪਾਉਣ, ਵਾਰ ਵਾਰ ਹੱਥ ਧੋਣ, ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕਰਨ, ਬਜੁਰਗਾਂ ਦੀ ਦੇਖਭਾਲ ਕਰਨ, ਆਪਣੇ ਇਲਾਕੇ ਵਿਚ ਕਿਸੇ ਅਣਜਾਣ ਬਾਹਰੀ ਵਿਅਕਤੀ ਦੇ ਆਉਣ ਤੋਂ ਸੁਚੇਤ ਰਹਿਣ, ਕੋਵਾ ਐਪ ਦੀ ਵਰਤੋਂ ਨੂੰ ਉਤਸਾਹਿਤ ਕਰਨਾ, ਗ੍ਰਹਿ ਇਕਾਂਤਵਾਸ ਦਾ ਮਹੱਤਵ ਸਮਝਾਉਣਾ, ਬਿਮਾਰੀ ਦੇ ਲੱਛਣ ਅਤੇ ਬਿਮਾਰੀ ਦੇ ਲੱਛਣ ਪਾਏ ਜਾਣ ਤਾਂ ਕੀ ਕਰਨਾ ਹੈ ਇਸ ਬਾਰੇ ਜਾਗਰੂਕ ਕਰਨਾ, ਲਾਕਡਾਉਨ 5 ਦੋਰਾਨ ਲਾਗੂ ਪਾਬੰਦੀਆਂ ਅਤੇ ਉਨ੍ਹਾਂ ਨੂੰ ਤੋੜਨ ਤੇ ਹੋਣ ਵਾਲੀ ਕਾਨੂੰਨੀ ਕਾਰਵਾਈ ਤੋਂ ਜਾਗਰੂਕ ਕਰਨਾ ਅਤੇ ਇਸ ਵਿਸਵਵਿਆਪੀ ਮਹਾਮਾਰੀ ਖਿਲਾਫ ਸਾਂਝੇ ਸਮਾਜਿਕ ਯਤਨਾਂ ਨੂੰ ਉਤਸਾਹਿਤ ਕੀਤਾ ਜਾਵੇਗਾ।
ਸ੍ਰੀ ਬੀ ਸ੍ਰੀ ਨਿਵਾਸਨ ਨੇ ਕਿਹਾ ਕਿ ਇਸ ਅਭਿਆਨ ਰਾਹੀਂ ਅਸੀਂ ਕਰੋਨਾ ਖਿਲਾਫ ਸਾਡੀ ਜੰਗ ਨੂੰ ਜਮੀਨੀ ਪੱਧਰ ਤੇ ਲੈ ਕੇ ਜਾਵਾਂਗੇ। ਉਨ੍ਹਾਂ ਨੇ ਕਿਹਾ ਕਿ ਕੋਵਿਡ ਖਿਲਾਫ ਜੰਗ ਦਾ ਘੇਰਾ ਵਿਸ਼ਾਲ ਕਰਦਿਆਂ ਇਸ ਨੂੰ ਕੇਵਿਡ ਜੰਗ ਦੇ ਮੋਹਰੀ ਜੰਗਜੂਆਂ ਤੋਂ ਅੱਗੇ ਲੈ ਕੇ ਜਾਇਆ ਜਾਵੇਗਾ ਅਤੇ ਬਠਿੰਡਾ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਇਸ ਅਭਿਆਨ ਦੇ ਕਲਾਵੇ ਵਿਚ ਲੈਂਦਿਆਂ ਇਸ ਮਿਸ਼ਨ ਨੂੰ ਲੋਕਾਂ ਵੱਲੋਂ ਲੋਕਾਂ ਦਾ ਮਿਸ਼ਨ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਅਭਿਆਨ ਤਹਿਤ ਵੱਖ ਵੱਖ ਵਿਭਾਗਾਂ ਵੱਲੋਂ ਵੱਖੋ ਵੱਖਰੀਆਂ ਗਤੀਵਿਧੀਆਂ ਉਲੀਕੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਦੇ ਪੱਧਰ ਤੇ ਸਿਹਤ ਸਹੁਲਤਾਂ ਵਿਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਡੀ ਸਾਮੂਹਿਕ ਭਾਗੀਦਾਰੀ ਨਾਲ ਅਸੀਂ ਇਸ ਮਿਸ਼ਨ ਨੂੰ ਸਫਲ ਬਣਾਵਾਂਗੇ ਅਤੇ ਕਰੋਨਾ ਨੂੰ ਮਾਤ ਦੇਕੇ ਇਕ ਸਿਹਤਮੰਦ ਸਮਾਜ ਸਿਰਜਾਂਗੇ।

Install Punjabi Akhbar App

Install
×