
ਫੈਡਰਲ ਮੰਤਰੀ (ਕਮਿਊਨੀਕੇਸ਼ਨ; ਅਰਬਨ ਢਾਂਚੇ; ਸ਼ਹਿਰੀ ਅਤੇ ਕਲ਼ਾ) ਪੌਲ ਫਲੈਚਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਿਡਨੀ ਮੋਟਰਵੇਅ ਨੈਟਵਰਕ ਉਪਰ ਚੱਲ ਰਹੇ ਪ੍ਰਾਜੈਕਟ ਤਹਿਤ ਬਾਹਰੀ ਧਰਾਤਲ ਤੋਂ 41 ਮੀਟਰ ਧਰਤੀ ਦੇ ਅੰਦਰ ਵੱਲ ਨੂੰ, ਵੈਸਟਕੋਨੇਕਸ ਸੁਰੰਗਾਂ ਐਮ4-ਐਮ5 ਨੂੰ ਐਮ8 ਮੋਟਰਵੇਅ ਨਾਲ ਜੋੜ ਦਿੱਤਾ ਗਿਆ ਹੈ ਅਤੇ ਇਹ ਇੱਕ ਵੱਡੀ ਉਪਲੱਭਧੀ ਮੰਨੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਮਨਵੈਲਥ ਅਤੇ ਨਿਊ ਸਾਊਥ ਵੇਲਜ਼ ਦੇ ਅਜਿਹੇ ਹੀ ਪ੍ਰਾਜੈਕਟਾਂ ਦੇ ਸਿਰੇ ਚੜ੍ਹਨ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਸਮਾਂ ਵੀ ਬਚ ਰਿਹਾ ਹੈ ਅਤੇ ਇਸ ਦੇ ਨਾਲ ਨਾਲ ਜ਼ਿਆਦਾ ਸੁਰੱਖਿਅਤ ਰਾਹਾਂ ਉਪਰ ਯਾਤਰਾਵਾਂ ਹੋ ਰਹੀਆਂ ਹਨ। ਰਾਜ ਦੇ ਸੜਕ ਪਰਿਵਹਨ ਮੰਤਰੀ ਐਂਡ੍ਰਿਊ ਕੰਸਟੈਂਸ ਨੇ ਕਿਹਾ ਕਿ ਉਪਰੋਕਤ ਉਪਲੱਭਧੀ ਸਰਕਾਰ ਦੇ 3.2 ਬਿਲੀਅਨ ਡਾਲਰਾਂ ਦੇ ਚੱਲ ਰਹੇ ਪ੍ਰਾਜੈਕਟਾਂ ਦੇ ਛੇ ਪੜ੍ਹਾਵਾਂ ਵਿੱਚੋਂ ਪਹਿਲੀ ਮੰਨੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਲਿੰਕ ਰਾਹੀਂ ਹੁਣ 7.5 ਕਿਲੋਮੀਟਰ ਬਣਨ ਵਾਲੀਆਂ ਸੁਰੰਗਾਂ ਰਾਹੀਂ ਸੀ.ਬੀ.ਡੀ. ਦਾ ਪੱਛਮੀ ਬਾਈਪਾਸ (ਅੰਡਰ ਗ੍ਰਾਊਂਡ) ਤਿਆਰ ਹੋ ਜਾਵੇਗਾ।

ਇਸ ਰਾਹੀਂ ਲੋਕਾਂ ਨੂੰ ਐਮ4 ਤੋਂ ਐਮ8 ਗੇਟਵੇਅ ਨਾਲ ਜੋੜਿਆ ਜਾ ਰਿਹਾ ਹੈ ਅਤੇ ਇਹ ਰਾਹ ਐਮ5 ਕੋਰੀਡੋਰ ਵਿੱਚੋਂ ਦੀ ਹੋ ਕੇ ਲੰਘੇਗਾ ਅਤੇ ਇਸ ਵਿੱਚ ਐਮ6 ਦਾ ਪਹਿਲਾ ਪੜਾਅ ਅਤੇ ਪੱਛਮੀ ਹਾਰਬਰ ਵਾਲੀ ਸੁਰੰਗ ਅਤੇ ਬੀਚਾਂ ਉਪਰਲੇ ਲਿੰਕ ਵੀ ਸ਼ਾਮਿਲ ਹਨ ਜੋ ਕਿ ਰੋਜ਼ੇਲ ਇੰਟਰਚੇਂਜ ਨਾਲ ਸਬੰਧਤ ਹਨ। ਪਰਿਵਹਨ ਅਤੇ ਰਾਜ ਦੇ ਕਾਰਜਕਾਰੀ ਵਧੀਕ ਸਕੱਤਰ ਹੋਵਾਰਡ ਕੋਲਿਨਜ਼ ਨੇ ਵੀ ਕਿਹਾ ਕਿ ਇਸ ਪ੍ਰਾਜੈਕਟ ਰਾਹੀਂ ਸਿਡਨੀ ਵਿਚਲੀ ਆਵਾਜਾਈ ਦਾ ਚਿਹਰਾ ਮੂਹਰਾ ਹੀ ਬਦਲ ਜਾਵੇਗਾ ਅਤੇ ਇਸ ਦੇ ਨਾਲ ਹੀ ਇਸ ਰਾਹੀਂ 7,000 ਕਾਮਿਆਂ ਅਤੇ ਹੋਰ ਲੋਕਾਂ ਨੂੰ ਰੌਜ਼ਗਾਰ ਵੀ ਮਿਲਿਆ ਹੈ ਜਿਨ੍ਹਾਂ ਵਿੱਚੋਂ ਕਿ ਇੱਕ ਤਿਹਾਈ ਤਾਂ ਪੱਛਮੀ ਸਿਡਨੀ ਤੋਂ ਹੀ ਹਨ ਅਤੇ ਇਸਤੋਂ ਇਲਾਵਾ ਜਦੋਂ ਇਹ ਪ੍ਰਾਜੈਕਟ 2023 ਵਿੱਚ ਸੰਪੂਰਨ ਹੋ ਜਾਵੇਗਾ ਤਾਂ ਹੋਰ ਹਜ਼ਾਰਾਂ-ਲੱਖਾਂ ਲੋਕਾਂ ਨੂੰ ਇਸ ਰਾਹੀਂ ਸਿੱਧੇ ਅਤੇ ਅਸਿੱਧੇ ਤੌਰ ਤੇ ਫਾਇਦਾ ਹੀ ਹੋਵੇਗਾ।