ਸੁੰਦਰਤਾ, ਸ਼ੁਸ਼ੀਲਤਾ, ਪੰਜਾਬੀ ਸਭਿਆਚਾਰ-ਵਿਰਸੇ ਦੀ ਵਲਗਣ ਦਾ ਪ੍ਰਦਰਸ਼ਨ, ਲਿਆਕਤ, ਦਿਮਾਗੀ ਤੀਖਣ-ਬੁੱਧੀ ਅਤੇ ਉਚੇ-ਸੁੱਚੇ ਵਿਚਾਰਾਂ ਦੀ ਖੁਸ਼ਬੋ ਅਤੇ ਸ਼ਾਲੀਨਤਾ ਦੇ ਪ੍ਰਗਟਾਵੇ ਰਾਹੀਂ ਦੁਨੀਆ ਭਰ ਤੋਂ ਮੁਕਾਬਲੇ ਵਿਚ ਆਈਆਂ ਪੰਜਾਬੀ ਕੁੜੀਆਂ ਨੂੰ ਪਛਾੜ ਕੇ ਮੂਹਰੇ ਹੋ ਜਾਣ ਦਾ ਨਾਂਅ ਹੈ ‘ਮਿਸ ਵਰਲਡ ਪੰਜਾਬਣ’। ਇਸ ਵਾਰ ਇਹ 12ਵਾਂ ‘ਮਿਸ ਵਰਲਡ ਪੰਜਾਬਣ-2015’ ਮੁਕਾਬਲਾ 14 ਮਾਰਚ ਨੂੰ ਜਲੰਧਰ ਵਿਖੇ ਜਸਮੇਰ ਸਿੰਘ ਢੱਟ (ਸਭਿਆਚਾਰਕ ਸੱਥ ਪੰਜਾਬ) ਵੱਲੋਂ ਕਰਵਾਇਆ ਜਾ ਰਿਹਾ ਹੈ ਅਤੇ ਇਸ ਦਾ ਡੀ.ਡੀ. ਪੰਜਾਬੀ ਉਤੇ ਸਿੱਧਾ ਪ੍ਰਸਾਰਣ ਕੀਤਾ ਜਾਣਾ ਹੈ।
ਨਿਊਜ਼ੀਲੈਂਡ ਵਸਦੇ ਸਾਰੇ ਪੰਜਾਬੀਆਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਏਗੀ ਕਿ ਇਸ ਮੁਕਾਬਲੇ ਦੇ ਵਿਚ ਮਿਸ ਗਗਨਦੀਪ ਕੌਰ ਰੰਧਾਵਾ ਦੀ ਚੋਣ ‘ਵਾਇਲਡ ਐਂਟਰੀ’ ਰਾਹੀਂ ਕੀਤੀ ਗਈ ਹੈ। ਰਸਮੀ ਤੌਰ ‘ਤੇ ਪਿੱਛੇ ਰਹਿ ਗਏ ਕਿਸੇ ਵਿਅਕਤੀ ਵਿਸ਼ੇਸ਼ ਲਈ ਇਹ ਇਕ ਖਾਸ ਨਿਓਤਾ ਹੁੰਦਾ ਹੈ ਜਿਸ ਰਾਹੀਂ ਉਸਦਾ ਦੀ ਕਾਬਲੀਅਤ ਨੂੰ ਉਚ ਮਾਪਦੰਢਾ ਉਤੇ ਪਰਖਿਆ ਜਾਣਾ ਹੁੰਦਾ ਹੈ।
22 ਸਾਲਾ ਗਗਨਦੀਪ ਕੌਰ ਰੰਧਾਵਾ ਇਥੇ ਇਕ ਵੱਡੀ ਤੇਲ ਵਿਤਰਕ ਕੰਪਨੀ ਦੇ ਵਿਚ ਬਤੌਰ ਸਹਾਇਕ ਮੈਨੇਜਰ ਦੇ ਤੌਰ ‘ਤੇ ਕੰਮ ਕਰਦੀ ਹੈ ਅਤੇ ਉਸਨੇ ਬਿਜਨਸ ਮੈਨੇਜਮੈਂਟ ਦੇ ਵਿਚ ਲੈਵਲ 6 ਦੀ ਪੜ੍ਹਾਈ ਕੀਤੀ ਹੋਈ ਹੈ। ਪਿਤਾ ਸ. ਸਤਨਾਮ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੀ ਇਹ ਹੋਣਹਾਰ ਧੀ ਜੁਲਾਈ 2012 ਦੇ ਵਿਚ ਪਿੰਡ ਚੱਕ ਸ਼ਕੂਰ (ਭੋਗਪੁਰ) ਤੋਂ ਇਥੇ ਪੜ੍ਹਨ ਆਈ ਸੀ ਅਤੇ ਲਗਾਤਾਰ ਆਪਣੀ ਸਫਲਤਾ ਵੱਲ ਵੱਧ ਰਹੀ ਹੈ। ਗਿੱਧੇ, ਭੰਗੜੇ, ਪੰਜਾਬੀ ਪਹਿਰਾਵੇ ਅਤੇ ਸਮਾਜਿਕ ਸੇਧ ਦਿੰਦੀਆਂ ਕਵਿਤਾਵਾਂ ਦੇ ਮਗਰ ਦੌੜਦੀ ਇਹ ਕੁੜੀ ਹਸਮੁੱਖ ਤੇ ਮਿਲਾਪੜੇ ਸੁਭਾਅ ਦੀ ਮਾਲਕ ਹੈ। ਇਸ ਦੀ ਸੁੰਦਰਤਾ ਅਤੇ ਹਾਸੇ ਦੀ ਬਦੌਲਤ ਗਗਨਦੀਪ ਕੌਰ ਰੰਧਾਵਾ ਨੂੰ ‘ਮਿਸ ਨਿਊਜ਼ੀਲੈਂਡ ਪੰਜਾਬਣ 2012’ ਦੇ ਮੁਕਾਬਲੇ ਵਿਚ ਇਸ ਨੂੰ ‘ਬੈਸਟ ਸਮਾਈਲ ਦਾ ਖਿਤਾਬ ਦਿੱਤਾ ਗਿਆ ਸੀ। 2014 ਦੇ ਵਿਚ ਗਗਨਦੀਪ ਕੌਰ ਰੰਧਾਵਾ ਨੂੰ ਕਪੂਰਥਲਾ ਵਿਖੇ ਹੁੰਦੇ ਸਾਲਾਨਾ ਸਾਧੂ ਸਿੰਘ ਹਮਦਰਦ ਵਿਰਾਸਤੀ ਮੇਲੇ ਵਿਚ ‘ਧੀ ਪੰਜਾਬਣ’ ਨਾਲ ਮਾਣ-ਸਨਮਾਣ ਦਿੱਤਾ ਗਿਆ ਸੀ। ਨਿਊਜ਼ੀਲੈਂਡ ਵਿਖੇ ਹੁੰਦੇ ਗਿੱਧੇ ਦੇ ਮੁਕਾਬਿਆਂ ਦੀ ਟੀਮ ਦੇ ਵਿਚ ਵੀ ਇਹ ਕੁੜੀ ਚੈਂਪੀਅਨ ਟੀਮ ਦਾ ਹਿੱਸਾ ਬਣੀ ਹੋਈ ਹੈ।
ਗਗਨਦੀਪ ਕੌਰ ਰੰਧਾਵਾ ਦੀ ‘ਮਿਸ ਵਰਲਡ ਪੰਜਾਬਣ 2015’ ਦੇ ਲਈ ਹੋਈ ਚੋਣ ਉਤੇ ਉਸਨੂੰ ਵਧਾਈ ਅਤੇ ਸਹਿਯੋਗ ਮਿਲ ਰਿਹਾ ਹੈ। ਇੰਟਰਨੈਸ਼ਨਲ ਅਕੈਡਮੀ ਤੋਂ ਅਮਰੀਕ ਸਿੰਘ ਸੰਘਾ, ਹਮਿਲਟਨ ਤੋਂ ਰਜਨੀ ਸ਼ਰਮਾ, ਰੇਡੀਓ ਸਪਾਈਸ ਅਤੇ ਪੰਜਾਬੀ ਮੀਡੀਆ ਵੱਲੋਂ ਵਧਾਈ ਦਿੱਤੀ ਗਈ ਹੈ।