ਮਿਸ ਇੰਡੀਆ ਨਿਊਜ਼ੀਲੈਂਡ ਸੁੰਦਰਤਾ ਮੁਕਾਬਲਾ: ਸੁੰਦਰਤਾ ਮੁਕਾਬਲੇ ‘ਚ ਏਲਮਾਹ ਰਹਿਮਾਨ ਦੇ ਸਿਰ ਸਜਿਆ ‘ਮਿਸ ਇੰਡੀਆ ਨਿਊਜ਼ੀਲੈਂਡ-2014’ ਦਾ ਤਾਜ

miss-india-nz-2014

ਬੀਤੀ ਰਾਤ ਇਥੇ ਦੇ ਇਕ ਬਿਹਤਰ ‘ਮੇਡਮੇਂਟ ਥੀਏਟਰ’ ਦੇ ਵਿਚ 12ਵਾਂ ‘ਮਿਸ ਇੰਡੀਆ ਨਿਊਜ਼ੀਲੈਂਡ-2014’ ਸੁੰਦਰਤਾ ਮੁਕਾਬਲਾ ਰਿਦਿਮ ਹਾਊਸ ਪ੍ਰਡੋਕਸ਼ਨ ਅਤੇ ਸ੍ਰੀ ਧਰਮੇਸ਼ ਪਾਰਿਖ ਵੱਲੋਂ ਕਰਵਾਇਆ ਗਿਆ। ਖਚਾ-ਖਚ ਭਰੇ ਹਾਲ ਦੇ ਵਿਚ ਹਰ ਕੋਈ ਸੁੰਦਰ ਬਣ ਕੇ ਤਾਂ ਪਹੁੰਚਿਆ ਹੋਇਆ ਹੀ ਸੀ, ਪਰ ਜਦੋਂ 20 ਦੇ ਕਰੀਬ ਨੌਜਵਾਨ ਕੁੜੀਆਂ ਖੂਬਸੂਰਤੀ ਬਿਖੇਰਦੀਆਂ, ਰੰਗ-ਬਿਰੰਗੀਆਂ ਸਾੜੀਆਂ ਦੇ ਵਿਚ ਸਟੇਜ ਉਤੇ ਪਹੁੰਚੀਆਂ ਤਾਂ ਜਿੱਥੇ ਸੁੰਦਰਤਾ ਨੂੰ ਹੋਰ ਚੰਨ ਲੱਗੇ ਉਥੇ ਦਰਸ਼ਕਾਂ ਨੇ ਖੂਬ ਤਾੜੀਆਂ ਮਾਰ ਕੇ ਇਸ ਸੁੰਦਰਤਾ ਮੁਕਾਬਲੇ ਦਾ ਆਗਾਜ਼ ਕਰਨ ਦਾ ਇਸ਼ਾਰਾ ਕੀਤਾ। ਕੁਝ ਰਸਮੀ ਕਾਰਵਾਈਆਂ ਕਰਨ ਬਾਅਦ ਸਾਰੀਆਂ ਕੁੜੀਆਂ ਨੇ ਆਪਣੀ-ਆਪਣੀ ਸੰਖੇਪ ਜੀਵਨ ਜਾਣਕਾਰੀ  ਅਤੇ ਜੀਵਨ ਉਦੇਸ਼ ਬਾਰੇ ਦੱਸਿਆ। ਇਸ ਤੋਂ ਬਾਅਦ ਟੇਲੇਂਟ ਰਾਊਂਡ, ਕੀਵੀ ਗਰਲ ਅਤੇ ਹੋਰ ਪਰਖ ਦੀਆਂ ਘੜੀਆਂ ਸ਼ੁਰੂ ਹੋਈਆਂ। ਜੱਜਾਂ ਦੀ ਗਹਿਰੀ ਅੱਖ ਨੇ ਲਗਪਗ ਤਿੰਨ ਘੰਟੇ ਤੋਂ ਵੱਧ ਸਮਾਂ ਚੱਲੇ ਇਸ ਸਮਾਗਮ ਦੇ ਵਿਚ ਸੁੰਦਰਤਾ ਦੇ ਮਾਪਦੰਢਾਂ ਨੂੰ ਬਾਰੀਕ ਛਾਨਣੀ ਨਾਲ ਛਾਣਿਆ। ਇਸ ਮੁਕਾਬਲੇ ਦੇ ਵਿਚ 7 ਪੰਜਾਬੀ ਕੁੜੀਆਂ ਵੀ ਭਾਗ ਲੈ ਰਹੀਆਂ ਸਨ ਅਤੇ ਇਨ੍ਹਾਂ ਨੇ ਵੀ ਪੰਜਾਬੀ ਗਾਣਿਆਂ ਉਤੇ ਪੂਰੀ ਧਾਂਕ ਜਮਾਈ। ਅੰਤਿਮ ਨਤੀਜੇ ਦੇ ਵਿਚ ਜਿੰਬਾਵੇ ਰਹਿੰਦੀ ਭਾਰਤੀਆਂ ਦੀ ਤੀਜ਼ੀ ਪੀੜ੍ਹੀ ਦੀ ਕੁੜੀ ਏਲਮਾਹ ਰਹਿਮਾਨ ਨੂੰ ‘ਮਿਸ ਇੰਡੀਆ ਨਿਊਜ਼ੀਲੈਂਡ-2014’ ਦਾ ਤਾਜ ਪਹਿਨਾਇਆ ਗਿਆ ਜਦ ਕਿ ਪਹਿਲੀ  ਉਪਜੇਤੂ ਚੰਡੀਗੜ੍ਹ ਤੋਂ ਪੰਜਾਬੀ ਕੁੜੀ ਦ੍ਰਿਸ਼ਟੀ ਅਨੰਦ ਅਤੇ ਦੂਜੀ ਉਪਜੇਤੂ ਸ਼ਾਰੋਨ ਵਰਮਾ ਨੂੰ ਐਲਾਨਿਆ ਗਿਆ। ਇਸ ਤੋਂ ਇਲਾਵਾ ਮਿਸ ਟੇਲੇਂਟ ਖਿਤਾਬ ਗੁਰਪ੍ਰੀਤ ਕੌਰ ਜਲੰਧਰ ਨੂੰ, ਮਿਸ ਇੰਡੀਆ ਐਨ.ਜ਼ੈਡ ਇੰਟਰਨੈਸ਼ਨਲ 2014 ਗੁੰਨਜੀਤ ਕੌਰ (ਭੋਪਾਲ) ਨੂੰ, ਮਿਸ ਫੋਟੋਗ੍ਰਾਫਿਕ ਮਾਡਲ ਸੋਨਮ ਸ਼ਰਮਾ ਨੂੰ, ਮਿਸ ਪਾਪੂਲਰ ਖਿਤਾਬ ਐਸ਼ਲੇ ਸਿੰਘ ਨੂੰ ਅਤੇ ਮਿਸ ਪੋਟੈਂਸੀਅਲ ਮਾਡਲ ਖਿਤਾਬ ਅਦਾਵਿਤਾ ਸ਼ੈਟੀ ਨੂੰ ਦਿੱਤਾ ਗਿਆ। ‘ਮਿਸ ਇੰਡੀਆ ਨਿਊਜ਼ੀਲੈਂਡ 2014’ ਚੁਣੀ ਗਈ ਏਲਮਾਹ ਰਹਿਮਾਨ ਨੂੰ ਸੁਨਹਿਰੀ ਤਾਜ ਪਿਛਲੇ ਸਾਲ ਦੀ ਮਿਸ ਇੰਡੀਆ ਰਹੀ ਮਿਸ ਅੰਮ੍ਰਿਤਾ ਗਾਉਂਡਰ ਨੇ ਪਹਿਨਾਇਆ ਅਤੇ ਸਾਰਾ ਹਾਲ ਤਾਲੀਆਂ ਨਾਲ ਗੂੰਜ ਉਠਿਆ। ਅੰਚ ਇਹ ਸੁੰਦਰਤਾ ਮੁਕਾਬਲਾ ਰਾਤ 11.30 ਵਜੇ ਸਨੁਹਿਰੀ ਯਾਦਾਂ ਛੱਡਦਾ ਸਮਾਪਤ ਹੋਇਆ।

Welcome to Punjabi Akhbar

Install Punjabi Akhbar
×