ਹਿੰਮਤ ਅਤੇ ਦਲੇਰੀ ਨਾਲ ਆਪਣਾ ਕੀਤਾ ਬਚਾਅ: ਨਿਊਜ਼ੀਲੈਂਡ ‘ਚ ਪੰਜਾਬੀ ਟੈਕਸੀ ਡ੍ਰਾਈਵਰ ਬਲਵਿੰਦਰ ਨਾਲ ਹੋਈ ਲੁੱਟ-ਮਾਰ-ਕੈਸ਼ ਅਤੇ ਕਾਗਜ਼ਾਤ ਚੁਰਾਏ

ਬੀਤੇ ਵੀਰਵਾਰ ਦੀ ਰਾਤ ਉਟਾਹੂਹੂ ਟੈਕਸੀ ਰੈਂਕ ਉਤੇ ਕੰਮ ਕਾਰ ਲਈ ਗਏ ਇਕ ਪੰਜਾਬੀ ਟੈਕਸੀ ਚਾਲਕ ਬਲਵਿੰਦਰ (50) (ਪਿੰਡ ਪੰਜੌੜਾ ਮਾਹਿਲਪੁਰ) ਦੇ ਨਾਲ ਬੜੀ ਦੁੱਖਦਾਈ ਘਟਨਾ ਵਾਪਰੀ। ਉਹ ਪੇਅਲੈਸ ਕੰਪਨੀ ਦੇ ਨਾਲ ਆਪਣਾ ਕਾਰੋਬਾਰ ਕਰਦੇ ਹਨ। ਰਾਤ 11 ਕੁ ਵਜੇ ਦੋ 27-28 ਸਾਲ ਦੇ ਮਾਓਰੀ ਮੂਲ ਦੇ ਲਗਦੇ ਨੌਜਵਾਨ ਸਵਾਰੀ ਦੇ ਰੂਪ ਵਿਚ ਆਏ। ਉਨ੍ਹਾਂ ਉਟਾਹੂਹੂ ਤੋਂ ਵਾਈਨ ਸਟ੍ਰੀਟ ਮੈਂਗਰੀ ਵਿਖੇ ਜਾਣ ਲਈ ਕਿਹਾ। ਇਕ ਮੂਹਰਲੀ ਸੀਟ ਉਤੇ ਬੈਠ ਗਿਆ ਅਤੇ ਇਕ ਪਿਛਲੀ ਸੀਟ ਉਤੇ। ਉਹ ਆਮ ਸਵਾਰੀਆਂ ਵਾਂਗ ਲੱਗ ਰਹੇ ਸੀ ਅਤੇ ਅਖੀਰ ਤੱਕ ਆਪਸੀ ਗੱਲਾਂ ਕਰਦੇ ਰਹੇ। ਇਸ ਦਰਮਿਆਨ ਟੈਕਸੀ ਚਾਲਕ ਨੂੰ ਮਾਮੂਲੀ ਜਿਹਾ ਲੱਗਿਆ ਵੀ ਕਿ ਸ਼ਾਇਦ ਇਹ ਖਰਾਬੀ ਨਾ ਕਰਨ। ਜਦੋਂ ਟੈਕਸੀ ਵਾਈਨ ਸਟ੍ਰੀਟ ਪਹੁੰਚੀ ਤਾਂ ਉਨ੍ਹਾਂ ਟੈਕਸੀ ਨੂੰ ਯਕਦਮ ਰੋਕਣ ਲਈ ਕਿਹਾ ਅਤੇ ਨਾਲ ਹੀ ਪਿਛਲੀ ਸੀਟ ਉਤੇ ਬੈਠੇ ਨੌਜਵਾਨ ਨੇ ਬਲਵਿੰਦਰ ਹੋਰਾਂ ਦੇ ਮੂੰਹ, ਨੱਕ ਅਤੇ ਅੱਖਾਂ ਨੂੰ ਜ਼ੋਰ ਦੀ ਢੱਕ ਲਿਆ। ਇਸਦੇ ਨਾਲ ਹੀ ਮੂਹਰਲੇ ਬੈਠੇ ਨੌਜਵਾਨ ਨੇ ਵੀ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਬਲਵਿੰਦਰ ਨੇ ਉਨ੍ਹਾਂ ਦੇ ਹੱਥ ਪਰ੍ਹੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਮੂੰਹ ਉਤੇ ਮਾਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਘਸੁੰਨ ਮੁੱਕੀ ਐਨੀ ਜਿਆਦਾ ਕੀਤੀ ਕਿ ਨੱਕ ਆਦਿ ਵਿਚੋਂ ਖੂਨ ਨਿਕਲਣ ਲੱਗਾ। ਉਨ੍ਹਾਂ ਆਪਣੇ ਬਟੂਏ ਵਿਚੋਂ ਉਨ੍ਹਾਂ ਨੂੰ ਪੈਸੇ ਦੇਣ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਪੂਰਾ ਬਟੂਆ ਹੀ ਖੋਹ ਲਿਆ।  ਹਿੰਮਤ ਅਤੇ ਦਲੇਰੀ ਨਾਲ ਆਪਣਾ ਬਚਾਅ ਕਰਦਿਆਂ ਬਲਵਿੰਦਰ ਹੋਰਾਂ ਕਿਸੀ ਤਰ੍ਹਾਂ ਸੀਟ ਬੈਲਟ ਖੋਲ੍ਹੀ ਅਤੇ ਬਾਰੀ ਖੋਲ੍ਹ ਕੇ ਬਾਹਰ ਨੱਸਣ ਵਿਚ ਕਾਮਯਾਬ ਹੋ ਗਏ। ਉਨ੍ਹਾਂ ਵੀ ਮੌਕਾ ਮਿਲਦਿਆਂ ਪਿੱਛਾ ਕੀਤਾ। ਜਦੋਂ ਕੋਈ ਕਾਰ ਆਦਿ ਆਉਂਦੀ ਸੀ ਤਾਂ ਉਹ ਰੁਕ ਜਾਂਦੇ ਸੀ ਅਤੇ ਬਾਅਦ ਵਿਚ ਫਿਰ ਮਗਰ ਦੌੜਦੇ ਸਨ। ਐਨੇ ਨੂੰ ਇਕ ਟੈਕਸੀ ਆਈ ਤਾਂ ਉਸਨੇ ਘਟਨਾ ਸਮਝਦਿਆਂ ਸਹਾਇਤਾ ਵਾਸਤੇ ਗੱਡੀ ਰੋਕੀ, ਪਰ ਉਹ ਫਿਰ ਮਗਰ ਦੌੜਦੇ ਸਨ, ਦੁਬਾਰਾ ਫਿਰ ਉਸਨੇ ਟੈਕਸੀ ਰੋਕੀ ਉਹ ਫਿਰ ਭੱਜਦੇ ਸਨ ਪਰ ਤੀਜੀ ਵਾਰ ਉਹ ਟੈਕਸੀ ਚਾਲਕ ਬਲਵਿੰਦਰ ਨੂੰ ਗੱਡੀ ਵਿਚ ਬਿਠਾਉਣ ਵਿਚ ਕਾਮਯਾਬ ਹੋ ਗਿਆ ਤੇ ਉਥੋਂ ਦੂਰ ਨਿਕਲ ਗਏ। ਰਸਤੇ ਵਿਚ ਉਨ੍ਹਾਂ ਪੁਲਿਸ ਨੂੰ ਫੋਨ ਕੀਤਾ ਅਤੇ ਥੋੜ੍ਹੀ ਦੂਰ ਤੋਂ ਗੱਡੀ ਘੁੰਮਾ ਕੇ ਵਾਪਿਸ ਲਿਆਂਦੀ। ਵਾਪਸੀ ਮੌਕੇ ਉਹ ਤਿੱਤਰ ਹੋ ਚੁੱਕੇ ਸਨ ਅਤੇ ਪੁਲਿਸ ਵੀ ਉਸ ਵੇਲੇ ਆ ਗਈ। ਪੁਲਿਸ ਨੇ ਸਾਰਾ ਮੌਕਾ ਵੇਖਿਆ, ਐਂਬੂਲੈਂਸ ਬੁਲਾਈ ਤੇ ਬਲਵਿੰਦਰ ਹੋਰਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ।
ਉਟਾਹੂਹੂ ਤੋਂ ਸ. ਗੁਰਸੇਵਕ ਸਿੰਘ ਹੋਰਾਂ ਅਤੇ ਸ. ਗੁਰਦੇਵ ਸਿੰਘ ਹੋਰਾਂ ਸ. ਬਲਵਿੰਦਰ ਹੋਰਾਂ ਦੀ ਮਦਦ ਲਈ ਫਿਰ ਅੱਗੇ ਆਏ ਜਿਸਦਾ ਬਲਵਿੰਦਰ ਹੋਰਾਂ ਧੰਨਵਾਦ ਕੀਤਾ ਹੈ। ਉਨ੍ਹਾਂ ਨਿਊਜ਼ੀਲੈਂਡ ਪੁਲਿਸ ਦਾ ਮੌਕੇ ਉਤੇ ਪਹੁੰਚਣ ਲਈ ਧੰਨਵਾਦ ਕੀਤਾ ਹੈ ਅਤੇ ਨਾਲ ਹੀ ਭਾਰਤੀ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਭਾਰਤੀ ਟੈਕਸੀ ਚਾਲਕਾਂ ਨਾਲ ਘਟਨਾਵਾਂ ਦਿਨੋ-ਦਿਨ ਵਧ ਰਹੀਆਂ ਹਨ, ਜਿਸ ਬਾਰੇ ਕ੍ਰਾਈਮ ਬ੍ਰਾਂਚ ਦੇ ਨਾਲ ਤਾਲਮੇਲ ਕਰਕੇ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਸ੍ਰੀ ਬਲਵਿੰਦਰ ਹੋਰੀਂ 1989 ਤੋਂ ਇਥੇ ਰਹਿੰਦੇ ਹਨ ਅਤੇ ਪਿਛਲੇ 2 ਸਾਲਾਂ ਤੋਂ ਟੈਕਸੀ ਚਲਾਉਂਦੇ ਹਨ।

Install Punjabi Akhbar App

Install
×