ਆਓ ਸ਼ੀਸ਼ਾ ਸਾਫ ਕਰਨ ਨਾਲੋਂ ਚਿਹਰਿਆਂ ‘ਤੇ ਜੰਮੀ ਧੂੜ ਸਾਫ ਕਰੀਏ!!!

ਬੇਸ਼ੱਕ ਵਿਗਿਆਨ ਨੇ ਅਥਾਹ ਤਰੱਕੀ ਕਰ ਲਈ ਹੈ ਤੇ ਅਸੀਂ ਪਲ ਪਲ ਉਸ ਤਰੱਕੀ ਦਾ ਲਾਹਾ ਵੀ ਲੈ ਰਹੇ ਹਾਂ। ਵਿਗਿਆਨ ਦੀ ਇਸ ਤਰੱਕੀ ਨੇ ਜਿੱਥੇ ਹਜਾਰਾਂ ਮੀਲਾਂ ਦਾ ਫਾਸਲਾ ਤਹਿ ਕਰਕੇ ਪਹੁੰਚਣ ਲਈ ਸਮੁੰਦਰੀ ਜਹਾਜਾਂ ਤੋਂ ਨਿਰਭਰਤਾ ਨੂੰ ਘਟਾ ਕੇ ਹਵਾਈ ਸਫਰ ਰਾਹੀਂ ਕੁਝ ਘੰਟਿਆਂ ਦੇ ਸਫਰ ਦੀ ਸਹੂਲਤੀ ਬਖ਼ਸ਼ੀ ਹੈ ਉੱਥੇ ਚਿੱਠੀ ਪੱਤਰ ਉਡੀਕਦਿਆਂ ਹੁਣ ਅੱਖਾਂ ਨਹੀਂ ਪੱਕਦੀਆਂ ਤੇ ਨਾ ਹੀ ਡਾਕੀਏ ਦੀ ਆਮਦ ਦੀ ਉਡੀਕ ਕੀਤੀ ਜਾਂਦੀ ਹੈ। ਇੰਟਰਨੈਟ ਕਰਾਂਤੀ ਨੇ ਈਮੇਲ ਪ੍ਰਣਾਲੀ ਰਾਹੀਂ ਚਿੱਠੀ ਵੀ ਅੱਖ ਝਪਕਣ ਨੂੰ ਲਗਦੇ ਸਮੇਂ ਤੋਂ ਵੀ ਪਹਿਲਾਂ ਭੇਜਣ ਦੀ ਪੁਲਾਂਘ ਪੁੱਟੀ ਹੈ। ਇਸੇ ਕਰਾਂਤੀ ਸਿਰ ਹੀ ਸਿਹਰਾ ਜਾਂਦਾ ਹੈ ਕਿ ਇਸਨੇ ਸੋਸ਼ਲ ਵੈੱਬਸਾਈਟਾਂ ਰਾਹੀਂ ਦੂਰ ਦੁਰੇਡੇ ਬੈਠੇ ਰਿਸ਼ਤੇਦਾਰਾਂ, ਮਿੱਤਰਾਂ, ਸਨੇਹੀਆਂ ਨੂੰ ਹਰ ਪਲ ਕੋਲ ਹੋਣ ਦਾ ਅਹਿਸਾਸ ਕਰਵਾਇਆ ਹੋਇਆ ਹੈ। ਪਰ ਅਫਸੋਸ ਕਿ ਅਸੀਂ ਕਿਸੇ ਵੀ ਚੰਗੀ ਤਕਨੀਕ ਦੇ ਚੰਗੇ ਪੱਖਾਂ ਨੂੰ ਵਿਸਾਰ ਕੇ ਉਸਦਾ ਦੁਰਉਪਯੋਗ ਕਰਨ ਵੱਲ ਜਿਆਦਾ ਖਿੱਚੇ ਚਲੇ ਜਾਂਦੇ ਹਾਂ। ਬੇਸ਼ੱਕ ਇੰਟਰਨੈੱਟ ਨਾਲ ਵਾਹ ਪਏ ਨੂੰ 6 ਕੁ ਸਾਲ ਹੋਏ ਹਨ ਪਰ ਲਗਭਗ ਤਿੰਨ ਕੁ ਸਾਲਾਂ ਤੋਂ ਸ਼ੋਸ਼ਲ ਵੈੱਬਸਾਈਟ ਫੇਸਬੁੱਕ ਨਾਲ ਜੁੜਿਆ ਹੋਇਆ ਹਾਂ। ਇੰਨੇ ਕੁ ਵਕਫੇ ‘ਚ ਮੇਰਾ ਖਾਤਾ 2 ਵਾਰ ਹੈਕ ਹੋ ਚੁੱਕਾ ਹੈ। ਸਾਂਝਾਂ ਟੁੱਟਦੀਆਂ ਰਹੀਆਂ ਤੇ ਮੁੜ ਮੁੜ ਜੁੜਦੀਆਂ ਰਹੀਆਂ। ਜਿੰਨਾ ਕੁਝ ਤੁਰਦੇ ਫਿਰਦਿਆਂ ਨਹੀਂ ਸਿੱਖਿਆ ਗਿਆ, ਉਸਤੋਂ ਵਧੇਰੇ ਕੁਰਸੀ ਨਾਲ ਚਿੰਬੜ ਕੇ ਕੰਪਿਊਟਰ ‘ਤੇ ਵੱਜਦੀਆਂ ਉਂਗਲਾਂ ਦੇ ਭੁਸ ਨੇ ਜਰੂਰ ਸਿਖਾਇਆ ਹੈ। ਲੋਕਾਂ ਦੇ ਸਮੇਂ ਸਮੇਂ ‘ਤੇ ਬਦਲਦੇ ਚਿਹਰੇ, ਕਿਰਦਾਰਾਂ ਦਾ ਦੋਗਲਾਪਣ, ਘਰੇਲੂ ਕਲੇਸ਼ਾਂ ਦੀ ਸਵਾਹ ਹੋਰਾਂ ਸਿਰ ਪਾ ਦੇਣੀ, ਧਰਮਾਂ ਦੇ ਝਗੜੇ ਝੇੜਿਆਂ ਦਾ ਰੱਜ ਕੇ ਮੁਜਾਹਰਾ, ਇੱਕ ਦੂਜੇ ਦੀ ਨਿੰਦਿਆ ਚੁਗਲੀ। ਇਹ ਤਾਂ ਸਿਰਫ ਨਮੂਨਾ ਮਾਤਰ ਹੈ ਜਦੋਂਕਿ ਜਾਅਲੀ ਖਾਤੇ ਬਣਾ ਕੇ ਇੱਕ ਦੂਜੇ ਦੀ ਕੀਤੀ ਜਾਂਦੀ ਕੁੱਤਪੌਹ ਇਸ ਤੋਂ ਵੱਖਰੀ ਹੈ। ਮੁੰਡੇ ਕੁੜੀਆਂ ਦੇ ਭੇਸ ਦੇ ਖਾਤੇ ਬਣਾ ਕੇ ਠਰਕ ਭੋਰਦੇ ਹਨ ਤੇ ਕੁੜੀਆਂ ਪਤਾ ਨਹੀਂ ਕੀ ਕੀ ਬਣ ਕੇ। ਵਿਦਵਾਨ ਤੋਂ ਵਿਦਵਾਨ ਬੰਦੇ ਨੂੰ ਕਿਹੜੇ ਵੇਲੇ ਕੋਈ ਜੱਭ੍ਹਲ ਖੂੰਜੇ ਲਾ ਕੇ ਬਿਠਾ ਜਾਵੇ, ਕੋਈ ਪਤਾ ਨਹੀਂ ਚੱਲਦਾ। ਕਿਉਂਕਿ ਸਿਰਫ ਇੱਕ ਬੇਹੂਦਾ ਟਿੱਪਣੀ ਹੀ ਕਾਫੀ ਹੁੰਦੀ ਹੈ ਕਿਸੇ ਦੀ ਇੱਜਤ ਦਾ ਖਲਿਆਰਾ ਪਾਉਣ ਲਈ। ਹਰ ਰੋਜ ਇਹੀ ਕੁਝ ਆਮ ਦੇਖਣ ਨੂੰ ਮਿਲਦਾ ਰਹਿੰਦਾ ਹੈ। ਜੇਕਰ ਤਕਨੀਕ ਦਾ ਸਹਾਰਾ ਲੈ ਕੇ ਪਾਖੰਡਵਾਦ ਸਿਰਾਂ ‘ਤੇ ਚੜ੍ਹਦਾ ਜਾ ਰਿਹਾ ਹੈ ਤਾਂ ਉਹਨਾਂ ਅਖੌਤੀ ਮਹਾਂਪੁਰਖਾਂ ਨੂੰ ਸ਼ੀਸ਼ਾ ਦਿਖਾਉਣ ਵਾਲੇ ‘ਚਿੰਤਕ ਸਿਰ’ ਵੀ ਉਸੇ ਤਕਨੀਕ ਦੀ ਛਤਰੀ ਹੇਠ ਬੈਠੇ ਲੋਕਾਂ ਨੂੰ ਜਾਗਰੂਕ ਕਰਨ ਦਾ ਫਰਜ਼ ਅਦਾ ਕਰ ਰਹੇ ਹਨ। ਜੇਕਰ ਨੇਕ ਦਿਲ ਇਨਸਾਨਾਂ ਨੂੰ ਭੁਚਲਾ ਕੇ ਲੁੱਟਣ ਵਾਲੇ ਵੀ ਸਰਗਰਮ ਹਨ ਤਾਂ ਉਹਨਾਂ ਲੋਕਾਂ ਦਾ ਵੀ ਘਾਟਾ ਨਹੀਂ ਜਿਹੜੇ ਹਰ ਸਾਹ ਨਾਲ ਮਨੁੱਖਤਾ ਦਾ ਭਲਾ ਲੋੜਦੇ ਹਨ ਅਤੇ ਅੜੇ-ਥੁੜੇ ਮਦਦ ਕਰਨੋਂ ਵੀ ਪਿਛਾਂਹ ਨਹੀਂ ਹਟਦੇ। ਭਾਵਨਾਵਾਂ ਨੂੰ ਪਲੀਤਾ ਲਾਉਣ ਵਾਲੇ ਆਪਣੇ ਆਪ ‘ਚ ਮਸਤ ਹੋ ਕੇ ਕੰਮ ਕਰ ਰਹੇ ਹਨ ਤੇ ਲੋਕਾਂ ਨੂੰ ਉਹਨਾਂ ਦੀਆਂ ਚਾਲਾਂ ਤੋਂ ਸੁਚੇਤ ਕਰਨ ਵਾਲੇ ਵੀ ਪੂਰੇ ਰੌਂਅ ‘ਚ ਦਿਸਦੇ ਹਨ। ਪਰ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਇਹ ਸਭ ਕੁਝ ਹੋ ਕਿਉਂ ਰਿਹਾ ਹੈ?? ਜੇ ਹਰ ਕੋਈ ਸਵੱਛ ਸਮਾਜ ਦੀ ਸਿਰਜਣਾ ਕਰਨ ਲਈ ਤੱਤਪਰ ਹੈ ਤਾਂ ਇੱਕ ਦੂਜੇ ਸਿਰ ਸਵਾਹ ਪਾ ਕੇ ਕਿਹੜੇ ਸਮਾਜ ਦਾ ਭਲਾ ਲੋੜਿਆ ਜਾ ਸਕਦਾ ਹੈ? ਜੇ ਆਸਤਿਕ ਲੋਕ ਨਾਸਤਿਕਾਂ ਨੂੰ ਭੰਡਣ ਦਾ ਮੌਕਾ ਨਹੀਂ ਖੁੰਝਣ ਦਿੰਦੇ ਜਾਂ ਨਾਸਤਿਕ ਲੋਕ ਆਸਤਿਕਾਂ ਦੀ ਕਮਜ਼ੋਰੀ ਲੱਭਦੇ ਫਿਰਨ ਤਾਂ ਕੀ ਇਹਨਾਂ ਦੋਹਾਂ ਲਈ ਵੱਖੋ ਵੱਖਰੀ ਦੁਨੀਆ ਸਿਰਜਣ ਦੀ ਲੋੜ ਹੈ?? ਜਿੱਥੇ ਇੱਕ ਪਾਸੇ ਸਿਰਫ ਨਾਸਤਿਕ ਹੋਣ ਤੇ ਇੱਕ ਪਾਸੇ ਆਸਤਿਕ??
ਜਿੰਨੀ ਤੇਜੀ ਨਾਲ ਤਕਨੀਕ ਚੱਲ ਰਹੀ ਹੈ ਉਸੇ ਤੇਜੀ ਨਾਲ ਪੈਰ ਮਿਲਾਉਂਦਿਆਂ ਅਸੀਂ ਦਲੀਲ ਨਾਲ ਗੱਲ ਕਰਨ ਜਾਂ ਸੁਣਨ ਦਾ ਗੁਣ ਆਪਣੇ ਮਨ ‘ਚੋਂ ਮਨਫ਼ੀ ਕਰ ਦਿੱਤਾ ਹੈ। ਜਦੋਂ ਵੀ ਕਿੱਧਰੇ ਕੋਈ ਦਲੀਲ ਪੂਰਵਕ ਗੱਲ ਸ਼ੁਰੂ ਹੁੰਦੀ ਹੈ ਤਾਂ ਅਕਸਰ ਹੀ ਉਸਦਾ ਅੰਤ ਗਾਲੀ-ਗਲੋਚ, ਤੂੰ ਤੂੰ ਮੈਂ ਮੈਂ, ਤੈਨੂੰ ਦੇਖਲਾਂਗੇ, ਤੈਨੂੰ ਛੱਡਣਾ ਨਹੀਂ ਵਰਗੀਆਂ ਬੇਹੂਦਾ ਟਿੱਪਣੀਆਂ ‘ਚ ਰੁਲ ਜਾਂਦਾ ਹੈ। ਇਸ ਰੌਲੇ ਰੱਪੇ ‘ਚੋਂ ਪਾਸੇ ਹੋ ਕੇ ਜਿਸ ਗੱਲ ਨੇ ਮਣਾਂਮੂੰਹੀਂ ਸਕੂਨ ਦਿੱਤਾ ਉਸ ਬਾਰੇ ਗੱਲ ਕਰਨ ਨੂੰ ਦਿਲ ਕਰ ਰਿਹਾ ਸੀ। ਇਹਨੀਂ ਦਿਨੀਂ ਮੈਂ ਸਿਰਫ ਦੋਸਤਾਂ ਮਿੱਤਰਾਂ ਨਾਲ ਜੁੜੇ ਰਹਿਣ ਦੇ ਮਨਸ਼ੇ ਨਾਲ ਇੰਟਰਨੈੱਟ ਵਰਤੋਂ ਕਰ ਰਿਹਾ ਹਾਂ ਜਾਂ ਫਿਰ ਕੁਝ ਨਾ ਕੁਝ ਲਿਖਣ ਕਾਰਜ ਕਰਦੇ ਰਹਿਣ ਲਈ। ਹਰ ਰੋਜ ਦੇਖੇ ਜਾਂਦੇ ਕਾਟੋ-ਕਲੇਸ਼ ਤੋਂ ਅੱਕ ਕੇ ਕਈ ਵਾਰ ਸਾਰਾ ਕੁਝ ਬੰਦ ਕਰਨ ਨੂੰ ਮਨ ਕਰਨ ਲੱਗ ਜਾਂਦੈ ਕਿ “ਛੱਡ ਯਾਰ ਕੀ ਲੈਣੈ ਐਹੋ ਜਿਹੇ ਯੱਬ ਤੋਂ, ਜਿੱਥੋਂ ਸਿਰਫ ਕੋਈ ਨਾ ਕੋਈ ਚਿੰਤਾ ਹੀ ਮਿਲਣੀ ਹੈ।” ਇੱਕ ਅਜਿਹੇ ਕਾਰਜ ਨੇ ਮੁੜ ਇੰਟਰਨੈੱਟ (ਫੇਸਬੁੱਕ) ਨਾਲ ਜੁੜੇ ਰਹਿਣ ਦਾ ਅਹਿਸਾਸ ਕਰਵਾਇਆ ਹੈ ਕਿ ਉਹਨਾਂ ਨੇਕ ਦਿਲ ਦੋਸਤਾਂ ਦਾ ਸਾਥ ਹਰਗਿਜ ਨਹੀਂ ਛੱਡਣਾ ਚਾਹੀਦਾ ਜੋ ਸਾਰਾ ਦਿਨ ਕੰਪਿਊਟਰ ਵਰਗੀ ਮਸ਼ੀਨ ਨਾਲ ਮੱਥਾ ਮਾਰਦੇ ਮਸ਼ੀਨ ਨਹੀਂ ਬਣੇ। ਹੋਇਆ ਇੰਝ ਕਿ ਇੱਕ ਮਹੀਨਾ ਪਹਿਲਾਂ ਇੱਕ ਕੁੜੀ ਦਾ ਸੁਨੇਹਾ ਆਇਆ ਕਿ ਉਹ ਅੱਗੇ ਪੜ੍ਹਨਾ ਚਾਹੁੰਦੀ ਹੈ ਪਰ ਘਰੇਲੂ ਹਾਲਾਤ ਇਜ਼ਾਜ਼ਤ ਨਹੀਂ ਦੇ ਰਹੇ। ਉਸਦੀ ਸਾਰੀ ਕਹਾਣੀ ਸੁਣੀ ਤਾਂ ਦਿਲ ਪਸੀਜ ਗਿਆ। ਮੈਂ ਖੁਦ ਉਹਨਾਂ ਹਾਲਾਤਾਂ ‘ਚ ਨਹੀਂ ਸਾਂ ਕਿ ਇਕੱਲਾ ਹੀ ਸਾਰਾ ਭਾਰ ਉਠਾ ਲੈਂਦਾ। ਜਿਹਨੀਂ ਦਿਨੀਂ ਉਸ ਕੁੜੀ ਦਾ ਫੋਨ ਆਇਆ ਉਹਨੀਂ ਦਿਨੀਂ ਹੀ ਫੇਸਬੁੱਕ ‘ਤੇ ਲੋਕ ਭਲਾਈ ਕਾਰਜਾਂ ਲਈ ਬਣਾਈ ਇੱਕ ਸੰਸਥਾ ਕੋਲ ਇਕੱਠੇ ਹੋਏ ਫੰਡਾਂ ਦੇ ਹਿਸਾਬ ਕਿਤਾਬ ਦਾ ਰੌਲਾ ਪੂਰੇ ਜੋਬਨ ‘ਤੇ ਸੀ। ਉਸ ਸੰਸਥਾ ਦੀ ਮੁਖੀ ਬੀਬੀ ‘ਤੇ ਉਸਦੇ ਸਹਿਯੋਗੀ ਸਾਥੀ ਹੀ ਦੋਸ਼ ਲਗਾ ਰਹੇ ਸਨ ਕਿ ਉਸ ਵੱਲੋਂ ਸਾਰਾ ਹਿਸਾਬ ਆਪਣੇ ਹੱਥ ਹੇਠ ਕਰਕੇ ਰੱਖਿਆ ਹੈ ਅਤੇ ਨਸ਼ਰ ਨਹੀਂ ਕੀਤਾ। ਸੋ ਮੈਂ ਕਿਸੇ ਵੀ ਅਜਿਹੇ ਝੰਝਟ ‘ਚ ਪੈਣ ਨਾਲੋਂ ਚੁੱਪ ਕਰ ਗਿਆ। ਸੋਚ ਉਪਜੀ ਕਿ ਅਜਿਹਾ ਨਾ ਹੋਵੇ ਕਿ “ਜਾਂਦੀਏ ਬਲਾਏ ਦੁਪਹਿਰਾ ਕੱਟ ਜਾ” ਵਾਲੀ ਖੁਦ ਨਾਲ ਵਾਪਰ ਜਾਵੇ। ਨਜ਼ਰਾਂ ‘ਚੋਂ ਡਿੱਗ ਕੇ ਮੁੜ ਉੱਠਣਾ ਬਹੁਤ ਔਖਾ ਹੁੰਦੈ। ਇਮਾਨਦਾਰੀ ਨਾਲ ਕਹਿੰਦਾ ਹਾਂ ਕਿ ਮੈਂ ਗੱਲ ਨੂੰ ਭੁੱਲ ਭੁਲਾ ਗਿਆ ਸੀ ਪਰ ਤਾਂ ਉਸੇ ਕੁੜੀ ਦਾ ਫਿਰ ਸੁਨੇਹਾ ਆਇਆ। ਅੰਤਾਂ ਦੀ ਮਾਯੂਸ, ਨਿਰਾਸ਼। ਮੈਨੂੰ ਡਰ ਜਿਹਾ ਲੱਗਣ ਲੱਗਾ ਕਿ ਕਮਲੀ ਕਿੱਧਰੇ ਕੋਈ ਅਣਹੋਣੀ ਨਾ ਕਰ ਦੇਵੇ। ਰਾਤ ਨੂੰ ਟੇਕ ਨਾ ਆਈ, ਉੱਸਲਵੱਟੇ ਲੈਂਦਾ ਰਿਹਾ ਪਰ ਨੀਂਦ ਨੇੜੇ ਨਾ ਆਈ। ਮੁੜ ਮੁੜ ਉਹਦੇ ਬੋਲ ਕੰਨਾਂ ‘ਚ ਗੂੰਜੀ ਗਏ। ਸਵੇਰੇ ਉੱਠਿਆ ਤਾਂ ਉਸ ਕੁੜੀ ਦੇ ਸੁਨਹਿਰੇ ਭਵਿੱਖ ਲਈ ਕਲਿੰਗੜੀ ਪਾਉਣ ਦੀ ਅਰਜੋਈ ਕਰ ਦਿੱਤੀ। ਸਾਰੀ ਰਾਤ ਦੀ ਤੜਪਣਾ ਤੋਂ ਬਾਦ ਮੈਂ ਇਸ ਗੱਲੋਂ ਬਿਲਕੁਲ ਨਿਰਭੈਅ ਸਾਂ ਕਿ ਕੋਈ ਕੀ ਆਖੇਗਾ? ਕਿਸੇ ਨੂੰ ਭੀਖ ਜਾਂ ਦਾਨ ਦੇਣ ਨਾਲੋਂ ਜੇ ਉਸਦੇ ਪੱਲੇ ਕੁਝ ਵਿੱਦਿਆ ਪੈਂਦੀ ਹੈ ਤਾਂ ਉਹ ਜਰੂਰ ਆਪਣਾ ਰਾਹ ਖੁਦ ਬਣਾ ਲਵੇਗਾ। ਇਸੇ ਸੋਚ ਦਾ ਸਾਥ ਦਿੰਦਿਆਂ ਸਿਰਫ ਅੱਠ ਦੋਸਤਾਂ ਦੇ ਸਹਿਯੋਗ ਨਾਲ ਹੀ ਉਸ ਕੁੜੀ ਦੀ ਇੱਕ ਸਾਲ ਦੀ ਫੀਸ ਦਾ ਪ੍ਰਬੰਧ ਹੋ ਗਿਆ। ਗਲਾਸਗੋ ਦੇ ਪ੍ਰਸਿੱਧ ਵਿਉਪਾਰੀ ਮੰਗਲ ਸਿੰਘ ਕੂਨਰ, ਲਖਵੀਰ ਸਿੰਘ ਸਿੱਧੂ (ਲੰਡਨ ਹੋਟਲ ਵਾਲੇ),ਮੇਵਾ ਗਿੱਲ (ਕੈਨੇਡਾ), ਧਰਮਿੰਦਰ ਸਿੱਧੂ ਚੱਕਬਖਤੂ, ਪ੍ਰਗਟ ਸਿੰਘ ਜੋਧਪੁਰੀ (ਦੋਵੇਂ ਬੈਲਜੀਅਮ), ਦੀਪ ਹਿੰਮਤਪੁਰਾ (ਹਾਂਗਕਾਂਗ), ਕੇ ਪੀ ਬਰਾੜ ਦੌਧਰ (ਮਨੀਲਾ), ਵਿਨੋਦ ਸ਼ਰਮਾ ਬਿਲਾਸਪੁਰ (ਯੂ ਕੇ) ਨੇ ਪਹਿਲੇ ਬੋਲ ਹੀ ਸਾਰੇ ਪੈਸੇ ਇੱਕ ਜਗ੍ਹਾ ਭੇਜ ਦਿੱਤੇ। ਇਹਨਾਂ ‘ਚੋਂ 5 ਵੀਰ ਅਜਿਹੇ ਵੀ ਹਨ ਜਿਹਨਾਂ ਨੂੰ ਮੈਂ ਕਦੇ ਮਿਲਿਆ ਵੀ ਨਹੀਂ ਹਾਂ। ਪਰ ਸਦਕੇ ਜਾਣ ਨੂੰ ਦਿਲ ਕਰਦਾ ਹੈ ਪੰਜਾਬੀ ਖੂਨ ਦੇ ਜਿਹੜਾ ਜਦੋਂ ਹਰਕਤ ਵਿੱਚ ਆਉਂਦਾ ਹੈ ਤਾਂ ਅੱਗਾ ਪਿੱਛਾ ਨਹੀਂ ਵੇਖਦਾ। ਅਸੀਂ ਇੱਕ ਹੱਦ ਰੱਖੀ ਸੀ ਕਿ ਜਿੰਨੇ ਪੈਸੇ ਚਾਹੀਦੇ ਹਨ, ਓਨੇ ਇਕੱਠੇ ਹੋਣ ਤੋਂ ਬਾਦ ਸਹਾਇਤਾ ਕਰਨ ਦੇ ਚਾਹਵਾਨ ਵੀਰਾਂ ਤੋਂ ਮਾਫੀ ਮੰਗ ਲਈ ਜਾਵੇਗੀ ਕਿ “ਸਾਨੂੰ ਹੋਰ ਲੋੜ ਨਹੀਂ, ਕਦੇ ਫੇਰ ਸਹੀ।” ਹੋਇਆ ਵੀ ਇਸੇ ਤਰ੍ਹਾਂ ਹੀ ਹੁਣ ਤੱਕ ਸਹਿਯੋਗ ਦੇਣ ਵਾਲੇ ਵੀਰਾਂ ਤੋਂ ਮਾਫੀਆਂ ਮੰਗਦੇ ਹੋਏ ਸਾਥ ਦੇਣ ਦਾ ਜਿਗਰਾ ਕਰਨ ਦਾ ਧੰਨਵਾਦ ਕਰ ਰਹੇ ਹਾਂ। ਮੁੱਕਦੀ ਗੱਲ ਕਿ ਇਹ ਸਕੂਨ ਆਖਰੀ ਸਾਹ ਤੱਕ ਰਹੇਗਾ ਕਿ ਅਸੀਂ ਮਿੱਤਰਾਂ ਨੇ ਰਲ ਕੇ ਇੱਕ ਖੁਦਕੁਸ਼ੀ ਹੋਣੋਂ ਬਚਾ ਲਈ ਕਿਉਂਕਿ ਹਾਲਾਤ ਇੱਥੋਂ ਤੱਕ ਪਹੁੰਚ ਚੁੱਕੇ ਸਨ। ਜੇਕਰ ਅਸੀਂ ਵੀ ਚਾਹੁੰਦੇ ਤਾਂ ਇਸ ਸਹਾਇਤਾ ਦੀ ਅਪੀਲ ਦੀ ਆੜ ਹੇਠ ਹੋਰਨਾਂ ਵਾਂਗ ਚੰਗਾ ਨਾਮਾ ਇਕੱਠਾ ਕਰ ਲੈਂਦੇ। ਪਰ ਅਸੀਂ ਇਹ ਵਿਉਂਤ ਬਣਾਈ ਹੈ ਕਿ ਉਸ ਲੜਕੀ ਦੀ ਫੀਸ ਖੁਦ ਹੱਥੀਂ ਅਦਾ ਕਰਕੇ ਇਕੱਠੀ ਹੋਈ ਰਾਸ਼ੀ ਅਤੇ ਖਰਚ ਦਾ ਵੇਰਵਾ ਜਨਤਕ ਤੌਰ ‘ਤੇ ਫੇਸਬੁੱਕ ‘ਤੇ ਪਾ ਕੇ ਦੱਸਿਆ ਜਾਵੇਗਾ। ਤਾਂ ਕਿ ਚੰਗਾ ਕੰਮ ਕਰਨ ਵਾਲਿਆਂ ਦੀ ਵਿਸ਼ਵਾਸ਼ ਬਹਾਲੀ ਕਾਇਮ ਰੱਖੀ ਜਾ ਸਕੇ। ਅੰਤ ‘ਚ ਉਹਨਾਂ ਸਭ ਦੋਸਤਾਂ ਮਿੱਤਰਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਜੇਕਰ ਅਸੀਂ ਕਿਸੇ ਵੀ ਅਜਿਹੇ ਕਾਰਜ ‘ਚ ਸਾਥੀ ਬਣਦੇ ਹਾਂ ਤਾਂ ਸਿਰਫ ਆਪਣੀ ਮਿਹਨਤ ਦੀ ਕਮਾਈ ਕਿਸੇ ਦੂਜੇ ਨੂੰ ਸੌਂਪਣਾ ਹੀ ਤੁਹਾਡਾ ਫਰਜ਼ ਨਹੀਂ ਹੈ ਸਗੋਂ ਉਸ ਕਮਾਈ ਦੇ ਯੋਗ ਜਗ੍ਹਾ ਲੱਗਣ ਦਾ ਹਿਸਾਬ ਕਿਤਾਬ ਲੈਣਾ ਵੀ ਤੁਹਾਡਾ ਫਰਜ਼ ਹੈ। ਉਹ ਵਕਤ ਬਹੁਤ ਪਿਛਾਂਹ ਰਹਿ ਗਏ ਹਨ ਕਿ ‘ਗੁਪਤਦਾਨ’ ਕਰੋ ਤੇ ਭੁੱਲ ਜਾਵੋ। ਵੀਰੋ, ਬੇਸ਼ੱਕ ਚੰਗੇ ਕਾਰਜ ਲਈ ਦਾਨ ਕਰੋ ਪਰ ਕਰੋ ਰੌਲਾ ਪਾ ਕੇ ਤਾਂ ਕਿ ਚੰਗੇ ਕਾਰਜ ‘ਚ ਭਾਈਵਾਲ ਬਣਨ ਲਈ ਤੁਹਾਡੀ ਰੀਸ ਕਰਨ। ਇਹੀ ਰੀਸ ਇੱਕ ਕਾਰਵਾਂ ਬਣ ਜਾਵੇ। ਉਹਨਾਂ ਅਨਸਰਾਂ ਨੂੰ ਵੀ ਬੇਨਤੀ ਕਰਾਂਗਾ ਜੋ ਅਜਿਹੇ ਕਾਰਜਾਂ ਰਾਹੀਂ ਹੀ ਆਪਣਾ ਤੋਰੀ ਫੁਲਕਾ ਚਲਾ ਰਹੇ ਹਨ ਕਿ ਵੀਰੋ, ਕਿਸੇ ਦੇ ਵਿਸ਼ਵਾਸ਼ ਦਾ ਬਲਾਤਕਾਰ ਕਰਨਾ ਖੁਦਕੁਸ਼ੀ ਕਰਨ ਤੋਂ ਵੀ ਅਗੇਰੀ ਗੱਲ ਹੈ। ਕਿਸੇ ਦੀ ਮਦਦ ਕਰਨਾ ਜਿੰਦਾਦਿਲੀ ‘ਤੇ ਇਨਸਾਨਅਿਤ ਦੇ ਜਿਅੁਂਦੇ ਹੋਣ ਦਾ ਸਬੂਤ ਹੈ ਪਰ ਕਿਸੇ ਦੀ ਮਦਦ ਹੇਠ ਵਿਸਾਹਘਾਤ ਕਰਨਾ ਮਹਾਂ ਜ਼ੁਰਮ ਹੈ।
ਸੋ ਤਕਨੀਕ ਦੀ ਵਰਤੋਂ ਕਰਦੇ ਵੀਰੋ, ਆਓ ਇਸ ਤਕਨੀਕ ਦਾ ਸਹਾਰਾ ਲੈ ਕੇ ਘਰਾਂ ਤੋਂ ਬਾਹਰ ਨਿੱਕਲ ਕੇ ਅਮਲ ‘ਚ ਕੁਝ ਕਰਨਾ ਸਿੱਖੀਏ। ਕੁਰਸੀ ਨਾਲ ਚਿੰਬੜ ਕੇ ਬੈਠੇ ਅਸੀਂ ਸ਼ੀਸ਼ਾ ਹੀ ਸਾਫ ਕਰ ਰਹੇ ਹਾਂ ਜਦੋਂਕਿ ਧੂੜ ਤਾਂ ਚਿਹਰਿਆਂ ‘ਤੇ ਜੰਮੀ ਹੋਈ ਹੈ।

One thought on “ਆਓ ਸ਼ੀਸ਼ਾ ਸਾਫ ਕਰਨ ਨਾਲੋਂ ਚਿਹਰਿਆਂ ‘ਤੇ ਜੰਮੀ ਧੂੜ ਸਾਫ ਕਰੀਏ!!!

  1. Mandip ji
    Very good. Kalam kehrey kanney de aa jisdi sihai chalo chal challi jandi aa. Good on you…himmatpura de himmat da london to..reflection….

Comments are closed.

Install Punjabi Akhbar App

Install
×