ਸਾਊਥ ਆਸਟ੍ਰੇਲੀਆ ਤੋਂ ਛਪਦੇ ਇਕੋ-ਇਕ ਅਤੇ ਪਹਿਲੇ ‘ਪੰਜਾਬੀ ਅਖ਼ਬਾਰ’ ਦੇ ਬਾਨੀ, ਮੁੱਖ ਸੰਪਾਦਕ ਅਤੇ ‘ਕੈਂਗਰੂਨਾਮਾ’ ਕਿਤਾਬ ਦੇ ਲੇਖਕ ਗੁਰਸ਼ਮਿੰਦਰ ਸਿੰਘ ‘ਮਿੰਟੂ ਬਰਾੜ’ ਨੂੰ ਸਾਊਥ ਆਸਟ੍ਰੇਲੀਆ ਵਿਖੇ ‘ਦੀ ਗਵਰਨਰ ਮਲਟੀ ਕਲਚਰ ਅਵਾਰਡ ੨੦੧੪ ਫਾਈਨਲਿਸਟ’ ਨਾਲ ਲਗਾਤਾਰ ਦੂਜੀ ਬਾਰ ਸਨਮਾਨਿਤ ਕੀਤਾ ਗਿਆ। ਇਹ ਸਾਲਾਨਾ ਅਵਾਰਡ ਵੱਖ-ਵੱਖ ਖ਼ਿੱਤਿਆਂ ‘ਚ ਕੀਤੀ ਚੰਗੀ ਕਾਰਗੁਜ਼ਾਰੀ ਲਈ ਮਾਨਯੋਗ ਗਵਰਨਰ ‘ਜਨਾਬ ਹੀਉ ਵੈਨ ਲੀ’ ਵੱਲੋਂ ਇਕ ਸਰਕਾਰੀ ਸਮਾਗਮ ਦੌਰਾਨ ਦਿੱਤੇ ਗਏ। ਪਿਛਲੇ ਅੱਠ ਸਾਲਾਂ ਤੋਂ ਮੀਡੀਆ ਦੇ ਖੇਤਰ ਵਿਚ ਮਿੰਟੂ ਬਰਾੜ ਵੱਲੋਂ ਪਾਏ ਜਾ ਰਹੇ ਯੋਗਦਾਨ ਬਦਲੇ ਉਨ੍ਹਾਂ ਨੂੰ ਲਗਾਤਾਰ ਦੂਜੀ ਬਾਰ ਇਹ ਇਨਾਮ ਹਾਸਿਲ ਹੋਇਆ ਹੈ। ਇਥੇ ਜ਼ਿਕਰਯੋਗ ਹੈ ਕਿ ਸਾਊਥ ਆਸਟ੍ਰੇਲੀਆ ਵਿਚ ਪੰਜਾਬੀ ਪ੍ਰੈੱਸ ਦੀ ਸਥਾਪਨਾ ਕਰਨ ਦਾ ਮਾਣ ਵੀ ਮਿੰਟੂ ਬਰਾੜ ਨੂੰ ਹਾਸਿਲ ਹੈ। ਜਿਸ ਤਹਿਤ ਜਿੱਥੇ ਉਹ ਆਸਟ੍ਰੇਲੀਆ ਦੇ ਪਹਿਲੇ ਪੰਜਾਬੀ ਰੇਡੀਓ ‘ਹਰਮਨ ਰੇਡੀਓ’ ਦੇ ਮੈਨੇਜਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਉਥੇ ਇਕ ਸਾਹਿੱਤਿਕ ਤ੍ਰੈ ਮਾਸਿਕ ਪਰਚਾ ‘ਕੂਕਾਬਾਰਾ’ ਵੀ ਉਨ੍ਹਾਂ ਦੀ ਨਿਰਦੇਸ਼ਨ ਹੇਠ ਸਫਲਤਾ ਪੂਰਵਕ ਚੱਲ ਰਿਹਾ। ਪੰਜਾਬੀ ਅਖ਼ਬਾਰ ਦੇ ਮੁੱਖ ਸੰਪਾਦਕ ਅਤੇ ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਦੇ ਪ੍ਰਧਾਨ ਦੇ ਤੌਰ ਤੇ ਵੀ ਉਹ ਵਿਦੇਸ਼ ‘ਚ ਪੰਜਾਬੀਅਤ ਪ੍ਰਤੀ ਆਪਣੇ ਫ਼ਰਜ਼ ਨਿਭਾ ਰਹੇ ਹਨ। ਉਨ੍ਹਾਂ ਵੱਲੋਂ ਪੇਸ਼ ਕੀਤੇ ਜਾਂਦੇ ਹਰਮਨ ਰੇਡੀਓ ‘ਤੇ ਬ੍ਰੇਕ ਫਾਸਟ ਸ਼ੋਅ ‘ਲਹਿਰਾਂ’ ਅਤੇ ਯੂ-ਟੂਅਬ ‘ਤੇ ਚੱਲ ਰਹੇ ਲੜੀਵਾਰ ਸੀਰੀਅਲ ‘ਪੇਂਡੂ ਆਸਟ੍ਰੇਲੀਆ’ ਨੂੰ ਦੁਨੀਆ ਭਰ ‘ਚ ਪਸੰਦ ਕੀਤਾ ਜਾਂਦਾ ਹੈ। ਇਸ ਮੌਕੇ ਤੇ ਉਨ੍ਹਾਂ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ‘ਸਾਫ਼ ਨੀਅਤ ਅਤੇ ਸਪਸ਼ਟ ਨੀਤੀ’ ਦੇ ਨਾਅਰੇ ਹੇਠ ਉਹ ਆਪਣਾ ਕੰਮ ਕਰੀ ਜਾ ਰਹੇ ਹਨ ਤੇ ਜਦੋਂ ਇਹਨਾਂ ਕੰਮਾਂ ਦੀ ਕਿਤੇ ਕਦਰ ਪੈਂਦੀ ਹੈ ਤਾਂ ਖ਼ੁਸ਼ ਹੋਣਾ ਸੁਭਾਵਿਕ ਹੈ। ਉਨ੍ਹਾਂ ਇਸ ਮੌਕੇ ਤੇ ਦੁਨੀਆ ਭਰ ਤੋਂ ਪੰਜਾਬੀਆਂ ਵੱਲੋਂ ਉਨ੍ਹਾਂ ਨੂੰ ਵਧਾਈ ਸੰਦੇਸ਼ ਮਿਲਣ ਤੇ ਉਨ੍ਹਾਂ ਸਾਰੀਆਂ ਜੁੜੀਆਂ-ਅਣਜੁੜੀਆਂ ਰੂਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੀਆਂ ਦੇ ਸਹਿਯੋਗ ਅਤੇ ਦੁਆਵਾਂ ਕਾਰਨ ਹੀ ਇਹ ਸੰਭਵ ਹੋਇਆ ਹੈ।
ਮਿੰਟੂ ਬਰਾੜ ਨੂੰ ਲਗਾਤਾਰ ਦੂਜੀ ਵਾਰ ਮਿਲਿਆ ਗਵਰਨਰ ਅਵਾਰਡ
One thought on “ਮਿੰਟੂ ਬਰਾੜ ਨੂੰ ਲਗਾਤਾਰ ਦੂਜੀ ਵਾਰ ਮਿਲਿਆ ਗਵਰਨਰ ਅਵਾਰਡ”
Comments are closed.
Congratulations to Mintu Brar for his work to parmoting understanding our culture in Australia and on world