ਬਿਰਧ ਆਸ਼ਰਮਾਂ ‘ਚ ਬੈਠੀਆਂ ਮਾਂਵਾਂ ਕੀਹਦੀਆਂ ਹਨ??

little-sisters-of-the-poor-home-for-aged-sher-e-punjab-andheri-east-mumbai-institutions-for-aged-q2gxx

ਮੇਰੀਆਂ ਦੋ ਮਾਵਾਂ ਹਨ। ਇੱਕ ਮਾਂ ਨੇ ਜਨਮ ਦਿੱਤਾ ਤਾਂ ਦੂਜੀ ਮਾਂ ਦਾ ਪ੍ਰਤਾਪ ਐ ਕਿ ਮੇਰੀ ਦਸਵੀ ਨਾਲ ਟੁੱਟੀ ਨੂੰ ਬਾਅਦ ਦੀ ਪੜ੍ਹਾਈ ਨਾਲ ਗੰਢਣ ‘ਚ ਉਹ ਭਾਈਵਾਲ ਸੀ। ਦਸਵੀ ਕਰਨ ਤੋਂ ਬਾਅਦ ਮੇਰੇ ਡੈਡੀ ਜੀ ਨੇ ਮੈਨੂੰ ਕੰਮ ਸਿੱਖਣ ਲਾ ਦਿੱਤਾ। ਇੱਕ ਅਣਜਾਣ ਘਰ ਪਰ ਅਣਜਾਣ ਘਰ ਵਾਲੇ ਮੇਰੇ ਵਾਸਤੇ ਬਹੁਤ ਛੇਤੀ ਜਾਣਕਾਰ ਬਣ ਗਏ। ਵੀਰਾ ਤੇ ਭਾਬੀ ਉਹਨਾਂ ਦੇ ਦੋ ਬੱਚੇ, ਬਾਈ ਤੇ ਬੀਬੀ ਮੇਰੇ ਵਾਸਤੇ ਓਪਰੇ ਨਾ ਰਹੇ। ਮੈਂ ਜੋ ਕਦੇ ਮਾਂ ਪਿਓ ਤੋਂ ਇੱਕ ਮਿੰਟ ਵੀ ਪਾਸੇ ਨਹੀ ਹੋਇਆ ਸੀ, ਹੁਣ ਮਹੀਨੇ ਮਹੀਨੇ ਬਾਅਦ ਵੀ ਮਿਨਤਾਂ ਨਾਲ ਘਰੇ ਆਉਂਦਾ। ਕਿਉਕਿ ਇਨਸਾਨ ਹੋਵੇ ਜਾਂ ਜਾਨਵਰ ਜਿਸਨੂੰ ਵੀ ਪਿਆਰ ਮਿਲੇ ਉਹ ਉਸ ਦਿੱਤੇ ਪਿਆਰ ਦਾ ਮੁੱਲ ਮੋੜਦਾ ਹੀ ਮੋੜਦਾ ਹੈ।

ਸਾਰਾ ਦਿਨ ਸੋਨੇ ਦੇ ਕੰਮ ਤੋਂ ਵਿਹਲਾ ਹੋ ਇੱਕ ਦਿਨ ਮੈਂ ਦੁਕਾਨ ਤੋਂ ਬਾਹਰ ਹੋ ਕੇ ਬੈਠ ਗਿਆ। ਦੁਕਾਨ ਦੇ ਅੱਗੋਂ ਦੀ ਸਕੂਲ ਨੂੰ ਜਾਣ ਵਾਲੇ ਵਿਦਿਆਰਥੀ ਬਹੁਤ ਲੰਘਦੇ ਸਨ।  ਮੇਰੇ ਮਨ ‘ਚ ਅੱਗੇ ਪੜ੍ਹਨ ਦੀ ਬਹੁਤ ਇੱਛਾ ਸੀ।  ਉਹਨਾ ਨੇ ਨਿੱਤ ਲੰਘਣਾ ਤੇ ਮੈਂ ਉਹਨਾ ਨੂੰ ਹਰ ਰੋਜ਼ ਦੇਖਣਾ। ਮੇਰੀ ਇਸ ਹਰਕਤ ‘ਚ ਬੀਬੀ ਦੀ ਵੀ ਨਿਗ੍ਹਾ ਸੀ। ਇੱਕ ਦਿਨ ਉਸਨੇ ਮੈਨੂੰ ਪੁੱਛ ਹੀ ਲਿਆ ਕਹਿੰਦੀ “ਤੈਨੂੰ ਮੈਂ ਹਰ ਰੋਜ਼ ਦੇਖਦੀ ਆਂ ਤੂੰ ਸਕੂਲ ਜਾਂਦੇ ਮੁੰਡੇ ਕੁੜੀਆਂ ਨੂੰ ਕਿਉਂ ਤੱਕਦਾ ਰਹਿੰਨਾਂ?”  ਮੈਂ ਕਿਹਾ,” ਬੀਬੀ ਮੈਂ ਅੱਗੇ ਪੜ੍ਹਨਾ ਚਾਹੁੰਨਾਂ।” ਬੀਬੀ ਕਹਿੰਦੀ, “ਕੰਮ ਤੋਂ ਹਟ ਕੇ ਪੜ੍ਹਨਾਂ?  ਜਾਂ ਇੱਥੇ ਰਹਿ ਕੇ?” ਮੈਂ ਕਿਹਾ, “ਬੀਬੀ ਮੈਂ ਕੰਮ ਵੀ ਸਿੱਖਣੈ ਤੇ ਪੜ੍ਹਨਾ ਵੀ ਐ।”

ਦੂਜੇ ਦਿਨ ਉਹਨੇ ਜਾਂਦੇ ਮੁੰਡਿਆਂ ਨੂੰ ਕੁਛ ਪੁੱਛਿਆ ਤੇ ਆਕੇ ਕਹਿੰਦੀ, “ਸਮੇਤ ਕਿਤਾਬਾਂ ਬਾਰਾਂ ਸੌ ਲਗਦੇ ਨੇ??  ਕਿਮੇਂ ਕਰਨੀਂ ਆਂ??”  ਮੈਂ ਕਿਹਾ, “ਬੀਬੀ ਮੈਂ ਕੱਲ ਨੂੰ ਪਿੰਡ ਜਾਊਂ ਦੇਖਦਾਂ, ਡੈਡੀ ਜੀ ਨੂੰ ਪੁੱਛ ਕੇ, ਨਹੀਂ ਤਾਂ ਦੇਖੀ ਜਾਊ।” ਬੀਬੀ ਕਹਿੰਦੀ, “ਨਹੀਂ ਮੇਰਾ ਪੁੱਤ ਪਿੰਡ ਕਿਉਂ ਜਾਊ? ਆਹ ਲੈ ਬਾਰਾਂ ਸੌ ਤੇ ਦੋ ਚਿੱਟੇ ਕੁੜਤੇ ਪਜਾਮੇ ਲੈ ਜਾ ਸਵਾ ਕੇ ਲਿਆ, ਸਕੂਲ ਜਾਇਆ ਕਰੀਂ ਆਕੇ ਕੰਮ ਸਿੱਖਿਆ ਕਰ।”

ਮੈਂ ਰੈਗੂਲਰ ਦਾਖਲਾ ਤਾਂ ਨਾ  ਭਰਿਆ ਪਰ ਪਰਾਈਵੇਟ ਭਰ ਲਿਆ ਕਿਉਕਿ ਕੰਮ ਸਿੱਖਣ ਦਾ ਵੀ ਮਨ ਸੀ ਤੇ ਪੜ੍ਹਨ ਦਾ ਵੀ। ਦਿੰਨੇ ਦੱਬ ਕੇ ਕੰਮ ਕਰਨਾ ਤੇ ਰਾਤ ਨੂੰ ਪੜ੍ਹਨਾਂ। ਕਰਦੇ ਕਰਾਉਂਦੇ ਦੀ ਮੇਰੀ ਬਾਹਰਵੀ ਕਲਾਸ ਚੋਂ ਸੈਕਿੰਡ ਡਵੀਜ਼ਨ ਆ ਗਈ। ਨਾਲ ਨਾਲ ਕੰਮ ਸਿੱਖਦਾ ਰਿਹਾ, ਪੜ੍ਹਨ ਦੀ ਰੁਚੀ ਨੇ ਬੀ ਏ ਦੇ ਪੇਪਰ ਵੀ ਭਰਵਾ ਦਿੱਤੇ। ਵੈਲਡਰ ਦਾ ਡਿਪਲੋਮਾ ਕਰਨ ਵਾਸਤੇ ਵੀ ਦਾਖਲਾ ਲਿਆ, ਪਰ ਕੰਮ ਜਿਆਦਾ ਹੋਣ ਕਰਕੇ ਪੇਪਰ ਨਾਂ ਦੇ ਸਕਿਆ। ਕੋਈ ਮਲਾਲ ਨਹੀ ਸੀ, ਅਖ਼ੀਰ ਕੰਮ ਸਿੱਖ ਗਿਆ।

ਕੰਮ ਨੇ ਐਸਾ ਉਲਝਾਇਆ ਕਿ ਘਰੇ ਬਿਜ਼ੀ ਹੋ ਗਿਆ। ਆਉਣਾ ਜਾਣਾ ਘਟ ਗਿਆ, ਫੇਰ ਇੱਕ ਦਿਨ ਨਜਦੀਕ ਰਹਿਣ ਵਾਲਿਆਂ ਤੋਂ ਬੀਬੀ ਦਾ ਹਾਲ ਪੁੱਛਿਆ ਤਾਂ ਸਰੀਰ ਸੁੰਨ ਹੋ ਗਿਆ। ਉਸ ਜਾਣਕਾਰ ਨੇ ਦੱਸਿਆ ਕਿ ਤੇਰੀ ਬੀਬੀ ਤਾਂ ਬਿਰਧ ਆਸ਼ਰਮ ਚ ਐ। ਆਖ਼ਿਰ  ਕਿੱਧਰ ਜਾ ਰਹੇ ਹਾਂ ਅਸੀਂ? ਸਾਡੀ ਸੋਚ ਐਨੀ ਮਲੰਗ ਕਿਉਂ ਹੋ ਗਈ??  ਜਿਹਨਾਂ ਨੇ ਸਾਰੀ ਉਮਰ ਹੱਥੀਂ ਛਾਵਾਂ ਕਰੀਆਂ, ਜਿਹੜੇ ਮਾਪੇ ਆਪਣੀ ਔਲਾਦ ਨੂੰ ਚਿੜੀਆਂ ਦਾ ਦੁੱਧ ਪਿਆਉਣ ਤੱਕ ਗਏ, ਜਿੰਨ੍ਹਾਂ ਨੇ ਆਪਣੀ ਜਿੰਦਗੀ ਦੀ ਕਮਾਈ ਆਪਣੀ ਔਲਾਦ ਤੇ ਲਗਾ ਦਿੱਤੀ,  ਕੀ ਉਹਨਾਂ ਦੀ ਆਖ਼ਰੀ ਮੰਜ਼ਿਲ ਬਿਰਧ ਆਸ਼ਰਮ ਨੇਂ???

ਨਾ ਮੇਰੇ ਦੋਸਤੋ, ਮਾਂਵਾਂ ਪਿਉਂਆਂ ਨਾਲ ਐਨਾ ਮਾੜਾ ਵਿਹਾਰ ਨਾ ਕਰੋ। ਮੇਰੇ ਦਿਲ ਚ ਤੜਪ ਐ, ਸਾਡਾ ਪਿਉ ਬਾਰਾਂ ਸਾਲ ਪਹਿਲਾਂ ਸਾਨੂੰ ਛੱਡ ਕੇ  ਸਾਥੋਂ ਦੂਰ ਚਲਾ ਗਿਆ। ਜੇ ਅੱਜ ਜਿਉਂਦਾ ਹੁੰਦਾ ਤਾਂ ਅਸੀਂ ਦੋਵੇਂ ਭਰਾ ਉਸਨੂੰ ਹਰ ਮਹਿੰਗੀ ਖੁਸ਼ੀ ਮੁੱਲ ਲਿਆ ਕੇ ਦਿੰਦੇ। ਉਸ ਖੁਸ਼ੀ ਲਈ ਅਸੀਂ ਹੱਸ ਕੇ ਆਪਣਾ ਆਪ ਵੀ ਵੇਚ ਦੇਣਾ ਸੀ। ਦੋਸਤੋ ਨਾ ਤਾਂ ਮਾਪਿਆਂ ਨੇ ਦੁਬਾਰਾ ਮਿਲਣਾ ਤੇ ਨਾਂ ਆਪਾਂ ਵਾਰ ਵਾਰ ਜੰਮਣਾ। ਇਹ ਬਿਰਧ ਆਸ਼ਰਮ ਚੰਗੇ ਦਿਲਾਂ ਵਾਲੇ ਇਨਸਾਨਾਂ ਦੇ ਮੱਥੇ ‘ਤੇ ਕਲੰਕ ਨੇ। ਐ ਚੰਗੇ ਦਿਲ ਵਾਲੇ ਇਨਸਾਨ,  ਤੂੰ ਮੰਦਰ ਗੁਰਦੁਆਰੇ ਮਸੀਤ ਚਰਚ ਵਿੱਚ ਜਾਨੈਂ। ਉੱਥੋਂ ਚੰਗੀ ਸਿੱਖਿਆ ਲੈ ਕੇ ਆ, ਚੰਗੀਆਂ ਗੱਲਾਂ ਸਿੱਖ ਕੇ ਆ, ਸਾਡੇ ਡੈਡੀ ਲੇਖ਼ਕ ਸਨ ਇੱਕ ਗੀਤ ਗਾਉਂਦੇ ਹੁੰਦੇ ਸਨ,

ਇੱਕ ਵਾਰੀ ਜੇ ਪੈਣ ਵਿਛੋੜੇ,
ਫੇਰ ਤਰਸੀਏ ਰੂਹਾਂ ਨੂੰ।
ਬੀਤ ਜਾਣ ਭਾਵੇ ਸਾਲ ਸੈਕੜੇ,
ਖੂਹ ਨਾ ਮਿਲਦੇ ਖੂਹਾਂ ਨੂੰ।

ਫੇਸਬੁੱਕ ਤੇ ਮਾਂ ਨਾਲ ਫੋਟੋ ਪਾ ਕੇ ਹੀ ਫਰਜ਼ ਪੂਰਾ ਨਹੀ ਹੋ ਜਾਂਦਾ। ਮਦਰਜ਼ ਡੇਅ ਹਰ ਪਲ, ਹਰ ਘੜੀ ਹਰ ਦਿਨ ਹੋਣਾ ਚਾਹੀਦਾ। ਤੁਹਾਡੇ ਬਜੁਰਗ ਤੁਹਾਡੇ ਤੋਂ ਇਹੋ  ਆਸ ਕਰਦੇ ਨੇ।

(ਮਿੰਟੂ ਖੁਰਮੀ ਹਿੰਮਤਪੁਰਾ)

mintukhurmi@gmail.com

Install Punjabi Akhbar App

Install
×