”ਪੈਸੇ ਤੋਂ ਵੱਧ ਤੁਹਾਡੇ ਕੀਤੇ ਕੰਮਾਂ ਦੀ ਵੱਖਰੀ ਪਹਿਚਾਣ ਹੋਣੀ ਜ਼ਰੂਰੀ” -ਮਿੰਟੂ ਬਰਾੜ

ਪੰਜਾਬੀ ਸਾਹਿੱਤ ਸਭਾ ਸੰਗਰੂਰ ਵੱਲੋਂ ਇੱਕ ਸਾਹਿੱਤਿਕ ਸ਼ਾਮ ਮਿੰਟੂ ਬਰਾੜ ਆਸਟ੍ਰੇਲੀਆ ਨਾਲ ਰੂ-ਬ-ਰੂ ਕਰਕੇ ਮਨਾਈ ਗਈ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨੇ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਚਰਨਜੀਤ ਸਿੰਘ ਉਡਾਰੀ, ਭੁਪਿੰਦਰ ਸਿੰਘ ਪੰਨੀਵਾਲੀਆ ਸਿਰਸਾ, ਡਾ. ਭਗਵੰਤ ਸਿੰਘ ਮੀਤ ਪ੍ਰਧਾਨ ਪੰਜਾਬੀ ਸਾਹਿੱਤ ਅਕੈਡਮੀ ਲੁਧਿਆਣਾ, ਡਾ. ਨਰਵਿੰਦਰ ਸਿੰਘ ਸਾਬਕਾ, ਡੀਨ ਕੁਰੂਕਸ਼ੇਤਰ ਯੂਨੀਵਰਸਿਟੀ ਸ਼ਾਮਲ ਹੋਏ। ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਆਰੰਭ ਵਿੱਚ ਭੋਲਾ ਸਿੰਘ ਸੰਗਰਾਮੀ, ਜੰਗ ਸਿੰਘ ਫੱਟੜ, ਜੰਗੀਰ ਸਿੰਘ ਰਤਨ, ਗੁਰਜਿੰਦਰ ਰਸੀਆ, ਗੁਲਜ਼ਾਰ ਸਿੰਘ ਸ਼ੌਂਕੀ, ਦੇਸ਼ ਭੂਸ਼ਨ, ਚਰਨਜੀਤ ਸਿੰਘ ਉਡਾਰੀ, ਅੰਮ੍ਰਿਤ ਅਜ਼ੀਜ਼ ਨੇ ਆਪਣੀਆਂ ਕਾਵਿ ਰਚਨਾਵਾਂ ਸੁਣਾਈਆਂ। ਉਪਰੰਤ ਹਾਜ਼ਰ ਸਾਹਿਤਕਾਰਾਂ ਨੇ ਪਿਆਰ ਵਜੋਂ ਮਿੰਟੂ ਬਰਾੜ ਜੀ ਦਾ ਹਾਰ ਪਾ ਕੇ ਸੁਆਗਤ ਕਰਨ ਪਿੱਛੋਂ ਮਿੰਟੂ ਬਰਾੜ ਜੀ ਦੇ ਜੀਵਨ ਬਿਰਤਾਂਤ ਬਾਰੇ ਬਰਾੜ ਹੁਰਾਂ ਨਾਲ ਇੱਕ ਸੰਵਾਦ ਕੀਤਾ।
ਮਿੰਟੂ ਬਰਾੜ ਨੇ ਬਚਪਨ ਤੋਂ ਲੈ ਕੇ ਆਸਟ੍ਰੇਲੀਆ ਜਾਣ, ਉਥੇ ਰਹਿ ਕੇ, ਉਥੇ ਦੇ ਹੋਣ ਦੇ ਨਾਲ-ਨਾਲ ਇੱਕ ਪੰਜਾਬੀ ਅਤੇ ਪੂਰਨ ਪੰਜਾਬੀਅਤ ਨਾਲ ਜੁੜੇ-ਬਣੇ ਰਹਿਣ ਤੱਕ ਦਾ ਸਾਰਾ ਬਿਰਤਾਂਤ ਬੜੀ ਰਸ ਭਰਪੂਰ ਸ਼ੈਲੀ ਵਿੱਚ ਸੁਣਾਇਆ।

ਸਮਾਜਿਕ ਸਭਿਆਚਾਰ ਵਿੱਚ ਵਿਚਰਦਿਆਂ ਅਤੇ ਪਰਿਵਾਰਿਕ ਸਾਂਝਾਂ ਦੀ ਗੱਲ ਕਰਦਿਆਂ, ਉਨ੍ਹਾਂ ਨੇ ਸੰਸਾਰ ਪੱਧਰ ਤੇ ਮਨਾਏ ਜਾ ਰਹੇ ”ਪਿਤਾ ਦਿਹਾੜੇ…” ਉਪਰ ਆਪਣੇ ਪਿਤਾ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਬਾਗ਼ਬਾਨੀ ਤੋਂ ਲੈ ਕੇ ਬੱਕਰੀਆਂ ਪਾਲਣ ਤੱਕ ਦਾ ਕਾਰੋਬਾਰ ਬੜੇ ਉਤਸ਼ਾਹ ਨਾਲ ਅਰੰਭਿਆ ਪਰ ਬਾਪੂ ਜੀ ਦੇ ਹਰ ਕਾਰੋਬਾਰ ਬਾਰੇ ਸਵਾਲ ਖੜ੍ਹਾ ਕਰਨ ਕਰਕੇ ਉਹ ਕਿਸੇ ਵਿੱਚ ਸੰਪੂਰਨ ਕਾਮਯਾਬ ਨਹੀਂ ਹੋ ਸਕੇ। ਕਾਰਨ ਇਹ ਕਿ ਉਨ੍ਹਾਂ ਪਾਸ ਬਾਪੂ ਜੀ ਦੇ ਸਵਾਲ ਦਾ ਜਵਾਬ ਭਾਲਣਾ ਅਸੰਭਵ ਨਹੀਂ…. ਤਾਂ ਮੁਸ਼ਕਲ ਜ਼ਰੂਰ ਸੀ। ਪਰ ਉਨ੍ਹਾਂ ਨੇ ਇੱਕ ਪਿਤਾ ਦੇ ਸਵਾਲਾਂ ਨੂੰ ਕਦੀ ਵੀ ਨਕਾਰਿਆ ਨਹੀਂ ਅਤੇ ਹਮੇਸ਼ਾ ਸਕਾਰਾਤਮਕ ਸ਼ਕਤੀ ਦਾ ਸੌਮਾ ਬਣਾਉਂਦਿਆਂ, ਉਨ੍ਹਾਂ ਸਵਾਲਾਂ ਦੀ ਪੌੜੀ ਚੜ੍ਹਦਿਆਂ ਹੀ ਅੱਜ ਤੱਕ ਦਾ ਸਫ਼ਰ ਤੈਅ ਕੀਤਾ ਹੈ ਅਤੇ ਉਹ ਹਮੇਸ਼ਾ ਪੰਜਾਬੀਅਤ ਨੂੰ ਕਾਇਮ ਰੱਖਦਿਆਂ ਅਤੇ ਪਿਤਾ ਦੇ ਸਵਾਲਾਂ ਨੂੰ ਨਾ ਭੁੱਲਦਿਆਂ, ਉਨ੍ਹਾਂ ਨਾਲ ਨਵੀਆਂ ਤੋਂ ਨਵੀਆਂ ਪੌੜ੍ਹੀਆਂ ਬਣਾਉਂਦੇ ਰਹਿਣਗੇ ਅਤੇ ਇਨ੍ਹਾਂ ਪੋੜ੍ਹੀਆਂ ਦੀ ਸਦਕਾ ਹੀ ਨਵੀਆਂ ਮੰਜ਼ਿਲਾਂ ਵੀ ਸਰ ਕਰਦੇ ਰਹਿਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕਦੇ ਪੈਸਾ ਇਕੱਠਾ ਕਰਨ ਦੀ ਲਾਲਸਾ ਨਹੀਂ ਸਗੋਂ, ਬਾਬਾ ਨਾਨਕ ਦੇ ਵੰਡ ਛਕੋ ਦੇ ਸਿਧਾਂਤ ਨੂੰ ਹੀ ਉਨ੍ਹਾਂ ਨੇ ਹਮੇਸ਼ਾ ਕਬੂਲਿਆ ਹੋਇਆ ਹੈ ਅਤੇ ”ਕਿਰਤ ਕਰੋ ਤੇ ਵੰਡ ਛਕੋ…” ਬਾਰੇ ਗੱਲਾਂ ਕਰਦਿਆਂ ਉਨ੍ਹਾਂ ਨੇ ਆਪਣੇ ਜੀਵਨ ਨਾਲ ਜੁੜੀਆਂ ਦਿਲਚਸਪ ਘਟਨਾਵਾਂ ਦਾ ਜ਼ਿਕਰ ਵੀ ਕੀਤਾ।
ਉਨ੍ਹਾਂ ਦੱਸਿਆ ਕਿ ਉਹ ਪੱਤਰਕਾਰੀ, ਰੇਡੀਓ ਟਾਕ, ਅਤੇ ਐਪ ਸਿਸਟਮ ਤੋਂ ਇਲਾਵਾ ਸਾਹਿੱਤ ਲਿਖਣ ਵਿੱਚ ਵੀ ਦਿਲਚਸਪੀ ਰੱਖਦੇ ਹਨ। ਉਨ੍ਹਾਂ ਦੀ ਪਹਿਲੀ ਪੁਸਤਕ ਕੈਂਗਰੂਨਾਮਾ ਭਾਸ਼ਾ ਵਿਭਾਗ ਪੰਜਾਬ ਦੇ ਸੈਮੀਨਾਰ ਹਾਲ ਵਿੱਚ ਲੋਕ ਅਰਪਣ ਹੋਈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਤਾਬ ਪੜ੍ਹਨ ਨਾਲੋਂ ਐਪ ਉਤੇ ਕਿਤਾਬਾਂ ਸੁਣਨਾ ਪੰਜਾਬੀ ਸਾਹਿੱਤ ਅਤੇ ਭਾਸ਼ਾ ਦੇ ਵਿਕਾਸ ਲਈ ਸਭ ਤੋਂ ਉਤਮ ਤਰੀਕਾ ਹੈ। ਸਾਨੂੰ ਆਧੁਨਿਕ ਤਕਨੀਕੀ ਜੁਗਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਅਜੋਕੇ ਕਾਲ ਜਿਸ ਨੂੰ ਕਿ ‘ਪੈਸਾ ਪ੍ਰਧਾਨ ਕਾਲ’ ਵੀ ਕਿਹਾ ਜਾਂਦਾ ਹੈ ਬਾਰੇ ਮਿੰਟੂ ਬਰਾੜ ਨੇ ਵੱਖਰੀ ਗੱਲ ਕਰਦਿਆਂ ਕਿਹਾ ਕਿ ਇਹ ਠੀਕ ਹੈ ਕਿ ਪੈਸਾ ਬਹੁਤ ਜ਼ਰੂਰੀ ਹੈ ਅਤੇ ਜੀਵਨ ਦੀਆਂ ਸਹੂਲਤਾਂ ਨੂੰ ਹਾਸਿਲ ਕਰਨ ਵਾਸਤੇ ਪੈਸਾ ਹੀ ਚਾਹੀਦਾ ਹੁੰਦਾ ਹੈ ਪਰੰਤੂ….. ਪੈਸੇ ਨਾਲੋਂ ਜੇਕਰ ਸਾਡੇ ਕੰਮਾਂ ਦੀ ਪਹਿਚਾਣ ਜਨਤਕ ਭਲਾਈ ਲਈ ਹੋਵੇ ਤਾਂ ਉਹ ਬਹੁਤ ਹੀ ਮਹੱਤਵਪੂਰਨ ਅਤੇ ਜ਼ਰੂਰੀ ਕਾਰਜ ਹੋ ਨਿਭੜਦਾ ਹੈ ਅਤੇ ਇਸ ਵਾਸਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ, ”ਪੈਸੇ ਤੋਂ ਵੱਧ ਤੁਹਾਡੇ ਕੀਤੇ ਕੰਮਾਂ ਦੀ ਵੱਖਰੀ ਪਹਿਚਾਣ ਹੋਣੀ ਜ਼ਰੂਰੀ ਹੈ”।
ਸਰਵ ਸ਼੍ਰੀ ਡਾ. ਰਕੇਸ਼ ਕੁਮਾਰ, ਗੁਰਨਾਮ ਸਿੰਘ, ਜੰਗ ਸਿੰਘ ਫੱਟੜ, ਅਰਮ ਗਰਗ ਕਲਮਦਾਨ, ਤੇਜਵੰਤ ਮਾਨ, ਭੁਪਿੰਦਰ ਪੰਨੀਵਾਲੀਆ ਨੇ ਮਿੰਟੂ ਬਰਾੜ ਨਾਲ ਸੰਵਾਦ ਕਰਦਿਆਂ ਕਈ ਸਵਾਲ ਪੁੱਛੇ, ਜਿਨ੍ਹਾਂ ਦਾ ਬੜੇ ਠਰ੍ਹੰਮੇ ਅਤੇ ਦਲੀਲ ਨਾਲ ਬਰਾੜ ਵੱਲੋਂ ਜਵਾਬ ਦਿੱਤਾ ਗਿਆ।
ਉਪਰੰਤ ਸਭਾ ਵੱਲੋਂ ਮਿੰਟੂ ਬਰਾੜ ਅਤੇ ਭੁਪਿੰਦਰ ਪੰਨੀਵਾਲੀਆ ਅਤੇ ਮਨਵਿੰਦਰ ਜੀਤ ਸਿੰਘ ਦਾ ਸਨਮਾਨ ਪੱਤਰ ਤੇ ਪੁਸਤਕਾਂ ਦੇ ਕੇ ਸਨਮਾਨ ਕੀਤਾ ਗਿਆ। ਇਸ ਸਮੇਂ ਪੰਨੀਵਾਲੀਆਂ ਵੱਲੋਂ ਜਰਮਨੀ ਵਿੱਚ ਰਹਿੰਦੇ ਪਾਕਿਸਤਾਨੀ ਪੰਜਾਬ ਦੇ ਲੇਖਕ, ਅਮਜਦ ਆਰਫ਼ੀ ਦੀ ਪੰਜਾਬੀ ਗ਼ਜ਼ਲਾਂ ਦੀ ਪੁਸਤਕ ਚੁੱਪ ਦੀ ਬੁੱਕਲ ਲੋਕ ਅਰਪਣ ਕੀਤੀ। ਸਮਾਗਮ ਦੇ ਆਰੰਭ ਵਿੱਚ ਡਾ. ਭਗਵੰਤ ਸਿੰਘ, ਮਿੰਟੂ ਬਰਾੜ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹੋਏ ਸਾਹਿੱਤਿਕ ਸੰਦਰਭਾਂ ਦੀ ਗੱਲ ਕੀਤੀ।

ਅਖੀਰ ਵਿੱਚ ਮੁੱਖ ਮਹਿਮਾਨ ਡਾ. ਸਵਰਾਜ ਸਿੰਘ ਨੇ ਸਾਰੀ ਚਰਚਾ ਨੂੰ ਸਮੇਟਦਿਆਂ ਪਰਵਾਸ, ਸਭਿਆਚਾਰ ਅਤੇ ਸਾਹਿੱਤ ਵਿਸ਼ੇ ਉਤੇ ਆਪਣੇ ਵਿਸਤਰਿਤ ਵਿਚਾਰ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦਾ ਪਰਵਾਸ ਕੁਦਰਤੀ ਪਰਵਾਸ ਨਹੀਂ ਹੈ, ਸਗੋਂ ਸਰਮਾਏਦਾਰੀ ਪੱਖੀ ਪਰਵਾਸ ਹੈ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਪਰਵਾਸ ਹੀ ਨਹੀਂ ਹੈ, ਸਗੋਂ ਪੰਜਾਬ ਦਾ ਧਨ, ਬੌਧਿਕਤਾ ਅਤੇ ਸਭਿਆਚਾਰਕ ਕੀਮਤਾਂ ਦਾ ਸਰਮਾਏਦਾਰੀ ਦੇ ਹਿਤਾਂ ਲਈ ਨਿਕਾਸ ਹੈ, ਜਿਸ ਨਾਲ ਪੰਜਾਬ ਆਰਥਿਕਤਾ, ਬੌਧਿਕਤਾ ਅਤੇ ਨੈਤਿਕਤਾ ਪੱਖੋਂ ਕੰਗਾਲ ਹੋ ਗਿਆ ਹੈ। ਇਹ ਗੁਰੂ ਦੀ ਸਿੱਖਿਆ ਉਤੇ ਚੱਲਣ ਵਾਲਾ ਸਿੱਖ ਪੰਜਾਬ ਨਹੀਂ ਰਿਹਾ ਸਗੋਂ ਇਹ ਇੱਕ ਭੋਗਵਾਦੀ ਮੰਡੀ ਬਣ ਗਿਆ। ਬੌਧਿਕਤਾ ਅਤੇ ਨੈਤਿਕਤਾ ਆਰਥਿਕਤਾ ਦੇ ਅਧੀਨ ਹੋ ਗਈਆਂ। ਇਸ ਵਿਸ਼ੇ ਉਤੇ ਡਾ. ਭਗਵੰਤ ਸਿੰਘ, ਡਾ. ਤੇਜਵੰਤ ਮਾਨ, ਭੁਪਿੰਦਰ ਪੰਨੀਵਾਲੀਆ ਅਤੇ ਮਿੰਟੂ ਬਰਾੜ ਨੇ ਆਪਣੇ ਵਿਚਾਰ ਰੱਖੇ। ਸਮਾਗਮ ਵਿੱਚ ਸਰਵ ਸ਼੍ਰੀ ਡਾ. ਰਾਜੀਵ ਪੁਰੀ, ਜੀਤ ਹਰਜੀਤ, ਕੁਲਵੰਤ ਕਸਕ, ਜਗਮੇਲ ਸਿੱਧੂ, ਡਾ. ਦਵਿੰਦਰ ਕੌਰ, ਸੁਰਿੰਦਰ ਪਾਲ ਕੌਰ ਰਸੀਆ, ਨਿਹਾਲ ਸਿੰਘ ਮਾਨ, ਨਵਪ੍ਰੀਤ ਸਿੰਘ ਬਰਾੜ, ਅਮਰਿੰਦਰ ਸਿੰਘ ਬਰਾੜ, ਮਨਵਿੰਦਰ ਜੀਤ ਸਿੰਘ ਹਾਜ਼ਰ ਸਨ।
ਸ਼ਿਵ ਕੁਮਾਰ ਬਟਾਲਵੀ ਦੀ ਧਾਰਨਾ ‘ਅਸਾਂ ਤਾਂ ਜੋਬਨ ਰੁੱਤੇ ਮਰਨਾ’ ਨੂੰ ਰੱਦ ਕਰਦਿਆਂ ‘ਅਸਾਂ ਤਾਂ ਜੋਬਨ ਰੁੱਤੇ ਕੁੱਝ ਕਰਨਾ’ ਦੀ ਆਵਾਜ਼ ਨਾਲ ਇਹ ਸਮਾਗਮ ਖ਼ਤਮ ਹੋਇਆ। ਸਟੇਜ ਦੀ ਜ਼ਿੰਮੇਵਾਰੀ ਪੰਜਾਬੀ ਸਾਹਿੱਤ ਸਭਾ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਨੇ ਬਾਖ਼ੂਬੀ ਨਿਭਾਈ।