ਮਿੰਟੂ ਬਰਾੜ ਦਾ ਸੰਗਰੂਰ ਵਿਖੇ ਵਿਸ਼ੇਸ਼ ਸਨਮਾਨ

(ਸੰਗਰੂਰ) ਵਿਦੇਸ਼ ਦੀ ਧਰਤੀ ਤੇ ਪੇਂਡੂ ਆਸਟ੍ਰੇਲੀਆ ਨਾਮ ਦੇ ਪਲੇਟਫ਼ਾਰਮ ਤੋਂ ਪੰਜਾਬੀ ਬੋਲੀ ਦੀ ਮਹਿਕ ਨੂੰ ਬਿਖੇਰਨ ਵਾਲੇ ਅਤੇ ਬਾਬੇ ਨਾਨਕ ਦੇ ‘ਕਿਰਤ ਕਰੋ ਤੇ ਵੰਡ ਛਕੋ….’ ਦੇ ਉਪਦੇਸ਼ ਨੂੰ ਬਾਹਰਲੇ ਮੁਲਕਾਂ ਤੱਕ ਪਹੁੰਚਾਉਣ ਵਾਲੇ ਪ੍ਰਸਿੱਧ ਸਾਹਿੱਤਕਾਰ ਮਿੰਟੂ ਬਰਾੜ ਦਾ ਸੰਗਰੂਰ ਪਹੁੰਚਣ ਤੇ ਕੇ ਟੀ ਰਾਇਲ ਦੇ ਮਾਲਕ ਕੇਵਲ ਸਿੰਘ ਜਲਾਣ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਮਿੰਟੂ ਬਰਾੜ ਨੇ ਕਿਹਾ ਕਿ ਪ੍ਰਮਾਤਮਾ ਦੀ ਮਿਹਰ ਹੈ ਕਿ ਅੱਜ ਉਹ ਆਪਣੀ ਬੋਲੀ ਅਤੇ ਆਪਣੇ ਸਭਿਆਚਾਰ ਅਤੇ ਆਪਣੇ ਗੁਰੂਆਂ ਦੇ ਫ਼ਲਸਫ਼ੇ ਨੂੰ ਦੇਸ਼ ਤੋਂ ਲੈ ਕੇ ਵਿਦੇਸ਼ ਵਿਚ ਹਰ ਰੰਗ ਦੇ ਲੋਕਾਂ ਤੱਕ ਪਹੁੰਚਦਾ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰ ਰਹੇ ਹਨ ਤੇ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ।

ਉਨ੍ਹਾਂ ਕੇ ਟੀ ਪਰਿਵਾਰ ਦੀ ਸਿਫ਼ਤ ਕਰਦਿਆਂ ਕਿਹਾ ਕਿ ਇਸ ਪਰਿਵਾਰ ਨੇ ਇਮਾਨਦਾਰੀ ਅਤੇ ਮਿਹਨਤ ਨਾਲ ਤਰੱਕੀ ਦੀਆਂ ਬੁਲੰਦੀਆਂ ਹਾਸਲ ਕੀਤੀਆਂ ਹਨ ਤੇ ਹਮੇਸ਼ਾ ਸਮਾਜ ਸੇਵਾ ਨੂੰ ਤਵੱਜੋ ਦਿੱਤੀ ਹੈ।

ਸਮਾਗਮ ਦੌਰਾਨ ਹਾਜ਼ਰ ਬੁਲਾਰਿਆਂ ਨੇ ਕਿਹਾ ਕਿ ਮਿੰਟੂ ਬਰਾੜ ਨੇ ਪੰਜਾਬ ਦੇ ਬਾਰਡਰ ਦੇ ਨੇੜਲੇ ਇੱਕ ਨਿੱਕੇ ਜਿਹੇ ਪਿੰਡ ਤੋਂ ਉੱਠ ਕੇ ਆਪਣੀ ਮਿਹਨਤ ਅਤੇ ਲਿਆਕਤ ਦੀ ਬਦੌਲਤ ਆਸਟ੍ਰੇਲੀਆ ਤੱਕ ਦਾ ਕਾਮਯਾਬ ਸਫ਼ਰ ਤੈਅ ਕੀਤਾ ਹੈ ਤੇ ਇਸ ਸਫ਼ਰ ਦੌਰਾਨ ਉਨ੍ਹਾਂ ਆਪਣੀ ਰੋਜ਼ੀ ਕਮਾਉਣ ਦੇ ਨਾਲ ਨਾਲ ਪੰਜਾਬੀ ਭਾਸ਼ਾ ਅਤੇ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਨੂੰ ਜਿਸ ਤਰੀਕੇ ਨਾਲ ਪ੍ਰਫੁੱਲਿਤ ਕੀਤਾ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ, ਉਨ੍ਹਾਂ ਦੁਆਰਾ ਆਪਣੇ ਮੰਚ ਤੋਂ ਕੀਤੇ ਜਾਂਦੇ ਸੋਆਂ ਵਿਚ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਨੂੰ ਪ੍ਰਮੁੱਖਤਾ ਨਾਲ ਵਿਚਾਰਿਆ ਜਾਂਦਾ ਹੈ।

ਇਸ ਮੌਕੇ ਸ਼ਹਿਰ ਦੀਆਂ ਪ੍ਰਸਿੱਧ ਹਸਤੀਆਂ ਏ ਪੀ ਸਿੰਘ ਬਾਬਾ, ਨਰਵਿੰਦਰ ਕੌਸ਼ਲ, ਸੁਖਵਿੰਦਰ ਸਿੰਘ ਫੁੱਲ, ਪਾਲਾ ਮੱਲ ਸਿੰਗਲਾ, ਮੋਹਨ ਸ਼ਰਮਾ, ਪਾਲੀ ਰਾਮ ਬਾਂਸਲ, ਲੇਖਕ ਪ੍ਰੀਤ ਸੰਘਰੇੜੀ, ਮਨਜੀਤ ਸਿੰਘ ਘੁਮਾਣ ਸੀਡ ਫਾਰਮ, ਗੁਰਦੀਪ ਸਿੰਘ ਭੁੱਲਰ, ਰਘੂਰਾਜ ਸਿੰਘ, ਗੁਰਪ੍ਰੀਤ ਸਿੰਘ ਗਰੇਵਾਲ, ਪਰਦੀਪ ਸਿੰਘ ਖਹਿਰਾ, ਜੋਗਿੰਦਰ ਸਿੰਘ ਕਲੌਦੀ, ਗੁਰਮੀਤ ਸਿੰਘ ਜੌਹਲ, ਆਦਿ ਹਾਜ਼ਰ ਸਨ।