ਆਸਟ੍ਰੇਲੀਆਈ ਮੀਡੀਆ ਜਗਤ ਵਿੱਚ ਮਿੰਟੂ ਬਰਾੜ ਦੀ ਹੈਟ-ਟ੍ਰਿਕ -ਗਵਰਨਰ ਦੇ ‘ਮਲਟੀਕਲਚਰ ਐਵਾਰਡ’ ਲਈ ਤੀਸਰੀ ਵਾਰੀ ਉਪ ਜੇਤੂ

ਮੀਡੀਆ ਦੀ ਦੁਨੀਆ ਵਿੱਚ ‘ਮਿੰਟੂ ਬਰਾੜ’ ਦਾ ਨਾਮ ਕੋਈ ਲੁਕਵਾਂ ਨਹੀਂ ਅਤੇ ਨਾਂ ਹੀ ਕਿਸੇ ਅਣ-ਅਰਥਕ ਜਾਂ ਕਿਸੇ ਨਕਲੀ ਅਤੇ ‘ਪਿਛਾਂਹ ਖਿੱਚੂ’ ਵਡਿਆਈ ਦਾ ਮੁਥਾਜ ਹੈ…. ਕਿਉਂਕਿ ਉਹ ਤਾਂ ਬੱਸ ਕੰਮ ਕਰਦਾ ਹੈ… ਭਾਵੇਂ ਮਾਂ ਬੋਲੀ ਲਈ ਹੋਵੇ, ਮੀਡੀਆ ਲਈ ਹੋਵੇ, ਖੇਡਾਂ ਲਈ ਹੋਵੇ, ਸਮਾਜ-ਸੇਵਾ ਲਈ ਹੋਵੇ, ਕਿਸੇ ਦੀ ਮਦਦ ਕਰਨ ਲਈ ਹੋਵੇ ਅਤੇ ਜਾਂ ਫੇਰ ਖੇਤੀ ਲਈ….।

ਖੇਤੀ…. ਜੋ ਕਿ ਉਸ ਦਾ ਖ਼ਾਨਦਾਨੀ ਪੇਸ਼ਾ ਹੈ ਕਿਉਂਕਿ ਉਸ ਦੀਆਂ ਰਗਾਂ ਅੰਦਰ ਕਿਸਾਨ ਦਾ ਹੀ ਖ਼ੂਨ ਦੌੜਦਾ ਹੈ ਇਸੇ ਵਾਸਤੇ ਉਸ ਨੇ ਆਸਟ੍ਰੇਲੀਆ ਅੰਦਰ ਵੀ ਇਹੋ ਕਿੱਤਾ ਚੁਣਿਆ ਹੋਇਆ ਹੈ।

ਸਿਰਫ਼ ਪੰਦਰਾਂ ਕੁ ਵਰ੍ਹੇ ਪਹਿਲਾਂ ਆਸਟ੍ਰੇਲੀਆ ਦੀ ਧਰਤੀ ਉਪਰ ਜਾ ਕੇ ਆਪਣਾ ਭਵਿੱਖ ਭਾਲਣ ਵਾਲਾ ਮਿੰਟੂ ਬਰਾੜ -ਭਾਵੇਂ ਹੋਰਨਾਂ ਦੀ ਤਰ੍ਹਾਂ ਹੀ ਮਜ਼ਦੂਰੀ ਆਦਿ ਕਰ ਕੇ ਆਸਟ੍ਰੇਲੀਆ ਅੰਦਰ ਆਪਣਾ ਸੁਨਹਿਰਾ (ਅਖੌਤੀ) ਭਵਿੱਖ ਬਣਾ ਸਕਦਾ ਸੀ… ਪਰੰਤੂ ਉਸ ਨੇ ਅਜਿਹਾ ਨਹੀਂ ਕੀਤਾ ਅਤੇ ਹਮੇਸ਼ਾ ਕੁੱਝ ਨਾ ਕੁੱਝ ਨਵੇਕਲਾ ਕਰਨ ਦੀ ਹੀ ਲੋਰ ਵਿੱਚ ਤੁਰਦਾ ਰਿਹਾ ਅਤੇ ਆਪਣੀ ਅਣਥੱਕ ਮਿਹਨਤ ਸਦਕਾ ਅਜਿਹੀਆਂ ਕਈ ਮੰਜ਼ਿਲਾਂ ਨੂੰ ਪਾਰ ਕਰਦਾ ਰਿਹਾ ਜਿੱਥੇ, ਜੇਕਰ ਉਹ ਚਾਹੁੰਦਾ ਤਾਂ ਸਿਰਫ਼ ‘ਡਾਲਰ’ ਕਮਾ ਵੀ ਸਕਦਾ ਸੀ ਪਰੰਤੂ ਦੁਨੀਆ ਅਤੇ ਸਮਾਜ ਦਾ ਅਸਲ ਸੱਚ ਸਾਹਮਣੇ ਲਿਆਉਣ ਦੀ ਜਿਹੜੀ ਲਗਨ ਉਸ ਨੂੰ ਪੰਜਾਬ ਵਿੱਚ ਲੱਗੀ ਸੀ.. ਉਸ ਨੇ ਉਸ ਲਗਨ ਦੀ ਅੱਗ ਨੂੰ ਬੁੱਝਣ ਨਹੀਂ ਦਿੱਤਾ ਅਤੇ ‘ਹਰਮਨ ਰੇਡੀਉ’ ਤੋਂ ਲੈ ਕੇ ‘ਪੰਜਾਬੀ ਅਖ਼ਬਾਰ’ ਅਤੇ ਹੁਣ ‘ਪੇਂਡੂ-ਆਸਟ੍ਰੇਲੀਆ’ ਰਾਹੀਂ ਲੋਕਾਂ ਨੂੰ ਜਾਣਕਾਰੀਆਂ ਭਰਪੂਰ ਸੱਚ ਦੇ ਦਰਸ਼ਨ ਕਰਵਾ ਰਿਹਾ ਹੈ… ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ।

ਇੱਥੇ ਇੱਕ ਗੱਲ ਹੋਰ ਕਹਿਣੀ ਵੀ ਵਾਜਬ ਹੋਵੇਗੀ ਕਿ ਅਜਿਹੀਆਂ ਘੱਟ ਹੀ ਸ਼ਖ਼ਸੀਅਤਾਂ ਮੈਂ ਆਪਣੀ ਜ਼ਿੰਦਗੀ ਵਿੱਚ ਦੇਖੀਆਂ ਹਨ ਜੋ ਕਿ ਆਪਣੀਆਂ ਜ਼ਰੂਰਤਾਂ ਨੂੰ ਦਰ ਕਿਨਾਰ ਕਰਕੇ ਆਪਣੀ ਮਿਹਨਤ ਅਤੇ ਲਗਨ ਸਦਕਾ ਕਮਾਇਆ ਹੋਇਆ ਧਨ, ਸਮਾਜ ਦੀ ਭਲਾਈ ਲਈ ਕੀਤੇ ਜਾਣ ਵਾਲੇ ਕਾਰਜਾਂ ਉਪਰ ਲਗਾਉਂਦੇ ਹਨ ਅਤੇ ਮਿੰਟੂ ਬਰਾੜ ਵੀ ਉਸੇ ਚਰਿੱਤਰ ਦਾ ਮਾਲਕ ਹੈ ਅਤੇ ਆਪਣੇ ਕਮਾਏ ਹੋਏ ਪੈਸੇ ਆਪਣੇ ਉਪਰ ‘ਫ਼ਜ਼ੂਲ-ਖ਼ਰਚ’ ਕਰਨ ਦੀ ਬਜਾਏ -”ਮਾਂ-ਬੋਲੀ ਪੰਜਾਬੀ” ਦੀ ਸੇਵਾ, ਸਮਾਜ ਸੇਵਾ, ਲੋੜਵੰਦਾਂ ਦੀ ਮਦਦ, ਖੇਡਾਂ ਆਦਿ ਨੂੰ ਉਤਸ਼ਾਹਿਤ ਕਰਨ, ਅਤੇ ਚਲਾਏ ਜਾ ਰਹੇ ‘ਪੰਜਾਬੀ ਅਖ਼ਬਾਰ’ ਅਤੇ ਯੂ-ਟਿਊਬ ਚੈਨਲ ‘ਪੇਂਡੂ ਆਸਟ੍ਰੇਲੀਆ’ ਦੇ ਖ਼ਰਚਿਆਂ ਉਪਰ ਹੀ ਖ਼ਰਚ ਕਰਦਾ ਰਿਹਾ ਹੈ ਅਤੇ ਲਗਾਤਾਰ ਕਰੀ ਵੀ ਜਾ ਰਿਹਾ ਹੈ….।

ਮੀਡੀਆ ਦੀ ਦੁਨੀਆ ਦੀ ਗੱਲ ਕਰੀਏ ਤਾਂ ਅਸਲ ਵਿੱਚ ਉਸ ਦੀ ਪੇਸ਼ਕਾਰੀ ਦਾ ਅੰਦਾਜ਼ ਹੀ ਉਸ ਨੂੰ ਮੀਡੀਆ ਦੀ ਦੁਨੀਆ ਅੰਦਰ ਖਿੱਚ ਦਾ ਕੇਂਦਰ ਬਣਾਉਂਦਾ ਹੈ ਕਿਉਂਕਿ ਉਸ ਦੀ ਪੇਸ਼ਕਾਰੀ ਵਿੱਚ ਕੁੱਝ ਵੀ ਬਨਾਵਟੀ ਨਹੀਂ ਹੁੰਦਾ ਅਤੇ ਨਾ ਹੀ ਆਮ ਤੌਰ ‘ਤੇ ਕਿਸੇ ਸਕਰਿਪਟ (ਪਹਿਲਾਂ ਤੋਂ ਹੀ ਤਿਆਰ ਕੀਤੀ ਗਈ ਕਹਾਣੀ, ਡਾਇਲਾਗ, ਪ੍ਰੋਡਕਸ਼ਨ ਸਟਾਈਲ ਆਦਿ) ਉਪਰ ਆਧਾਰਤ ਹੁੰਦਾ ਹੈ। ਉਹ ਤਾਂ ਬੱਸ ਜੋ ਦੇਖਦਾ ਹੈ… ਵਾਚਦਾ ਹੈ…. ਅਸਲ ਮਤਲਬ  ਸਮਝ ਕੇ ਸਪਸ਼ਟਤਾ ਦੇ ਨਾਲ ਦਰਸ਼ਕਾਂ ਦੇ ਅੱਗੇ ਪਰੋਸ ਦਿੰਦਾ ਹੈ। ਉਸ ਦੀ ਪੇਸ਼ਕਾਰੀ ਵਿੱਚ ਕੋਈ ਵੀ ਸਮਾਂ ਲੰਘਾਊ ਜਾਂ ਕਹਿ ਲਵੋ ਕਿ ‘ਡੰਗ-ਟਪਾਊ’ ਗੱਲਾਂ ਦੇਖਣ ਨੂੰ ਨਹੀਂ ਮਿਲਦੀਆਂ ਕਿਉਂਕਿ ਉਸ ਦੀ ਹਰ ਪੇਸ਼ਕਾਰੀ ਤੱਥਾਂ ਉਪਰ ਹੀ ਆਧਾਰਿਤ ਹੁੰਦੀ ਹੈ ਅਤੇ ਇਹੋ ਇੱਕ ਸਫਲ ਪੇਸ਼ਕਾਰ ਦੀ ਪਹਿਚਾਣ ਹੁੰਦੀ ਹੈ।

ਆਸਟ੍ਰੇਲੀਆ ਦੇ ਦੱਖਣੀ ਭਾਗ (ਦੱਖਣੀ ਆਸਟ੍ਰੇਲੀਆ ਦੇ ਐਡੀਲੇਡ) ਵਿੱਚ ਰਹਿੰਦਿਆਂ ਹੋਇਆਂ ਉਹ ਸੰਸਾਰ ਦੇ ਹਰ ਕੋਨੇ ਨਾਲ ਜੁੜਿਆ ਹੋਇਆ ਹੈ ਅਤੇ ਉਸ ਦੀ ਆਪਣੀ ਲਗਨ ਮੁਤਾਬਿਕ ਹਰ ਤਰ੍ਹਾਂ ਦੇ ਸਭਿਆਚਾਰਕ, ਸਮਾਜਿਕ ਅਤੇ ਖੇਡਾਂ ਨਾਲ ਜੁੜੇ ਹੋਏ ਪ੍ਰੋਗਰਾਮਾਂ ਵਿੱਚ ਉਸ ਦੀ ਮੌਜੂਦਗੀ ਨਵੇਂ ਰੰਗਾਂ ਨੂੰ ਬੰਨ੍ਹਣ ਦਾ ਕੰਮ ਕਰਦੀ ਰਹੀ ਹੈ। ਇਸ ਗੱਲ ਨੂੰ ਸ਼ਾਇਦ ਭਾਰਤ ਵਿੱਚ ਹੋਵੇ ਤਾਂ ਅਣਗੌਲਿਆ ਕੀਤਾ ਵੀ ਜਾ ਸਕਦਾ ਸੀ ਕਿਉਂਕਿ ਇੱਥੇ ਭਾਰਤ ਵਿੱਚ ਅਸਲੀਅਤ ਤੋਂ ਪਰ੍ਹੇ ‘ਵੀ’ (ਅਸਲ ਵਿੱਚ ‘ਹੀ’) ਬਹੁਤ ਸਾਰੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਨਵੇਕਲੇ ਕੰਮ ਕਰਨ ਵਾਲਿਆਂ ਨੂੰ ਹਮੇਸ਼ਾ (ਆਮ ਤੌਰ ਤੇ) ਕਾਮਯਾਬੀ ਨਸੀਬ ਨਹੀਂ ਹੁੰਦੀ। ਪਰੰਤੂ ਸੰਤੁਸ਼ਟੀ ਇਸ ਗੱਲ ਦੀ ਹੈ ਕਿ ਆਸਟ੍ਰੇਲੀਆ ਅੰਦਰ ਆਮ ਤੌਰ ਤੇ ਅਜਿਹਾ ਕੁੱਝ ਵੀ ਨਹੀਂ ਹੁੰਦਾ ਅਤੇ ਦੁਨੀਆਦਾਰੀ ਰੂਪੀ ਦਰਿਆ ਦੇ ਅਖੌਤੀ ਵਹਾਅ ਤੋਂ ਉਲਟ ਕੰਮ ਕਰਨ ਵਾਲਿਆਂ ਨੂੰ ਸਲਾਹੁਣ ਅਤੇ ਸਨਮਾਨਿਤ ਕਰਨ ਵਿੱਚ ਇੱਥੋਂ ਦੀਆਂ ਸਰਕਾਰਾਂ ਅਤੇ ਸਮਾਜ ਅਣਦੇਖਿਆ ਨਹੀਂ ਕਰਦਾ ਅਤੇ ਚੁੱਪ-ਚਾਪ ਹਰ ਇੱਕ ਕੰਮ ਨੂੰ ਵਾਚਿਆ ਜਾਂਦਾ ਹੈ ਅਤੇ ਸਮਾਂ ਪੈਣ ਤੇ ਹਰ ਉਸ ਕੀਤੇ ਹੋਏ ਕੰਮ ਦੀ ਦਿਲੋਂ ਤਾਰੀਫ਼ ਕੀਤੀ ਜਾਂਦੀ ਹੈ ਜੋ ਕਿ ਅਸਲ ਵਿੱਚ ਲੋਕਾਂ ਦੀ ਭਲਾਈ ਲਈ ਸਮਾਜਿਕ ਤੌਰ ਤੇ ਕੀਤਾ ਜਾਂਦਾ ਹੈ।

ਇਸੇ ਤਰ੍ਹਾਂ ਸਮੇਂ ਸਮੇਂ ਉਪਰ ਆਸਟ੍ਰੇਲੀਆ ਦੀ ਸਰਕਾਰ ਨੇ ਵੀ ਮਿੰਟੂ ਬਰਾੜ ਦੀਆਂ ਕਿਰਤਾਂ ਦਾ ਪੱਖ ਪੂਰਿਆ ਹੈ ਅਤੇ ਉਸ ਦੇ ਕੰਮਾਂ ਨੂੰ ਸਰਕਾਰੀ ਅਤੇ ਜ਼ਿਹਨੀ ਤੌਰ ਤੇ ਭਰਪੂਰ ਸਲਾਹਿਆ ਹੈ ਅਤੇ ਉਸ ਨੂੰ ਸਨਮਾਨਿਤ ਵੀ ਕੀਤਾ ਹੈ। ਪਹਿਲੀ ਵਾਰੀ ਸਾਲ 2013 ਵਿੱਚ ਸਾਊਥ ਆਸਟ੍ਰੇਲੀਆ ਦੀ ਸਰਕਾਰ ਵੱਲੋਂ ‘ਗਵਰਨਰਜ਼ ਮਲਟੀਕਲਚਰ ਅਵਾਰਡ-2013’ ਉਪ ਜੇਤੂ ਨਾਲ ਮਿੰਟੂ ਬਰਾੜ ਦਾ ਸਨਮਾਨ ਕੀਤਾ ਗਿਆ ਸੀ ਅਤੇ ਫੇਰ ਲਗਾਤਾਰ ਦੂਸਰੀ ਵਾਰੀ ਭਾਵ 2014 ਵਿੱਚ ਵੀ ਇਹੋ ਦਾ ਅਵਾਰਡ ਮਿੰਟੂ ਬਰਾੜ ਨੂੰ ਮਿਲਿਆ ਸੀ ਅਤੇ ਖ਼ੁਸ਼ੀ ਦੀ ਗੱਲ ਇਹ ਹੈ ਕਿ ਇਸ ਵਾਰੀ 2020 ਲਈ ਵੀ ਮਿੰਟੂ ਬਰਾੜ ਦਾ ਨਾਮ ਉਸੇ ਅਵਾਰਡ ਲਈ ਅੰਕਿਤ ਕੀਤਾ ਗਿਆ ਜਿਸ ਵਿੱਚ ਇਕ ਬਾਰ ਫੇਰ ਮਿੰਟੂ ਬਰਾੜ ਨੂੰ ਉਪ ਜੇਤੂ ਨਾਲ ਸਨਮਾਨਿਤ ਕੀਤਾ ਗਿਆ ਪਰੰਤੂ ਇਸ ਗੱਲ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਮਿੰਟੂ ਬਰਾੜ ਦੀਆਂ ਸਮਾਜ ਅਤੇ ਖੇਡਾਂ ਪ੍ਰਤੀ ਕਹਿਣੀਆਂ ਅਤੇ ਕਰਨੀਆਂ ਨੂੰ ਸਰਕਾਰ ਪੂਰੀ ਤਰ੍ਹਾਂ ਵਾਚਦੀ ਹੈ ਅਤੇ ਅੱਗੋਂ ਆਉਣ ਵਾਲੇ ਭਵਿੱਖ ਵਿੱਚ, ਮੁੜ ਤੋਂ ਵੀ ਇਸ ਅਵਾਰਡ ਲਈ ਮਿੰਟੂ ਬਰਾੜ ਅਤੇ ਉਸ ਦੇ ਚਾਹੁਣ ਵਾਲਿਆਂ ਦੀ ਉਮੀਦ ਕਾਇਮ ਰਹਿੰਦੀ ਹੈ… ਇਸ ਗੱਲ ਵਿੱਚ ਕੋਈ ਵੀ ਅਤਿਕਥਨੀ ਨਹੀਂ ਹੋਵੇਗੀ।

ਇਸ ਮੌਕੇ ਤੇ ਬੋਲਦਿਆਂ ਮਿੰਟੂ ਬਰਾੜ ਨੇ ਮਾਣਯੋਗ ਗਵਰਨਰ ਹਿਊ ਵੈਨ ਲੀ (His Excellency the Honourable Hieu Van Le AC) ਅਤੇ ਮਾਣਯੋਗ ਪ੍ਰੀਮੀਅਰ ਸਟੀਵਨ ਮਾਰਸ਼ਲ  (The Hon Steven Marshall MP) ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ “ਮੈਂ ਦਿਲੋਂ ਧੰਨਵਾਦੀ ਹਾਂ ਸਾਊਥ ਆਸਟ੍ਰੇਲੀਆ ਦੀ ਸਰਕਾਰ ਦਾ ਜਿਨ੍ਹਾਂ ਹਰ ਵੇਲੇ ਇਕਲੌਤੇ ਮੇਰਾ ਸਾਥ ਹੀ ਨਹੀਂ ਦਿੱਤਾ ਸਗੋਂ ਮੇਰੇ ਕੰਮਾਂ ਤੋਂ ਕਿਤੇ ਵੱਡੇ ਇਨਾਮ ਵੀ ਦਿੱਤੇ।” ਅੱਗੇ ਬੋਲਦਿਆਂ ਉਹਨਾਂ ਦੱਖਣੀ ਆਸਟ੍ਰੇਲੀਆ ਦੀ ਵਿਰੋਧੀ ਧਿਰ ਦੇ ਨੇਤਾ ਮਾਣਯੋਗ ਪੀਟਰ ਮੈਲੀਨਾਸਕਸ (ਐੱਮ.ਪੀ., ਜੋਏ ਬੇਟੀ ਸ਼ੈਡੋ ਮੰਤਰੀ, ਰੱਸਲ ਵਾਟਲੇ ਅਤੇ ਡਾਨਾ ਵਾਟਲੇ ਦਾ ਵੀ ਧੰਨਵਾਦ ਕੀਤਾ। ਉਹਨਾਂ ਆਪਣਾ ਇਹ ਇਨਾਮ ਆਪਣੀ ਟੀਮ ਅਤੇ ਆਪਣੇ ਚਾਹੁਣ ਵਾਲਿਆਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ “ਇਹ ਮੇਰਾ ਨਹੀਂ ਇਹ ਸਾਡਾ ਇਨਾਮ ਹੈ।” ਉਹਨਾਂ ਇਸ ਮੌਕੇ ਦੱਸਿਆ ਕਿ ਉਹਨਾਂ ਦਾ ਮੁਕਾਬਲਾ ਤਿੰਨ ਤੋਂ ਪੰਜ ਦਹਾਕੇ ਪੁਰਾਣੇ ਮੀਡੀਆ ਘਰਾਨਿਆਂ ਨਾਲ ਸੀ। ਜਿਨ੍ਹਾਂ ਕੋਲ ਵੱਡੇ-ਵੱਡੇ ਬਜਟ ਹੁੰਦੇ ਹਨ ਅਤੇ ਇਕ ਪਾਸੇ ਅਸੀਂ ਰੋਜ਼ੀ ਰੋਟੀ ਦੇ ਫ਼ਿਕਰਾਂ ਦੇ ਨਾਲ ਨੰਗੇ ਧੜ ਮੈਦਾਨ ਵਿਚ ਇਹਨਾਂ ਲੋਕਾਂ ਨੂੰ ਮੁਕਾਬਲਾ ਦਿੱਤਾ। 

ਬੀਤੇ 8 ਸਾਲਾਂ ਤੋਂ ਲਗਾਤਾਰ ਮਿੰਟੂ ਬਰਾੜ ਨਾਲ ਕੰਮ ਕਰਦਿਆਂ ਹਰ ਤਰ੍ਹਾਂ ਦੇ ਉਤਾਰ ਚੜ੍ਹਾਅ ਦੇਖਦਿਆਂ ਹਮੇਸ਼ਾ ਇਹੋ ਕਹਿਣਾ ਲੋਚਦਾ ਹਾਂ ਕਿ -ਸ਼ਾਲਾ…. ਦੁਆ ਤਾਂ ਹਮੇਸ਼ਾ ਇੱਕੋ ਹੀ ਹੁੰਦੀ ਰਹੀ ਹੈ ਅਤੇ ਭਵਿੱਖ ਵਿਚ ਹੁੰਦੀ ਵੀ ਰਹੇਗੀ ਕਿ ਨਵੇਕਲਾ ਕੰਮ ਕਰਨ ਦੀ ਹਿੰਮਤ ਰੱਖਣ ਵਾਲਿਆਂ ਨੂੰ ‘ਰੱਬ’ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰੱਖੇ ਅਤੇ ਹਮੇਸ਼ਾ ਉਨ੍ਹਾਂ ਦੇ ਦਿਲ-ਓ-ਦਿਮਾਗ਼ ਅੰਦਰ ਕੁੱਝ ਨਾ ਕੁੱਝ ਨਵਾਂ ਕਰਨ ਦੀ ਤੌਫ਼ੀਕ ਅਤਾ ਫਰਮਾਉਂਦਾ ਰਹੇ…. ਆਮੀਨ..ਆਖ਼ਿਰ ਵਿੱਚ ਉਹਨਾਂ ਸਭ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਮਿੰਟੂ ਬਰਾੜ ਦੀ ਹਸਤੀ ਨੂੰ ਪਹਿਚਾਣਿਆ ਹੈ ਅਤੇ ਬਣਦੇ ਮਾਣ-ਸਨਮਾਨਾਂ ਨਾਲ ਨਿਵਾਜਿਆ ਹੈ।

Install Punjabi Akhbar App

Install
×