ਮਿੰਟੂ ਬਰਾੜ ਤਾਂ ਇਕ ਚਲਦੀ-ਫਿਰਦੀ ਸੰਸਥਾ ਹੈ…

mintubrarbababakala” ਮੇਰਾ ਜੀਅ ਕਰਦਾ ਹੈ ਕਿ ਮੈਂ ਗੁਰਾਂ ਦੀ ਚਰਨ ਛੋਹ ਮਾਝੇ ਦੀ ਧਰਤੀ ਨੂੰ ਬਾਰ-ਬਾਰ ਪ੍ਰਣਾਮ ਕਰਾਂ “ ਇਹ ਅਲਫਾਜ਼ ਸਨ ਆਸਟ੍ਰੇਲੀਆ ਨਿਵਾਸੀ ਪ੍ਰਵਾਸੀ ਸਾਹਿਤਕਾਰ ਤੇ ਪੱਤਰਕਾਰ ਗੁਰਸ਼ਮਿੰਦਰ ਸਿੰਘ (ਮਿੰਟੂ ਬਰਾੜ) ਦੇ, ਜਦੋਂ ਓਹ ਮਾਝੇ ਦੀ ਧਰਤੀ ਦੇ ਸਾਹਿਤਕਾਰਾਂ ਦੀਆਂ ਮਹਿਫਲਾਂ ਵਿਚ ਆਪਣੇ ਮਿੱਤਰ-ਪਿਆਰਿਆਂ ਤੇ ਸਨੇਹੀਆਂ ਅਤੇ ਕੁਝ ਵਿਦਿਅਕ ਅਦਾਰਿਆਂ ਦੇ ਨੌਜਵਾਨ ਮੁੰਡੇ-ਕੁੜੀਆਂ ਨਾਲ ਮੁਲਾਕਾਤਾਂ ਦੀ ਪੀਂਢੀ ਸਾਂਝ ਪਾ ਕੇ ਅਤੇ ਫਿਰ ਮਿਲਣ ਦਾ ਵਾਅਦਾ ਕਰਕੇ  2 ਫਰਵਰੀ ਨੂੰ ਸਾਡੇ ਤੋਂ ਵਿਦਾਅ ਹੋਇਆ। ਸੱਚੀ ਗੱਲ ਤਾਂ ਇਹ ਕਿ ਉਸਦੇ ਨਾਲ ਕੁਝ ਦਿਨ੍ਹਾਂ ਦੀ ਸਾਂਝ ਸਾਡੇ ਜਿੰਦਗੀ ਦੇ ਸਫਰ ਨੂੰ ਹੋਰ ਵੀ ਤਰੋ-ਤਾਜ਼ਾ ਤੇ ਰਮਣੀਕ ਬਣਾ ਗਈ।
ਮੈਂ ਨਿੱਜੀ ਤੌਰ ਤੇ ਹਰਮਨ ਰੇਡੀਓ ਆਸਟ੍ਰੇਲੀਆ ਤੇ ਸਮੇਂ-ਸਮੇਂ ਨਾਲ ਬ੍ਰਾਡਕਾਸਟ ਹੋਣ ਵਾਲੇ ਉਸਦੇ ਪ੍ਰੋਗਰਾਮਾਂ ਨੂੰ ਸੁਣ-ਸੁਣ ਕੇ ਉਸਦਾ ਫੈਨ ਤਾਂ ਬਣ ਹੀ ਚੁੱਕਾ ਸੀ, ਪਰ ਪਿਛਲੇ ਵਰ੍ਹੇ ਜਦੋਂ ਚੰਡੀਗੜ੍ਹ’ ਚ ਉਸਦੀ ਪਲੇਠੀ ਪੁਸਤਕ ਦੀ ਘੁੰਡ ਚੁਕਾਈ ਮੌਕੇ’ ਤੇ ਉਸ ਨਾਲ ਮੁਲਾਕਾਤ ਸਮੇਂ ਉਸ ਦੀਆਂ ਸਿੱਧ-ਪੱਧਰੀਆਂ ਪਰ ਗਿਆਨ ਭਰਪੂਰ ਤੇ ਮਿੱਠੀ ਜਿਹੀ ਮਲਵਈ ਬੋਲੀ ਵਿਚ ਗੱਲਾਂ ਸੁਣ ਕੇ ਤਾਂ ਬਸ ਉਸ ਦਾ ਦਿਲੀ ਪ੍ਰਸੰਸਕ ਬਣ ਗਿਆ ਹਾਂ।
ਪਿਛਲੇ ਦਿਨ੍ਹੀਂ, ਜਦੋਂ ਮੈਨੂੰ ਉਸਦੀ ਇਸ ਵਾਰ ਦੀ ਭਾਰਤ ਫੇਰੀ ਦਾ ਪਤਾ ਲਗਾ ਤਾਂ ਮੈਂ ਉਸਨੂੰ ਅੰਮ੍ਰਿਤਸਰ ਸਾਹਿਬ ਆਉਂਣ ਦਾ ਸੱਦਾ ਦਿੱਤਾ ਤਾਂ ਉਸਨੇ ਮੇਰੇ ਸੱਦੇ ਨੂੰ ਝੱਟ ਪ੍ਰਵਾਨ ਕਰ ਲਿਆ।ਮਾਝੇ ਦੀ ਧਰਤੀ ਤੇ ਪਹਿਲੇ ਦਿਨ ਤਾਂ ਮਿੰਟੂ ਬਰਾੜ ਨੇ ਦਰਬਾਰ ਸਾਹਿਬ (ਅੰਮ੍ਰਿਤਸਰ ਸਾਹਿਬ) ਨਤਮਸਤਕ ਹੋਣਾ ਕੀਤਾ। ਮਿੰਟੂ ਬਰਾੜ ਨੇ ਬੜੇ ਹੀ ਭਾਵੁਕ ਜਿਹੇ ਲਹਿਜੇ ‘ਚ ਮੈਨੂੰ ਕਿਹਾ,” ਭਾਜੀ, ਤੁਸੀਂ ਬੜੇ ਹੀ ਭਾਗਾਂ ਵਾਲੇ ਹੋ, ਜੋ ਗੁਰੂ ਦੀ ਨਗਰੀ ਦੇ ਇੰਨ੍ਹੇ ਨਜ਼ਦੀਕ ਵੱਸਦੇ ਹੋ, ਅਸੀਂ ਤਾਂ ਪ੍ਰਵਾਸੀ ਪਰਿੰਦੇ ਹਾਂ, ਜੋ ਕਦੇ ਕਦੇ ਵਰ੍ਹਿਆਂ ਬਾਅਦ ਇਥੋਂ ਦੀ ਪ੍ਰਵਾਜ਼ ਕਰਦੇ ਹਾਂ।”
ਅੰਮ੍ਰਿਤਸਰ ਸਾਹਿਬ ਵਿਖੇ ਮਿੰਟੂ ਬਰਾੜ ਨੇ ਸ੍ਰ. ਪ੍ਰਮਿੰਦਰਜੀਤ ਸਿੰਘ ਅਤੇ ਸ੍ਰ. ਭੂਪਿੰਦਰਪ੍ਰੀਤ ਸਿੰਘ ਅਤੇ ਹੋਰ ਸਾਹਿਤਕ ਦੋਸਤਾਂ-ਮਿੱਤਰਾਂ ਦੇ ਵਿਹੜਿਆਂ ਵਿਚ ਸਜਾਈਆਂ ਸਾਹਿਤਕ ਮਿਲਣੀਆਂ ਦੇਰ ਰਾਤ ਤੱਕ ਸਿੰਗਾਰ ਬਣਿਆ ਰਿਹਾ। ਹਰ ਕੋਈ ਇਸ ਮਿਲਾਪੜੇ ਸੁਭਾਅ ਦੇ ਸਾਹਿਤਕਾਰ ਦੇ ਬਾਰੇ ਬੜੀ ਉਤਸੁੱਕਤਾ ਨਾਲ ਜਾਨਣਾ ਚਾਹੁੰਦਾ ਸੀ। ਮਿੰਟੂ ਵੀ ਆਪਣੇ ਖੁੱਲੇ ਸੁਭਾਅ ਅਨੁਸਾਰ ਬੇਝਿੱਜਕ ਹੋ ਕੇ ਆਪਣੀ ਜਿੰਦਗੀ ਅਤੇ ਸਾਹਿਤਕ ਸਫਰ ਦੇ ਤਜ਼ਰਬੇ ਸਾਂਝੇ ਕਰ ਰਿਹਾ ਸੀ। ਉਸਦਾ ਪਹਿਲੀ ਰਾਤ ਦਾ ਪੜਾਅ ਗਿਆਨੀ ਸੰਤੋਖ ਸਿੰਘ ਦੇ ਘਰ ਸੀ।
ਅਗਲੇ ਦਿਨ, ਬਾਬਾ ਬਕਾਲਾ ਸਾਹਿਬ ਦੀ ‘ ਪੰਜਾਬੀ ਸਾਹਿਤ ਸਭਾ ‘ ਦੇ ਪ੍ਰਬੰਧਕਾਂ ਵੱਲੋਂ ਮਿੰਟੂ ਬਰਾੜ ਅਤੇ ਸੰਤੋਖ ਸਿੰਘ ਭੁੱਲਰ ਨਾਲ ਰੂਬਰੂ ਪ੍ਰੋਗਰਾਮ ਉਲੀਕਿਆ ਹੋਇਆ ਸੀ। ਸਵੇਰੇ ਮੈਨੂੰ ਸਾਝਰੇ ਹੀ ਮਿੰਟੂ ਬਰਾੜ ਦਾ ਫੋਨ ਆ ਗਿਆ ਕਿ ਮੈਂ ਅੰਮ੍ਰਿਤਸਰ ਸਾਹਿਬ ਤੋਂ ਚਲ ਪਿਐਂ ਹਾਂ ਤੇ ਪੌਣੇ ਕੁ ਦੱਸ ਵੱਜੇ ਬਾਬਾ ਸਾਹਿਬ ਪਹੁੰਚ ਜਾਵਾਂਗਾ। ਮੈਂ ਕਿਹਾ ” ਭਾਜੀ, ਜੋ ਤੁਹਾਨੂੰ 10 ਵੱਜੇ ਦਾ ਟੈਮ ਦਿੱਤਾ ਹੈ, ਪਰ ਇਥੇ ਪੰਜਾਬ ‘ਚ 10 ਵੱਜੇ ਦਾ ਭਾਵ ਹੈ ਕਿ ਕਰੀਬ 11 ਵੱਜੇ ਪ੍ਰੋਗਰਾਮ ਆਰੰਭ ਹੋਵੇਗਾ।” ਮੇਰੀ ਗੱਲ ਸੁਣ ਕੇ ਉਹ ਟੈਲੀਫੌਨ ਤੇ ਉਚੀ ਦੇਨੈ ਹੱਸਿਆ ਤੇ ਬੋਲਿਆ,” ਬਾਈ ਜੀ, ਜਾਪਦੈ ਕਿ ਤੁਸੀਂ ਪੰਜਾਬ ਵਾਲੇ ਕਦੇ ਟੈਮ ਦੇ ਪਾਬੰਦ ਨਹੀਂ ਹੋਣ ਲਗੈ।”  ਖੈਰ, ਓਸਨੇ ਸਮਾਂ ਪਾਸ ਕਰਨ ਲਈ ਰਸਤੇ ‘ਚ ਇਕ ਸਾਹਿਤਕ ਮਿੱਤਰ ਲਖਵਿੰਦਰ ਸਿੰਘ ਹਵੇਲੀਆਣਾ ਕੋਲ ਰੁੱਕਣਾ ਕਰ ਲਿਆ।
ਫਿਰ ਵੀ ਓਹ ਐਨ ਸਮੇਂ ਨਾਲ ਸਾਡੇ ਕੋਲ ਪਹੁੰਚ ਹੀ ਗਏ। ਉਹਨਾਂ ਨਾਲ ਗਿਆਨੀ ਸੰਤੋਖ ਸਿੰਘ ਤੇ ਹਵੇਲੀਆਣਾ ਜੀ ਵੀ ਆਏ ਹੋਏ ਸਨ। ਪਹਿਲਾਂ ਤਾਂ ਸਾਹਿਤ ਸਭਾ ਦੇ ਮਿੱਤਰਾਂ- ਦੋਸਤਾਂ ਨੇ ਕਵਿਤਾਵਾਂ ਤੇ ਗੀਤਾਂ ਨਾਲ ਖੂਬ ਮਹਿਫਲ ਗਰਮ ਕੀਤੀ। ਮਿੰਟੂ ਬਰਾੜ ਨੇ ਸਭ ਨੂੰ ਸੁਣਿਆ ਤੇ ਉਤਸ਼ਾਹਤ ਵੀ ਕੀਤਾ। ਆਖਿਰ ਵਿਚ ਉਨ੍ਹਾਂ ਨੇ ਆਪਣੀ ਜਿੰਦਗੀ ਦੇ ਸਮਾਜ-ਸੇਵਾ ਅਤੇ ਸਾਹਿਤਕ ਸਫਰ ਦੇ ਤਜ਼ਰਬੇ ਸਾਂਝੇ ਕੀਤੇ। ਸਰੋਤਿਆਂ ਨੇ ਕਾਫੀ ਸੰਵਾਦ ਵੀ ਰਚਾਇਆ ਤੇ ਮਿੰਟੂ ਜੀ ਨੇ ਹਰੇਕ ਸ੍ਰੋਤੇ ਦੇ ਸਾਵਾਲ ਦਾ ਬਾ-ਖੂਬੀ ਜਾਵਾਬ ਵੀ ਦਿੱਤਾ। ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰਵਾਸੀ ਸਾਹਿਤਕਾਰ ਮਿੰਟੂ ਬਰਾੜ, ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ ਅਤੇ ਸੰਤੋਖ ਸਿੰਘ ਭੁੱਲਰ ਯੂ. ਕੇ. ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਹੁਣ ਅਗਲਾ ਸਫਰ ਸੀ ਅੰਮ੍ਰਿਤਸਰ ਸਾਹਿਬ ਦੇ ਕੁਝ ਹੋਰ ਸਾਹਿਤਕਾਰਾਂ ਨਾਲ ਮਿਲਣੀ ਦਾ, ਜੋ ਦੇਰ ਰਾਤ ਤੱਕ ਚਲੀ ਤੇ ਸਾਰਿਆਂ ਲਈ ਯਾਦਗਾਰੀ ਹੋ ਨਿੱਭੀ।
ਦੇਰ ਰਾਤ ਮਿੰਟੂ ਬਰਾੜ ਆਪਣੇ ਇਕ ਸਾਥੀ ਸ਼ਿਵਦੀਪ ਨਾਲ ਮੇਰੇ ਕੋਲ ਮਹਿਤਾ ਚੌਂਕ ਪਹੁੰਚੇ। ਅਗਲੇ ਦਿਨ ਆਪਣੀ ਭਾਬੀ (ਭਾਵ ਮੇਰੀ ਜੀਵਨ-ਸਾਥਣ) ਦੇ ਹੱਥਾਂ ਦੇ ਬਣਾਏ ਚਾਹ-ਪਰੌਂਠਿਆਂ ਦਾ ਨਾਸ਼ਤਾ ਕਰਕੇ, ਉਹਨਾਂ ਨੇ ਮਿਥੇ ਹੋਏ ਪ੍ਰੋਗਰਾਮ ਅਨੁਸਾਰ ਸਥਾਨਕ ਦਸ਼ਮੇਸ਼ ਵਿਦਿਅਕ ਸੰਸਥਾਵਾਂ ਅਧੀਨ ਚਲ ਰਹੇ ਕੁੜੀਆਂ ਦੇ ਕਾਲਜ਼ ਵਿਚ ਸੈਮੀਨਾਰ ਵਿਚ ਵਿਦਿਆਰਥਣਾਂ ਵੱਲੋਂ ਪੁੱਛੇ ਗਏ ਵਿਦੇਸ਼ੀ ਪੜਾਈ ਸਬੰਧੀ ਸਵਾਲਾਂ ਤੇ ਸ਼ੰਕਿਆਂ ਦੇ ਉਤਰ ਦਿੱਤੇ।ਇਸ ਤੋਂ ਭਾਆਦ ਸ. ਵਰਿੰਦਰਪਾਲ ਸਿੰਘ ਕੋਹਲੀ ਅਤੇ ਪ੍ਰਿੰਸੀਪਲ ਹਰਵਿੰਦਰ ਸਿੰਘ  ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਠੀਕ ਸਾਢੇ ਗਿਆਰ੍ਹਾਂ ਵੱਜੇ ਮਾਨਾਵਾਲੇ ਦੇ ਸਿਰੀ ਸਾਂਈ ਫਾਰਮੇਸੀ ਕਾਲਜ਼ ਵਿਚ ਵੀ ਵਿਦਿਆਥੀਆਂ ਨਾਲ ਸਾਂਝ ਪਾਈ, ਜਿਥੋਂ ਦੇ ਵਿਦਿਆਰਥੀਆਂ ਨੇ ਮਿੰਟੂ ਬਰਾੜ ਨਾਲ ਵਿਦੇਸ਼ੀ ਪੜਾਈ ਅਤੇ ਰਹਿਣ-ਸਹਿਣ ਬਾਰੇ ਕਾਫੀ ਸਵਾਲ-ਜਵਾਬ ਕੀਤੇ।
ਕੁੱਲ ਮਿਲਾ ਕੇ ਮੈਨੂੰ ਅਤੇ ਮਾਝੇ ਦੇ ਹੋਰ ਸ੍ਰੋਤਿਆਂ ਨੂੰ ਮਿੰਟੂ ਬਰਾੜ ਇਕ ੱਿਸੱਧਾ-ਸਾਧਾ, ਅੱਣਥਕ, ਬੇਬਾਕ, ਨਿਡਰ ਅਤੇ ਸਮਾਜਿਕ, ਵਿਦਿਅਕ, ਧਾਰਮਿਕ ਅਤੇ ਰਾਜਨੀਤਕ ਖੇਤਰ ਦੀ ਭਰਪੂਰ ਸੋਝੀ ਰਖਣ ਵਾਲਾ ਵਿਅਕਤੀ ਨਜ਼ਰ ਆਇਆ ਹੈ। ਇਕ ਗੱਲ ਹੋਰ ਕਿ ਓਹ ਆਪਣੇ ਜੀਵਨ ਦੇ ਬੀਤੇ ਲਮਹਿਆਂ ਵਿਚੋਂ ਵਿਅੰਗਮਈ ਟੋਟਕੇ ਲੈ ਕੇ ਜਿੰਦਗੀ ਦੀਆਂ ਰਹਸਮਈ ਸੇਧਾਂ ਦੇਣ ਵਿਚ ਬਹੁਤ ਹੀ ਮੁਹਾਰਤ ਰਖਦਾ ਹੈ। ਆਸ ਹੈ ਕਿ ਉਸ ਨਾਲ ਬਿਤਾਏ ਜੀਵਨ ਦੇ ਕੀਮਤੀ ਪਲ ਸਾਡੀ ਜਿੰਦਗੀ ਵਿਚ ਵਿਚ ਕਿਤੇ ਨਾ ਕਿਤੇ ਜਰੂਰ ਅਗਵਾਈ ਕਰਨਗੇ ਤਾਂ ਕੁਦਰਤੀ ਹੈ ਕਿ ਅਸੀਂ ਉਸਨੂੰ ਉਸ ਪਲ ਤਾਂ ਜਰੂਰ ਯਾਦ ਕਰਾਂਗੇ, ਸੱਚ ਤਾਂ ਇਹ ਹੈ ਕਿ ਦੋਸਤੋ ਮਿੰਟੂ ਬਰਾੜ ਇਕ ਚਲਦੀ ਫਿਰਦੀ ਸੰਸਥਾ ਹੈ, ਜੋ ਬਗੈਰ ਕਿਸੇ ਫੀਸ ਦੇ ਆਮ ਲੋਕਾਂ ਨੂੰ ਸਿਖਿਅਤ ਕਰਨ ਦਾ ਸ਼ੈਦਾਈ ਹੈ। ਪਰ ਉਹ ਆਪ ਹੀ ਆਖਦੈ ਕਿ ਉਸਨੂੰ ਲੋਕਾਂ ਵਿਚ ਵਿਚਰਨ ਦਾ ਜਨੂੰਨ ਹੈ ਜੋ ਉਹ ਦਿਨ ਰਾਤ ਘੁੰਮ ਕੇ ਪਾਲ ਰਿਹਾ ਏ। ਰੱਬ ਕਰੇ ਉਸਦਾ ਇਹ ਜਨੂੰਨ ਸਦਾ ਕਾਇਮ ਰਹੇ।

ਦਲਜੀਤ ਸਿੰਘ

Install Punjabi Akhbar App

Install
×