ਆਸਟ੍ਰੇਲੀਆ ਤੋਂ ਕੈਨੇਡਾ ਫੇਰੀ ‘ਤੇ ਆਏ ਮਿੰਟੂ ਬਰਾੜ ਅਤੇ ਅਮਨਦੀਪ ਸਿੰਘ ਸਿੱਧੂ ਨਾਲ ਸਰੀ ‘ਚ ਰੂ ਬ ਰੂ

IMG_5357 MINTU BRAR AND AMANDEEP SIDHU IN CANADA 2016 LR

ਆਸਟ੍ਰੇਲੀਆ ਤੋਂ ਆਏ ਦੋ ਮੀਡੀਆ-ਕਰਮੀਆਂ, ਪੰਜਾਬੀ ਅਖ਼ਬਾਰ ਦੇ ਸੰਪਾਦਕ ਤੇ ਹਰਮਨ ਰੇਡੀਉ ਦੇ ਸੰਚਾਲਕ ਸ. ਗੁਰਸ਼ਮਿੰਦਰ ਸਿੰਘ ਉਰਫ਼ ਮਿੰਟੂ ਬਰਾੜ ਅਤੇ ਹਰਮਨ ਰੇਡੀਉ ਦੇ ਮੁਖੀ ਤੇ ਆਸਟ੍ਰੇਲਿਆਈ ਸਿਖ ਖੇਡਾਂ ਦੇ ਪ੍ਰਧਾਨ ਸ. ਅਮਨਦੀਪ ਸਿੰਘ ਸਿੱਧੂ ਦੇ ਸੁਆਗਤ ਵਿਚ 25 ਜੂਨ 2016 ਨੂੰ ਦੁਪਹਿਰ ਡੇਢ ਵਜੇ, ਸੁੱਖੀ ਬਾਠ ਮੋਟਰਜ਼ ਦੇ ਸੈਵਨ ਸਟੂਡੀਓ ਵਿਖੇ, ਇਕ ਸਮਾਗਮ ਰਚਾਇਆ ਗਿਆ, ਜਿਸ ਵਿਚ ਲੋਅਰਮੇਨਲੈਂਡ ਦੀਆਂ ਸਾਹਿੱਤ ਤੇ ਸਮਾਜਿਕ ਗਤੀਵਿਧੀਆਂ ਨਾਲ ਜੁੜੀਆਂ ਉੱਘੀਆਂ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ। ‘ਮੇਡਨ ਪੰਜਾਬ’ ਟੀਵੀ ਦੇ ਸੰਚਾਲਕ ਨਵਲਪ੍ਰੀਤ ਰੰਗੀ ਨੇ ਸੈਵਨ ਸਟੂਡੀਓ ਦੀ ਮਹੱਤਤਾ ਬਾਰੇ ਦੱਸਣ ਮਗਰੋਂ ਏਥੇ ਹੁੰਦੀਆਂ ਸਾਹਿੱਤਿਕ ਤੇ ਸਭਿਆਚਾਰਕ ਗਤੀਵਿਧੀਆਂ ‘ਤੇ ਚਾਨਣਾ ਪਾਇਆ ਤੇ ਫਿਰ ਇਸ ਪ੍ਰੋਗਰਾਮ ਦਾ ਸੰਚਾਲਨ ਕਰਨ ਨਾਮਵਰ ਸ਼ਾਇਰ ਮੋਹਨ ਗਿੱਲ ਨੂੰ ਬੇਨਤੀ ਕੀਤੀ।

ਮੋਹਨ ਗਿੱਲ ਨੇ ਸਟੇਜ ‘ਤੇ ਆ ਕੇ ਮਿੰਟੂ ਬਰਾੜ ਦੀ ਲਿਖੀ ਚਰਚਿਤ ਪੁਸਤਕ ‘ਕੈਂਗਰੂਨਾਮਾ’ ਬਾਰੇ ਸੰਖੇਪ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਸਰੋਤਿਆਂ ਦੇ ਰੂ ਬ ਰੂ ਹੋਣ ਦੀ ਬੇਨਤੀ ਕੀਤੀ। ਮਿੰਟੂ ਬਰਾੜ ਨੇ ਆਪਣੇ ਬਾਰੇ ਗਲ ਕਰਦਿਆਂ ਕਿਹਾ ਕਿ ਉਹ ਪਿੱਛੋਂ ਹਰਿਆਣੇ ਦੇ ‘ਸਿਰਸਾ’ ਜ਼ਿਲ੍ਹੇ ਦੇ ਪਿੰਡ ਦੇਸੂ ਮਲਕਾਣਾ ਦੇ ਵਸਨੀਕ ਹਨ ਤੇ ਉਨ੍ਹਾਂ ਦਾ ਪਰਿਵਾਰ ‘ਬਾਗ ਵਾਲੇ’ ਦੀ ਅਲ ਕਰਕੇ ਜਾਣਿਆ ਜਾਂਦਾ ਹੈ। ਉਨ੍ਹਾਂ ਆਸਟ੍ਰੇਲੀਆ ਆਉਣ ਦੇ ਕਾਰਨਾਂ ਦੀ ਗੱਲ ਕਰਦਿਆ ਕਿਹਾ ਕਿ ਉਹ 2007 ਵਿਚ ਦੱਖਣੀ ਆਸਟ੍ਰੇਲੀਆ ਦੇ ਰਿਵਰਲੈਂਡ ਇਲਾਕੇ ਦੇ ‘ਬੈਰੀ’ ਕਸਬੇ ਵਿਚ ਆਪਣੇ ਰਿਸ਼ਤੇਦਾਰਾਂ ਕੋਲ ਆਏ। ਖੇਤਾਂ ਵਿਚ ਕੰਮ ਕਰਨ ਨੂੰ ਤਰਜੀਹ ਨਾ ਦੇ ਕੇ ਆਪਣੇ ਦ੍ਰਿੜ ਇਰਾਦੇ ਨੂੰ ਕਾਇਮ ਰੱਖਦਿਆਂ ਛੇਤੀ ਹੀ ਇਕ ਵਾਇਨਰੀ ਵਿਚ ਕੰਮ ਪ੍ਰਾਪਤ ਕਰ ਲਿਆ। ਜਿੱਥੇ ਅਜੇ ਤਕ ਕੋਈ ਪੰਜਾਬੀ ਕੰਮ ਨਹੀਂ ਸੀ ਲੈ ਸਕਿਆ। ਮਿੰਟੂ ਬਰਾੜ ਦੇ ਦੱਸਣ ਅਨੁਸਾਰ ਉਹ ਆਰਥਿਕ ਪੱਖ ਤੋਂ ਨਿਚਿੰਤ ਹੋਣ ਮਗਰੋਂ ਸਮਾਜਿਕ ਕੰਮਾਂ ਵੱਲ ਰੁਚਿਤ ਹੋਏ। ਪੰਜਾਬੀ ਕਲਚਰਲ ਐਸੋਸੀਏਸ਼ਨ ਬਣਾਈ। ਅਮਨਦੀਪ ਸਿੰਘ ਸਿੱਧੂ ਦੇ ਹਰਮਨ ਰੇਡੀਉ ਰਾਹੀਂ ਆਸਟ੍ਰੇਲੀਆ ਵਿਚ ਪਰਵਾਸੀਆਂ ਦੀਆਂ ਸਮੱਸਿਆਵਾਂ ਬਾਰੇ ਪ੍ਰੋਗਰਾਮ ਪੇਸ਼ ਕੀਤੇ। ‘ਪੇਂਡੂ ਆਸਟ੍ਰੇਲੀਆ’ ਨਾਮ ਦੀ ਡਾਕੂਮੈਂਟਰੀ ਲੜੀ ਚਾਲੂ ਕੀਤੀ। ਪੰਜਾਬੀ ਪੱਤਰਕਾਰੀ ਦੀ ਘਾਟ ਨੂੰ ਪੂਰਾ ਕਰਨ ਲਈ ‘ਪੰਜਾਬੀ ਅਖ਼ਬਾਰ’ ਨਾਮ ਦਾ ਇਕ ਮਾਸਿਕ ਪੱਤਰ ਚਾਲੂ ਕੀਤਾ, ਜਿਸ ਵਿਚ ਪਰਵਾਸੀਆਂ ਦੇ ਸੰਘਰਸ਼ ਦੀ ਕਹਾਣੀ ਬਿਆਨਦੇ ਲੇਖ ਲਿਖੇ। ਆਸਟ੍ਰੇਲੀਆ ਦੀ ਬਹੁਪੱਖੀ ਜਾਣਕਾਰੀ ਵਾਲੇ ਲੇਖਾਂ ਦੇ ਨਾਲ-ਨਾਲ ਆਸਟ੍ਰੇਲੀਆ ਤੋਂ ਬਾਹਰਲੇ ਲਿਖਾਰੀਆਂ ਦੀਆਂ ਰਚਨਾਵਾਂ ਵੀ ਇਸ ਮਾਸਿਕ ਪੱਤਰ ਵਿਚ ਛਾਪੀਆਂ ਜਾਂਦੀਆਂ ਹਨ। ਵੱਖ ਵੱਖ ਸਮਿਆਂ ਵਿਚ ਅਸਟਰੇਲੀਆ ਦੀ ਧਰਾਤਲ ਸਬੰਧੀ ਲਿਖੇ ਗਏ ਲੇਖਾਂ ਨੂੰ ਐਡਿਟ ਕਰ ਕੇ ਵੱਡ-ਅਕਾਰੀ ਇਕ ਪੁਸਤਕ ‘ਕੈਂਗਰੂਨਾਮਾ’ (ਆਸਟ੍ਰੇਲੀਆ ਟਾਪੂ ‘ਤੇ ਵਿਚਰਦਿਆਂ) ਛਾਪੀ, ਜਿਸ ਦਾ ਪਹਿਲਾ ਐਡੀਸ਼ਨ ਛੇ ਮਹੀਨੇ ਵਿਚ ਹੀ ਪਾਠਕਾਂ ਦੇ ਹੱਥਾਂ ਵਿਚ ਪਹੁੰਚ ਗਿਆ। ‘ਕੈਂਗਰੂਨਾਮਾ’ ਪੁਸਤਕ ਦਾ ਦੂਜਾ ਭਾਗ ਤਿਆਰੀ ਅਧੀਨ ਹੈ। ਮਿੰਟੂ ਬਰਾੜ ਤਕਰੀਬਨ ਇਕ ਘੰਟਾ ਸਰੋਤਿਆਂ ਦੇ ਰੂ ਬ ਰੂ ਰਹੇ। ਉਨ੍ਹਾਂ ਦੀਆਂ ਗੱਲਾਂ ਵਿਚ ਅਜਿਹਾ ਵਹਾ ਸੀ ਕਿ ਸਰੋਤੇ ਉਨ੍ਹਾਂ ਦੀਆਂ ਗਲਾਂ ਦੇ ਵਹਿਣ ਵਿਚ ਹੀ ਵਹਿ ਗਏ ਤੇ ਪਤਾ ਹੀ ਨਾ ਲੱਗਾ ਕਿ ਇਕ ਘੰਟਾ ਕਦੋਂ ਬਤੀਤ ਹੋ ਗਿਆ! ਸਮੇਂ ਦੀ ਨਜ਼ਾਕਤ ਨੂੰ ਧਿਆਨ ਵਿਚ ਰੱਖਦਿਆਂ ਮਿੰਟੂ ਬਰਾੜ ਨੇ ਆਪ ਹੀ ਆਪਣੇ ਵਿਚਾਰਾਂ ਨੂੰ ਸਮੇਟਣ ਲਈ ਸਰੋਤਿਆਂ ਤੋਂ ਇਜਾਜ਼ਤ ਲਈ। ਇੱਥੇ ਜ਼ਿਕਰਯੋਗ ਹੈ ਕਿ ਮਿੰਟੂ ਬਰਾੜ ਹੁਣ ਤਕ 28 ਵਾਰ ਖੂਨ ਦਾਨ ਕਰ ਚੁੱਕੇ ਹਨ ਅਤੇ ਡਾਕਟਰੀ ਪਰਖ ਪੜਚੋਲ ਲਈ ਉਨ੍ਹਾਂ ਮੌਤ ਪਿਛੋ ਆਪਣਾ ਸਰੀਰ ਵੀ ਦਾਨ ਕੀਤਾ ਹੋਇਆ ਹੈ।

ਮੋਹਨ ਗਿੱਲ ਨੇ ਇੰਨੀ ਚੰਗੀ ਬੋਲੀ ਵਿਚ ਆਸਟ੍ਰੇਲੀਆ ਬਾਰੇ ਜਾਣਕਾਰੀ ਦੇਣ ਲਈ ਮਿੰਟੂ ਬਰਾੜ ਦਾ ਤਹਿ ਦਿਲੋਂ ਧੰਨਵਾਦ ਕੀਤਾ। ਦੂਜੇ ਬੁਲਾਰੇ ਸ. ਅਮਨਦੀਪ ਸਿੰਘ ਸਿੱਧੂ ਨੂੰ ਸਰੋਤਿਆਂ ਦੇ ਰੂ ਬ ਰੂ ਹੋਣ ਲਈ ਸੱਦਾ ਦਿੱਤਾ। ਸ. ਅਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਵੀ 1994 ਵਿਚ ਆਸਟ੍ਰੇਲੀਆ ਵਿਚ ਹੀ ਆਏ ਸਨ। ਪਰ ਉਨ੍ਹਾਂ ਹੋਰ ਕੋਈ ਕੰਮ ਕਰਨ ਨਾਲੋਂ ਖੇਤੀਬਾੜੀ ਦੇ ਧੰਦੇ ਨੂੰ ਪਹਿਲ ਦਿੱਤੀ। ਛੋਟੇ ਫਾਰਮ ਤੋਂ ਸ਼ੁਰੂ ਕਰ ਕੇ ਇਸ ਸਮੇਂ ਆਸਟ੍ਰੇਲੀਆ ਦੇ ਵਿਚ ਬਲਿਊ ਬੈਰੀ ਦੇ ਵੱਡੇ ਕਾਸ਼ਤਕਾਰਾ ‘ਚ ਉਨ੍ਹਾਂ ਦਾ ਨਾਮ ਆ ਰਿਹਾ ਹੈ। ਆਸਟ੍ਰੇਲੀਆ ਵਿਚ ਪੰਜਾਬੀ ਪ੍ਰੋਗਰਾਮ ਦੀ ਘਾਟ ਨੂੰ ਮਹਿਸੂਸ ਕਰਦਿਆਂ ਪਹਿਲਾਂ ਦੋ ਘੰਟੇ ਦਾ ਲਈ ਹਫ਼ਤਾਵਾਰੀ ਪੰਜਾਬੀ ਰੇਡੀਉ ਪ੍ਰੋਗਰਾਮ ਸ਼ੁਰੂ ਕੀਤਾ। ਫਿਰ 2005 ਵਿਚ ਚੌਵੀ ਘੰਟੇ ਚੱਲਣ ਵਾਲਾ ਹਰਮਨ ਰੇਡੀਉ ਸ਼ੁਰੂ ਕਰ ਲਿਆ। ਜਿਹੜਾ ਕਿ ਸਾਹਿੱਤਿਕ, ਸਮਾਜਿਕ ਤੇ ਸਭਿਆਚਾਰਕ ਗਤੀਵਿਧੀਆਂ ਬਾਰੇ ਜਾਣਕਾਰੀ ਦਾ ਸਰੋਤ ਬਣਿਆ ਹੋਇਆ ਹੈ। ਆਸਟ੍ਰੇਲੀਆ ਵਿਚ ਪਿਛਲੇ ਤੀਹ ਵਰ੍ਹਿਆਂ ਤੋਂ ਹੋ ਰਹੀਆਂ ਵਿਕਾਰੀ ਸਿੱਖ ਖੇਡਾਂ ਦੇ ਪਿਛਲੇ ਦੋ ਸਾਲ ਤੋਂ ਮੁੱਖ ਪ੍ਰਬੰਧਕ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ। ਹਰ ਸਾਲ ਤਕਰੀਬਨ 17/18 ਸੋ ਖਿਡਾਰੀ ਇਨ੍ਹਾਂ ਖੇਡਾਂ ਚ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਆਸਟ੍ਰੇਲੀਆ ਦਾ ਵੱਡਾ ਭਰਾ ਹੈ, ਇਸ ਲਈ ਉਹ ਕੈਨੇਡਾ ਬਾਰੇ ਕੁੱਝ ਜਾਣਕਾਰੀ ਲੈਣ ਅਤੇ ਕੈਨੇਡੀਅਨਾਂ ਕੋਲੋਂ ਕੁੱਝ ਸਿੱਖਣ ਲਈ 24 ਜੂਨ ਤੋਂ 18 ਜੁਲਾਈ ਤਕ ਕੈਨੇਡਾ ਵਿਚ ਵਿਚਰਨ ਦਾ ਇਰਾਦਾ ਲੈ ਕੇ ਆਏ ਹਨ। ਉਮੀਦ ਹੈ ਕਿ ਬਹੁਤ ਕੁੱਝ ਸਿੱਖ ਕੇ ਜਾਵਾਂਗੇ। ਅਮਨਦੀਪ ਨੇ ਵੀ ਅੱਧੇ ਘੰਟੇ ਵਿਚ ਬਹੁਤ ਹੀ ਭਾਵਪੂਰਨ ਗਲਾਂ ਕੀਤੀਆਂ। ਇਸ ਸਾਰੇ ਦੌਰੇ ਦਾ ਫ਼ਿਲਮਾਂਕਣ ਸਾਨਫਰਾਂਸਿਸਕੋ ਤੋਂ ਉਚੇਚੇ ਤੌਰ ਤੇ ਆਏ ਮਨਪ੍ਰੀਤ ਸਿੰਘ ਢੀਂਡਸਾ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਉਨ੍ਹਾਂ ਵੱਲੋਂ ਡਾਇਰੈਕਟ ਕਿੱਤੇ ਜਾ ਰਹੇ ਸ਼ੋਅ ‘ਪੇਂਡੂ ਆਸਟ੍ਰੇਲੀਆ’ ਥੱਲੇ ਦੁਨੀਆ ਭਰ ਦੇ ਦਰਸ਼ਕਾਂ ਤੱਕ ਪਹੁੰਚਾਇਆ ਜਾਵੇਗਾ।

ਸਿੱਧੂ ਅਤੇ ਬਰਾੜ ਕੋਲੋਂ ਆਸਟ੍ਰੇਲੀਆ ਬਾਰੇ ਹੋਰ ਜਾਣਕਾਰੀ ਲੈਣ ਵਾਲਿਆਂ ਵਿਚ, ਜਰਨੈਲ ਸਿੰਘ ਆਰਟਿਸਟ, ਜਰਨੈਲ ਸਿੰਘ ਸੇਖਾ, ਨਛੱਤਰ ਸਿੰਘ ਬਰਾੜ, ਡਾ. ਗੁਲਜ਼ਾਰ ਸਿੰਘ ਬਿਲਿੰਗ, ਬਖਸ਼ਿੰਦਰ, ਇੰਦਰਜੀਤ ਸਿੰਘ ਧਾਮੀ, ਅਮਰੀਕ ਸਿੰਘ ਪਲਾਹੀ, ਦਰਸ਼ਨ ਸਿੰਘ ਸੰਘਾ, ਕੁਲਵਿੰਦਰ ਸ਼ੇਰਗਿੱਲ, ਗੁਰਮੇਲ ਬਦੇਸ਼ਾ, ਮਨਦੀਪ ਸਿੰਘ ਅਤੇ ਕਰਮਜੀਤ ਬਰਾੜ ਦੇ ਨਾਂ ਜ਼ਿਕਰਯੋਗ ਹਨ।

ਅਖੀਰ ਵਿਚ ਔਜਲਾ ਬ੍ਰਦਰਜ਼ ਨੇ ਬੁਲੰਦ ਆਵਾਜ਼ ਵਿਚ ਇਕ ਗੀਤ ਗਾਇਆ। ਵਿਨੀਪੈਗ ਤੋਂ ਆਏ ਡਾ. ਪ੍ਰਿਤਪਾਲ ਕੌਰ ਚਾਹਲ ਨੇ ਆਪਣੇ ਪਿਤਾ ਨੂੰ ਸਮਰਪਿਤ ਇਕ ਕਵਿਤਾ ਸੁਣਾਈ। ਅਮਨਦੀਪ ਰੱਖੜਾ ਨੇ ਇਕ ਲੋਕ ਗੀਤ ਗਾ ਕੇ ਸਮਾਗਮ ਦੀ ਸਮਾਪਤੀ ਕੀਤੀ।

ਮਿੰਟੂ ਬਰਾੜ ਦੇ ਮਿੱਤਰ ਹਰਵਿੰਦਰ ਸ਼ਰਮਾ ਅਤੇ ਗੁਰਮੁਖ ਸਿੰਘ ਝੁੱਟੀ ਵੀ ਇਸ ਸਮਾਗਮ ਵਿਚ ਹਾਜ਼ਰ ਸਨ, ਜਿਨ੍ਹਾਂ ਨੇ ਫੇਸਬੁੱਕ ਉੱਪਰ ਪੰਜਾਬ ਤੋਂ ਸੁਖਨੈਬ ਸਿੰਘ ਸਿੱਧੂ ਤੇ ਆਸਟ੍ਰੇਲੀਆ ਤੋਂ ਮਿੰਟੂ ਬਰਾੜ ਨਾਲ ਮਿਲ ਇਕ ‘ਇਨਸਾਨੀਅਤ ਗਰੁੱਪ’ ਬਣਾਇਆ ਹੋਇਆ ਹੈ ਜਿਹੜਾ 15 ਸਾਲ ਤੋਂ ਘਟ ਉਮਰ ਦੇ ਗੰਭੀਰ ਬਿਮਾਰੀਆਂ ਵਿਚ ਜੂਝ ਰਹੇ ਗਰੀਬ ਤੇ ਲੋੜਵੰਦ ਬਚਿਆਂ ਦੀ ਸਹਾਇਤਾ ਕਰਦਾ ਹੈ।

ਅੰਤ ਵਿਚ ਸੁਖੀ ਬਾਠ ਨੇ ਸੈਵਨ ਸਟੂਡੀਓ ਵਿਚ ਆਏ ਮਹਿਮਾਨਾਂ ਤੇ ਸਰੋਤਿਆਂ ਦਾ ਸਾਰੇ ਪ੍ਰੋਗਰਾਮ ਨੂੰ ਨਿੱਠ ਕੇ ਸੁਣਨ ਲਈ ਧੰਨਵਾਦ ਕੀਤਾ। ਫਿਰ ਦੋਹਾਂ ਮਹਿਮਾਨ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ।