ਨਿਊ ਸਾਊਥ ਵੇਲਜ਼ ਸਰਕਾਰ ਦਾ ਸਥਾਨਕ ਅਤੇ ਛੋਟੇ ਕੰਮ-ਧੰਦਿਆਂ ਵਿਚੋਂ ਰੋਜ਼ਗਾਰ ਪੈਦਾ ਕਰਨ ਲਈ ਨਵੀਂ ਮੁਹਿੰਮ ਦਾ ਆਗਾਜ਼

ਛੋਟੇ-ਮੱਧਿਅਮ ਉਦਯੋਗਾਂ ਅਤੇ ਕੰਮ-ਧੰਦਿਆਂ ਦੇ ਮੰਤਰੀ ਡੈਮੀਏਨ ਟੂਡਹੋਪ ਵੱਲੋਂ ਸਾਂਝੀ ਕੀਤੀ ਗਈ ਜਾਣਗਾਰੀ ਮੁਤਾਬਿਕ ਨਿਊ ਸਾਊਥ ਵੇਲਜ਼ ਸਰਕਾਰ ਨੇ ਆਪਣੇ 2020-21 ਦੇ ਬਜਟ ਅੰਦਰ 5 ਮਿਲੀਅਨ ਡਾਲਰ ਦਾ ਫੰਡ ਰੱਖਿਆ ਹੈ ਜਿਸ ਰਾਹੀਂ ਕਿ ਸਥਾਨਕ ਅਤੇ ਛੋਟੇ ਕੰਮ-ਧੰਦਿਆਂ ਵਿਚੋਂ ਰੋਜ਼ਗਾਰ ਪੈਦਾ ਕਰਨ ਲਈ ਉਨ੍ਹਾਂ ਨੂੰ ਲੋੜੀਂਦੀਆਂ ਮਦਦਾਂ ਨਾਲ ਪ੍ਰੋਤਸਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ 4 ਸਾਲ ਪ੍ਰੋਗਰਾਮ ਰਾਹੀਂ ਇਸ ਦੇ ਸਹੀ ਨਤੀਜੇ ਨਿਕਲਣਗੇ ਅਤੇ ਜਿੱਥੇ ਅਜਿਹੇ ਅਦਾਰਿਆਂ ਨੂੰ ਆਰਥਿਕ ਲਾਭ ਹੋਵੇਗਾ ਉਥੇ ਰੋਜ਼ਗਾਰਾਂ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਸਾਲਾਨਾ ਖਰਚਿਆਂ ਵਿੱਚ 40 ਮਿਲੀਅਨ ਡਾਲਰਾਂ ਨਾਲ ਸਾਮਾਨ ਮੰਗਵਾਇਆ ਜਾਂਦਾ ਹੈ ਅਤੇ ਇਸ ਵਿੱਚੋਂ ਅੱਧੀ ਰਕਮ ਦਾ ਇਸਤੇਮਾਲ ਘਰੇਲੂ ਉਦਯੋਗਾਂ ਅਤੇ ਕੰਮ-ਧੰਦਿਆਂ ਤੋਂ ਖਰੀਦਦਾਰੀ ਕਰਨ ਵਿੱਚ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਅੰਦਰ ਅਜਿਹੇ ਅਦਾਰੇ ਸਮੁੱਚੇ ਉਦਯੋਗਾਂ ਦਾ ਬਹੁਤ ਵੱਡਾ ਹਿੱਸਾ ਹਨ ਅਤੇ ਇਨ੍ਹਾਂ ਵਿਚੋਂ ਹੀ ਅਸਲ ਰੌਜ਼ਾਗਰ ਦੀ ਜ਼ਿਆਦਾ ਸੰਭਾਵਨਾ ਬਣਦੀ ਹੈ। ਉਕਤ ਸਕੀਮਾਂ ਰਾਹੀਂ ਸਾਰੇ ਸਰਕਾਰ ਅਦਾਰਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਜਦੋਂ ਕਦੇ ਵੀ ਕਿਸੇ ਵਸਤੂ ਦੀ ਜ਼ਰੂਰਤ ਹੋਵੇ ਤਾਂ ਘੱਟੋ ਘੱਟ 50,000 ਡਾਲਰ ਤੱਕ ਦਾ ਸਮਾਨ ਸਥਾਨਕ ਇਕਾਈਆਂ ਕੋਲੋਂ ਹੀ ਖ੍ਰੀਦਿਆ ਜਾਵੇ। ਰਾਜ ਦੇ ਸਬੰਧਿਤ ਕਮਿਸ਼ਨਰ ਕ੍ਰਿਸ ਲੈਮੰਟ ਨੇ ਕਿਹਾ ਕਿ ਇਸ ਵਾਸਤੇ ਛੇਤੀ ਹੀ ਇੱਕ ਕਮਿਸ਼ਨ ਵੀ ਸਥਾਪਿਤ ਕੀਤਾ ਜਾ ਰਿਹਾ ਹੈ ਜੋ ਕਿ ਇਸ ਸਾਰੇ ਕੰਮ-ਕਾਜ ਦੀ ਨਿਗਰਾਨੀ ਕਰੇਗਾ ਅਤੇ ਉਕਤ ਸਕੀਮਾਂ ਦਾ ਲਾਭ ਸਿੱਧੇ ਤੌਰ ਤੇ ਅਜਿਹੇ ਅਦਾਰਿਆਂ ਨੂੰ ਪਹੁੰਚਾਉਣ ਵਿੱਚ ਮਦਦ ਕਰੇਗਾ ਜੋ ਕਿ ਛੋਟੇ ਕੰਮ-ਧੰਦਿਆਂ ਵਿੱਚ ਲੱਗੇ ਹੋਏ ਹਨ। ઠਜ਼ਿਆਦਾ ਜਾਣਕਾਰੀ ਲਈ https://suppliers.buy.nsw.gov.au/ ਉਪਰ ਵਿਜ਼ਿਟ ਵੀ ਕੀਤਾ ਜਾ ਸਕਦਾ ਹੈ।

Install Punjabi Akhbar App

Install
×