ਆਸਟ੍ਰੇਲੀਆਈ ਮਾਇਨਿੰਗ ਬਿਲੀਨੀਅਰ ਐਂਡ੍ਰਿਊ ਫੋਰੇਸਟ ਨੂੰ ਹੋਇਆ ਸੀ ਕਰੋਨਾ

(ਦ ਏਜ ਮੁਤਾਬਿਕ) ਆਸਟ੍ਰੇਲੀਆ ਦੇ ਸਭ ਤੋਂ ਅਮੀਰ ਕਾਰਜਕਾਰੀ ਅਤੇ ਮਾਇਨਿੰਗ ਅਰਬਪਤੀ ਐਂਡ੍ਰਿਊ ਫੋਰੇਸਟ ਨੂੰ ਕੋਵਿਡ-19 ਦਾ ਇਨਫੈਕਸ਼ਨ ਹੋਇਆ ਸੀ। ਇਸ ਸਮੇਂ ਉਹ ਆਪਣੇ 47 ਦੇਸ਼ਾਂ ਦੇ ਟੂਰ ਉਪਰ ਸਨ ਅਤੇ ਮੱਧ ਏਸ਼ੀਆ ਵਿੱਚ ਸਨ। 60 ਸਾਲਾਂ ਦੇ ਐਂਡ੍ਰਿਊ ਫੋਰੇਸਟ ਮੁਤਾਬਿਕ ਉਨ੍ਹਾਂ ਨੂੰ ਇਹ ਵਾਇਰਸ ਦਾ ਹਮਲਾ, ਉਨ੍ਹਾਂ ਦੀ ਇੱਕ ਰੂਸ ਦੇ ਸਾਥੀ ਨਾਲ ਮੀਟਿੰਗ ਦੌਰਾਨ ਹੋਇਆ ਅਤੇ ਹਾਲ ਦੀ ਘੜੀ ਉਨ੍ਹਾਂ ਨੇ ਸਾਰੇ ਟੂਰ ਸਥਗਿਤ ਕਰ ਦਿੱਤੇ ਸਨ ਅਤੇ ਕਰੋਸ਼ੀਆ (ਯੂਰੋਪ) ਵਿਚਲੇ ਆਪਣੇ ਬੇਸਕੈਂਪ ਤੇ ਆ ਰੁਕੇ ਸਨ। ਅਧਿਕਾਰੀਆਂ ਦੇ ਮੁਤਾਬਿਕ, ਉਨ੍ਹਾਂ ਦੇ ਨਾਲ ਦਿਆਂ ਹੋਰਾਂ ਕਿਸੇ ਨੂੰ ਵੀ ਅਜਿਹਾ ਇਨਫੈਕਸ਼ਨ ਨਹੀਂ ਹੋਇਆ ਅਤੇ ਡਾ. ਫੋਰੈਸਟ ਨੂੰ ਸਵਿਸ ਹਸਪਤਾਲ ਵਿੱਚ ਤਿੰਨ ਦਿਨਾਂ ਲਈ ਰੈਸਪਿਰੇਟਰੀ ਕਲਿਨਿਕ ਵਿੱਚ ਵੀ ਰੱਖਿਆ ਗਿਆ ਸੀ। ਉਨ੍ਹਾਂ ਰੱਬ ਦਾ ਸ਼ੁਕਰ ਕਰਦਿਆਂ ਕਿਹਾ ਕਿ ਚੰਗੀ ਗੱਲ ਹੈ ਕਿ ਇਹ ਇਨਫੈਕਸ਼ਨ ਸਾਡੇ ਵਿੱਚੋਂ ਹੋਰ ਕਿਸੇ ਨੂੰ ਵੀ ਨਹੀਂ ਹੋਇਆ ਅਤੇ ਇਸ ਵਾਸਤੇ ਸਾਰੇ ਹੀਲੇ-ਵਸੀਲਿਆਂ ਲਈ ਉਹ ਆਪਣੀ ਸਮੁੱਚੀ ਟੀਮ ਦੇ ਸ਼ੁਕਰਗੁਜ਼ਾਰ ਹਨ। ਉਨ੍ਹਾਂ ਕਿਹਾ ਕਿ ਕਰੋਨਾ ਦੇ ਇਨਫੈਕਸ਼ਨ ਦੇ ਸੱਤਵੇਂ ਤੋਂ ਦੱਸਵੇਂ ਦਿਨ ਤੱਕ ਜ਼ਿਆਦਾ ਖ਼ਤਰਾ ਮਹਿਸੂਸ ਹੁੰਦਾ ਹੈ ਅਤੇ ਇਸੇ ਵਾਸਤੇ ਉਹ ਰੈਸਪਿਰੇਟਰੀ ਕਲਿਨਿਕ ਵਿੱਚ ਗਏ ਸਨ ਪਰੰਤੂ ਕਿਸੇ ਕਿਸਮ ਦੀ ਰੈਸਪਿਰੇਟਰੀ ਦੀ ਉਨ੍ਹਾਂ ਨੂੰ ਕੋਈ ਜ਼ਰੂਰਤ ਹੀ ਨਹੀਂ ਪਈ ਕਿਉਂਕਿ ਉਹ ਪੂਰੀ ਤਰ੍ਹਾਂ ਨਾਲ ਸਵਸਥ ਹਨ। ਜ਼ਿਕਰਯੋਗ ਹੈ ਕਿ ਡਾ. ਫੋਰੈਸਟ ਦੀ ਮਿੰਡੇਰੂ ਫਾਊਂਡੇਸ਼ਨ ਨੇ ਬੀਤੇ ਸਾਲ ਅਪ੍ਰੈਲ ਦੇ ਮਹੀਨੇ ਵਿੱਚ ਚੀਨ ਤੋਂ 90 ਟਨ ਦੀ ਮੈਡੀਕਲ ਸਮੱਗਰੀ ਅਤੇ ਪੀ.ਪੀ.ਈ. ਕਿਟਾਂ (160 ਮਿਲੀਅਨ ਡਾਲਰ) ਆਸਟ੍ਰੇਲੀਆ ਵਾਸਤੇ ਲਈਆਂ ਸਨ ਜਦੋਂ ਕਿ ਸਮੁੱਚੇ ਸੰਸਾਰ ਅੰਦਰ ਹੀ ਅਜਿਹੀ ਸਮੱਗਰੀ ਦੀ ਕਮੀ ਚੱਲ ਰਹੀ ਸੀ। ਮੌਜੂਦਾ ਸਮੇਂ ਅੰਦਰ ਉਹ ਪਰਥ ਮੁੜ ਆਏ ਹਨ ਅਤੇ ਇਸਤੋਂ ਪਹਿਲਾਂ ਉਨ੍ਹਾਂ ਨੇ ਨਿਊ ਸਾਊਥ ਵੇਲਜ਼ ਵਿੱਚ ਦੋ ਹਫ਼ਤਿਆਂ ਦਾ ਕੁਆਰਨਟੀਨ ਦਾ ਸਮਾਂ ਵੀ ਵਤੀਤ ਕੀਤਾ ਹੈ।

Welcome to Punjabi Akhbar

Install Punjabi Akhbar
×