ਮਿੰਨੀ ਕਹਾਣੀ ਅੱਜ ਦਾ ਇੰਨਕਲਾਬੀ

ਮੁੱਖਾ ਆਪਣੇ ਆਪ ਨੂੰ ਬੜਾ ਵੱਢਾ ਕ੍ਰਾਂਤੀਕਾਰੀ ਸਮਝਦਾ ਸੀ ਅਤੇ ਸਰਕਾਰੇ-ਦਰਬਾਰੇ ਪਹੁੰਚ ਬਣਾਉਣੀ ਚਾਹੁੰਦਾ ਸੀ। ਪਰ ਆਰਥਿਕ ਮੰਦੀ ਉਸਦੀ ਪੇਸ਼ ਨਹੀਂ ਸੀ ਜਾਣ ਦਿੰਦੀ। ਇਹ ਇੱਛਾ ਪੂਰੀ ਕਰਨ ਲਈ ਉਸ ਨੇ ਪੰਮੇ ਕਲੱਚ ਨਾਲ ਨੇੜਤਾ ਵਧਾਉਣੀ ਸ਼ੁਰੂ ਕੀਤੀ। ਕਲੱਚ ਸ਼ਹਿਰ ਦੇ ਅਮੀਰ ਬੰਦਿਆਂ ਵਿੱਚੋਂ ਇੱਕ ਸੀ। ਜਿਸ ਦੀ ਸਿਆਸੀ ਅਤੇ ਗ਼ੈਰ ਸਿਆਸੀ ਖੇਤਰਾਂ ਵਿੱਚ ਪੂਰੀ ਪੁੱਛ-ਗਿੱਛ ਸੀ। ਸਰਕਾਰ ਚਿੱਟਿਆਂ ਦੀ ਹੁੰਦੀ ਜਾਂ ਕਾਲਿਆ ਦੀ ਕਲੱਚ ਦੀ ਤੂਤੀ ਬੋਲਦੀ ਹੀ ਰਹਿੰਦੀ।ਮੁੱਖਾ ਹਮੇਸ਼ਾ ਕਲੱਚ ਦੀ ਜੀ ਹਜ਼ੂਰੀ ਕਰਦਾ ਕਦੇ-ਕਦੇ ਬਿਨਾਂ ਕਹੇ ਉਸਦੀ ਮਹਿੰਗੀ ਕਾਰ ਸਾਫ਼ ਕਰਨ ਲੱਗ ਜਾਂਦਾ। ਕਾਰ ਸਾਫ਼ ਕਰਦਿਆਂ – ਕਰਦਿਆਂ ਉਹ ਆਪਣੇ ਆਪ ਨੂੰ ਕਲੱਚ ਸਮਝਣ ਲੱਗ ਜਾਂਦਾ। ਕਦੇ ਉਸ ਵਾਂਗ ਤੁਰਨ ਦੀ ਕੋਸ਼ਿਸ਼ ਕਰਦਾ ਕਦੇ ਨੌਕਰਾਂ ਤੇ ਰੋਹਬ ਝਾੜਦਾ। ਕਲੱਚ ਕਦੇ ਕਦੇ ਮੁੱਖੇ ਨੂੰ ਖਾਣੇ ਵਾਲੇ ਮੇਜ਼ ਤੇ ਵੀ ਬੁਲਾ ਲੈਂਦਾ । ਕਲੱਚ ਦੇ ਬਰਾਬਰ ਬੈਠਾ ਮੁੱਖਾ ਆਪਣੇ ਆਪ ਨੂੰ ਕਲੱਚ ਤੋਂ ਘੱਟ ਨਾਂ ਸਮਝਦਾ। ਇੱਕ ਦਿਨ ਕਲੱਚ ਨੇ ਮੁੱਖੇ ਨੂੰ ਵਿਸਕੀ ਪੀਣ ਲਈ ਆਪਣੇ ਨਿੱਜੀ ਬਾਰ ਵਿੱਚ ਬੁਲਾਇਆ। ਦੋਨੋ ਦੋ-ਦੋ ਗਲਾਸ ਵਿਸਕੀ ਪੀ ਚੁੱਕੇ ਸਨ। ਮੁੱਖੇ ਨੂੰ ਯਾਦ ਆਇਆ ਕਿ ਉਹ ਤਾਂ ਕ੍ਰਾਂਤੀਕਾਰੀ ਹੈ। ਕਲੱਚ ਕਿਸੇ ਵੀ ਤਰਾਂ ਦੀ ਕ੍ਰਾਂਤੀ ਦੇ ਹੱਕ ਵਿੱਚ ਨਹੀਂ ਸੀ।ਹੁਣ ਜਿਵੇਂ ਮੁੱਖੇ ਅੰਦਰ ਇੰਨਕਲਾਬ ਤੜਫ ਰਿਹਾ ਸੀ। ਉਸ ਤੋਂ ਰਿਹਾ ਨਾਂ ਗਿਆ । ਉਸ ਨੇ ਪੰਮੇ ਨੂੰ ਕਿਹਾ ਯਾਰ ਤੈਨੂੰ ਕਹਿਣ ਨੂੰ ਦਿਲ ਵੀ ਨਹੀਂ ਕਰਦਾ ਤੇ ਰਿਹਾ ਵੀ ਨਹੀਂ ਜਾਂਦਾ।ਮੇਰਾ ਦਿਲ ਕਰਦੈ ਇੱਕ ਨਾਅਰਾ ਇੰਨਕਲਾਬ ਜ਼ਿੰਦਾਬਾਦ ਦਾ ਲਾ ਲਵਾਂ।ਪਹਿਲਾਂ ਤਾਂ ਕਲੱਚ ਨੂੰ ਗ਼ੁੱਸਾ ਆਇਆ ਫਿਰ ਉਸਨੇ ਸੋਚਿਆ ਮੁਫ਼ਤ ਦੀ ਚਾਪਲੂਸੀ ਵਾਲੇ ਬੰਦੇ ਕਿੱਥੇ ਲੱਭਦੇ ਅੱਜ ਕੱਲ। ਉਸ ਨੇ ਝੱਟ ਹੱਲ ਕੱਢਿਆ ਤੇ ਕਿਹਾ ਦੇਖ ਮੁੱਖਿਆ,ਆਪਣੀ ਆ ਯਾਰੀ ਪੱਕੀ,ਤੂੰ ਇਉਂ ਕਰ ਮੂੰਹ ਅਤੇ ਮੁੱਠੀ ਬੰਦ ਕਰਕੇ ਬਾਂਹ ਹਵਾ ਵਿੱਚ ਉਛਾਲ ਲੈ, ਤੇਰੇ ਦਿਲ ਨੂੰ ਸਕੂਨ ਮਿਲ ਜਾਉ। ਮੁੱਖੇ ਨੂੰ ਥੋੜਾ ਬੁਰਾ ਲੱਗਾ , ਇੱਕ ਕ੍ਰਾਂਤੀਕਾਰੀ ਨੂੰ ਇਹ ਜਵਾਬ । ਏਨੇ ਨੂੰ ਫ਼ੋਨ ਦੀ ਘੰਟੀ ਵੱਜਦੀ ਹੈ। ਕਲੱਚ ਫ਼ੋਨ ਸੁਣਨ ਲਈ ਜਾਂਦਾ ਹੈ। ਇੱਧਰ ਕ੍ਰਾਂਤੀ ਦੇ ਜੋਸ਼ ਵਿੱਚ ਗ਼ਲਤਾਨ ਕ੍ਰਾਂਤੀਕਾਰੀ ਦੋਨੋ ਗਲਾਸ ਖਾਲ਼ੀ ਕਰਕੇ ਮੁੱਠੀ ਬੰਦ ਕਰਦੇ ਬਾਂਹ ਨੂੰ ਹਵਾ ਵਿੱਚ ਲਹਿਰਾਉਂਦਾ ਹੋਲੀ ਜਿਹੀ ਇੰਨਕਲਾਬ ਜ਼ਿੰਦਾਬਾਦ ਕਹਿੰਦਾ ਹੋਇਆ ਆਪਣੇ ਆਪ ਨੂੰ ਜਿੱਤਿਆ ਮਹਿਸੂਸ ਕਰਦਾ ਹੈ।

(ਜਗਜੀਤ ਸਿੰਘ ਖੋਸਾ)