ਐਨਜ਼ੈਕ ਮੈਮੋਰੀਅਲ ਅੰਦਰ 300 ਪੋਸਟਰ ਬਣੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ -ਸ਼ਹੀਦਾਂ ਨੂੰ ਸ਼ਰਧਾਂਜਲੀ

ਦੂਸਰੀ ਸੰਸਾਰ ਜੰਗ ਦੀ ਸਮਾਪਤੀ ਦੀ 75ਵੀਂ ਵਰ੍ਹੇਗੰਢ ਮੌਕੇ ਸਿਡਨੀ ਦੀ ਐਨਜ਼ੈਕ ਯਾਦਗਾਰ ਵਿੱਚ, ਕੈਨਬਰਾ ਦੇ ਆਸਟ੍ਰੇਲੀਆਈ ਵਾਰ ਮੈਮੋਰੀਅਲ ਵਿੱਚੋਂ 300 ਪੋਸਟਰ ਲਗਾਏ ਗਏ ਹਨ ਜੋ ਕਿ ਯੁੱਧ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹਨ ਅਤੇ ਹੁਣ ਇਹ ਪੋਸਟਰ ਐਨਜ਼ੈਕ ਯਾਦਗਾਰ ਵਿਖੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣ ਰਹੇ ਹਨ। ਵੈਟਰਨਜ਼ ਨਾਲ ਸਬੰਧਤ ਵਿਭਾਗਾਂ ਦੇ ਮੰਤਰੀ ਸ੍ਰੀ ਜਿਓਫ ਲੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੂਸਰੀ ਸੰਸਾਰ ਜੰਗ ਦੇ ਜ਼ਿਆਦਾ ਪੋਸਟਰ ਅਮਰੀਕਾ ਦੇ ਹੀ ਮਿਲਦੇ ਹਨ ਅਤੇ ਹੁਣ ਅਸੀਂ ਆਪਣੀ ਵਿਰਾਸਤ ਅਤੇ ਕੁਰਬਾਨੀਆਂ ਨੂੰ ਵੀ ਸਮੁੱਚੇ ਸੰਸਾਰ ਨੂੰ ਦਿਖਾ ਸਕਦੇ ਹਾਂ ਅਤੇ ਮਾਣ ਕਰ ਸਕਦੇ ਹਾਂ। ਇਨ੍ਹਾਂ ਪੋਸਟਰਾਂ ਨੂੰ ਯੁੱਧ ਦੇ ਸਮਿਆਂ ਅੰਦਰ ਦਿਖਾ ਕੇ ਲੋਕਾਂ ਨੂੰ ਪ੍ਰੇਰਣਾ ਦੇ ਕੇ ਫੌਜ ਵਿੱਚ ਭਰਤੀ ਕੀਤਾ ਜਾਂਦਾ ਸੀ, ਉਨ੍ਹਾਂ ਨੂੰ ਪੜ੍ਹਾਇਆ ਲਿਖਾਇਆ ਜਾਂਦਾ ਸੀ ਅਤੇ ਹਰ ਤਰ੍ਹਾਂ ਦੀ ਲੋੜੀਂਦੀ ਤਾਲੀਮ ਦਿੱਤੀ ਜਾਂਦੀ ਸੀ। ਇਹ ਸਾਡੇ ਇਤਿਹਾਸ ਅਤੇ ਵਿਰਾਸਤ ਦਾ ਹਿੱਸਾ ਹਨ ਅਤੇ ਸਾਡੇ ਵਾਸਤੇ ਅਮੁੱਲ ਹਨ। ਇਨ੍ਹਾਂ ਪੋਸਟਰਾਂ ਦੇ ਰਾਹੀਂ ਲੋਕਾਂ ਨੂੰ ਆਪਣਿਆਂ ਪ੍ਰਤੀ ਪਿਆਰ ਲਈ ਪ੍ਰੇਰਿਆ ਜਾਂਦਾ ਸੀ ਅਤੇ ਉਨ੍ਹਾਂ ਦੇ ਜਾਨ ਮਾਲ ਦੀ ਰਾਖੀ ਵਾਸਤੇ ਮਾਨਸਿਕ ਅਤੇ ਸਰੀਰਿਕ ਤੌਰ ਤੇ ਤਿਆਰ ਕੀਤਾ ਜਾਂਦਾ ਸੀ। ਐਨਜ਼ੈਕ ਮੈਮੋਰੀਅਲ ਦੇ ਸੀਨੀਅਰ ਕੁਰੇਟਰ ਅਤੇ ਇਤਿਹਾਸਕਾਰ ਬਰੈਡ ਮੈਨਰਾ ਨੇ ਕਿਹਾ ਕਿ ਇਹ ਪੋਸਟਰ ਜ਼ਿਆਦਾ ਤਰ ਦੂਜੀ ਸੰਸਾਰ ਜੰਗ ਸਮੇਂ ਦੇ ਹੀ ਹਨ ਅਤੇ ਆਸਟ੍ਰੇਲੀਆ ਨਾਲ ਸਬੰਧਤ ਵੀ ਹਨ ਪਰੰਤੂ ਕੁੱਝ ਕੁ ਪਹਿਲੀ ਸੰਸਾਰ ਜੰਗ ਨਾਲ ਸਬੰਧਤ ਵੀ ਹਨ ਅਤੇ ਹੁਣ ਇਹ ਆਪਸ ਵਿੱਚ ਰਲ਼ਗੱਢ ਹੋ ਗਏ ਹਨ -ਪਰੰਤੂ ਫੇਰ ਵੀ ਪ੍ਰੇਰਨਾ ਸ੍ਰੋਤ ਹਨ ਅਤੇ ਵਿਰਸੇ ਨੂੰ ਦਰਸਾਉਂਦੇ ਹਨ। ਇਸ ਵਿੱਚ ਕੁੱਝ ਪੋਸਟਰ ਰਾਇਲ ਆਸਟ੍ਰੇਲੀਆਈ ਏਅਰ ਫੋਰਸ ਨਾਲ ਸਬੰਧਤ ਵੀ ਹਨ ਅਤੇ 1933 ਤੋਂ 1950 ਵਿਆਂ ਦਰਮਿਆਨ ਦੇ ਹਨ।

Install Punjabi Akhbar App

Install
×