ਆਸਟ੍ਰੇਲੀਆ ਵਿੱਚ ਭਾਰਤੀ ਟੈਕਸੀ ਚਾਲਕਾਂ ਨਾਲ ਹੋ ਰਿਹਾ ਧੱਕਾ

ਟਾਇਲਟ ਜਾਣ ਤੋਂ ਰੋਕਿਆ: ਕਿਹਾ: ”ਕਰ ਲੈ ਜੋ ਕਰਨਾ… ਇਹ ਨਿਜੀ ਜਾਇਦਾਦ ਹੈ… ਨਹੀਂ ਜਾਣ ਦਿੰਦਾ”

ਵੰਡੇ ਜਾ ਰਹੇ ਇਲਾਕੇ…. ਹੋ ਰਹੀਆਂ ਇਲਾਕਿਆਂ ਵਿੱਚ ਵੜ੍ਹਨ ਅਤੇ ਸਵਾਰੀਆਂ ਚੁੱਕਣ ਤੋਂ ਮਨਾਹੀਆਂ

ਉਤਰ-ਪੱਛਮੀ ਵਿਕਟੌਰੀਆ ਦੇ ਇੱਕ ਛੋਟੇ ਜਿਹੇ ਸ਼ਹਿਰ ਮਿਲਡੂਰਾ ਦੇ ਏਅਰਪੋਰਟ ਵਿਖੇ ਭਾਰਤੀ ਟੈਕਸੀ ਡ੍ਰਾਈਵਰਾਂ ਨਾਲ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ ਅਤੇ ਇਹ ਧੱਕਾ ਉਥੋਂ ਦੀ ਮੈਨੇਜਮੈਂਟ ਹੀ ਕਰ ਰਹੀ ਹੈ ਅਤੇ ਇੰਝ ਲਗਦਾ ਹੈ ਕਿ ਇਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਕਾਨੂੰਨ ਦਾ ਕੋਈ ਖ਼ੋਫ਼ ਨਹੀਂ ਹੈ ਅਤੇ ਇਹ ਮਨਮਰਜੀ ਦੇ ਨਾਲ ਕਿਸੇ ਨੂੰ ਟਾਇਲਟ ਜਾਣ ਤੋਂ ਵੀ ਰੋਕ ਸਕਦੇ ਹਨ ਅਤੇ ਸ਼ਰੇਆਮ ਇਹ ਕਹਿੰਦੇ ਵੀ ਦਿਖਾਈ ਦਿੰਦੇ ਹਨ ਕਿ ਇਹ ਜਨਤਕ ਟਾਇਲਟ ਨਹੀਂ ਹੈ ਅਤੇ ਤੁਸੀਂ ਇਸਦਾ ਇਸਤੇਮਾਲ ਕਰ ਹੀ ਨਹੀਂ ਸਕਦੇ।
ਟੈਕਸੀ ਮਾਲਕ ਸੁਰਜੀਤ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਧੱਕਾ ਖੁਦ ਉਸਦੇ ਨਾਲ ਅਤੇ ਉਸਦੇ ਡ੍ਰਾਈਵਰ ਦੇ ਨਾਲ ਹੋਇਆ ਹੈ ਅਤੇ ਇਸ ਦੇ ਸਬੂਤ ਉਸ ਕੋਲ ਵੀਡੀਓ ਦੇ ਰੂਪ ਵਿੱਚ ਮੌਜੂਦਾ ਹਨ। ਜਦੋਂ ਸੁਰਜੀਤ ਦੇ ਡ੍ਰਾਈਵਰ ਨੇ ਟਾਇਲਟ ਜਾਣਾ ਚਾਹਿਆ ਤਾਂ ਉਕਤ ਅਧਿਕਾਰੀ ਟਾਇਲਟ ਦੇ ਸਾਹਮਣੇ ਪੋਚਾ ਮਾਰਨ ਵਾਲੀ ਮਸ਼ੀਨ ਖੜ੍ਹੀ ਕਰਕੇ ਖੁਦ ਉਸਦੇ ਅੱਗੇ ਖੜ੍ਹੇ ਹੋ ਗਿਆ ਅਤੇ ਕਿਹਾ ”ਨਹੀਂ ਜਾਣ ਦਿੰਦਾ… ਕਰ ਲੈ ਜੋ ਕਰਨਾ…..!!”
ਸੁਰਜੀਤ ਆਪਣੀ ਇਸ ਗੱਲ ਉਪਰ ਕਾਇਮ ਹੈ ਕਿ ਜਦੋਂ ਇਹ ਏਅਰਪੋਰਟ ਜਨਤਕ ਹੈ ਅਤੇ ਇਸ ਦਾ ਸਾਰਾ ਕਾਰਜ ਇੱਥੇ ਦੀ ਸਥਾਨਕ ਸਿਟੀ ਕਾਂਸਲ ਸੰਭਾਲਦੀ ਹੈ ਤਾਂ ਫੇਰ ਇਹ ਟਾਇਲਟ ਜਨਤਕ ਕਿਉਂ ਨਹੀਂ ਹੈ….?
ਗੱਲਬਾਤ ਕਰਦਿਆਂ ਸੁਰਜੀਤ ਨੇ ਦੱਸਿਆ ਕਿ ਅਜਿਹੇ ਧੱਕੇ ਉਨ੍ਹਾਂ ਨਾਲ ਇੱਥੇ ਕਈ ਵਾਰੀ ਕੀਤੇ ਜਾਂਦੇ ਹਨ ਪਰੰਤੂ ਇਸ ਵਾਰੀ ਤਾਂ ਹੱਦ ਹੀ ਹੋ ਗਈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਇੱਥੋਂ ਸਵਾਰੀਆਂ ਵੀ ਚੁੱਕਣ ਤੋਂ ਰੋਕਿਆ ਜਾਂਦਾ ਹੈ ਅਤੇ ਜੇਕਰ ਉਹ ਸਵਾਰੀ ਇੱਥੇ ਛੱਡਣ ਜਾਂਦੇ ਹਨ ਤਾਂ ਟੈਕਸੀ ਦੇ ਡ੍ਰਾਈਵਰਾਂ ਨੂੰ ਟੈਕਸੀਆਂ ਦੇ ਵਿੱਚ ਹੀ ਬੈਠਣ ਲਈ ਕਿਹਾ ਜਾਂਦਾ ਹੈ ਅਤੇ ਬਾਹਰ ਨਿਕਲਣ ਵਾਸਤੇ ਟੈਕਸੀ ਦਾ ਦਰਵਾਜ਼ਾ ਵੀ ਖੋਲ੍ਹਣ ਨਹੀਂ ਦਿੱਤਾ ਜਾਂਦਾ।
ਜੇਕਰ ਕੋਈ ਗ੍ਰਾਹਕ, ਜੋ ਕਿ ਪਹਿਲਾਂ ਤੋਂ ਹੀ ਟੈਕਸੀ ਬੁਕ ਕਰ ਚੁਕਿਆ ਹੈ, ਭਾਰਤੀਆਂ ਦੀਆਂ ਟੈਕਸੀਆਂ ਵਿੱਚ ਬੈਠਣ ਲੱਗਦਾ ਹੈ ਤਾਂ ਏਅਰਪੋਰਟ ਦੇ ਅਧਿਕਾਰੀ ਉਨ੍ਹਾਂ ਕੋਲ ਆ ਕੇ ਕਹਿੰਦੇ ਹਨ ਕਿ ਇਹ ਟੈਕਸੀਆਂ ਅਧਿਕਾਰਿਕ ਖੇਤਰ ਵਿੱਚ ਨਹੀਂ ਹਨ ਅਤੇ ਜੇਕਰ ਇਨ੍ਹਾਂ ਵਿੱਚ ਸਵਾਰੀ ਬੈਠ ਕੇ ਜਾਵੇਗੀ ਤਾਂ ਉਸ ਸਵਾਰੀ ਖ਼ਿਲਾਫ਼ ਕਾਨੂੰਨੀ ਕਾਰਵਾਈ ਅਤੇ ਜੁਰਮਾਨੇ ਵੀ ਹੋ ਸਕਦੇ ਹਨ। ਡਰਦੇ ਮਾਰੇ ਸਵਾਰੀਆਂ ਇਨ੍ਹਾਂ ਟੈਕਸੀਆਂ ਵਿੱਚ ਬੈਠਦੀਆਂ ਹੀ ਨਹੀਂ ਅਤੇ ਅਧਿਕਾਰੀਆਂ ਵੱਲੋਂ ਪ੍ਰਸਤਾਵਿਤ ਟੈਕਸੀਆਂ ਵਿੱਚ ਬੈਠ ਕੇ ਚਲੀਆਂ ਜਾਂਦੀਆਂ ਹਨ।
ਵਿਰੋਧ ਜਾਂ ਗੱਲ ਕਰਨ ਤੇ ਡ੍ਰਾਈਵਰਾਂ ਨਾਲ ਏਅਰਪੋਰਟ ਦੇ ਅਧਿਕਾਰੀ ਬਹਿਸ ਕਰਦੇ ਹਨ ਅਤੇ ਉਨ੍ਹਾਂ ਨੂੰ ਸ਼ਰੇਆਮ ਕਹਿੰਦੇ ਹਨ ਕਿ ਇਹ ਨਿਜੀ ਜਾਇਦਾਦ ਹੈ ਅਤੇ ਉਹ ਇੱਥੇ ਖੜ੍ਹ ਵੀ ਨਹੀਂ ਸਕਦੇ।
ਸੋਸ਼ਲ ਮੀਡੀਆ ਉਪਰ ਪਾਈ ਗਈ ਉਕਤ ਵੀਡੀਓ ਨੇ ਸਭ ਨੂੰ ਦਿਲੋ-ਦਿਮਾਗ ਤੋਂ ਹਿਲਾ ਕੇ ਰੱਖ ਦਿੱਤਾ ਹੈ ਕਿ ਆਸਟ੍ਰੇਲੀਆ ਵਰਗੇ ਮੁਲਕ ਵਿੱਚ ਵੀ ਅਜਿਹਾ ਹੁੰਦਾ ਹੈ ਅਤੇ ਸ਼ਰੇਆਮ ਏਅਰਪੋਰਟ ਦੇ ਅਧਿਕਾਰੀਆਂ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ। ਆਸਟ੍ਰੇਲੀਆਈ ਜਾਂ ਹੋਰ ਯਾਤਰੀ ਜੋ ਇਸ ਹਵਾਈ ਅੱਡੇ ਉਪਰ ਆਮ ਤੌਰ ਤੇ ਟੈਕਸੀਆਂ ਦੀ ਵਰਤੋਂ ਕਰਦੇ ਹਨ, ਟੈਕਸੀ ਚਾਲਕਾਂ ਦੇ ਹੱਕ ਵਿੱਚ ਹੀ ਕਮੈਂਟਸ ਪਾ ਰਹੇ ਹਨ ਅਤੇ ਪੂਰਨ ਹਮਾਇਤ ਕਰ ਰਹੇ ਹਨ। ਪਰੰਤੂ ਪ੍ਰਸ਼ਾਸਨ ਇਸ ਦੇ ਉਲਟ, ਸ਼ਾਇਦ ਕਿਸੇ ਹੋਰ ਧਿਰ ਨੂੰ ਫਾਇਦਾ ਪਹੁੰਚਾਉਣ ਦੇ ਮਨਸੂਬਿਆਂ ਨਾਲ ਅਜਿਹਾ ਕਰ ਰਿਹਾ ਹੈ।
ਸੁਰਜੀਤ ਦੇ ਦੱਸਣ ਮੁਤਾਬਿਕ, ਇਸ ਬਾਬਤ ਸਥਾਨਕ ਅਧਿਕਾਰੀਆਂ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ, ਸਥਾਨਕ ਕਾਂਸਲ ਅਤੇ ਏਸੀਸੀਸੀ ਆਦਿ ਨੂੰ ਸ਼ਿਕਾਇਤ ਕੀਤੀ ਗਈ ਹੈ ਪਰੰਤੂ ਹਾਲੇ ਤੱਕ ਇਸ ਦਾ ਕੋਈ ਵੀ ਸੰਤੋਸ਼ਜਨਕ ਹੱਲ ਨਹੀਂ ਨਿਕਲ ਸਕਿਆ।
ਸਥਾਨਕ ਐਮ.ਪੀ. (ਐਲੀ ਕਪਰ) ਨੂੰ ਜਦੋਂ ਇਸ ਮਾਮਲੇ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਜੋ ਗਲਤ ਹੈ ਉਹ ਗਲਤ ਹੀ ਹੈ ਇਸ ਬਾਬਤ ਉਹ ਹੋਰ ਉਚ-ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ ਅਤੇ ਜਲਦੀ ਹੀ ਇਸ ਮਸਲੇ ਦਾ ਹੱਲ ਕਰ ਲਿਆ ਜਾਵੇਗਾ।
ਸੁਰਜੀਤ ਦੇ ਕਹਿਣ ਮੁਤਾਬਿਕ ਅਜਿਹੀਆਂ ਗੱਲਾਂ ਕਾਰਨ ਜਿੱਥੇ ਉਨ੍ਹਾਂ ਨੂੰ ਮਾਲੀ ਤੌਰ ਤੇ ਨੁਕਸਾਨ ਹੋ ਰਿਹਾ ਹੈ ਉਥੇ ਹੀ ਇਸ ਕਾਰਨ ਆਪਸ ਵਿੱਚ ਵੀ ਤਕਰਾਰ ਵੱਧ ਰਹੇ ਹਨ ਅਤੇ ਇਹ ਸਮਾਜਿਕ ਤੌਰ ਤੇ ਵੀ ਬਹੁਤ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ ਜਿਸ ਵਿੱਚ ਕਿ ਸਾਫ ਤੌਰ ਤੇ ਇਹੀ ਦਿਖਾਈ ਦਿੰਦਾ ਹੈ ਕਿ ਏਅਰਪੋਰਟ ਅਧਿਕਾਰੀਆਂ ਵੱਲੋਂ ਭਾਰਤੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ।