ਨਿਊਜ਼ੀਲੈਂਡ ਦੀਆਂ ਸੰਗਤਾਂ ਨੇ ਮਿਲਦੂਰਾ ਗੁਰਦੁਆਰਾ ਸਾਹਿਬ ਵਾਸਤੇ ਇਕੱਤਰ ਕੀਤੇ 50000 ਡਾਲਰ

NZ PIC 28 May-1

-ਆਸਟਰੇਲੀਆ ਤੋਂ ਪਹੁੰਚੇ ਸੇਵਾਦਾਰਾਂ ਸ. ਤਜਿੰਦਰ ਸਿੰਘ ਤੱਖਰ, ਸ. ਆਗਿਆਕਾਰ ਸਿੰਘ ਗਰੇਵਾਲ ਅਤੇ ਸ. ਬਚਿੱਤਰ ਸਿੰਘ ਮਾਵੀ ਨੇ ਕੀਤਾ ਧੰਨਵਾਦ
ਆਕਲੈਂਡ-28 ਮਈ (ਹਰਜਿੰਦਰ ਸਿੰਘ ਬਸਿਆਲਾ)-ਸਿੱਖ ਧਰਮ ਦੇ ਵਿਚ ਚੌਥੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਜੀ ਦਾ ਫੁਰਮਾਨ ਸੀ ਕਿ ਐ ਸਿੱਖ ਜਿੱਥੇ ਬੈਠ ਕੇ ਤੂੰ ਆਪਣਾ ਪਰਲੋਕ ਸੁਧਾਰਨਾ, ਪ੍ਰਭੂ ਦਾ ਚਿੰਤਨ ਕਰਨਾ ਉਹ ਘਰ ਸੁੰਦਰ ਹੋਵੇ ਤੇ ਤੂੰ ਐਸੇ ਘਰ ਦੀ ਤਾਮੀਰ ਕਰ ਜਿਸ ਘਰ ਉਤੇ ਦੂਸਰੇ ਵੀ ਆਪਣਾ ਹੱਕ ਜਿਤਾ ਸਕਣ। ਇਸ ਜ਼ਜਬੇ ਦੇ ਵਹਾਅ ਤੋਂ ਬਾਅਦ ਸਿੱਖ ਧਰਮ ਦੇ ਵਿਚ ਗੁਰਦੁਆਰਾ ਸਾਹਿਬਾਨਾਂ ਦੀ ਸਥਾਪਨਾ ਦਾ ਮੁੱਢ ਬੱਝਿਆ। ਅੱਜ ਪੂਰੀ ਦੁਨੀਆ ਦੇ ਵਿਚ ਵਸਦੇ ਸਿੱਖਾਂ ਦੇ ਆਪਣੇ ਘਰ ਭਾਵੇਂ ਕੱਚੇ ਰਹਿ ਜਾਣ ਪਰ ਉਹ ਗੁਰੂ ਦਾ ਘਰ ਸੋਹਣਾ, ਸੰਗਮਰਮਰ ਲੱਗਿਆ ਅਤੇ ਸੋਨੇ ਦੇ ਵਿਚ ਮੜ੍ਹਿਆ ਵੇਖਣਾ ਚਾਹੁੰਦੇ ਹਨ। ਅਜੋਕੇ ਯੁੱਗ ਦੇ ਵਿਚ ਸਿੱਖਾਂ ਦਾ ਨਿਵਾਸ ਬਹੁਤ ਸਾਰੇ ਦੇਸ਼ਾਂ ਵਿਚ ਹੈ। ਜਿਵੇਂ ਜਿਵੇਂ ਜਨਸੰਖਿਆ ਵਧਦੀ ਹੈ ਉਵੇਂ-ਉਵੇਂ ਗੁਰਦੁਆਰਾ ਸਾਹਿਬਾਨਾਂ ਦਾ ਵਿਸਥਾਰ ਹੋ ਰਿਹਾ ਹੈ। ਨਿਊਜ਼ੀਲੈਂਡ ਦੇ ਗੁਆਂਢੀ ਤੇ ਭਾਈਵਾਲ ਮੁਲਕ ਆਸਟਰੇਲੀਆ ਦੇ ਨਾਰਥ-ਵੈਸਟ ਵਿਕਟੋਰੀਆ ਦੇ ਵਿਚ ਪੈਂਦੇ ਸ਼ਹਿਰ ਮਿਲਦੂਰਾ ਵਿਖੇ ਗੁਰਦੁਆਰਾ ਸਾਹਿਬ ਦੀ ਅਣਹੋਂਦ ਸੀ। ਉਥੇ ਵਸਦੇ 70 ਤੋਂ 100 ਦੇ ਕਰੀਬ ਪਰਿਵਾਰਾਂ (0.7% ਭਾਰਤੀਆਂ) ਦੇ ਲਈ ‘ਮਿਲਦੂਰਾ ਸਿੱਖ ਐਸੋਸੀਏਸ਼ਨ’ ਨੇ 14 ਏਕੜ ਜਗ੍ਹਾ ਲੈ ਕੇ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਦਾ ਸੁਪਨਾ ਸੰਜੋਇਆ ਹੈ। ਇਸ ਸਬੰਧ ਵਿਚ ਉਤੋਂ ਤਿੰਨ ਸੇਵਾਦਾਰ ਸ. ਤਜਿੰਦਰ ਸਿੰਘ ਤੱਖਰ, ਸ. ਆਗਿਆਕਾਰ ਸਿੰਘ ਗਰੇਵਾਲ ਅਤੇ ਸ. ਬਚਿੱਤਰ ਸਿੰਘ ਵਿਸ਼ੇਸ਼ ਤੌਰ ‘ਤੇ ਨਿਊਜ਼ੀਲੈਂਡ ਦੀਆਂ ਸੰਗਤਾਂ ਦਾ ਸਹਿਯੋਗ ਪ੍ਰਾਪਤ ਕਰਨ ਪਹੁੰਚੇ। ਅੱਜ ਇਸੇ ਸਬੰਧ ਦੇ ਵਿਚ ਇਕ ਸਮਾਗਮ ਰੱਖਿਆ ਗਿਆ ਜਿਸ ਦੇ ਵਿਚ ਇਕੱਤਰ ਸੰਗਤਾਂ ਨੇ 50000 ਡਾਲਰ ਦੀ ਰਕਮ ਇਸ ਨਵੇਂ ਉਸਰ ਰਹੇ ਗੁਰੂ ਘਰ ਵਾਸਤੇ ਇਕ ਬੇਨਤੀ ਉਤੇ ਇਕੱਤਰ ਕਰ ਦਿੱਤੀ। 5000 ਡਾਲਰ ਦੀ ਰਕਮ ਇਸਦੇ ਵਿਚ ਕ੍ਰਾਈਸਟਚਰਚ ਤੋਂ ਆਈ ਵੀ ਸ਼ਾਮਿਲ ਹੈ। ਸ. ਖੜਕ ਸਿੰਘ ਹੋਰਾਂ ਸਾਰੀ ਸੰਗਤ ਨੂੰ ਸੰਬੋਧਨ ਹੁੰਦਿਆ ਆਪਣਾ ਸਹਿਯੋਗ ਕਰਨ ਦੀ ਅਪੀਲ ਕੀਤੀ। ਭਾਈ ਸਰਵਣ ਸਿੰਘ ਹੋਰਾਂ ਜਿਨ੍ਹਾਂ ਨੇ ਇਹ ਸਮਾਗਮ ਆਯੋਜਿਤ ਕੀਤਾ, ਵੀ ਬੇਨਤੀ ਕੀਤੀ ਕਿ ਨਿਊਜ਼ੀਲੈਂਡ ਦੀਆਂ ਸੰਗਤਾਂ ਹਮੇਸ਼ਾਂ ਹੀ ਇਸ ਤਰ੍ਹਾਂ ਦੇ ਕਾਰਜ ਵਿਚ ਅੱਗੇ ਰਹੀਆਂ ਹਨ। ਸ. ਤਜਿੰਦਰ ਸਿੰਘ ਤੱਖਰ ਹੋਰਾਂ ਸਾਰੇ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 532 ਸਟੂਰਟ ਹਾਈਵੇਅ ਉਤੇ ਪੈਂਦੀ ਪੱਧਰੀ ਜ਼ਮੀਨ ਜੋ ਕਿ 14 ਏਕੜ ਦੇ ਵਿਚ ਹੈ, 5 ਲੱਖ ਦੇ ਕਰੀਬ ਖਰੀਦੀ ਗਈ ਹੈ ਅਤੇ ਸੈਟਲਮੈਂਟ ਵਾਸਤੇ ਸੰਗਤਾਂ ਦਾ ਸਹਿਯੋਗ ਚਾਹੀਦਾ ਹੈ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵਾਸਤੇ ਕਾਰਜ ਆਰੰਭ ਹੋਣਗੇ। ਉਨ੍ਹਾਂ ਦੱਸਿਆ ਕਿ ਉਸ ਵੇਲੇ ਵਿਦਿਆਰਥੀ ਅਤੇ ਹੋਰ ਪਰਿਵਾਰ ਪਾ ਕੇ 100 ਦੇ ਕਰੀਬ ਭਾਰਤੀ ਪਰਿਵਾਰ ਉਥੇ ਆਪਣਾ ਵਸੇਬਾ ਕਰ ਚੁੱਕੇ ਹਨ। ਇਸ ਸ਼ਹਿਰ ਤੋਂ ਲਾਗੇ ਕੋਈ ਗੁਰਦੁਆਰਾ ਨਹੀਂ ਸੀ ਜਿਸ ਕਰਕੇ 150 ਕਿਲੋਮੀਟਰ ਦੂਰ ਰੀਨਮਾਰਕ ਗੁਰੂ ਘਰ ਜਾਣਾ ਪੈਂਦਾ ਸੀ। ਉਨ੍ਹਾਂ ਵੀ ਭਰਪੂਰ ਸਹਿਯੋਗ ਦੀ ਮੰਗ ਕੀਤੀ। ਸਾਰੀਆਂ ਇਕੱਤਰ ਸੰਗਤਾਂ ਨੇ ਆਪਣਾ-ਆਪਣਾ ਹਿੱਸਾ ਪਾਉਂਦਿਆਂ ਇਸ ਗੁਰੂ ਘਰ ਵਾਸਤੇ 50000 ਡਾਲਰ ਰਕਮ ਇਕੱਤਰ ਕਰ ਦਿੱਤੀ। ਆਸਟਰੇਲੀਆ ਤੋਂ ਆਏ ਪ੍ਰਬੰਧਕਾਂ ਨੇ ਨਿਊਜ਼ੀਲੈਂਡ ਦੀ ਸਾਰੀ ਸਿੱਖ ਸੰਗਤ ਦਾ ਧੰਨਵਾਦ ਕੀਤਾ ਅਤੇ ਗੁਰਦੁਆਰਾ ਸਾਹਿਬ ਦੇ ਰਸਮੀ ਉਦਘਾਟਨ ਮੌਕੇ ਪਹੁੰਚਣ ਲਈ ਵੀ ਅਗਾਊਂ ਸੱਦਾ ਦਿੱਤਾ। ਅੰਤ ਵਿਚ ਸਾਰਿਆਂ ਨੇ ਰਾਤਰੀ ਭੋਜ ਕੀਤਾ। ਇਸ ਸਮਾਗਮ ਨੂੰ ਸਫਲ ਕਰਨ ਦੇ ਵਿਚ ਸ. ਜਗਜੀਤ ਸਿੰਘ ਕੰਗ, ਸ. ਅਮਰਿੰਦਰ ਸਿੰਘ ਸੰਧੂ, ਸ. ਕੁਲਦੀਪ ਸਿੰਘ ਰਾਜਾ, ਦਵਿੰਦਰ ਸਿੰਘ ਰਾਹਲ (ਲਾਈਫ ਵੀਜ਼ਨ ਸੁਸਾਇਟੀ) ਤੇ ਪਰਮਿੰਦਰ ਸਿੰਘ ਤੱਖਰ ਦਾ ਖਾਸ ਯੋਗਦਾਨ ਰਿਹਾ।
ਮੈਂਬਰ ਪਾਰਲੀਮੈਂਟ ਸ. ਕੰਵਲਜੀਤ ਸਿੰਘ ਬਖਸ਼ੀ ਵੀ ਪਹੁੰਚੇ: ਇਸ ਮੌਕੇ ਇਕੱਤਰ ਸੰਗਤਾਂ ਦੇ ਵਿਚ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਵੀ ਪਹੁੰਚੇ। ਉਨ੍ਹਾਂ ਆਸਟਰੇਲੀਆ ਤੋਂ ਆਏ ਪ੍ਰਬੰਧਕਾਂ ਤੋਂ ਜਾਣਕਾਰੀ ਲਈ ਅਤੇ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਵੀ ਖੁਸ਼ੀ ਪ੍ਰਗਟ ਕੀਤੀ ਕਿ ਆਸਟਰੇਲੀਆ ਦੇ ਵਿਚ ਸਿੱਖ ਪਰਿਵਾਰ ਵਧ ਰਹੇ ਹਨ ਅਤੇ ਆਪਣੇ ਧਰਮ ਦਾ ਵੀ ਵਿਕਾਸ ਕਰ ਰਹੇ ਹਨ।