36 ਮਿਲੀਅਨ ਡਾਲਰਾਂ ਨਾਲ ਸਰਕਾਰ ਨੇ “ਵੀਜ਼ਾ” ਬੈਕ ਲਾਗ ਨੂੰ ਕਲਿਅਰ ਕਰਨ ਲਈ ਵਿੱਢੀ ਮੁਹਿੰਮ
ਘਰੇਲੂ ਮਾਮਲਿਆਂ ਦੇ ਮੰਤਰੀ -ਕਲੇਅਰ ਓ ‘ਨੇਲ ਨੇ ਆਪਣੇ ਇੱਕ ਐਲਾਨਨਾਮੇ ਰਾਹੀਂ ਦੱਸਿਆ ਹੈ ਕਿ ਆਸਟ੍ਰੇਲੀਆਈ ਸਰਕਾਰ ਨੇ ਹੁਣ ਵੀਜ਼ਾ ਸਬੰਧਤ ਅਰਜ਼ੀਆਂ -ਜੋ ਕਿ ਬੀਤੇ ਕਾਫੀ ਸਮੇਂ ਤੋਂ ਵਿਚ ਵਿਚਾਲੇ ਹੀ ਅਟਕੀਆਂ ਪਈਆਂ ਹਨ, ਨੂੰ ‘ਕਲਿਅਰ’ ਕਰਨ ਦਾ ਫੈਸਲਾ ਲੈ ਲਿਆ ਹੈ। ਇਸ ਬਾਬਤ ਸਰਕਾਰ ਨੇ 2 ਕਦਮ ਚੁੱਕੇ ਹਨ। ਪਹਿਲਾ ਤਾਂ ਇਹ ਕਿ ਮਾਈਗ੍ਰੇਸ਼ਨ ਦੀ ਬੰਦਿਸ਼ ਜੋ ਕਿ ਪਹਿਲਾਂ 160,000 ਦੀ ਸੀ, ਉਹ 195,000 ਤੱਕ ਵਧਾਈ ਜਾਵੇਗੀ ਅਤੇ ਦੂਸਰਾ ਇਹ ਕਿ ਇਸ ਵਾਸਤੇ ਸਰਕਾਰ ਵੱਲੋਂ ਵਾਧੂ 36 ਮਿਲੀਅਨ ਡਾਲਰਾਂ ਦੇ ਬਜਟ ਦਾ ਵੀ ਐਲਾਨ ਕੀਤਾ ਜਾ ਰਿਹਾ ਹੈ। ਇਸ ਬਾਬਤ 500 ਦੇ ਕਰੀਬ ਹੋਰ ਵਾਧੂ ਸਟਾਫ਼ ਵੀ ਉਪਰੋਕਤ ਸੇਵਾਵਾਂ ਉਪਰ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਕਰੋਨਾ ਕਾਲ ਦੌਰਾਨ, ਹਰ ਖੇਤਰ ਵਿੱਚ ਪੈਦਾ ਹੋਈ ਲੇਬਰ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਅਜਿਹਾ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਹਜ਼ਾਰਾਂ ਉਮੀਦਵਾਰਾਂ ਨੂੰ ਫਾਇਦਾ ਹੋਵੇਗਾ ਜੋ ਕਿ ਲੰਬੇ ਸਮੇਂ ਤੋਂ ਕਤਾਰ ਵਿੱਚ ਇੱਕ ਉਮੀਦ ਨਾਲ ਖੜ੍ਹੇ ਹਨ।