ਲੋਕ ਗਾਇਕ ਰਾਜ ਨਿਮਾਣਾ ਨਾਲ ਰੂ-ਬ-ਰੂ ਅਤੇ ਪਰਮ ਨਿਮਾਣਾ ਦੀ ਕਾਵਿ ਪੁਸਤਕ ‘ਮੇਰੇ ਕਲੂਬ ਦੇ ਅਜਾਬ’ ਲੋਕ ਅਰਪਣ

001 (1)ਪੰਜਾਬੀ ਸਾਹਿਤ ਸਭਾ ਸੰਗਰੂਰ ਰਜਿ. ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਸਹਿਯੋਗ ਨਾਲ ਕਰਵਾਏ ਗਏ ਵਿਸ਼ਾਲ ਸਾਹਿਤਕ ਸਮਾਗਮ ਵਿੱਚ ਸ੍ਰੋਮਣੀ ਪੰਜਾਬੀ ਸਾਹਿਤਕਾਰ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਨੇ ਲੇਖਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਅੱਜ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਸ਼ਬਦ ਆਪਣੇ ਅਰਥ ਗਵਾ ਰਹੇ ਹਨ। ਡਰੰਮੀ ਸ਼ੋਰ ਅਤੇ ਲੱਚਰ ਅਦਾਇਗੀ ਨੇ ਸਾਡੀ ਗੀਤਕਾਰੀ ਅਤੇ ਗਾਇਕੀ ਨੂੰ ਵੱਡੀ ਸੱਟ ਮਾਰੀ ਹੈ। ਡਾ. ਮਾਨ ਨੇ ਲੇਖਕਾਂ, ਗੀਤਕਾਰਾਂ ਖਾਸਕਰ ਗਾਇਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੋਲਾਂ ਨੂੰ ਡਰੰਮੀ ਸ਼ੋਰ ਅਤੇ ਲੱਚਰਤਾ ਤੋਂ ਬਚਾ ਕੇ ਰੱਖਣ। ਉਨ੍ਹਾਂ ਯਕੀਨ ਪ੍ਰਗਟ ਕਰਦਿਆਂ ਕਿਹਾ ਕਿ ਸਵੱਛ ਸੁਥਰੀ ਗਾਇਕੀ ਦਾ ਬੀਜ਼ ਨਾਸ ਨਹੀਂ ਹੋਇਆ। ਸਾਹਿਤ ਸਭਾਵਾਂ ਨੂੰ ਅਜਿਹੀ ਗਾਇਕੀ ਦਾ ਢੁੱਕਵਾਂ ਸਨਮਾਨ ਕਰਨਾ ਚਾਹੀਦਾ ਹੈ।
ਭਾਸ਼ਾ ਵਿਭਾਗ ਸੰਗਰੂਰ ਦੇ ਹਾਲ ਵਿੱਚ ਕਰਵਾਏ ਗਏ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਡਾ. ਭਗਵੰਤ ਸਿੰਘ ਖੋਜ ਅਫਸਰ ਭਾਸ਼ਾ ਵਿਭਾਗ ਪੰਜਾਬ ਨੇ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਡਾ. ਤੇਜਵੰਤ ਮਾਨ, ਸ. ਲਾਲ ਸਿੰਘ ਪ੍ਰਿੰਸੀਪਲ ਸਨਰਾਈਜ ਇੰਸਟੀਚਿਊਟ ਐਂਡ ਟਰੇਨਿੰਗ ਸੈਂਟਰ, ਡਾ. ਸੁਖਵਿੰਦਰ ਸਿੰਘ ਡਾਇਰੈਕਟਰ ਲਾਈਫ ਗਾਰਡ ਗਰੁੱਪ, ਸ੍ਰੀ ਪਵਨ ਹਰਚੰਦ ਪੁਰੀ ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ., ਸ੍ਰੀ ਬਲਰਾਜ ਓਬਰਾਏ ਬਾਜ਼ੀ ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਸੰਗਰੂਰ, ਡਾ. ਦਵਿੰਦਰ ਕੌਰ, ਬੀਰਪਾਲ ਸ਼ਰਮਾ, ਜਨਾਬ ਕ੍ਰਿਸ਼ਨ ਬੇਤਾਬ, ਸ੍ਰੀ ਰਾਜ ਕੁਮਾਰ ਗਰਗ ਨਾਵਲਕਾਰ, ਲੋਕ ਗਾਇਕ ਰਾਜ ਨਿਮਾਣਾ, ਨੌਜਵਾਨ ਸ਼ਾਇਰ ਪਰਮ ਨਿਮਾਣਾ ਸ਼ਾਮਿਲ ਹੋਏ। ਪ੍ਰਧਾਨਗੀ ਮੰਡਲ ਵੱਲੋਂ ਪ੍ਰਸਿੱਧ ਲੋਕ ਗਾਇਕ ਰਾਜ ਨਿਮਾਣਾ, ਨੌਜਵਾਨ ਸ਼ਾਇਰ ਪਵਨ ਨਿਮਾਣਾ ਅਤੇ ਖੇਤੀਬਾੜੀ ਮਾਹਿਰ ਨਾਵਲਕਾਰ ਰਾਜਕੁਮਾਰ ਗਰਗ ਦਾ ਸਨਮਾਨ ਪ੍ਰਸ਼ੰਸਾ ਪੱਤਰ ਸ਼ਾਲਾ ਅਤੇ ਕਿਤਾਬਾਂ ਦੇ ਸੈੱਟ ਦੇ ਕੇ ਕੀਤਾ ਗਿਆ। ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਲਈ ਇਹ ਬੜੇ ਹੀ ਮਾਨ ਦੀ ਘਟਨਾ ਹੈ ਕਿ ਇਹ ਸਨਮਾਨ ਸ਼ਾਇਰ ਪਰਮ ਨਿਮਾਣਾ ਦੇ 85 ਸਾਲਾਂ ਸਤਿਕਾਰਯੋਗ ਦਾਦੀ ਜੀ ਸਰਦਾਰਨੀ ਪ੍ਰਸੰਨ ਕੌਰ ਜੀ ਦੇ ਕਰ ਕਮਲਾਂ ਨਾਲ ਦਵਾਏ ਗਏ। ਇਸ ਮੌਕੇ ਸ੍ਰ. ਮਹਿੰਦਰ ਸਿੰਘ, ਸ੍ਰ. ਗੁਰਪ੍ਰੀਤ ਸਿੰਘ, ਹਰਪਾਲ ਕੌਰ, ਮਨਜਿੰਦਰ ਕੌਰ ਤੇ ਅਮਨਦੀਪ ਕੌਰ ਵੀ ਮੌਜੂਦ ਸਨ।
ਉਪਰੰਤ ਸਭਾ ਵੱਲੋਂ ਦੋ ਪੁਸਤਕਾਂ ਨੌਜਵਾਨ ਸ਼ਾਇਰ ਪਰਮ ਨਿਮਾਣਾ ਦੀ ਪੁਸਤਕ ‘ਮੇਰੇ ਕਲੂਬ ਦੇ ਅਜਾਬ’ ਅਤੇ ਰਾਜ ਕੁਮਾਰ ਗਰਗ ਦੀ ਪੁਸਤਕ ਖੇਤੀਬਾੜੀ ਕਰਨ ਦੇ 40 ਤਰੀਕੇ ਲੋਕ ਅਰਪਣ ਕੀਤੀਆਂ ਗਈਆਂ। ਪਰਮ ਨਿਮਾਣਾ ਦੀ ਪੁਸਤਕ ਬਾਰੇ ਹੋਈ ਚਰਚਾ ਵਿੱਚ ਡਾ. ਤੇਜਵੰਤ ਮਾਨ, ਡਾ. ਭਗਵੰਤ ਸਿੰਘ, ਡਾ. ਪਵਨ ਹਰਚੰਦ ਪੁਰੀ, ਬਲਰਾਜ ਓਬਰਾਏ ਬਾਜ਼ੀ, ਦਵਿੰਦਰ ਕੌਰ, ਡਾ. ਸੁਖਵਿੰਦਰ ਸਿੰਘ, ਸ੍ਰ. ਲਾਲ ਸਿੰਘ, ਬੂਟਾ ਸਿੰਘ ਧਾਲੀਵਾਲ, ਰਣਜੀਤ ਲੱਡਾ, ਹਰਸ਼ ਬਦੇਸਾਂ ਨੇ ਹਿੱਸਾ ਲਿਆ।
ਉਪਰੰਤ ਕਵਿਤਾ ਪਾਠ ਅਤੇ ਗੀਤ ਗਾਇਕੀ ਦੇ ਦੌਰ ਵਿੱਚ ਪ੍ਰਸਿੱਧ ਲੋਕ ਗਾਇਕ ਰਾਜ ਨਿਮਾਣਾ ਨੇ ਆਪਣੇ ਰੂ-ਬ-ਰੂ ਦੌਰਾਨ ਆਪਣੇ ਚੋਣਵੇਂ ਦੋ ਗੀਤਾ ਦਾ ਗਾਇਨ ਕੀਤਾ। ਇਸੇ ਤਰ੍ਹਾਂ ਪਰਮ ਨਿਮਾਣਾ ਨੇ ਆਪਣੀ ਲੋਕ ਅਰਪਣ ਹੋਈ ਪੁਸਤਕ ਵਿੱਚੋਂ ਦੋ ਰਚਨਾਵਾਂ ਬੜੀ ਸੋਜ਼ ਭਰਪੂਰ ਅਵਾਜ ਵਿੱਚ ਸੁਣਾਈਆ।
ਉਪਰੰਤ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਵਸ ਨੂੰ ਕਵੀ ਦਰਬਾਰ ਵਿੱਚ ਸਰਵ ਸ੍ਰੀ ਮੇਘ ਗੋਇਲ, ਡਾ. ਗੁਰਬਚਨ ਝਨੇੜੀ, ਅਮਰੀਕ ਗਾਗਾ, ਗੁਰਪ੍ਰੀਤ ਮੋਗਾ, ਗੁਲਜਾਰ ਸਿੰਘ ਸ਼ੋਂਕੀ, ਡਾ. ਦਵਿੰਦਰ ਕੌਰ, ਬੀਰਪਾਲ ਸ਼ਰਮਾ, ਕ੍ਰਿਸ਼ਨ ਬੇਤਾਬ, ਕਰਤਾਰ ਠੁਲੀਵਾਲ, ਦੇਸ਼ ਭੂਸ਼ਨ, ਪਵਨ ਹਰਚੰਦਪੁਰੀ, ਮਿਲਖਾ ਸਿੰਘ ਸਨੇਹੀ, ਵੈਦ ਬੰਤ ਸਿੰਘ ਸਾਰੋਂ, ਸੁਰਿੰਦਰ ਪਾਲ ਕਾਂਝਲਾ, ਅਮਰਜੀਤ ਅਮਨ, ਅਮਰ ਗਰਗ ਕਲਮਦਾਨ, ਬੀ.ਕੇ. ਬਰਿਆਹ, ਗੁਰਨਾਮ ਸਿੰਘ, ਮਿੱਠੂ ਲੱਡਾ, ਰਾਕੇਸ਼ ਕੁਮਾਰ, ਹਰਜੀਤ, ਹਰਸ਼ਵੀਰ, ਭੁਪਿੰਦਰ ਖਾਲਸਾ, ਰਣਬੀਰ ਸਿੰਘ ਆਦਿ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਸੁਣਾਈਆ। ਇਸ ਮੌਕੇ ਸਭਾ ਦੇ ਮੈਂਬਰਾਂ ਸ੍ਰੀ ਕ੍ਰਿਸ਼ਨ ਬੇਤਾਬ ਜੀ ਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸਨਮਾਨ ਅਤੇ ਡਾ. ਇਕਬਾਲ ਸਿੰਘ ਪੰਜਾਬ ਸਰਕਾਰ ਵੱਲੋਂ ਉੱਤਮ ਅਧਿਆਪਕ ਦਾ ਰਾਜ ਪੱਧਰੀ ਐਵਾਰਡ ਮਿਲਣ ਤੇ ਵਧਾਈ ਦਿੱਤੀ ਗਈ। ਮੰਚ ਸੰਚਾਲਣ ਸਭਾ ਦੇ ਜਨਰਲ ਸਕੱਤਰ ਬਲਰਾਜ ਓਬਰਾਏ ਬਾਜ਼ੀ ਨੇ ਬਾਖੂਬੀ ਕੀਤੀ।

Install Punjabi Akhbar App

Install
×