ਪੰਜਾਬੀਆਂ ਨੇ ਕੀਤੀ ਤੁਰੰਤ ਮਦਦ: ਬੰਬੇ ਹਿੱਲ ਨੇੜੇ ਮੋਟਰਵੇਅ ਉਤੇ ਚਲਦੀ ਕਾਰ ਨੂੰ ਲੱਗੀ ਲੱਗ-ਪਤੀ-ਪਤਨੀ ਵਾਲ-ਵਾਲ ਬਚੇ

NZ PIC 22 Jan-1ਅੱਜ ਸ਼ਾਮ 4 ਵਜ ਕੇ 25 ਕੁ ਮਿੰਟ ਉਤੇ ਇਕ ਏ-ਕਲਾਸ ਮਰਸੀਡਜ਼ ਕਾਰ ਜਿਸ ਦੇ ਵਿਚ ਯੂਰੋਪੀਅਨ ਜੋੜਾ (ਬਜ਼ੁਰਗ ਪਤੀ-ਪਤਨੀ) ਆਕਲੈਂਡ ਤੋਂ ਦੱਖਣ ਵਾਲੇ ਪਾਸੇ ਜਾ ਰਹੇ ਸਨ, ਦੀ ਕਾਰ ਨੂੰ ਅਚਾਨਕ ਮੋਟਰਵੇਅ ਉਤੇ ਜਾਂਦਿਆਂ ਅੱਗ ਲੱਗ ਗਈ। ਇਹ ਅੱਗ ਐਨੀ ਤੇਜ਼ੀ ਨਾਲ ਲੱਗੀ ਕਿ ਕਾਰ ਚਾਲਕ ਨੂੰ ਉਦੋਂ ਹੀ ਪਤਾ ਲੱਗਾ ਜਦੋਂ ਬ੍ਰੇਕ ਤੱਕ ਫੇਲ ਹੋ ਚੁੱਕੀ ਸੀ ਅਤੇ ਧੂੰਆਂ ਕਾਰ ਦੇ ਅੰਦਰ ਆਉਣ ਲੱਗ ਪਿਆ ਸੀ। ਇਹ ਘਟਨਾ ਭਾਈ ਸਰਵਣ ਸਿੰਘ ਹੋਰਾਂ ਦੀ ਦੁਕਾਨ ‘ਸਨਹਿਲ ਫਰੂਟ ਸੈਂਟਰ’ ਬੰਬੇ ਹਿੱਲ ਦੇ ਬਿਲਕੁਲ ਸਾਹਮਣੇ ਹੋਈ। ਕਾਰ ਚਾਲਕ ਨੇ ਹੈਂਡ ਬ੍ਰੇਕ ਦਾ ਉਪਯੋਗ ਕਰਦਿਆਂ ਕਾਰ ਨੂੰ ਰੋਕ ਲਿਆ ਅਤੇ ਝੱਟ ਦੋਵੇਂ ਪਤੀ-ਪਤਨੀ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਏ। ਨਜ਼ਰ ਪੈਂਦਿਆਂ ਹੀ ਭਾਈ ਸਰਵਣ ਸਿੰਘ ਆਪਣੀ ਦੁਕਾਨ ਤੋਂ ਦੋ ਹੋਰ ਮੁੰਡਿਆਂ ਅਰਸ਼ ਗਿੱਲ ਅਤੇ ਆਗਿਆਪਾਲ ਸਿੰਘ ਦੀ ਸਹਾਇਤਾ ਨਾਲ ਪਾਣੀ ਦੀਆਂ ਬਾਲਟੀਆਂ ਲੈ ਕੇ ਕਾਰ ਲਾਗੇ ਪਹੁੰਚੇ ਪਰ ਉਦੋਂ ਤੱਕ ਵਿਸਫੋਟ ਹੋਣੇ ਸ਼ੁਰੂ ਹੋ ਚੁੱਕੇ ਸਨ, ਇੰਝ ਲਗਦਾ ਸੀ ਜਿਵੇਂ ਪੈਟਰੋਲ ਟੈਂਕ ਨੂੰ ਅੱਗ ਪੈ ਗਈ ਹੋਵੇ। ਧਮਾਕੇ ਤੇ ਧਮਾਕਾ ਹੋਣ ਲੱਗ ਪਿਆ ਸੀ। ਸੁਰੱਖਿਆ ਦੇ ਮੱਦੇ ਨਜ਼ਰ ਪਾਣੀ ਸੁੱਟਣ ਤੋਂ ਗੁਰੇਜ਼ ਕੀਤਾ ਗਿਆ ਅਤੇ ਤੁਰੰਤ ਦੁਕਾਨ ਤੋਂ ਸਟਾਫ ਨੇ ਫਾਇਰ ਬ੍ਰਿਗੇਡ ਨੂੰ ਫੋਨ ਕਰ ਦਿੱਤਾ। 10 ਕੁ ਮਿੰਟਾਂ ਬਾਅਦ ਦੋ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਆਈਆਂ ਅਤੇ ਜਲਦੀ ਕਾਰ ਉਤੇ ਕਾਬੂ ਪਾਇਆ। ਐਨੇ ਚਿਰ ਨੂੰ ਸਾਰੀ ਕਾਰ ਜਲ ਕੇ ਰਾਖ ਹੋ ਚੁੱਕੀ ਸੀ। ਕਾਰ ਚਾਲਕ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕਾਰ ਚਲਾਉਂਦਿਆਂ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਕੋਈ ਧੂੰਏ ਦੀ ਦੁਰਗੰਧ ਨਹੀਂ ਆਈ, ਪਰ ਜਦੋਂ ਧੂੰਆਂ ਅੰਦਰ ਹੀ ਆਣ ਵੜਿਆ ਤਾਂ ਪਤਾ ਲੱਗਿਆ। ਤੁਰੰਤ ਅੱਗ ਨੇ ਵੀ ਇਕ ਦਮ ਜ਼ੋਰ ਫੜ ਲਿਆ ਤੇ  ਉਹ ਬੜੀ ਹੁਸ਼ਿਆਰੀ ਨਾਲ ਵਾਲ-ਵਾਲ ਬਾਹਰ ਨਿਕਲ ਕੇ ਬਚ ਗਏ। ਉਨ੍ਹਾਂ ਦਾ ਨਿੱਜੀ ਸਮਾਨ ਜਿਵੇਂ ਦੋਵੇਂ ਆਈ. ਫੋਨ ਅਤੇ ਜਰੂਰੀ ਕਾਗਜ਼ਾਤ ਵੀ ਨਾਲ ਹੀ ਸੜ ਗਏ। ਪਤੀ-ਪਤਨੀ ਨੇ ਭਾਈ ਸਰਵਣ ਸਿੰਘ ਅਤੇ ਸਾਰੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਹੜੇ ਕਿ ਤੁਰੰਤ ਉਨ੍ਹਾਂ ਦੀ ਸਹਾਇਤਾ ਵਾਸਤੇ ਬਾਹਰ ਭੱਜ ਕੇ ਨਿਕਲੇ ਅਤੇ ਉਨ੍ਹਾਂ ਨੂੰ ਦੁਕਾਨ ਅੰਦਰ ਲਿਜਾ ਕਾ ਜਲ-ਪਾਣੀ ਛਕਾਇਆ। ਕੁਝ ਸਮੇਂ ਬਾਅਦ ਉਨ੍ਹਾਂ ਦਾ ਬੇਟਾ ਜੋ ਕਿ ਡਾਕਟਰ ਹੈ, ਵੀ ਪਹੁੰਚਿਆ। ਮੋਟਰ ਵੇਅ ਅਤੇ ਕੁਝ ਸਮੇਂ ਲਈ ਸਾਰਾ ਟ੍ਰੈਫਿਕ ਵੀ ਰੁਕਿਆ ਰਿਹਾ।

Install Punjabi Akhbar App

Install
×