ਬੀਤੇ ਦਿਨੀਂ ਮੈਨੁਰੇਵਾ ਸੈਂਟਰਲ ਸਕੂਲ ਦੇ ਲਗਪਗ 160 ਸਕੂਲੀ ਬੱਚੇ, ਅਧਿਆਪਕ ਅਤੇ ਮਾਪੇ ਇਥੋਂ ਦੇ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਸਿੱਖ ਧਰਮ ਅਤੇ ਵਿਰਸੇ ਬਾਰੇ ਜਾਣਕਾਰੀ ਲੈਣ ਲਈ ਪਹੁੰਚੇ। ਸਾਰੇ ਬੱਚਿਆਂ ਦਾ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਦਰਬਾਰ ਹਾਲ ਦੇ ਵਿਚ ਸਾਰੇ ਇਕੱਤਰ ਬੱਚਿਆਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦਿੰਦਾ ਇਕ ਕੰਪਿਊਟਰ ਸ਼ੋਅ ਵਿਖਾਇਆ ਗਿਆ। ਹਾਜ਼ਿਰ ਬੱਚਿਆਂ ਨੇ ਪ੍ਰਸ਼ਨ-ਉਤਰ ਵੀ ਕੀਤੇ। ਇਸ ਸ਼ੈਸਨ ਤੋਂ ਬਾਅਦ ਸਾਰੇ ਬੱਚਿਆਂ ਨੇ ਲੰਗਰ ਹਾਲ ਦੇ ਵਿਚ ਤਿਆਰ ਗੁਰੂ ਕਾ ਲੰਗਰ ਛਕਿਆ। ਵਰਨਣਯੋਗ ਹੈ ਕਿ ਗੁਰਦੁਆਰਾ ਸਾਹਿਬ ਦੇ ਵਿਚ ਬੀਤੇ ਕਈ ਸਾਲਾਂ ਤੋਂ ਇਸੀ ਤਰ੍ਹਾਂ ਬੱਚਿਆਂ ਦੇ ਟੂਰ ਆਉਂਦੇ ਰਹਿੰਦੇ ਹਨ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਿਲ ਕਰਦੇ ਹਨ। ਸਕੂਲ ਵੱਲੋਂ ਇਕ ਵਿਸ਼ੇਸ਼ ਪੱਤਰ ਭੇਜ ਕੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।