ਮਰਦ ਨੂੰ ਮੁੱਢ ਤੋਂ ਹੀ ਸਖ਼ਤ ਮਿਜਾਜ਼, ਕਠੋਰ ਅਤੇ ਮਜ਼ਬੂਤ ਮਨੁੱਖ ਦੇ ਰੂਪ ਵਿੱਚ ਸਵੀਕਾਰਿਆ ਜਾਂਦਾ ਰਿਹਾ ਹੈ। ਇਕ ਬਾਪ, ਇਕ ਭਰਾ ਜਾਂ ਪਤੀ ਨੂੰ ਪਰਿਵਾਰਾਂ ਵਿੱਚ ਇੱਕ ਰੋਹਬਦਾਰ ਅਤੇ ਕਠੋਰ ਵਿਅਕਤੀ ਖਿਆਲ ਕੀਤਾ ਜਾਂਦਾ ਹੈ। ਬਹੁਤੇ ਧੀਆਂ ਪੁੱਤਰਾਂ ਨੇ ਸਾਰੀ ਜ਼ਿੰਦਗੀ ਵਿੱਚ ਆਪਣੇ ਬਾਪ ਨੂੰ ਕਦੇ ਰੋਂਦਿਆਂ ਨਹੀਂ ਦੇਖਿਆ ਹੋਵੇਗਾ, ਕਿਉਂਕਿ ਸਮਾਜ ਦੀਆਂ ਅਜਿਹੀਆਂ ਧਾਰਨਾਵਾਂ ਕਾਰਨ ਇੱਕ ਬਾਪ ਹਮੇਸ਼ਾ ਆਪਣੇ ਜਜ਼ਬਾਤ ਅਤੇ ਭਾਵਨਾਵਾਂ ਨੂੰ ਆਪਣੇ ਅੰਦਰ ਹੀ ਦਬਾਉਣ ਲਈ ਮਜਬੂਰ ਹੁੰਦਾ ਹੈ। ਅਕਸਰ ਇਹ ਮੰਨਿਆਂ ਜਾਂਦਾ ਹੈ ਕਿ ਮਰਦ ਅੰਦਰ ਦੁੱਖ, ਦਰਦ ਜਾਂ ਤਕਲੀਫ਼ ਸਹਿਣ ਦਾ ਮਾਦਾ ਵਧੇਰੇ ਹੁੰਦਾ ਹੈ ਇਸੇ ਲਈ ਸਾਡੀਆਂ ਫਿਲਮਾਂ ਦੇ ਡਾਇਲਾਗ ਵੀ ਅਜਿਹੇ ਮਰਦ ਦਾ ਚਿੱਤਰਨ ਕਰਦੇ ਹਨ ਜੋ ਮਾੜੇ ਤੋਂ ਮਾੜੇ ਹਾਲਾਤ ਵਿੱਚ ਵੀ ਕਿਸੇ ਤਰਾਂ ਦਾ ਦਰਦ ਮਹਿਸੂਸ ਨਹੀਂ ਕਰਦਾ ਜਿਵੇਂ …..ਮਰਦ ਕੋ ਦਰਦ ਨਹੀਂ ਹੋਤਾ।
ਇੱਕ ਮੁੰਡੇ ਨੂੰ ਬੱਚੇ ਤੋਂ ਲੈ ਕੇ ਉਸ ਦੇ ਵੱਡੇ ਹੋਣ ਤੱਕ ਉਸ ਦਾ ਪਾਲਣ ਪੋਸ਼ਣ ਕਰਨ ਦੌਰਾਨ ਵੀ ਉਸ ਨੂੰ ਇਹ ਅਹਿਸਾਸ ਸ਼ਿੱਦਤ ਨਾਲ ਕਰਵਾਇਆ ਜਾਂਦਾ ਹੈ ਕਿ ਤੂੰ ਦਲੇਰ ਹੈ, ਬਹਾਦਰ ਹੈ ਸੋ ਮੁੰਡਾ ਹੋ ਕੇ ਐਵੇਂ ਮਾੜੀਆਂ ਮੋਟੀਆਂ ਗੱਲਾਂ ਉੱਤੇ ਰੋਣਾ ਧੋਣਾ ਮੁੰਡਿਆਂ ਨੂੰ ਜਚਦਾ ਨਹੀਂ।
ਅਸਲ ਵਿੱਚ ਬੱਚਿਆਂ ਨੂੰ ਦਲੇਰ ਅਤੇ ਬਹਾਦਰ ਬਣਨ ਲਈ ਪ੍ਰੇਰਣਾ ਇੱਕ ਸ਼ਲਾਘਾਯੋਗ ਕੋਸ਼ਿਸ਼ ਹੈ ਤਾਂ ਕਿ ਉਹ ਹਰ ਚੰਗੇ ਮਾੜੇ ਹਾਲਾਤ ਦਾ ਸਾਹਮਣਾ ਕਰਨ ਦੇ ਯੋਗ ਹੋ ਸਕਣ । ਪਰ ਉਨ੍ਹਾਂ ਸਥਿਤੀਆਂ ਵਿੱਚੋਂ ਲੰਘਦਿਆਂ ਜਜ਼ਬਾਤੀ ਤੌਰ ਉੱਤੇ ਦੁੱਖ ਜਾਂ ਦਰਦ ਦੇ ਅਸਰ ਨੂੰ ਕਬੂਲ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਵੀ ਬੇਹੱਦ ਲਾਜ਼ਮੀ ਹੈ।
ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਵੀ ਇੱਕ ਮਨੁੱਖ ਹੈ ਅਤੇ ਉਸ ਅੰਦਰ ਵੀ ਭਾਵਨਾਵਾਂ ਦਾ ਵੇਗ ਹੈ ਜੋ ਸਮੇਂ ਸਮੇਂ ਉੱਤੇ ਉਸਦੇ ਜ਼ਿਹਨ ਵਿੱਚ ਉਥਲ ਪੁਥਲ ਮਚਾਉਂਦਾ ਹੈ। ਪਰ ਬਹੁਤ ਵਾਰ ਵੇਖਦੇ ਹਾਂ ਕਿ ਅਜਿਹੀ ਉਥਲ ਪੁਥਲ ਵੇਲੇ ਮਰਦ ਦਾ ਵਿਵਹਾਰ ਜਾਂ ਤਾਂ ਕ੍ਰੋਧਿਤ, ਹਿੰਸਕ ਜਾਂ ਬੇਕਾਬੂ ਮਨੁੱਖ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ ਜਾਂ ਫਿਰ ਉਹ ਬਿਲਕੁਲ ਚੁੱਪ ਧਾਰਨ ਕਰ ਜਾਂਦਾ ਹੈ। ਕਾਰਨ ਸਪੱਸ਼ਟ ਹੈ ਕਿ ਉਸਨੂੰ ਅਜਿਹੀਆਂ ਸਥਿਤੀਆਂ ਵਿੱਚ ਆਪਣਾ ਮਨ ਹੌਲਾ ਕਰਨ, ਮਨ ਉੱਤੇ ਪਿਆ ਬੋਝ ਵੰਡਾਉਣ ਜਾਂ ਆਪਣੇ ਮਨ ਦਾ ਗ਼ੁਬਾਰ ਬਾਹਰ ਲਿਆਉਣ ਦਾ ਮੌਕਾ ਹੀ ਹਾਸਲ ਨਹੀਂ ਹੁੰਦਾ ਜਾਂ ਇਹ ਕਹਿ ਲਓ ਕਿ ਮਰਦ ਹੋ ਕੇ ਅਜਿਹਾ ਕਰਨ ਵਿੱਚ ਉਸਨੂੰ ਆਪਣੀ ਹੇਠੀ ਮਹਿਸੂਸ ਹੁੰਦੀ ਹੈ।
ਸਾਡੇ ਪੰਜਾਬੀ ਸਮਾਜ ਵਿੱਚ ਇਹ ਸਮੱਸਿਆ ਇੱਕ ਵਿਕਰਾਲ ਰੂਪ ਧਾਰਨ ਕਰਦੀ ਜਾ ਰਹੀ। ਆਸਟਰੇਲੀਆ ਵਰਗੇ ਮੁਲਕਾਂ ਵਿੱਚ ਰਹਿੰਦਿਆਂ ਇੱਕ ਵੱਖਰੇ ਸੱਭਿਆਚਾਰ, ਰਹਿਣ ਸਹਿਣ ਨੂੰ ਅਪਣਾਉਂਦਿਆਂ ਅਤੇ ਆਪਣੇ ਆਪ ਨੂੰ ਉਸ ਵਿੱਚ ਸਥਾਪਤ ਕਰਨ ਦੌਰਾਨ ਪਰਿਵਾਰਾਂ ਨੂੰ ਬਹੁਤ ਸਾਰੇ ਤਣਾਅ ਅਤੇ ਚਿੰਤਾਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ।
ਅਜਿਹੇ ਵਿੱਚ ਭਾਵੇਂ ਸਮਾਜਿਕ ਤੌਰ ਉੱਤੇ ਮੇਲ ਮਿਲਾਪ ਅਜਿਹੇ ਤਣਾਅ ਨੂੰ ਘਟਾਉਣ ਵਿੱਚ ਸਹਾਈ ਹੁੰਦੇ ਹਨ ਪਰ ਇਸਦੇ ਬਾਵਜੂਦ ਵੀ ਬੰਦਿਆਂ ਵਲੋਂ ਵਧੇਰੇ ਕਰਕੇ ਅਜਿਹੇ ਹਾਲਾਤ ਬਹੁਤ ਘੱਟ ਸਾਂਝੇ ਕੀਤੇ ਜਾਂਦੇ ਜਿਨਾਂ ਦਾ ਜਜ਼ਬਾਤੀ ਤੌਰ ਉੱਤੇ ਉਹ ਸਿੱਧਾ ਅਸਰ ਕਬੂਲ ਰਹੇ ਹੁੰਦੇ ਹਨ। ਭਾਵੇਂ ਕਿ ਉਨ੍ਹਾਂ ਲਈ ਵੀ ਮਨ ਦਾ ਬੋਝ ਹਲਕਾ ਕਰਨਾ ਲਾਜ਼ਮੀ ਹੁੰਦਾ ਹੈ।ਕਿਸੇ ਅਜਿਹੀ ਸਥਿਤੀ ਦਾ ਸਾਹਮਣਾ ਕਰ ਰਹੇ ਮਰਦ ਜਾਂ ਔਰਤ ਨੂੰ ਉਸ ਵੇਲੇ ਜਜ਼ਬਾਤੀ ਸਾਂਝ ਦੀ ਵਧੇਰੇ ਲੋੜ ਹੁੰਦੀ ਹੈ, ਨਹੀਂ ਤਾਂ ਹੌਲੀ ਹੌਲੀ ਉਹ ਨਿਰਾਸ਼ਾ ਜਾਂ ਉਦਾਸੀ ਦੇ ਆਲਮ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਅਜਿਹੇ ਵਿੱਚ ਸਭ ਤੋਂ ਵਧੇਰੇ ਅਸਰ ਉਸਦੀ ਮਾਨਸਿਕ ਸਿਹਤ ਉੱਤੇ ਹੁੰਦਾ ਹੈ ਜਿਸ ਨਾਲ ਉਸਦੀ ਸਰੀਰਕ ਵੀ ਸਿੱਧੇ ਤੌਰ ਤੇ ਪ੍ਰਭਾਵਿਤ ਹੁੰਦੀ ਹੈ।
ਆਸਟਰੇਲੀਆ ਵਿੱਚ ਇਕ ਅੰਦਾਜ਼ੇ ਮੁਤਾਬਕ ਲਗਭਗ 31.5% ਫੀਸਦੀ ਲੋਕ ਲੰਮੇ ਸਮੇਂ ਤੋਂ ਅਜਿਹੇ ਸਿਹਤ ਹਾਲਾਤ ਨਾਲ ਪ੍ਰਭਾਵਿਤ ਹਨ ਜਿਨਾਂ ਵਿੱਚੋਂ 8.8% ਫੀਸਦੀ ਲੋਕ ਨਿਰਾਸ਼ਾ ਅਤੇ ਚਿੰਤਾ ਜਿਹੀਆਂ ਮਾਨਸਿਕ ਬਿਮਾਰੀਆਂ ਦੇ ਰੋਗੀ ਪਾਏ ਗਏ ਹਨ ਅਤੇ ਇਹ ਅੰਕੜਾ ਪਿਛਲੇ ਸਾਲਾਂ ਤੋਂ ਲਗਾਤਾਰ ਵਧਦਾ ਜਾ ਰਿਹਾ ਹੈ। ਖ਼ੁਦਕੁਸ਼ੀ ਕਰਕੇ ਮਰਨ ਵਾਲਿਆਂ ਦੀ ਗਿਣਤੀ ਵੀ ਚਿੰਤਾਜਨਕ ਹੈ। ਹਰ ਸਾਲ 3000 ਤੋਂ ਵੀ ਵੱਧ ਮੌਤਾਂ ਖ਼ੁਦਕੁਸ਼ੀ ਕਾਰਨ ਰਿਕਾਰਡ ਕੀਤੀਆਂ ਜਾਂਦੀਆਂ ਹਨ। ਅੰਕੜਿਆਂ ਅਨੁਸਾਰ 2021 ਵਿੱਚ 3144 ਲੋਕਾਂ ਦੀ ਮੌਤ ਦਾ ਕਾਰਨ ਖ਼ੁਦਕੁਸ਼ੀ ਰਿਹਾ ਹੈ।
ਵਧੇਰੇ ਕਰਕੇ ਖ਼ੁਦਕੁਸ਼ੀ ਨਾਲ ਮਰਨ ਵਾਲਿਆਂ ਵਿੱਚ ਜਵਾਨ ਲੋਕ ਸ਼ਾਮਲ ਹਨ।
ਸੋ ਅਜਿਹੇ ਵਿੱਚ ਸਮੇਂ ਦੇ ਬਦਲਣ ਨਾਲ ਸਾਡੇ ਸਮਾਜ ਦੀਆਂ ਕੁਝ ਧਾਰਨਾਵਾਂ ਨੂੰ ਵੀ ਤੋੜਨਾ ਪਵੇਗਾ। ਆਪਣੇ ਸਮਾਜ ਵਿੱਚ ਦੁੱਖ ਤਕਲੀਫ਼ ਵਿੱਚੋਂ ਗੁਜ਼ਰ ਰਹੇ ਲੋਕਾਂ ਦੀ ਖਿੱਲੀ ਉਡਾਉਣ ਦੀ ਬਜਾਏ ਉਨ੍ਹਾਂ ਦੀ ਬਾਂਹ ਫੜਨੀ ਪਵੇਗੀ। ਇਹ ਦੁੱਖ ਤਕਲੀਫ਼ ਉਹਨਾਂ ਦੇ ਕਰੀਬੀਆਂ ਦਾ ਵਿਛੋੜਾ, ਕਾਰੋਬਾਰ ਵਿੱਚ ਘਾਟਾ, ਪਰਿਵਾਰਕ ਝਗੜੇ, ਆਪਣਿਆਂ ਵਲੋਂ ਧੋਖਾ, ਸਰੀਰਕ ਦੁੱਖ ਆਦਿ ਕਿਸੇ ਵੀ ਰੂਪ ਵਿੱਚ ਹੋ ਸਕਦੇ ਹਨ। ਬਹੁਤੇ ਲੋਕ ਅਜਿਹੇ ਔਖੇ ਸਮੇਂ ਨੂੰ ਆਪਣੇ ਜਾਣੂਆਂ ਨਾਲ ਵੀ ਕੇਵਲ ਇਸੇ ਕਾਰਨ ਹੀ ਸਾਂਝਾ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਦੇ ਨੇੜਲੇ ਲੋਕ ਹੀ ਉਨ੍ਹਾਂ ਦੀ ਤਕਲੀਫ਼ ਪੈਦਾ ਕਰਨ ਦਾ ਕਾਰਨ ਰਹੇ ਹੁੰਦੇ ਹਨ। ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਭਰੋਸਾ ਕਿਸ ਉੱਤੇ ਕੀਤਾ ਜਾਵੇ ..? ਦਿਲ ਕਿਸ ਨਾਲ ਫਰੋਲਿਆ ਜਾਵੇ …?
ਮਾਨਸਿਕ ਤੌਰ ਤੇ ਮਜ਼ਬੂਤ ਹੋਣ ਲਈ ਗੁਰਬਾਣੀ ਜਾਂ ਅਧਿਆਤਮਿਕਤਾ ਨਾਲ ਕਿਵੇਂ ਜੁੜਿਆ ਜਾਵੇ… ?
ਸਾਨੂੰ ਅਜਿਹੇ ਸੱਚੇ ਅਤੇ ਭਰੋਸੇਮੰਦ ਦੋਸਤ, ਰਿਸ਼ਤੇਦਾਰ ਵਜੋਂ ਵਿਚਰਨ ਦੀ ਜਾਂਚ ਸਿੱਖਣੀ ਪਵੇਗੀ।
ਇੱਕ ਛੋਟੀ ਜਿਹੀ ਜਜ਼ਬਾਤੀ ਸਾਂਝ ਕਈ ਵਾਰ ਅਜਿਹੀ ਨਿਰਾਸ਼ਾ ਵਿੱਚ ਜਾ ਚੁੱਕੇ ਮਨੁੱਖ ਦਾ ਮਨੋਬਲ ਮਜ਼ਬੂਤ ਕਰਨ ਵਿੱਚ ਸਹਾਈ ਹੁੰਦੀ ਹੈ।
ਸਿਹਤ ਮਾਹਿਰ ਵੀ ਇਸ ਗੱਲ ਦਾ ਦਾਅਵਾ ਕਰਦੇ ਹਨ ਕਿ ਕਿਸੇ ਆਪਣੇ ਦੀ ਮੌਤ ਉੱਤੇ ਰੋ ਕੇ ਮਨ ਦਾ ਗ਼ੁਬਾਰ ਬਾਹਰ ਆਉਣਾ ਜ਼ਰੂਰੀ ਹੈ। ਜਦਕਿ ਅਸੀਂ ਅਜਿਹੀਆਂ ਭਾਵਨਾਵਾਂ ਨੂੰ ਆਪਣੇ ਅੰਦਰ ਦਬਾ ਕੇ ਭਵਿੱਖ ਵਿੱਚ ਵੱਡੇ ਰੋਗਾਂ ਦਾ ਸ਼ਿਕਾਰ ਹੁੰਦੇ ਹਾਂ। ਸੋ ਮੇਰਾ ਮੰਨਣਾ ਹੈ ਕਿ ਭਾਵੇਂ ਔਰਤ ਹੋਵੇ ਜਾਂ ਮਰਦ ਦਰਦ ਸਭ ਨੂੰ ਇੱਕੋ ਜਿਹਾ ਹੀ ਹੁੰਦਾ ਹੈ। ਅਜਿਹੇ ਹਾਲਾਤ ਵਿੱਚ ਔਰਤ ਜਜ਼ਬਾਤੀ ਤੌਰ ਉੱਤੇ ਰੋ ਕੇ ਅਜਿਹਾ ਗ਼ੁਬਾਰ ਬਾਹਰ ਕੱਢ ਸਕਦੀ ਹੈ ਤਾਂ ਮਰਦ ਕਿਉ ਨਹੀਂ….?
ਮੇਰਾ ਮੰਨਣਾ ਹੈ ਕਿ ਮਰਦ ਨੂੰ ਵੀ ਦਰਦ ਹੁੰਦਾ ਹੈ, ਉਹ ਵੀ ਕਈ ਸਥਿਤੀਆਂ ਵਿੱਚ ਭਾਵੁਕ ਹੁੰਦਾ ਹੈ ਅਤੇ ਇਹ ਜ਼ਰੂਰੀ ਵੀ ਹੈ। ਮੈਂ ਆਪਣੇ ਪਿਤਾ ਨੂੰ ਆਪਣੀ ਡੋਲੀ ਵੇਲੇ ਜ਼ਿੰਦਗੀ ਵਿੱਚ ਪਹਿਲੀ ਵਾਰ ਰੋਂਦਿਆਂ ਵੇਖਿਆ ਸੀ। ਇਹ ਉਹ ਪਿਆਰ ਦਾ ਵੇਗ ਸੀ ਜੋ ਉਸ ਇਨਸਾਨ ਅੰਦਰੋਂ ਹੰਝੂਆਂ ਦੇ ਰੂਪ ਵਿੱਚ ਵਹਿ ਤੁਰਿਆ ਜਿਸਨੂੰ ਮੈਂ ਹਮੇਸ਼ਾ ਇੱਕ ਕਠੋਰ ਅਤੇ ਰੋਹਬਦਾਰ ਪਿਉ ਦੇ ਰੂਪ ਵਿੱਚ ਵੇਖਿਆ ਸੀ।
ਸੋ ਹਰ ਮਨੁੱਖ ਲਈ ਭਾਵਨਾਵਾਂ ਦਾ ਪ੍ਰਗਟਾਵਾ ਬੇਹੱਦ ਲਾਜ਼ਮੀ ਹੈ ਉਹ ਮਰਦ ਹੋਵੇ ਜਾਂ ਔਰਤ। ਆਪਣੇ ਆਪ ਨੂੰ ਅਜਿਹੀ ਕਿਸੇ ਵੀ ਸਥਿਤੀ ਵਿੱਚੋਂ ਬਾਹਰ ਲਿਆਉਣ ਲਈ ਜੇਕਰ ਕੋਈ ਸੱਚਾ ਜਾਂ ਭਰੋਸੇਮੰਦ ਸਾਥੀ ਨਹੀਂ ਤਾਂ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਤੱਕ ਪਹੁੰਚ ਕਰੋ ਕਿਉਂਕਿ ਇਸ ਤਕਲੀਫ਼ ਦਾ ਅਸਰ ਬਾਅਦ ਵਿੱਚ ਤੁਹਾਡੇ ਪਰਿਵਾਰ ਅਤੇ ਬੱਚਿਆਂ ਨੂੰ ਕਬੂਲਣਾ ਪਵੇਗਾ।
ਤੁਸੀਂ ਇਸ ਗੱਲ ਨਾਲ ਕਿੰਨੀ ਕੁ ਸਹਿਮਤੀ ਜਾਂ ਅਸਿਹਮਤੀ ਰੱਖਦੇ ਹੋ। ਜ਼ਰੂਰ ਲਿਖੋ।
ਇਸ ਵਿਸ਼ੇ ਦੇ ਸੰਬੰਧ ਵਿੱਚ ਹੀ ਰੇਡੀਓ ਉੱਤੇ ਕੀਤੀ ਗੱਲਬਾਤ ਦਾ ਲਿੰਕ ਵੀ ਆਪਜੀ ਨਾਲ ਸਾਂਝੀ ਕਰ ਰਹੀ ਹਾਂ ਅਤੇ
13 ਨਵੰਬਰ 2022 ਨੂੰ ਇੱਕ ਛੋਟੇ ਜਿਹੇ ਸਮਾਗਮ ਦੌਰਾਨ ਵੀ ਅਸੀਂ ਇਹੋ ਜਿਹੇ ਕੁਝ ਵਿਸ਼ੇ ਛੂਹਾਂਗੇ। ਆਪ ਸਭ ਨੂੰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੰਦੇ ਹਾਂ ।