ਡਾਇਰੀ ਦੇ ਪੰਨੇ -ਬਚਪਨ ਦੀਆਂ ਬੇ-ਤਰਤੀਬੀਆਂ-(2)

ਸਾਡੇ ਘਰ ਪਾਣੀ ਪਾਉਣ ਵਾਲੀਆਂ ਮਿੱਟੀ ਦੀਆਂ ਝੱਜਰਾਂ ਕਾਫੀ ਸਨ। ਇੱਕ ਵਾਰ ਤਾਇਆ ਫਿਰੋਜ਼ਪੁਰ ਫਸਲ ਵੇਚਣ ਗਿਆ ਇੱਕ ਕੁੰਨਾ ਲੈ ਆਇਆ। ਉਹਦੇ ਵਿਚ ਸਵੇਰ ਦਾ ਪਾਇਆ ਪਾਣੀ ਆਥਣ ਤੀਕ ਠੰਢਾ ਰਹਿੰਦਾ। (ਬਾਅਦ ਵਿਚ ਉਹੋ ਜਿਹੇ ਕੁੰਨੇ ਮੈਂ ਫੌਜੀਆਂ ਕੋਲ ਉਦੋਂ ਦੇਖੇ, ਜਦੋਂ ਫੌਜੀ ਸਾਡੇ ਸਕੂਲੇ ਆਣ ਕੇ ਤੰਬੂ ਗੱਡਦੇ ਤੇ ਕਈ-ਕਈ ਦਿਨ ਟਿਕਾਣਾ ਕਰਦੇ)। ਮਿੱਟੀ ਦੀਆਂ ਝੱਜਰਾਂ ਗਰੋਂ ਸਵੇਰੇ ਖੇਤ ਨੂੰ ਖਾਲੀ ਜਾਂਦੀਆਂ ਤੇ ਆਥਣੇ ਵਾਪਸੀ ਵੇਲੇ ਤਾਇਆ ਤੇ ਮੇਰਾ ਪਿਤਾ ਰਾਹ ‘ਚ ਆਉਂਦੇ ਟਾਂਵੇ-ਟਾਂਵੇ ਨਲਕਿਆਂ ਜਾਂ ਕਿਸੇ ਟਿਊਬਵੈਲ ਤੋਂ ਭਰ ਲਿਆਉਂਦੇ। ਦਾਦਾ ਇਹਨਾਂ ਝੱਜਰਾਂ ‘ਚੋਂ ਆਪਣੇ ਲਈ ਪਿੱਤਲ ਦੀ ਵੱਡੀ ਗੜਬੀ ਭਰ ਕੇ ਸਿਰਹਾਣੇ ਰੱਖ ਲੈਂਦਾ ਤੇ ਦੋ ਦਿਨ ਉਹਦੀ ਗੜਬੀ ‘ਚੋਂ ਪਾਣੀ ਨਾ ਮੁੱਕਦਾ। ਆਥਣੇ ਸਾਰਾ ਟੱਬਰ ਖੂਹੀ ਤੋਂ ਪਾਣੀ ਖਿੱਚ੍ਹ ਕੇ ਇਸ਼ਨਾਨ ਕਰਦਾ। ਬੁੜ੍ਹੀਆਂ ਮੰਜੇ ਖੜ੍ਹੇ ਕਰ ਕੇ ਉਤੇ ਚਾਦਰ ਸੁੱਟ੍ਹ ਕੇ ਉਹਲਾ ਕਰ ਕੇ ਨਹਾਉਂਦੀਆਂ। ਗੁਸਲਖਾਨੇ ਕਦੋਂ ਹੁੰਦੇ ਸਨ?ਬੰਦੇ ਤੇੜ ਪਰਨਾ ਵਲ਼ ਕੇ ਕੱਚੇ ਵਿਹੜੇ ‘ਚ ਨਹਾਉਂਦੇ, ਦੋ ਕਾਰਜ ਹੋ ਜਾਂਦੇ, ਮੰਜੇ ਡਾਹੁੰਣ ਵਾਲੀ ਥਾਂਵੇਂ ਪਾਣੀ ਦਾ ਛਿੜਕਾਓ ਵੀ ਹੋ ਜਾਂਦਾ। ਉਸੇ ਛਿੜਕਾਓ ‘ਤੇ ਇਕਸਾਰ ਮੰਜੇ ਡਾਹੇ ਜਾਂਦੇ, ਜਿੱਥੇ ਸਾਰੇ ਇਕੱਠੇ ਹੋਕੇ ਸੌਂਦੇ। ਪੇਂਡੂ ਲੋਕ ਵੇਲੇ ਨਾਲ ਹੀ, ਸਾਡੈ ਕੁ ਸੱਤ ਵਜਦੇ ਨੂੰ ਰੋਟੀ-ਟੁੱਕ ਤੋਂ ਵਿਹਲੇ ਹੋ ਮੰਜੇ ਮੱਲ ਲੈਂਦੇ। ਜੇ ਕੋਈ ਪ੍ਰਾਹੁਣਾ ਵੀ ਆਇਆ ਹੁੰਦਾ ਤਾਂ ਮੀਟ ‘ਚ ਕੜਛੀ ਵੱਜਣ ਤੇ ਬੋਤਲ ਦਾ ਡੱਟ ਪੱਟਣ ਕਾਰਨ ਵੀ, ਲੇਟ ਵੱਧ ਤੋਂ ਵੱਧ ਅੱਠ ਵਜੇ ਤੀਕ ਹੁੰਦੇ। ਸਵੇਰੇ ਗੁਰਦਵਾਰੇ ਬਾਬਾ ਜੀ ਦੇ ਬੋਲਣ ਤੇ ਕੁੱਕੜਾਂ ਦੇ ਬਾਂਗਾਂ ਦੇਣ ‘ਤੇ ਸਾਰਾ ਟੱਬਰ ਜਾਗ ਜਾਂਦਾ। ਕੁੁੱਕੜ ਜਿਵੇਂ ਜ਼ਿਦ-ਜ਼ਿਦ ਕੇ ਬਾਂਗਾਂ ਦਿੰਦੇ। ਸਾਰੇ ਆਪੋ-ਆਪਣੇ ਕੰਮੀਂ ਜੁਟ ਜਾਂਦੇ। ਮੈਂ ਨਹੀਂ ਦੇਖਿਆ, ਸਾਡੇ ਘਰ ਕੋਈ ਜੀਅ ਕਿਸੇ ਨੂੰ ਕਹਿ ਰਿਹਾ ਕਿ ਤੂੰ ਅਹੁ ਕਰ, ਤੂੰ ਆਹ ਕਰ। ਸਭ ਦੇ ਆਪੋ-ਆਪਣੇ ਨਿਤਾ-ਪ੍ਰਤੀ ਦੇ ਕੰਮ ਪੱਕੇ ਸਨ। ਚਾਹ ਧਰ ਹਟਣ ਮਗਰੋਂ ਦਾਦੀ ਪਿੱਤਲ ਦੀ ਵੱਡੀ ਪਰਾਤ ਵਿਚ ਆਟਾ ਗੁੰਨ੍ਹਣ ਲਗਦੀ। ਮਾਂ ਤੇ ਭੁਆ ਪਸ਼ੂਆਂ ਵਾਲੇ ਪਾਸੇ ਹੋ ਜਾਂਦੀਆਂ। ਪਸ਼ੂਆਂ ਦੀਆਂ ਧਾਰਾਂ ਵਧੇਰੇ ਕਰ ਕੇ ਤਾਇਆ ਹੀ ਕਢਦਾ।ਮੇਰੇ ਪਿਓ ਨੇ ਸਾਰੀ ਉਮਰ ਪਸੂ ਨਹੀਂ ਚੋਏ। ਧੁੱਪ ਚੜ੍ਹਦੀ ਤੀਕ ਗੋਹਾ-ਕੂੜਾ ਰੂੜੀਆਂ ‘ਤੇ ਸੁੱਟ੍ਹ ਲਿਆ ਜਾਂਦਾ। ਵੱਡੀ ਤਵੀ ਤਪਣ ਲਗਦੀ ਤੇ ਸਾਰੇ ਟੱਬਰ ਦੀ ਰੋਟੀ ਮਾਂ ਤੇ ਭੁਆ ਲਾਹੁੰਦੀਆਂ। ਕੇਤ ਵਾਸਤੇ ਦਿਹਾੜੀਆਂ ਦੀ ਰੋਟੀ ਵੀ ਵਿਚੇ ਲਾਹੀ ਜਾਂਦੀ।ਰੋਟੀ ਦਾ ਅਕਾਰ ਥਾਲੀ ਜਿੱਡਾ ਹੁੰਦਾ। ਦਾਦੀ ਚਟਣੀ ਰਗੜਦੀ ਪੱਥਰ ਦੇ ਕੂੰਡੇ ‘ਚ ਘੋਟਣਾ ਖੜਕਾਉਂਦੀ। ਮੱਖਣ ਤੇ ਦਹੀਂ ਨਾਲ ਚੌਂਕੇ ‘ਚ ਕੁੱਜੇ ਭਰੇ ਪਏ ਹੁੰਦੇ। ਤਾਇਆ ਦੂਜੇ ਤੀਜੇ ਦਿਨ ਖੇਤੋਂ ਪੂਦਨਾ ਲਿਆਉਂਦਾ। ਖਾਲ ਦੀ ਵੱਟ ‘ਤੇ ਦੂਰ ਤੀਕ ਪੂਦਨਾ ਫੈਲਿਆ ਹੋਇਆ ਸੀ। ਪਿੰਡ ਦੇ ਹੋਰ ਲੋਕ ਵੀ ਤੋੜ ਕੇ ਲਿਜਾਂਦੇ। ਖੇਤੋਂ ਅਜਿਹੀ ਖਾਣ-ਪੀਣ ਦੇ ਕੰਮ ਆਉਣ ਵਾਲੀ ਵਸਤੂ ਲਿਜਾਣ ਤੋਂ ਕਿਸੇ ਨੂੰ ਕੋਈ ਰੋਕ-ਟੋਕ ਨਹੀਂ ਸੀ ਹੁੰਦੀ। ਹਫਤੇ ‘ਚ ਚਟਣੀ ਦੋ ਵਾਰ ਬਣਦੀ ਸੀ, ਜੋ ਇੱਕੋ ਦਿਨ ਮੁਕਾ ਲਈ ਜਾਂਦੀ। ਜੇ ਕੋਈ ਵਸਤੂ ਵਧ ਜਾਂਦੀ, ਤਾਂ ਦਾਦੀ ਮਿੱਟੀ ਦੇ ਕਟੋਰੇ ਵਿਚ ਪਾਣੀ ਪਾ, ਵਸਤੂ ਨਾਲ ਭਰਿਆ ਭਾਂਡਾ ਢਕ ਕੇ ਕਟੋਰੇ ‘ਚ ਧਰ ਦਿੰਦੀ। ਇਉਂ ਖਾਣ ਵਾਲੀ ਵਸਤੂ ਖ੍ਰਾਬ ਹੋਣ ਤੋਂ ਬਚ ਜਾਂਦੀ, ਜੋ ਅਗਲੇਰੇ ਦਿਨ ਕੰਮ ਆ ਜਾਂਦੀ।
ਮੈਂ ਚਾਹੇ ਕਿੰਨਾ ਵੀ ਨਿੱਕਾ ਸਾਂ ਪਰ ਦਾਦੀ ਵੱਲੋਂ ਕੀਤੀ ਜਾਂਦੀ ਚੁੱਲ੍ਹ-ਚੌਂਕੇ ਦੀ ਸੇਵਾ-ਸੰਭਾਲ, ਖਾਣ-ਪੀਣ ਦੀਆਂ ਵਸਤਾਂ ਨੂੰ ਪੂਰੇ ਸੰਜਮ, ਸੁੱਚਤਾ ਤੇ ਕਰੀਨੇ ਨਾਲ ਤਿਆਰ ਕਰਨ ਤੇ ਪਰੋਸਣ ਵੱਲ ਉਚੇਚਾ ਧਿਆਨ ਧਰਦਾ ਸਾਂ। ਅਜਿਹੇ ਸਮੇਂ ਦਾਦੀ ਵੱਲ ਦੇਖ ਕੇ ਮੈਨੂੰ ਉਸ ‘ਤੇ ਬੇਹੱਦ ਪਿਆਰ ਆਉਂਦਾ ਸੀ। (ਅੱਜ ਵੀ ਦਾਦੀ ਦੇ ਅਜਿਹੇ ਗੁਣ ਮੈਂ ਆਪਣੇ ਆਪ ‘ਚੋਂ ਛੁਟਕਣ ਨਹੀਂ ਦਿੱਤੇ ਤੇ ਆਪਣਾ ਖਾਣਾ-ਪੀਣਾ ਤਿਆਰ ਕਰਦਿਆਂ ਅੁਹੋ ਗੁਣ ਆਪ-ਮੁਹਾਰੇ ਮੱਲੋ-ਮੱਲੀ ਮੂਹਰੇ ਆ ਜਾਂਦੇ ਨੇ)।
ਗਰਮੀਂ ਨੇੜੇ ਆਉਂਦੀ ਜਾਂਦੀ। ਮਾਰਚ ਮਹੀਨੇ ਦੇ ਆਖੀਰਲੇ ਦਿਨ ਹੁੰਦੇ। ਮੈਂ ਦੇਖਦਾ ਸਾਂ, ਦਾਦੀ ਤੇ ਮਾਂ ਰਲਕੇ ਤੰਦੂਰ ਬਣਾਉਂਦੀਆਂ। ਇਹ ਨਿਰੀ ਕਲਾਕਾਰੀ ਹੀ ਸੀ। ਲਾਲ ਮਿੱਟੀ ਤੇ ਚੀਕਣੀ ਮਿੱਟੀ ਵਿਚ ਤੂੜੀ ਦੀ ਰੀਣ ਰਲਾ ਕੇ ਗੁੰਨ੍ਹੀ ਜਾਂਦੀ। ਸਰਦੀਆਂ ‘ਚ ਅੱਗ ਪਾਉਣ ਲਈ ਮਿੱਟੀ ਦੀ ਬਠਲੀ, ਅੰਗੀਠੀ, ਦੁੱਧ ਤੇ ਦਾਲ ਰਿੰਨ੍ਹਣ ਲਈ ਹਾਰਾ ਤੇ ਹਾਰੀ, ਇਹ ਸਭ ਦਾਦੀ ਤੇ ਮਾਂ ਘਰੇ ਹੀ ਤਿਆਰ ਕਰਦੀਆਂ ਸਨ।
ਸਵੇਰੇ ਚਾਹ ਪੀਂਦੇ ਸਾਰ ਅਸੀਂ ਨਿੱਕੇ-ਨਿਆਣੇ ਸਵੇਰੇ-ਸਵੇਰੇ ਰੂੜੀਆਂ ਨੂੰ ਭਾਗ ਲਾਉਂਦੇ ਤੇ ਉਵੇਂ ਕੱਛੇ ਹੱਥਾਂ ‘ਚ ਫੜ੍ਹੀ ਘਰ ਮਾਵਾਂ ਤੋਂ ਚਿੱਤੜ ਧੁਵਾਉਂਦੇ। ਵੱਡੇ ਬੰਦੇ ਖੇਤੀਂ ਜਾ ਆਉਂਦੇ ਤੇ ਬੁੜ੍ਹੀਆਂ ਮੂੰਹ ਹਨੇਰੇ ਸ਼ਾਮਲਾਟ ਦੀ ਜਗ੍ਹਾ ਨੂੰ ਪਵਿੱਤਰ ਕਰਦੀਆਂ।

Install Punjabi Akhbar App

Install
×