
(ਦ ਏਜ ਮੁਤਾਬਿਕ) ਵੀਰਵਾਰ-ਸ਼ੁਕਰਵਾਰ ਦੀ ਅੱਧੀ ਰਾਤ (12:01) ਵਜੇ ਤੋਂ ਦੱਖਣੀ ਆਸਟ੍ਰੇਲੀਆ ਨੇ ਮੈਲਬੋਰਨ ਤੋਂ ਆਉਣ ਵਾਲਿਆਂ ਵਾਸਤੇ ਕੁਆਰਨਟੀਨ ਅਤੇ ਕਰੋਨਾ ਟੈਸਟਾਂ ਦੀਆਂ ਸ਼ਰਤਾਂ ਨੂੰ ਹਟਾਉਣ ਦਾ ਫੈਸਲਾ ਲੈ ਲਿਆ ਹੈ ਅਤੇ ਹੁਣ ਮੈਲਬੋਰਨ ਤੋਂ ਇੱਥੇ ਆਉਣ ਵਾਲਿਆਂ ਨੂੰ ਕਰੋਨਾ ਟੈਸਟ ਨਹੀਂ ਕਰਵਾਉਣਾ ਪਵੇਗਾ ਅਤੇ ਲੋਕਾਂ ਦਾ ਆਵਾਗਮਨ ਮੁੜ ਤੋਂ ਪਹਿਲਾਂ ਦੀ ਤਰ੍ਹਾਂ ਹੀ ਸ਼ੁਰੂ ਹੋਣ ਜਾ ਰਿਹਾ ਹੈ।
ਦੱਖਣੀ ਆਸਟ੍ਰੇਲੀਆ ਦੇ ਪੁਲਿਸ ਕਮਿਸ਼ਨਰ ਗ੍ਰਾਂਟ ਸਟੀਵਨਜ਼ ਨੇ ਇੱਕ ਹੋਰ ਅਹਿਮ ਜਾਣਕਾਰੀ ਵਿੱਚ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਉਕਤ ਸਮੇਂ (ਵੀਰਵਾਰ-ਸ਼ੁਕਰਵਾਰ ਦੀ ਅੱਧੀ ਰਾਤ 12:01) ਤੋਂ ਹੀ ਜਿਹੜੇ ਮੈਲਬੋਰਨ ਦੇ ਲੋਕ ਇੱਥੇ ਕੁਆਰਨਟੀਨ ਵਿੱਚ ਹਨ, ਨੂੰ ਵੀ ਆਜ਼ਾਦੀ ਦੇ ਦਿੱਤੀ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਵਿਕਟੋਰੀਆ ਅਤੇ ਦੱਖਣੀ ਆਸਟ੍ਰੇਲੀਆਈ ਸੜਕਾਂ ਉਪਰ ਪੁਲਿਸ ਵੱਲੋਂ ਲਗਾਏ ਗਏ ਚੈਕ ਪੁਆਇੰਟ ਅਤੇ ਹੋਰ ਬਾਧਕ ਵੀ ਚੁੱਕ ਲਏ ਜਾਣਗੇ ਅਤੇ ਟ੍ਰੈਫਿਕ ਪਹਿਲਾਂ ਦੀ ਤਰ੍ਹਾਂ ਚਾਲੂ ਕਰ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਅਜਿਹੀਆਂ ਗਤੀਵਿਧੀਆਂ ਨਾਲ ਦੱਖਣ ਅਸਟ੍ਰੇਲੀਆਈ ਪੁਲਿਸ ਉਪਰ ਜੋ ਸਰੀਰਕ ਅਤੇ ਮਾਨਸਿਕ ਤਣਾਅ ਕਰੋਨਾ ਕਾਰਨ ਬਣਿਆ ਹੋਇਆ ਹੈ, ਉਸ ਨੂੰ ਘਟਾਉਣ ਵਿੱਚ ਅਜਿਹੀ ਕਦਮ ਕਾਰਗਰ ਸਾਬਿਤ ਹੋਣਗੇ।
ਮੈਲਬੋਰਨ ਨਿਵਾਸੀ ਜਿਹੜੇ ਕਿ ਦੱਖਣੀ ਆਸਟ੍ਰੇਲੀਆ ਅੰਦਰ ਆ ਕੇ ਕੁਆਰਨਟੀਨ ਵਿੱਚ ਰਹਿ ਰਹੇ ਸਨ, ਦਾ ਉਚੇਚੇ ਤੌਰ ਤੇ ਧੰਨਵਾਦ ਕਰਦਿਆਂ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਇਹ ਬਹੁਤ ਹੀ ਔਖਾ ਕੰਮ ਹੈ ਪਰੰਤੂ ਜਨਤਕ ਸਿਹਤ ਦੇ ਮੱਦੇਨਜ਼ਰ ਮੈਲਬੋਰਨ ਵਾਸੀਆਂ ਨੇ ਜਿਹੜੀ ਸਾਰਥਿਕਤਾ ਅਤੇ ਸਹਿਣਸ਼ਲੀਤਾ ਦਿਖਾਈ ਉਸ ਦੇ ਉਹ ਤਹਿ ਦਿਲੋਂ ਧੰਨਵਾਦੀ ਹਨ ਅਤੇ ਇਸ ਭਿਆਨਕ ਬਿਮਾਰੀ ਉਪਰ ਕਾਬੂ ਪਾਉਣ ਵਾਸਤੇ ਮਦਦ ਕਰਨ ਲਈ ਉਹ ਉਨ੍ਹਾਂ ਦੇ ਸ਼ੁਕਰਗੁਜ਼ਾਰ ਹਨ।