ਸਿਡਨੀ ਵਿਚ ਹੋਣ ਵਾਲੀਆਂ ਮੈਲਬੋਰਨ ਕੱਪ ਪਾਰਟੀਆਂ ਲਈ 300 ਲੋਕਾਂ ਦੀ ਇਜਾਜ਼ਤ

(ਦ ਏਜ ਮੁਤਾਬਿਕ) ਦੇਸ਼ ਅੰਦਰ, ਕਰੋਨਾ ਕਾਲ ਦੇ ਚਲਦਿਆਂ ਲੋਕਾਂ ਨੂੰ ਹੁਣ ਲੱਗੀਆਂ ਪਾਬੰਧੀਆਂ ਤੋਂ ਹੋਲੀ ਹੋਲੀ ਜਿਹੜੀਆਂ ਰਿਆਇਤਾਂ ਮਿਲ ਰਹੀਆਂ ਹਨ, ਲੋਕ ਉਨ੍ਹਾਂ ਦਾ ਭਰਪੂਰ ਆਨੰਦ ਵੀ ਮਨਾਉਣਾ ਲੋਚਦੇ ਹਨ। ਅੱਜ ਦੇ ਚੱਲ ਰਹੇ ਕੱਪ ਪਾਰਟੀ ਕਾਰਨ ਨਿਊ ਸਾਊਥ ਵੇਲਜ਼ ਸਰਕਾਰ ਨੇ ਵੀ ਲੋਕਾਂ ਨੂੰ ਇਸ ਦਾ ਆਨੰਦ ਮਾਣਨ ਦੀ ਇਜਾਜ਼ਤ ਦਿੱਤੀ ਹੋਈ ਹੈ ਅਤੇ ਸਿਡਨੀ ਵਿਚ ਅਜਿਹੀਆਂ ਪਾਰਟੀਆਂ ਕਰਨ ਵਾਲੇ ਕਾਰਪੋਰੇਟ ਅਦਾਰਿਆਂ ਨੂੰ ਹੁਣ 300 ਲੋਕਾਂ ਨੂੰ ਬੁਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਪਰ ਇਸ ਦੇ ਨਾਲ ਹਦਾਇਤ ਵੀ ਹੈ ਕਿ ਇੱਕ ਵਿਅਕਤੀ ਪ੍ਰਤੀ ਚਾਰ ਵਰਗ ਮੀਟਰ ਦੀ ਜਗ੍ਹਾ ਹੋਣੀ ਚਾਹੀਦੀ ਹੈ ਤਾਂ ਜੋ ਚਾਰ ਦਿਵਾਰੀ ਦੇ ਅੰਦਰ ਚਲ ਰਹੇ ਸਮਾਗਮ ਵਿੱਚ ਕੋਵਿਡ-ਸੇਫ ਦੇ ਨਿਯਮਾਂ ਦੀ ਉਲੰਘਣਾ ਨਾ ਹੋਵੇ ਅਤੇ ਹਰ ਕੋਈ ਕੋਵਿਡ-19 ਦੇ ਇਨਫੈਕਸ਼ਨ ਤੋਂ ਬੱਚਿਆ ਰਹੇ। ਜੇਕਰ ਇਹ ਪਾਰਟੀ ਚਾਰ ਦਿਵਾਰੀ ਤੋਂ ਬਾਹਰ ਖੁਲ੍ਹੇ ਥਾਂ ਤੇ ਹੈ ਤਾਂ ਫੇਰ ਦੋ ਵਰਗ ਮੀਟਰ ਦਾ ਨਿਯਮ ਲਾਗੂ ਹੈ ਅਤੇ ਪਾਰਟੀ ਨੂੰ ਆਯੋਜਿਤ ਕਰਨ ਵਾਲਿਆਂ ਲਈ ਸਖ਼ਤ ਹਦਾਇਤਾਂ ਹਨ ਕਿ ਉਹ ਹਰ ਆਉਣ ਜਾਉਣ ਵਾਲੇ ਦਾ ਪੂਰਨ ਡਾਟਾ ਆਪਣੇ ਕੋਲ ਰੱਖਣ ਤਾਂ ਜੋ ਲੋੜ ਪੈਣ ਤੇ ਕਿਸੇ ਨਾਲ ਵੀ ਸਿੱਧਾ ਸੰਪਰਕ ਸਾਧਿਆ ਜਾ ਸਕੇ। ਇਸ ਦੇ ਨਾਲ ਹੀ ਹਦਾਇਤਾਂ ਇਹ ਵੀ ਹਨ ਕਿ ਹੱਥਾਂ ਨੂੰ ਲਗਾਤਾਰ ਧੋਂਦੇ ਰਹੋ, ਸੈਲਫ ਸਰਵਿੰਗ ਬਫੇ ਦੀ ਇਜਾਜ਼ਤ ਨਹੀਂ ਹੈ ਅਤੇ ਜੇ ਕਿਸੇ ਨੇ ਸ਼ਰਾਬ ਜਾਂ ਬੀਅਰ ਦਾ ਸੇਵਨ ਕਰਨਾ ਹੈ ਤਾਂ ਆਪਣੀ ਥਾਂ ਉਪਰ ਬੈਠ ਕੇ ਹੀ ਅਜਿਹੀਆਂ ਡਰਿੰਕਸ ਦਾ ਸੇਵਨ ਕੀਤਾ ਜਾਣਾ ਚਾਹੀਦਾ ਹੈ। ਆਉਣ ਵਾਲ ਕ੍ਰਿਸਮਿਸ ਦੇ ਤਿਉਹਾਰ ਵੇਲੇ ਵੀ ਅਜਿਹੇ ਹੀ ਨਿਯਮ ਲਾਗੂ ਹੋਣਗੇ।

Install Punjabi Akhbar App

Install
×