
ਭਾਰਤ ਦੀ ਕੇਂਦਰੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਰਕੇ ਅੱਜਕੱਲ੍ਹ ਕਿਸਾਨ ਵਰਗ ਦਿੱਲੀ ਵਿਚ ਸੰਘਰਸ਼ ਲਈ ਉਤਰਿਆ ਹੋਇਆ ਹੈ । ਦਿਨੋਂ ਦਿਨ ਭਖਦੇ ਇਸ ਸੰਘਰਸ਼ ਦੀ ਗਰਮਾਹਟ ਵੱਖ ਵੱਖ ਮੁਲਕਾਂ ਵਿੱਚ ਵੀ ਮਹਿਸੂਸ ਕੀਤੀ ਜਾ ਰਹੀ ਹੈ ।ਇਸੇ ਲੜੀ ਦੇ ਤਹਿਤ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਸਿਡਨੀ ਮੈਲਬਰਨ ਐਡੀਲੇਡ ਵਿੱਚ ਵੀ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕੀਤੇ ਗਏ । ਮੈਲਬੌਰਨ ਦੇ ਉੱਤਰੀ ਇਲਾਕੇ ਵਾਲਰਟ ਵਿਖੇ ਪੰਜਾਬੀ ਨੌਜਵਾਨਾਂ ਨੇ ਕੋਰੋਨਾ ਦੀਆਂ ਪਾਬੰਦੀਆਂ ਨੂੰ ਧਿਆਨ ਚ ਰੱਖਦਿਆਂ ਸੀਮਤ ਇਕੱਤਰਤਾ ਕਰ ਕੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ।

ਲਵ ਖੱਖ, ਅਰਸ਼ ਖੱਖ ਤੇ ਸਾਬੀ ਸਿੰਘ ਹੋਰਾਂ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਕੱਠ ਵਿਚ ਸ਼ਾਮਲ ਹੋਏ ਵੱਖ ਵੱਖ ਬੁਲਾਰਿਆਂ ਨੇ ਕਿਸਾਨਾਂ ਦੀ ਵਿੱਤੀ ਸਹਾਇਤਾ ਦੇ ਨਾਲ ਨਾਲ ਸੋਸ਼ਲ ਮੀਡੀਆ ਉੱਤੇ ਜਾ ਕੇ ਮਦਦ ਕਰਨ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਕਿਸਾਨ ਭਰਾ ਆਪਣੇ ਆਪ ਨੂੰ ਇਕੱਲਾ ਨਾ ਸਮਝਣ ਪਰਦੇਸੀ ਭੈਣ ਭਰਾ ਉਨ੍ਹਾਂ ਦੇ ਸੰਘਰਸ਼ ਵਿਚ ਬਣਦਾ ਸਾਥ ਦੇ ਰਹੇ ਹਨ ਅਤੇ ਦਿੰਦੇ ਰਹਿਣਗੇ ।

ਬੁਲਾਰਿਆਂ ਨੇ ਭਾਰਤੀ ਮੀਡੀਏ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਕਿਸਾਨਾਂ ਦੀ ਬੇਲੋੜੀ ਨੁਕਤਾਚੀਨੀ ਬੰਦ ਕਰਕੇ ਹੱਕ ਸੱਚ ਦੀ ਬੋਲੀ ਬੋਲਣ ਦੀ ਹਿੰਮਤ ਕੀਤੀ ਜਾਵੇ। ਉਹਨਾਂ ਇਹ ਵੀ ਕਿਹਾ ਕਿ ਇਸ ਬਾਬਤ ਆਸਟਰੇਲੀਆ ਮੀਡੀਆ ਨੂੰ ਵੀ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਕੌਮਾਂਤਰੀ ਪੱਧਰ ਤੇ ਮਸਲੇ ਨੂੰ ਜੋਰ ਸ਼ੋਰ ਨਾਲ ਉਠਾਇਆ ਜਾ ਸਕੇ।

ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਸਾਨੀ ਹੱਕਾਂ ਦੇ ਹੱਕ ਵਿੱਚ ਲਿਖੀਆਂ ਇਬਾਰਤਾਂ ਵਾਲੀਆਂ ਤਖ਼ਤੀਆਂ ਹੱਥਾਂ ਵਿੱਚ ਫੜੀਆਂ ਹੋਈਆਂ ਸਨ ।