ਕਿਸਾਨੀ ਸੰਘਰਸ਼ ਨੂੰ ਸਮਰਪਿਤ ਰਿਹਾ 25ਵਾਂ ਮੇਲਾ ਗਦਰੀ ਬਾਬਿਆਂ ਦਾ

ਕਿਸਾਨ ਵਿਰੋਧੀ ਕਾਲੇ ਕਾਨੂੰਨ ਤੁਰੰਤ ਰੱਦ ਕਰਨ ਦਾ ਮਤਾ ਪਾਸ  

ਸਰੀ – ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਵੱਲੋਂ ਮੇਲਾ ਗਦਰੀ ਬਾਬਿਆਂ ਦੇ 25ਵੇਂ ਵਰ੍ਹੇ ਦੇ ਮੌਕੇ ‘ਤੇ ਬੀਅਰ ਕਰੀਕ ਪਾਰਕ ਵਿੱਚ ਗ਼ਦਰੀ ਯੋਧਿਆਂ ਨੂੰ ਯਾਦ ਕੀਤਾ ਗਿਆ। ਫਾਊਂਡੇਸ਼ਨ ਦੇ ਮੁਖੀ ਸਾਹਿਬ ਥਿੰਦ ਨੇ ਹਾਜ਼ਰ ਸ਼ਖਸੀਅਤਾਂ ਨੂੰ ਜੀ ਆਇਆਂ ਆਖਿਆ। ਗ਼ਦਰੀ ਬਾਬਿਆਂ ਨੂੰ ਯਾਦ ਕਰਦਿਆਂ ਬੀ.ਸੀ. ਦੇ ਮੰਤਰੀ ਬਰੂਸ ਰਾਲਸਟਨ, ਹੈਰੀ ਬੈਂਸ, ਕਾਕਸ ਆਗੂ ਗੈਰੀ ਬੈਗ, ਵਿਧਾਇਕ ਜਗਰੂਪ ਸਿੰਘ ਬਰਾੜ ਅਤੇ ਅਮਨ ਸਿੰਘ, ਨਿਊਵੈਸਟ ਮਨਿਸਟਰ ਸਿਟੀ ਕੌਂਸਲਰ ਚਕਪਕਮਾਇਰ, ਸਰੀ ਨਿਊਟਨ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਸੁਖ ਧਾਲੀਵਾਲ ਅਤੇ ਸਰੀ ਸੈਂਟਰਲ ਤੋਂ ਲਿਬਰਲ ਉਮੀਦਵਾਰ ਰਣਦੀਪ ਸਿੰਘ ਸਰਾਏ, ਪੱਤਰਕਾਰ ਗੁਰਪ੍ਰੀਤ ਸਿੰਘ, ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਮੁਖੀ ਅਵਤਾਰ ਸਿੰਘ ਗਿੱਲ, ਜਸਟਿਨ ਥਿੰਦ, ਜਰਨੈਲ ਸਿੰਘ ਆਰਟਿਸਟ, ਪਾਕਿਸਤਾਨੀ ਭਾਈਚਾਰੇ ਦੇ ਆਗੂ ਨਦੀਬ ਵੜੈਚ ਅਤੇ ਸਰੀ ਨਿਊਟਨ ਤੋਂ ਕੰਜ਼ਰਵੇਟਿਵ ਉਮੀਦਵਾਰ ਮੋਹਸਿਨ ਸਮੇਤ ਕਈ ਸ਼ਖ਼ਸੀਅਤਾਂ ਨੇ ਵਿਚਾਰ ਸਾਂਝੇ ਕੀਤੇ। ਸਾਬਕਾ ਰੱਖਿਆ ਮੰਤਰੀ ਅਤੇ ਵੈਨਕੂਵਰ ਦੱਖਣੀ ਤੋਂ ਲਿਬਰਲ ਉਮੀਦਵਾਰ ਹਰਜੀਤ ਸਿੰਘ ਸੱਜਣ ਅਤੇ ਸਰੀ ਗਰੀਨ ਟਿੰਬਰ ਤੋਂ ਵਿਧਾਇਕਾ ਰਚਨਾ ਸਿੰਘ ਦੇ ਸੰਦੇਸ਼ ਪੜ੍ਹ ਕੇ ਸੁਣਾਏ ਗਏ।

ਮੇਲੇ ਦੀ ਸਮੁੱਚੀ ਪ੍ਰਬੰਧਕੀ ਟੀਮ ਵੱਲੋਂ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਪੰਜ ਮਤੇ ਪੇਸ਼ ਕੀਤੇ ਜੋ ਸਰਬਸੰਮਤੀ ਨਾਲ ਪਾਸ ਕੀਤੇ ਗਏ। ਇਨ੍ਹਾਂ ਮਤਿਆਂ ਵਿੱਚ ਭਾਰਤ  ਸਰਕਾਰ ਦੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ, ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਸਬੰਧੀ ਗਲਤ ਇਤਿਹਾਸਕ ਰਿਕਾਰਡ ਨੂੰ ਦਰੁਸਤ ਕਰਨ, ਗਦਰੀ ਬਾਬਿਆਂ ਦੇ ਇਤਿਹਾਸ ਨੂੰ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਸਕੂਲੀ ਸਿਲੇਬਸ ਦਾ ਹਿੱਸਾ ਬਣਾਉਣ ਅਤੇ ਵੈਨਕੂਵਰ ਪੋਰਟ, ਬੀਅਰ ਕਰੀਕ ਪਾਰਕ ਸਰੀ ”ਚ ਬਣਨ ਵਾਲੇ ਨਵੇਂ ਸਟੇਡੀਅਮ ਅਤੇ ਵਾਟਰਫਰੰਟ ਸਟਰੀਟ  ਵੈਨਕੂਵਰ ਦਾ ਨਾਂ ਕਾਮਾਗਾਟਾਮਾਰੂ ਦੇ ਨਾਂ ‘ਤੇ ਰੱਖਣ ਦੀ ਮੰਗ ਕੀਤੀ ਗਈ ਅਤੇ ਮੂਲ-ਵਾਸੀਆਂ ਦੇ ਬੱਚਿਆਂ ‘ਤੇ ਕੈਨੇਡਾ ਵਿੱਚ ਹੋਏ ਤਸ਼ੱਦਦ ਦੀ ਨਿਖੇਧੀ ਕੀਤੀ ਗਈ।

ਇਸ ਮੌਕੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦੀਆਂ ਪਾ ਚੁੱਕੇ ਕਿਸਾਨਾਂ ਅਤੇ ਗ਼ਦਰੀ ਬਾਬਿਆਂ ਨੂੰ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਅਖੀਰ ਵਿਚ ਅਮਰਪ੍ਰੀਤ ਸਿੰਘ ਗਿੱਲ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਸਮਾਗਮ ਲਈ ਕਿਰਨਪਾਲ ਸਿੰਘ ਗਰੇਵਾਲ, ਤਰਨਜੀਤ ਸਿੰਘ ਬੈਂਸ, ਰਾਜ ਸਿੰਘ ਪੱਡਾ, ਜਸਪਾਲ ਸਿੰਘ ਥਿੰਦ, ਮਨਜਿੰਦਰ ਸਿੰਘ ਪੰਨੂ, ਬਲਬੀਰ ਸਿੰਘ ਬੈਂਸ ਅਤੇ ਜੋਤੀ ਸਹੋਤਾ ਦਾ ਵਿਸ਼ੇਸ਼ ਸਹਿਯੋਗ ਰਿਹਾ। 

(ਹਰਦਮ ਮਾਨ) +1 604 308 6663
maanbabushahi@gmail.com

Install Punjabi Akhbar App

Install
×