ਮਹਿਕਾਂ ਵਿਚ ਗੀਤ ,ਕਵਿਤਾਵਾਂ ,ਰੁਬਾਈਆਂ ,ਗਜ਼ਲਾਂ ਅਤੇ ਬੋਲੀਆਂ ਸ਼ਾਮਲ

ਗੀਤਕਾਰ: ਰਣਜੋਧ ਸਿੰਘ ਰਾਣਾ

ਪ੍ਰਕਾਸ਼ਕ: ਉਮੰਗ ਚੰਡੀਗੜ ,ਪੰਨੇ :96,ਮੁੱਲ:200

ਗੀਤਕਾਰੀ ਦੇ ਖੇਤਰ ਵਿਚ ਕਵੀ ਨਵੇਂ ਚਿਹਰੇ ਆ ਰਹੇ ਹਨ ਪਰ ਜਿਹਨਾਂ ਨੇ ਇਸ ਖੇਤਰ ਵਿਚ ਉਮਰਾਂ ਲੰਘਾਈਆਂ ਹਨ ਉਹ ਅਜ ਵੀ ਉਸੇ ਮਸਤਾਨੀ ਤੋਰ ਨਾਲ ਆਪਣੀ ਸਰਗਰਮੀ ਦਿਖਾ ਰਹੇ ਹਨ।ਦੋ ਦਰਜਨ ਤੋਂ ਵੱਧ ਸਾਂਝੇ ਕਾਵਿ ਸੰਗ੍ਰਹਿਆਂ ਵਿਚ ਆਪਣੀ ਸ਼ਾਨਦਾਰ ਹਾਜ਼ਰੀ ਲਗਾਉਣ ਵਾਲੇ ਗੀਤਕਾਰ ਰਣਜੋਧ ਸਿੰਘ ਰਾਣਾ ਨੇ ਹੱਥਲੀ ਪੁਸਤਕ ‘ਮਹਿਕਾਂ’ ਵਿਚ ਗੀਤ ,ਕਵਿਤਾਵਾਂ ,ਰੁਬਾਈਆਂ ,ਗਜ਼ਲਾਂ ਅਤੇ ਬੋਲੀਆਂ ਸ਼ਾਮਲ ਕੀਤੀਆਂ ਹਨ।ਉਸਦੀ ਹਰ ਕਾਵਿ ਵੰਨਗੀ ਵਿਚ ਲੋਹੜੇ ਦੀ ਰਵਾਨੀ ਹੈ।ਇਸ ਰਵਾਨੀ ਸਦਕਾ ਪਾਠਕ ਪੜ੍ਹਦਾ ਪੜ੍ਹਦਾ ਹੀ ਗੀਤ ਨੂੰ ਗੁਣਗੁਨਾਉਣ ਲੱਗ ਪੈਂਦਾ ਹੈ।ਇਸ ਤੋਂ ਇਲਾਵਾ ਰਾਣਾ ਜੀ ਦੇ ਗੀਤਾਂ ਦੇ ਵਿਸ਼ੇ ਵੀ ਸਮੇਂ ਦੇ ਹਾਣੀ ਹਨ।ਮੌਜੂਦਾ ਸਮੇਂ ਦੀ ਚੀਰ ਫਾੜ ਤੋਂ ਇਲਾਵਾ ਅਮੀਰ ਕਦਰਾਂ ਕੀਮਤਾਂ ਦੀ ਇਹਨਾਂ ਗੀਤਾਂ ਵਿਚ ਪਹਿਰੇਦਾਰੀ ਵੀ ਕੀਤੀ ਗਈ ਹੈ।ਕਈ ਨਵੇਂ ਮੁਹਾਵਰੇ ਸਿਰਜੇ ਗਈ ਹਨ ਤੇ ਕਈ ਲੋਕ ਗੀਤਾਂ ਨੂੰ ਮੁੜ ਤੋਂ ਨਵੀਂ ਪੋਚ ਨਾਲ ਪੇਸ਼ ਕੀਤਾ ਹੈ।ਇਹ ਗੀਤ ਕਈ ਗਾਇਕਾਂ ਦੁਆਰਾ ਰੇਡੀਓ ਅਤੇ ਟੀ ਵੀ ਤੇ ਗਾਏ ਜਾ ਚੁੱਕੇ ਹਨ।ਜਿਸ ਕਰਕੇ ਇਹਨਾਂ ਦੀ ਮਹੱਤਤਾ ਅਜੋਕੇ ਸਮੇਂ ਵਿਚ ਹੋਰ ਵੀ ਵਧ ਜਾਂਦੀ ਹੈ।ਸ਼ਬਦਾਂ ਦੀ ਚੋਣ ਬਹੁਤ ਕਮਾਲ ਦੀ ਹੈ।ਸਮਾਜ ਦੇ ਦਰਪੇਸ਼ ਮਸਲਿਆਂ ਨੂੰ ਬੜੇ ਸੁਰਮਈ ਢੰਗ ਨਾਲ ਵਿਚਾਰਿਆ ਗਿਆ ਹੈ।ਗੀਤਾਂ ਦੀਆਂ ਸੁਰਾਂ ਵੀ ਨਵੀਆਂ ਅਤੇ ਨਿਰਾਲੀਆਂ ਹਨ।
ਕੁਝ ਗੀਤਾਂ ਵਿਚ ਗੁਰੁ ਸਾਹਿਬਾਨ ਬਾਰੇ ਬੜੀ ਬਰੀਕੀ ਨਾਲ ਜਾਣਕਾਰੀ ਪ੍ਰਦਾਨ ਕੀਤੀ।ਕੁਝ ਰਾਹੀਂ ਸਾਨੂੰ ਆਪਣੇ ਇਤਿਹਾਸ ਦੇ ਰੂਬਰੂ ਕੀਤਾ ਹੈ।ਸਮਾਜਕ ਅਤੇ ਸੱਭਿਆਚਾਰਕ ਅਮੀਰੀ ਦਾ ਪ੍ਰਗਟਾਵਾ ਬੜਾ ਖੁਲ੍ਹੇ ਰੂਪ ਵਿਚ ਕੀਤਾ ਗਿਆ ਹੈ।ਮਨੋਰੰਜਨ ਦੇ ਨਾਲ ਨਾਲ ਸਾਡੀਆਂ ਗਿਆਨ ਇੰਦਰੀਆਂ ਦੀ ਵੀ ਤ੍ਰਿਪਤੀ ਕੀਤੀ ਗਈ ਹੈ।’ਭੁਲਕੇ ਨਾ ਝੂਠਾ ਇਕਰਾਰ ਕਰੀਏ,ਝੂਠੇ ਬੰਦੇ ਦਾ ਨਾ ਇਤਬਾਰ ਕਰੀਏ।ਫਲਦਾਰ ਰੁੱਖ ਕਦੇ ਨਾ ਵੱਢੀਏ,ਬਿਨਾਂ ਸੋਚੇ ਗੱਲ ਨਾ ਕਦੀ ਮੂੰਹੋਂ ਕੱਢੀਏ।ਬਿਨਾਂ ਕਾਰਨੋ ਨਾ ਤਕਰਾਰ ਕਰੀਏ’।ਵਰਗੇ ਗੀਤ ਨਵੀਂ ਪਨੀਰੀ ਨੂੰ ਪ੍ਰੇਰਨਾ ਦਿੰਦੇ ਹੋਏ ਉਚੇਰੀਆਂ ਕਦਰਾਂ ਕੀਮਤਾਂ ਦੇ ਧਾਰਨੀ ਬਣਾਉਂਦੇ ਹਨ।ਕਵੀ ਨੇ ਆਪਣੇ ਜੀਵਨ ਤਜ਼ਰਬਿਆਂ ਨੂੰ ਇਹਨਾਂ ਰਚਨਾਵਾਂ ਵਿਚ ਭਰਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ।ਮਨੋਰੰਜਕ ਢੰਗ ਨਾਲ ਸਾਨੂੰ ਆਪਣੀ ਨਵੀਂ ਪਨੀਰੀ ਅਤੇ ਬਜ਼ੁਰਗਾਂ ਨੂੰ ਸੰਭਾਲਣ ਦੀ ਨਸੀਹਤ ਵੀ ਕੀਤੀ ਹੈ।ਇਹਨਾਂ ਗੀਤਾਂ ਅਤੇ ਕਵਿਤਾਵਾਂ ਦੇ ਵਿਸ਼ੇ ਸਾਨੂੰ ਮੌਜੂਦਾ ਸਮੇਂ ਨਾਲ ਜੋੜਦੇ ਹੋਏ ਭਵਿੱਖ ਦੀ ਤਿਆਰੀ ਕਰਵਾਉਂਦੇ ਹਨ।ਮਹਿਕਾਂ ਨਾਮੀ ਇਹ ਪੁਸਤਕ ਰਣਜੋਧ ਸਿੰਘ ਰਾਣਾ ਦੀ ਪ੍ਰਾਪਤੀ ਕਹੀ ਜਾ ਸਕਦੀ ਹੈ ਜੋ ਚੁਫੇਰੇ ਮਹਿਕਾਂ ਖਿਲਾਰਦੀ ਹੈ।

(ਬਲਜਿੰਦਰ ਮਾਨ)
+91 98150-18947

Install Punjabi Akhbar App

Install
×