ਕੁਮਾਰ ਸਵਾਮੀ ਦੇ ਦਾਅਵਿਆਂ ਦੀ ਅਸਲੀਅਤ

Ayurveda_doc_tu16577ਚੁਹਾਨਕੇ ਕਲਾਂ ਜ਼ਿਲ੍ਹਾ ਬਰਨਾਲਾ ਦਾ ਇੱਕ ਛੋਟਾ ਜਿਹਾ ਪਿੰਡ ਹੈ। ਉੱਥੋਂ ਦਾ ਵਸਨੀਕ ਚਰਨਜੀਤ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ, ”ਮਿੱਤਰ ਸਾਹਿਬ! ਸਾਡੇ ਪਰਵਾਰ ਵਿਚ ਇੱਕ ਸਦੀਆਂ ਪੁਰਾਣਾ ਦਿਮਾਗ਼ੀ ਨੁਕਸ ਹੈ। ਇਹ ਬਿਮਾਰੀ ਸਾਡੀ ਪੀੜ੍ਹੀ ਦਰ ਪੀੜ੍ਹੀ ਚੱਲਦੀ ਰਹਿੰਦੀ ਹੈ। ਜਦੋਂ ਸਾਡਾ ਕੋਈ ਬੱਚਾ 7-8 ਸਾਲ ਦਾ ਹੋਣ ਲੱਗਦਾ ਹੈ ਤਾਂ ਉਸ ਦੇ ਪੈਰ ਲੜਖੜਾਉਣੇ ਸ਼ੁਰੂ ਕਰ ਦਿੰਦੇ ਹਨ। ਜਿਉਂ-ਜਿਉਂ ਉਹ ਵੱਡਾ ਹੁੰਦਾ ਜਾਂਦਾ ਹੈ, ਉਸ ਦਾ ਰੋਗ ਵੀ ਵਧਦਾ ਜਾਂਦਾ ਹੈ। ਹੌਲੀ-ਹੌਲੀ ਉਸ ਨੂੰ ਲੱਤਾਂ ਤੇ ਪੈਰਾਂ ਦਾ ਅਧਰੰਗ ਹੋ ਜਾਂਦਾ ਹੈ। ਅੱਜ ਵੀ ਸਾਡੇ ਪਰਵਾਰ ਵਿਚ ਅਸੀਂ ਇਸ ਬਿਮਾਰੀ ਦੇ ਤਿੰਨ ਮਰੀਜ਼ ਹਾਂ। ਦਿੱਲੀ ਦੇ ਵੱਡੇ ਤੋਂ ਵੱਡੇ ਹਸਪਤਾਲਾਂ ਤੋਂ ਅਸੀਂ ਇਲਾਜ ਕਰਵਾ ਚੁੱਕੇ ਹਾਂ। ਪਰ ਸਾਡੀ ਇਹ ਅਨੁਵੰਸ਼ਿਕ ਬਿਮਾਰੀ ਅੱਜ ਤੱਕ ਕਿਸੇ ਤੋਂ ਵੀ ਠੀਕ ਨਹੀਂ ਹੋਈ। ਮੈਂ ਸੁਣਿਆ ਹੈ ਕਿ ਤਰਕਸ਼ੀਲ ਸੁਸਾਇਟੀ ਨੇ ਕੁਮਾਰ ਸਵਾਮੀ ਦੇ ਲਾ-ਇਲਾਜ ਰੋਗਾਂ ਦੇ ਠੀਕ ਕਰਨ ਦੇ ਦਾਅਵੇ ਲਈ ਦਸ ਮਰੀਜ਼ ਅਧਰੰਗ ਦੇ ਪੇਸ਼ ਕਰਨੇ ਹਨ। ਜੇ ਅਜਿਹਾ ਹੋਵੇ ਤਾਂ ਸਾਡੇ ਪਰਵਾਰ ਦੇ ਤਿੰਨੇ ਮਰੀਜ਼ਾਂ ਨੂੰ ਉਸ ਲਿਸਟ ਵਿਚ ਜ਼ਰੂਰ ਪਾ ਦੇਣਾ।” ਮੈਂ ਚਰਨਜੀਤ ਨੂੰ ਕਿਹਾ ਕਿ ”ਚਰਨਜੀਤ, ਕੁਮਾਰ ਸਵਾਮੀ ਦੇ ਖ਼ੁਦ ਐਨਕਾਂ ਲੱਗੀਆਂ ਹੋਈਆਂ ਹਨ। ਉਸ ਦੁਆਰਾ ਸਟੇਜ ‘ਤੇ ਬਿਠਾਏ ਗਏ ਬਰਨਾਲੇ ਦੇ ਤਿੰਨੇ ਡਾਕਟਰਾਂ ਦੀ ਵੀ ਨਿਗ੍ਹਾ ਕਮਜ਼ੋਰ ਹੈ। ਜੇ ਕੁਮਾਰ ਸਵਾਮੀ ਆਪਣੀਆਂ ਤੇ ਆਪਣੇ ਵਿਸ਼ੇਸ਼ ਮਹਿਮਾਨਾਂ ਦੀਆਂ ਬੀਜ ਮੰਤਰਾਂ ਰਾਹੀਂ ਐਨਕਾਂ ਨਹੀਂ ਉਤਰਵਾ ਸਕਦਾ ਤਾਂ ਇਹ ਤੁਹਾਡੇ ਪਰਵਾਰ ਨੂੰ ਕਿਵੇਂ ਠੀਕ ਕਰ ਸਕਦਾ ਹੈ?” ਮੇਰੇ ਇਸ ਜੁਆਬ ਤੇ ਚਰਨਜੀਤ ਤਾਂ ਚਲਿਆ ਗਿਆ ਪਰ ਮੇਰੇ ਮਨ ਵਿਚ ਕੁੱਝ ਸ਼ੰਕੇ ਜ਼ਰੂਰ ਖੜ੍ਹੇ ਕਰ ਗਿਆ।”
ਡਾਕਟਰ ਅੰਧ-ਵਿਸ਼ਵਾਸੀ ਕਿਉਂ ਹੋ ਜਾਂਦੇ ਹਨ?
ਕਈ ਡਾਕਟਰਾਂ ਵੱਲੋਂ ਅੰਧ-ਵਿਸ਼ਵਾਸਾਂ ਦਾ ਪ੍ਰਚਾਰ ਕਰਨਾ ਡਾਕਟਰੀ ਕਿੱਤੇ ਦੀ ਲੋੜ ਹੁੰਦੀ ਹੈ। ਕਿਉਂਕਿ ਜਿੱਥੇ ਕਿਤੇ ਉਨ੍ਹਾਂ ਦੀ ਯੋਗਤਾ ਨਾਕਾਮ ਹੋ ਜਾਂਦੀ ਹੈ ਤਾਂ ਉੱਥੇ ਹੀ ਉਹ ਕਹਿ ਛੱਡਦੇ ਹਨ ਕਿ ”ਕਰਨ ਵਾਲਾ ਤਾਂ ਉਹ ਹੈ, ਮਨੁੱਖ ਦੇ ਹੱਥ ਵੱਸ ਤਾਂ ਕੁੱਝ ਵੀ ਨਹੀਂ” ਜੇ ਉਹ ਅਜਿਹਾ ਨਾ ਕਹਿਣ ਤਾਂ ਲੋਕਾਂ ਨੇ ਡਾਂਗਾਂ ਕੱਢ ਲੈਣੀਆਂ ਨੇ। ਉਂਝ ਵੀ ਬਹੁਤ ਸਾਰੇ ਵਿਅਕਤੀ ਡਾਕਟਰੀ ਕਿੱਤੇ ਵਿਚ ਅਜਿਹੇ ਆ ਵੜਦੇ ਹਨ, ਜਿਨ੍ਹਾਂ ਨੇ ਆਪਣੀ ਪੜ੍ਹਾਈ ਨੂੰ ਨਿੱਜੀ ਜ਼ਿੰਦਗੀ ਨਾਲ ਨਹੀਂ ਜੋੜਿਆ ਹੁੰਦਾ। ਅਜਿਹੇ ਵਿਅਕਤੀਆਂ ਦੀ ਸੋਚ ਵਿਗਿਆਨਕ ਨਹੀਂ ਹੁੰਦੀ। ਉਹ ਹਰੇਕ ਘਟਨਾ ਦਾ ਕਾਰਨ ਨਾਲ ਸਬੰਧ ਜੋੜਨਾ ਨਹੀਂ ਜਾਣਦੇ। ਕਈ ਵਾਰੀ ਅਜਿਹੇ ਵਿਅਕਤੀ ਆਪਣੀ ਸੰਸਥਾ ਦੇ ਵਿਰੋਧ ਵਿਚ ਵੀ ਭੁਗਤ ਜਾਂਦੇ ਹਨ। ਭਾਰਤ ਦੀ ਮੈਡੀਕਲ ਐਸੋਸੀਏਸ਼ਨ ਨੀਮ-ਹਕੀਮਾਂ ਦੁਆਰਾ ਛਾਪੇ ਇਸ਼ਤਿਹਾਰਾਂ ਦਾ ਵਿਰੋਧ ਕਰਦੀ ਹੈ, ਪਰ ਉਹ ਜਾਣੇ ਜਾਂ ਅਣਜਾਣੇ ਇਸ਼ਤਿਹਾਰ ਛਾਪਣ ਵਾਲਿਆਂ ਦੇ ਹੱਕ ਵਿਚ ਹੀ ਜਾ ਖੜ੍ਹਦੇ ਹਨ। ਅਫ਼ਸੋਸ ਉੱਥੇ ਇਸ ਤੋਂ ਵੀ ਵੱਧ ਹੁੰਦਾ ਹੈ, ਜਿੱਥੇ ਸੂਬੇ ਦਾ ਸਾਬਕਾ ਸਿਹਤ ਮੰਤਰੀ ਅਜਿਹੇ ਬਾਬਿਆਂ ਦੇ ਹੱਕ ਵਿਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਹੁਣ ਤੁਸੀਂ ਹੀ ਸੋਚੋ ਅਜਿਹੇ ਸਿਹਤ ਮੰਤਰੀ ਦੀ ਅਗਵਾਈ ਵਿਚ ਕੰਮ ਕਰਨ ਵਾਲਾ ਸਿਹਤ ਮੰਤਰਾਲਾ ਕਿਵੇਂ ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖੇਗਾ?
ਕੀ ਬੀਜ ਮੰਤਰਾਂ ਨਾਲ ਇਲਾਜ ਸੰਭਵ ਹੈ?
ਨਿੱਕੇ ਹੁੰਦੇ ਪਿੰਡ ਵਿਚ ਰਹਿੰਦਿਆਂ ਵੇਖਿਆ ਕਿ ਜਦੋਂ ਮੇਰੀ ਮਾਂ ਦੀ ਮੱਝ ਨਹੀਂ ਸੀ ਮਿਲਦੀ ਤਾਂ ਉਹ ਗੁੜ ਦੀ ਰੋੜੀ ਦੇ ਕੇ ਕਿਸੇ ਸਿਆਣੇ ਤੋਂ ਉਸ ‘ਤੇ ਬੀਜ ਮੰਤਰ ਫੁਕਵਾ ਕੇ ਲਿਆਉਣ ਲਈ ਕਹਿ ਦਿੰਦੀ ਸੀ। ਦੋ-ਚਾਰ ਵਾਰ ਤਾਂ ਮੈਂ ਇਹ ਮੰਤਰ ਫੁਕਵਾ ਕੇ ਲੈ ਆਇਆ ਤੇ ਗੁੜ ਖਾ ਕੇ ਮੱਝ ਮਿਲ ਵੀ ਪੈਂਦੀ ਸੀ। ਇੱਕ ਵਾਰ ਉਹ ਸਿਆਣਾ ਘਰ ਨਾ ਮਿਲਿਆ ਤਾਂ ਮੈਂ ਮਾਂ ਨੂੰ ਝੂਠ ਹੀ ਕਹਿ ਦਿੱਤਾ ”ਗੁੜ ਕਰਵਾ ਲਿਆਇਆ ਹਾਂ’ ਤੇ ਮੱਝ ਫਿਰ ਵੀ ਮਿਲ ਪਈ। ਇਸ ਤਰ੍ਹਾਂ 25 ਕੁ ਵਰ੍ਹੇ ਪਹਿਲਾਂ ਟੈਲੀਵਿਜ਼ਨ ਤੇ ਸੀਰੀਅਲ ‘ਰਮਾਇਣ’ ਦੇ ਪਾਤਰਾਂ ਨੂੰ ਵੇਖਦੇ ਸਾਂ ਕਿ ਕਿਵੇਂ ਉਹ ਤੀਰ ਛੱਡਣ ਤੋਂ ਪਹਿਲਾਂ ਮੂੰਹ ਵਿਚ ਮੰਤਰ ਪੜ੍ਹਦੇ ਸਨ। ਸੋ ਅਜਿਹੀਆਂ ਘਟਨਾਵਾਂ ਹਰੇਕ ਵਿਅਕਤੀ ਦੀ ਜ਼ਿੰਦਗੀ ਵਿਚ ਵਾਪਰਦੀਆਂ ਹਨ। ਸਬਕ ਤੇ ਸੁਆਲ ਅਜਿਹੀਆਂ ਘਟਨਾਵਾਂ ਵਿਚ ਹੀ ਪਏ ਹੁੰਦੇ ਹਨ। ਤਰਕਸ਼ੀਲ ਲਹਿਰ ਦੇ ਇਕੱਤੀ ਵਰ੍ਹਿਆਂ ਦੌਰਾਨ ਮੈਂ ਬਹੁਤ ਸਾਰੇ ਵਿਅਕਤੀਆਂ ਨੂੰ ਟੂਣਿਆਂ ਰਾਹੀਂ ਬਿਮਾਰ ਅਤੇ ਹਥੌਲ਼ਿਆਂ ਜਾਂ ਮੰਤਰਾਂ ਰਾਹੀਂ ਠੀਕ ਹੁੰਦੇ ਵੀ ਤੱਕਿਆ ਹੈ। ਇਸ ਲਈ ਮੈਂ ਇਹ ਨਹੀਂ ਕਹਿ ਸਕਦਾ ਕਿ ਬੀਜ ਮੰਤਰਾਂ ਦਾ ਮਨੁੱਖੀ ਮਨਾਂ ਉੱਪਰ ਬਿਲਕੁਲ ਵੀ ਪ੍ਰਭਾਵ ਨਹੀਂ ਹੁੰਦਾ। ਇਹ ਜਾਣੀ-ਪਹਿਚਾਣੀ ਸਚਾਈ ਹੈ ਕਿ ਮਨੁੱਖੀ ਮਨ ਪ੍ਰਭਾਵ ਕਬੂਲਦਾ ਹੈ। ਇਸ ਵਰਤਾਰੇ ਨੂੰ ਵਿਗਿਆਨਕ ਭਾਸ਼ਾ ਵਿਚ (Faith Healing) ਕਿਹਾ ਜਾਂਦਾ ਹੈ।
ਸਰੀਰ ਵਿਚ ਬਹੁਤ ਸਾਰੀਆਂ ਬਿਮਾਰੀਆਂ ਅਜਿਹੀਆਂ ਹੁੰਦੀਆਂ ਹਨ, ਜਿਹੜੀਆਂ ਕਿਸੇ ਬੈਕਟੀਰੀਆ ਜਾਂ ਵਾਇਰਸ ਕਾਰਨ ਪੈਦਾ ਹੁੰਦੀਆਂ ਹਨ। ਉਸ ਬੈਕਟੀਰੀਆ ਜਾਂ ਵਾਇਰਸਾਂ ਨੂੰ ਕੀ ਮੰਤਰਾਂ ਦੇ ਜਾਪ ਰਾਹੀਂ ਬਾਹਰ ਕੱਢਿਆ ਜਾ ਸਕਦਾ ਹੈ? ਇਹ ਅਸੰਭਵ ਹੈ। ਕੁੱਝ ਬਿਮਾਰੀਆਂ ਮਿਆਦੀ ਹੁੰਦੀਆਂ ਹਨ। ਆਪਣੀ ਮਿਆਦ ਪੁੱਗਣ ‘ਤੇ ਉਨ੍ਹਾਂ ਬਿਮਾਰੀਆਂ ਨੇ ਖ਼ੁਦ-ਬਖ਼ੁਦ ਠੀਕ ਹੋ ਹੀ ਜਾਣਾ ਹੁੰਦਾ ਹੈ ਕਿਉਂਕਿ ਇਸ ਸਮੇਂ ਦੌਰਾਨ ਸਰੀਰ ਦਾ ਇਮਊਨ ਸਿਸਟਮ ਮਜ਼ਬੂਤ ਹੋ ਜਾਂਦਾ ਹੈ। ਉਂਝ ਵੀ ਸਰੀਰ ਨੂੰ ਪੈਦਾ ਹੋਣ ਵਾਲੀਆਂ 99 ਫ਼ੀ ਸਦੀ ਬਿਮਾਰੀਆਂ ਵਿਚ ਮੌਤ ਹੋਣੀ ਹੀ ਨਹੀਂ ਹੁੰਦੀ। ਸਿਰਫ਼ ਇੱਕ ਪ੍ਰਤੀਸ਼ਤ ਬਿਮਾਰੀਆਂ ਹੀ ਮੌਤ ਦਾ ਕਾਰਨ ਬਣਦੀਆਂ ਹਨ। ਬਹੁਤ ਸਾਰੇ ਵਿਅਕਤੀ ਕਿਸੇ ਸੰਤ ਕੋਲ ਜਾਣ ਤੋਂ ਪਹਿਲਾਂ ਹੀ ਆਪਣਾ ਡਾਕਟਰੀ ਇਲਾਜ ਵੀ ਕਰਵਾ ਚੁੱਕੇ ਹੁੰਦੇ ਹਨ, ਜਿਸ ਨਾਲ ਉਨ੍ਹਾਂ ਦੀ ਬਿਮਾਰੀ ਜੇ ਖ਼ਤਮ ਨਹੀਂ ਹੋਣੀ ਹੁੰਦੀ ਤਾਂ ਘੱਟ ਜ਼ਰੂਰ ਗਈ ਹੁੰਦੀ ਹੈ ਤੇ ਕੁੱਝ ਸਮਾਂ ਪਾ ਕੇ ਉਸ ਨੇ ਖ਼ਤਮ ਹੋ ਹੀ ਜਾਣਾ ਹੁੰਦਾ ਹੈ। ਸੋ ਕੁਮਾਰ ਸਵਾਮੀ ਜੀ ਨੇ ਲੋਕਾਂ ਦੀ ਉਪਰੋਕਤ ਮਾਨਸਿਕਤਾ ਨੂੰ ਸਮਝਿਆ ਹੈ ਅਤੇ ਆਪਣੇ ਧੰਦੇ ਦੀ ਉਸਾਰੀ ਇਸ ਉੱਪਰ ਕੀਤੀ ਹੈ।
ਇਸ ਤਰ੍ਹਾਂ ਬੁਣਿਆ ਜਾਂਦਾ ਹੈ ਜਾਲ:
ਕੁਮਾਰ ਸਵਾਮੀ ਜੀ ਨੇ ਭਾਰਤ ਦੇ ਬਹੁਤ ਵੱਡੇ-ਵੱਡੇ ਸਿਆਸਤਦਾਨਾਂ ਦਾ ਆਸ਼ੀਰਵਾਦ ਹਾਸਲ ਕੀਤਾ ਹੋਇਆ ਹੈ। ਇਹਨਾਂ ਵਿਚ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ, ਮੈਂਬਰ ਪਾਰਲੀਮੈਂਟ ਅਤੇ ਸਾਬਕਾ ਰਾਸ਼ਟਰਪਤੀ ਸਭ ਸ਼ਾਮਿਲ ਹਨ। ਸਵਾਮੀ ਜੀ ਇਹਨਾਂ ਦੀਆਂ ਤਸਵੀਰਾਂ ਤੇ ਵਿਚਾਰ ਆਪਣੇ ਇਸ਼ਤਿਹਾਰਾਂ ਵਿਚ ਛਾਪ ਕੇ ਸਾਧਾਰਨ ਜਨਤਾ ਵਿਚ ਆਪਣੀ ਦਿੱਖ ਵੱਡੀ ਵੀ ਕਰਦੇ ਹਨ ਤੇ ਉਨ੍ਹਾਂ ਦੀ ਚਾਪਲੂਸੀ ਵੀ ਅਤੇ ਨਾਲ ਹੀ ਉਨ੍ਹਾਂ ਉੱਤੇ ਆਪਣੀ ਪਹੁੰਚ ਵਾਲੇ ਵਿਅਕਤੀਆਂ ਨਾਲ ਬਣਦੀ ਹੋਣ ਦਾ ਰੋਹਬ ਪਾਉਂਦੇ ਹਨ। ਸਮਾਗਮ ਦਾ ਸਮਾਂ ਅਤੇ ਸਥਾਨ ਨਿਸ਼ਚਿਤ ਕਰ ਕੇ ਕੁੱਝ ਅਖ਼ਬਾਰਾਂ ਵਿਚ ਦੋ-ਦੋ ਸਫ਼ਿਆਂ ਦੇ punjab5ਇਸ਼ਤਿਹਾਰ ਛਪਵਾਉਂਦੇ ਹਨ। ਸਵਾਮੀ ਜੀ ਨੂੰ ਇਸ ਦਾ ਦੂਹਰਾ ਫ਼ਾਇਦਾ ਹੁੰਦਾ ਹੈ। ਇੱਕ ਤਾਂ ਉਨ੍ਹਾਂ ਦੇ ਗਾਹਕਾਂ ਦੀ ਗਿਣਤੀ ਵਧ ਜਾਂਦੀ ਹੈ। ਦੂਸਰਾ, ਉਨ੍ਹਾਂ ਦੀ ਨੁਕਤਾਚੀਨੀ ਕਾਰਨ ਵਾਲਿਆਂ ਦੀਆਂ ਖ਼ਬਰਾਂ ਵੀ ਨਹੀਂ ਛਪਦੀਆਂ। ਇਕੱਠ ਵਾਲੇ ਦਿਨ ਸਵਾਮੀ ਜੀ ਸਟੇਜ ‘ਤੇ ਮੁਹਤਬਰ ਵਿਅਕਤੀਆਂ ਨੂੰ ਬਿਠਾ ਲੈਂਦੇ ਹਨ। ਠੀਕ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਨੂੰ ਇਸ ਦਿਨ ਵਿਸ਼ੇਸ਼ ਰੂਪ ਵਿਚ ਬੁਲਾਇਆ ਜਾਂਦਾ ਹੈ ਤੇ ਉਨ੍ਹਾਂ ਨੂੰ ਵਾਰ-ਵਾਰ ਕੈਮਰਿਆਂ ਤੇ ਜਨਤਾ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਜੇ ਕੋਈ ਇਹ ਕਹਿ ਦੇਵੇ ਕਿ ”ਮੇਰੇ ਅਠੱਤੀ ਹਜ਼ਾਰ ਰੁਪਏ ਖ਼ਰਚ ਹੋ ਚੁੱਕੇ ਹਨ, ਮੈਂ ਹੁਣ ਤੱਕ ਠੀਕ ਨਹੀਂ ਹੋਇਆ।” ਅਜਿਹੇ ਵਿਅਕਤੀਆਂ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਵਾਮੀ ਜੀ ਦੇ ਅਮਲੇ ਫੈਲੇ ਵਿਚ ਸੈਂਕੜੇ ਤਨਖ਼ਾਹਦਾਰ ਵਿਅਕਤੀ ਸ਼ਾਮਿਲ ਹੁੰਦੇ ਹਨ। ਇਨ੍ਹਾਂ ਵਿਚ 20-25 ਉਨ੍ਹਾਂ ਦੇ ਸਕਿਊਰਟੀ ਗਾਰਡ ਐਨੇ ਹੀ ਸਟਾਲਾਂ ਲਾਉਣ ਵਾਲੇ, ਪਰਚੀਆਂ ਕੱਟਣ ਵਾਲੇ ਤੇ ਹੋਰ ਪ੍ਰਬੰਧਕ ਹੁੰਦੇ ਹਨ। ਸਭ ਆਪਣੀਆਂ-ਆਪਣੀਆਂ ਡਿਊਟੀਆਂ ‘ਤੇ ਬਿਰਾਜਮਾਨ ਹੋ ਜਾਂਦੇ ਹਨ।
ਇਸ ਤੋਂ ਬਾਅਦ ਬਿਮਾਰੀਆਂ ਦੇ ਮਰੀਜ਼ਾਂ ਦੀਆਂ ਪਰਚੀਆਂ ਕੱਟਣ ਦਾ ਸਿਲਸਿਲਾ ਸ਼ੁਰੂ ਕੀਤਾ ਜਾਂਦਾ ਹੈ। ਗਿਆਰਾਂ ਸੌ, ਇਕੱਤੀ ਸੌ, ਇਕਵੰਜਾ ਸੌ ਅਤੇ ਗਿਆਰਾਂ ਹਜ਼ਾਰ ਦੀਆਂ ਪਰਚੀਆਂ ਤੁਰੰਤ ਕੱਟ ਦਿੱਤੀਆਂ ਜਾਂਦੀਆਂ ਹਨ। ਪਰਚੀਆਂ ਕੱਟਣ ਦਾ ਸਿਲਸਿਲਾ ਦੋ ਦਿਨ ਚਲਾਇਆ ਜਾਂਦਾ ਹੈ। ਇਸ ਤੋਂ ਬਾਅਦ ਮਰੀਜ਼ਾਂ ਨੂੰ ਅਗਲੇ ਦਿਨ ਕਿਸੇ ਮੈਰਿਜ ਪੈਲੇਸ ਵਿਚ ਆਉਣ ਲਈ ਧੂਫ਼, ਆਸਣ, ਮਾਲਾ ਆਦਿ ਸਮੱਗਰੀਆਂ ਬਾਹਰ ਲੱਗੀਆਂ ਆਪਣੀਆਂ ਹੀ ਸਟਾਲਾਂ ਤੋਂ ਖ਼ਰੀਦਣ ਲਈ ਹਦਾਇਤ ਕਰ ਦਿੱਤੀ ਜਾਂਦੀ ਹੈ। ਇੱਕ ਵਿਸ਼ੇਸ਼ ਕਿਸਮ ਦੀ ਲੱਕੜ ‘ਊਧ’ ਵੀ ਇੱਕ ਦੋ ਗ੍ਰਾਮ ਖ਼ਰੀਦਣ ਲਈ ਕਿਹਾ ਜਾਂਦਾ ਹੈ, ਜਿਸ ਦਾ ਮੁੱਲ ਤਿੰਨ ਲੱਖ ਪ੍ਰਤੀ ਕਿਲੋਗ੍ਰਾਮ ਹੁੰਦਾ ਹੈ। ਇਹ ਸਮਗਰੀ ਲੈ ਕੇ ਜਦੋਂ ਕੋਈ ਮਰੀਜ਼ ਅਗਲੇ ਦਿਨ ਦੇ ਇਕੱਠ ਵਿਚ ਪੁੱਜਦਾ ਹੈ ਤਾਂ ਉਸ ਨੂੰ ਕੁੱਝ ਮੰਤਰ ਪੜਵਾਏ ਜਾਂਦੇ ਹਨ ਤੇ ਨਾਲ ਹੀ ਦੋ-ਚਾਰ ਹਜ਼ਾਰ ਰੁਪਏ ਦੀ ਦਵਾਈ ਮੜ੍ਹ ਦਿੱਤੀ ਜਾਂਦੀ ਹੈ। ਇਸ ਸਮੇਂ ਇੱਕੀ ਹਜ਼ਾਰ, ਇਕੱਤੀ ਹਜ਼ਾਰ ਜਾਂ ਹੋਰ ਵੱਡੀ ਰਾਸ਼ੀ ਨਾਲ ਪਾਠ ਕਰਨ ਦੇ ਪੈਸੇ ਵੀ ਸਵਾਮੀ ਜੀ ਲੈ ਲੈਂਦੇ ਹਨ। ਅੰਦਾਜ਼ੇ ਮੁਤਾਬਿਕ, ਜੋ ਵੀ ਵਿਅਕਤੀ ਬਾਬਾ ਜੀ ਦੇ ਪਾਸ ਪੁੱਜ ਜਾਂਦਾ ਹੈ। ਉਹ ਚਾਲੀ-ਪੰਜਾਹ ਹਜ਼ਾਰ ਰੁਪਏ ਖ਼ਰਚ ਕੇ ਬਹੁਤੀਆਂ ਹਾਲਤਾਂ ਵਿਚ ਆਪਣੀ ਬਿਮਾਰੀ ਸਮੇਤ ਹੀ ਵਾਪਸ ਮੁੜ ਆਉਂਦਾ ਹੈ। ਇਸ ਤਰ੍ਹਾਂ ਬਰਨਾਲੇ ਦੇ ਇਕੱਲੇ ਸਮਾਗਮ ਵਿਚ ਹੀ ਹਜ਼ਾਰਾਂ ਅਜਿਹੇ ਵਿਅਕਤੀ ਸ਼ਾਮਿਲ ਸਨ, ਜਿਨ੍ਹਾਂ ਨੇ ਕੁਮਾਰ ਸਵਾਮੀ ਤੋਂ ਦਵਾਈਆਂ ਤੇ ਪਾਠ ਮੁੱਲ ਖ਼ਰੀਦੇ।
ਡਰਾਓ ਤੇ ਲੁੱਟੋ: 
ਕੁਮਾਰ ਸਵਾਮੀ ਜੀ ਆਪਣੇ ਧੰਦੇ ਵਿਚੋਂ ਵੱਧ ਤੋਂ ਵੱਧ ਪੈਸਾ ਕਮਾਉਣ ਲਈ ਮਰੀਜ਼ਾਂ ਨੂੰ ਬਿਮਾਰੀਆਂ ਦੀ ਭਿਆਨਕਤਾ ਦਾ ਡਰ ਵੀ ਉਨ੍ਹਾਂ ਦੇ ਮਨਾਂ ਵਿਚ ਬਿਠਾਉਂਦੇ ਹਨ। ਕਿਉਂਕਿ ਉਹ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹਨ ਕਿ ਜਿਨ੍ਹਾਂ ਵੱਧ ਕਿਸੇ ਮਰੀਜ਼ ਨੂੰ ਡਰਾਇਆ ਜਾਵੇਗਾ, ਓਨੇ ਜ਼ਿਆਦਾ ਹੀ ਪੈਸੇ ਚੜ੍ਹਨਗੇ। ਮੈਂ ਸਮਝਦਾ ਹਾਂ ਕਿ ਪੰਜਾਬ ਵਿਚ ਹੀ ਉਸ ਨੇ ਬਹੁਤ ਸਾਰੀਆਂ ਥਾਵਾਂ ‘ਤੇ ਸਮਾਗਮ ਕੀਤੇ ਹਨ। ਇਸ ਤਰ੍ਹਾਂ ਇਹਨਾਂ ਸਮਾਗਮਾਂ ਰਾਹੀਂ ਉਸ ਨੇ ਲੋਕਾਂ ਤੋਂ ਕਰੋੜਾਂ ਰੁਪਏ ਠੱਗ ਲਏ ਹਨ। ਉਨ੍ਹਾਂ ਦੇ ਮੰਤਰ ਪੜ੍ਹਨ ਜਾਂ ਦੱਸਣ ਜਾਂ ਪਾਠ ਕਰਨ ਕਰ ਕੇ ਐਨਾ ਪੈਸਾ ਮਰੀਜ਼ਾਂ ਤੋਂ ਵਸੂਲਣਾ ਕੀ ਜਾਇਜ਼ ਹੈ? ਜੋ ਠੀਕ ਨਹੀਂ ਹੋਏ, ਉਨ੍ਹਾਂ ਦੇ ਪੈਸੇ ਰੱਖਣੇ ਤਾਂ ਕਿਸੇ ਪੱਖੋਂ ਵੀ ਠੀਕ ਨਹੀਂ।
ਪੰਜਾਬ ਸਰਕਾਰ ਨੂੰ ਇਸ ਗੱਲ ਦੀ ਪੜਤਾਲ ਕਰਵਾਉਣੀ ਚਾਹੀਦੀ ਹੈ। ਕਿਉਂਕਿ ਸਵਾਮੀ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੇ ਨਾਂ ਅਤੇ ਤਸਵੀਰ ਦੀ ਵਰਤੋਂ ਬਿਮਾਰ ਲੋਕਾਂ ਨੂੰ ਠੱਗਣ ਲਈ ਕੀਤੀ ਹੈ। ਇਸ ਗੱਲੋਂ ਮੈਨੂੰ ਆਪਣੇ ਲੋਕਾਂ ਦੀ ਸੋਚ ‘ਤੇ ਵੀ ਅਫ਼ਸੋਸ ਹੁੰਦਾ ਹੈ ਕਿ ਉਹ ਅਜਿਹੇ ਸਿਆਸਤਦਾਨਾਂ ਨੂੰ ਆਪਣੇ ਦੇਸ਼ ਦੀ ਵਾਗਡੋਰ ਸੰਭਾਲ ਦਿੰਦੇ ਹਨ, ਜਿਹੜੇ ਅਣਜਾਣਪੁਣੇ ਵਿਚ ਜਾਂ ਜਾਣਬੁੱਝ ਕੇ ਖ਼ਾਲੀ ਹੈ, ਦੀ ਦੁਹਾਈ ਪਾਏ ਜਾਣ ਵਾਲੇ ਖ਼ਜ਼ਾਨੇ ਦਾ ਮੂੰਹ ਅਜਿਹੇ ਜਨਤਕ ਠੱਗਾਂ ਲਈ ਖੋਲ੍ਹ ਦਿੰਦੇ ਹਨ, ਜਿਹੜੇ ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਨੂੰ ਆਪਣੀ ਚਲਾਕੀ ਨਾਲ ਠੱਗਣਾ ਸ਼ੁਰੂ ਕਰ ਦਿੰਦੇ ਹਨ। ਨਵਜੋਤ ਸਿੱਧੂ ਜੀ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੈਂਬਰ ਪਾਰਲੀਮੈਂਟ ਹਨ। ਉਨ੍ਹਾਂ ਨੇ ਆਪਣੀ ਪਾਰਲੀਮੈਂਟਰੀ ਕੋਟੇ ਵਿਚੋਂ ਸਵਾਮੀ ਜੀ ਨੂੰ ਪੰਜਾਹ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੋਇਆ ਸੀ। ਬਾਦਲ ਸਾਹਿਬ ਨੇ ਵੀ ਕੁਮਾਰ ਸਵਾਮੀ ਨੂੰ ਸਰਕਾਰੀ ਜ਼ਮੀਨ ਦੇਣ ਦੇ ਨਾਲ-ਨਾਲ ਹਰ ਕਿਸਮ ਦੀ ਸਹਾਇਤਾ ਦੇਣ ਦੀ ਵਚਨਬੱਧਤਾ ਦੁਹਰਾਈ ਹੈ। ਜੇ ਉਨ੍ਹਾਂ ਨੂੰ ਸਵਾਮੀ ਜੀ ‘ਤੇ ਇੰਨਾ ਹੀ ਵਿਸ਼ਵਾਸ ਹੈ ਤਾਂ ਫਿਰ ਉਹ ਆਪਣਾ ਇਲਾਜ ਅਮਰੀਕਾ ਵਿਚ ਕਰਵਾਉਣ ਲਈ ਕਿਉਂ ਜਾਂਦੇ ਹਨ? ਇਨ੍ਹਾਂ ਸਾਰੀਆਂ ਗੱਲਾਂ ਦਾ ਜ਼ਿਕਰ ਸਵਾਮੀ ਜੀ ਦੇ ਇਸ਼ਤਿਹਾਰਾਂ ਵਿਚ ਦਰਜ ਹੈ। ਕੀ ਅਜਿਹੇ ਧੰਦੇ ਬਾਜ਼ਾਂ ਨੂੰ ਸਰਕਾਰੀ ਫ਼ੰਡਾਂ ਦੇ ਵੱਡੇ ਗੱਫੇ ਦੇਣਾ ਜਨਤਕ ਫ਼ੰਡਾਂ ਦਾ ਦੁਰਉਪਯੋਗ ਨਹੀਂ? ਇੱਕ ਪਾਸੇ ਸਰਕਾਰ ਵੱਲੋਂ ਅਣ-ਰਜਿ. ਮੈਡੀਕਲ ਪ੍ਰੈਕਟੀਸ਼ਨਰਾਂ ਦੇ ਕਲੀਨਿਕਾਂ ‘ਤੇ ਲਗਾਤਾਰ ਪੰਜ-ਸੱਤ ਵਰ੍ਹਿਆਂ ਤੋਂ ਛਾਪੇ ਮਾਰੇ ਜਾ ਰਹੇ ਹਨ ਅਤੇ ਅਜਿਹੇ ਨੀਮ-ਹਕੀਮਾਂ ਦੁਆਰਾ ਕੀਤੀ ਜਾਂਦੀ ਇਸ਼ਤਿਹਾਰਬਾਜ਼ੀ ‘ਤੇ ਵੀ ਪੂਰਨ ਪਾਬੰਦੀ ਹੈ। ਪਰ ਦੂਸਰੇ ਪਾਸੇ, ਸਰਕਾਰੀ ਛਤਰ ਛਾਇਆ ਹੇਠ ਨੀਮ-ਹਕੀਮੀ ਦਾ ਇਹ ਧੰਦਾ ਵੱਡੀ ਇਸ਼ਤਿਹਾਰਬਾਜ਼ੀ ਰਾਹੀਂ ਚਲਾਇਆ ਜਾ ਰਿਹਾ ਹੈ। ਕੀ ਪੰਜਾਬ ਸਰਕਾਰ ਦਾ ਇਹ ਦੂਹਰਾ ਮਿਆਰ ਨਹੀਂ?
ਬਾਬਾ ਜੀ ਦੇ ਦਾਅਵੇ:
ਬਾਬਾ ਜੀ ਦਾਅਵੇ ਵੀ ਬਹੁਤ ਵੱਡੇ-ਵੱਡੇ ਕਰ ਰਹੇ ਹਨ। ਆਪਣੇ ਇਸ਼ਤਿਹਾਰਾਂ ਵਿਚ ਉਹ ਲਿਖਦੇ ਹਨ ਕਿ ਉਹ ਅਮਰੀਕਾ ਅਤੇ ਭਾਰਤ ਦੇ ਰਾਸ਼ਟਰਪਤੀਆਂ ਦੇ ਡਾਕਟਰ ਰਹੇ ਹਨ ਅਤੇ ਮਨਮੋਹਨ ਸਿੰਘ ਵੀ ਉਸ ਦੇ ਬੀਜ ਮੰਤਰਾਂ ਨਾਲ ਭਾਰਤ ਦਾ ਦੂਜੀ ਵਾਰ ਪ੍ਰਧਾਨ ਮੰਤਰੀ ਬਣਿਆ ਸੀ। ਤਰਕਸ਼ੀਲ ਸੁਸਾਇਟੀ ਉਸ ਦੇ ਇਸ ਦਾਅਵੇ ਦਾ ਵੀ ਪੜਤਾਲ ਕਰ ਰਹੀ ਹੈ।
ਸਾਡੀ ਚੁਣੌਤੀ:
ਸਵਾਮੀ ਜੀ ਦੀ ਕਰਾਮਾਤ ‘ਤੇ ਜੇ ਕਿਸੇ ਨੂੰ ਜ਼ਿਆਦਾ ਵਿਸ਼ਵਾਸ ਹੋਵੇ ਤਾਂ ਉਨ੍ਹਾਂ ਨੂੰ ਗੂੰਗਿਆਂ, ਬੋਲਿਆਂ, ਅੰਨ੍ਹਿਆਂ ਦੇ ਸਕੂਲਾਂ ਵਿਚ ਜਾਂ ਅੰਮ੍ਰਿਤਸਰ ਦੇ ਪਾਗਲਖ਼ਾਨੇ ਵਿਚ ਲਿਜਾ ਕੇ ਪਰਖ ਕੀਤੀ ਜਾ ਸਕਦੀ ਹੈ। ਮੈਨੂੰ ਸੌ ਫ਼ੀ ਸਦੀ ਯਕੀਨ ਹੈ ਕਿ ਕੁਮਾਰ ਸਵਾਮੀ ਦੇ ਦਾਅਵੇ ਦਸ ਪ੍ਰਤੀਸ਼ਤ ਵੀ ਸਹੀ ਨਹੀਂ ਹੋਣਗੇ।
ਅੰਤ ਵਿਚ ਮੈਂ ਤਰਕਸ਼ੀਲ ਸੁਸਾਇਟੀ (ਰਜਿ.) ਵੱਲੋਂ ‘ਬਾਬਾ ਜੀ’ ਨੂੰ ਇਹ ਪੇਸ਼ਕਸ਼ ਦੁਹਰਾਉਂਦਾ ਹਾਂ ਕਿ ਉਹ ਸਾਡੇ ਦੁਆਰਾ ਦਿੱਤੇ ਪੋਲੀਓ, ਅਧਰੰਗ ਅਤੇ ਸ਼ੂਗਰ ਦੇ ਦਸ-ਦਸ ਮਰੀਜ਼ ਇੱਕ ਮਹੀਨੇ ਦੇ ਅੰਦਰ-ਅੰਦਰ ਆਪਣੇ ਬੀਜ ਮੰਤਰਾਂ ਦੀ ਸ਼ਕਤੀ ਨਾਲ ਠੀਕ ਕਰ ਦੇਣ, ਤਾਂ ਸੁਸਾਇਟੀ ਬਾਬਾ ਜੀ ਨੂੰ ਇੱਕ ਕਰੋੜ ਰੁਪਏ ਦਾ ਇਨਾਮ ਦੇਣ ਲਈ ਬਚਨਬੱਧ ਹੋਵੇਗੀ। ਇਸ ਵਿਚ 10% ਅਸਫ਼ਲਤਾ ਵੀ ਮੁਆਫ਼ ਹੋਵੇਗੀ, ਪਰ ਇਸ ਸਭ ਲਈ ਦੋਹਾਂ ਧਿਰਾਂ ਵਿਚ ਇੱਕ ਲਿਖਤੀ ਇਕਰਾਰਨਾਮਾ ਕਰਨਾ ਹੋਵੇਗਾ ਅਤੇ ਬਾਬਾ ਜੀ ਇਹ ਦੱਸਣਗੇ ਕਿ ਅਸਫ਼ਲ ਰਹਿਣ ਦੀ ਹਾਲਤ ਵਿਚ ਉਹ ਕੀ ਸਜ਼ਾ ਕਬੂਲਣਗੇ?

ਵੱਲੋਂ:-
ਮੇਘ ਰਾਜ ਮਿੱਤਰ,
ਸੰਸਥਾਪਕ, ਤਰਕਸ਼ੀਲ ਸੁਸਾਇਟੀ,
ਤਕਰਸ਼ੀਲ ਨਿਵਾਸ, ਗਲੀ ਨੰਬਰ. 8,
ਕੱਚਾ ਕਾਲਜ ਰੋਡ, ਬਰਨਾਲਾ
ਮੋਬਾਈਲ: 98887-87440
tarksheel@yahoo.com

Install Punjabi Akhbar App

Install
×