ਮੈਡੀਕਲ ਹਸਪਤਾਲ ਦੇ ਪ੍ਰਬੰਧਾਂ ਦੇ ਸੁਧਾਰ ਲਈ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਦਾ ਫੈਸਲਾ: ਚੰਦਬਾਜਾ

ਹਸਪਤਾਲ ਦੇ ਦੁਰਪ੍ਰਬੰਧਾਂ ਸਬੰਧੀ ਪਰਚੇ ਛਪਵਾ ਕੇ ਘਰ-ਘਰ ਪਹੁੰਚਾਉਣ ਦਾ ਮਤਾ ਪਾਸ

(ਫਰੀਦਕੋਟ):- ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਦੇ ਪ੍ਰਬੰਧਾਂ ਦੇ ਸੁਧਾਰ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਨੇ ਸਥਾਨਕ ਭਗਤ ਸਿੰਘ ਪਾਰਕ ਵਿਖੇ ਸੱਦੀ ਮੀਟਿੰਗ ਦੌਰਾਨ ਮਹਿਸੂਸ ਕੀਤਾ ਕਿ ਪੰਜਾਬ ਦੇ ਲਗਭਗ ਅੱਧੇ ਜਿਲੇ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਲੈ ਕੇ ਬੜੀ ਆਸ ਨਾਲ ਫਰੀਦਕੋਟ ਦੇ ਹਸਪਤਾਲ ਵਿੱਚ ਲੈ ਕੇ ਆਉਂਦੇ ਹਨ ਪਰ ਪ੍ਰਬੰਧਾਂ ਦੀ ਘਾਟ ਕਾਰਨ ਉਹਨਾਂ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ। ਇਸ ਲਈ ਸਾਰਿਆਂ ਨੇ ਇਕਸੁਰ ਵਿੱਚ ਵਾਈਸ ਚਾਂਸਲਰ ਡਾ ਰਾਜ ਬਹਾਦਰ ਦਾ ਅਸਤੀਫਾ ਤੁਰਤ ਪ੍ਰਵਾਨ ਕਰਕੇ ਸਰਕਾਰ ਤੋਂ ਕਿਸੇ ਸੁਹਿਰਦ ਵਿਅਕਤੀ ਦੀ ਨਿਯੁਕਤੀ ਦੀ ਮੰਗ ਕੀਤੀ ਹੈ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਜਦੋਂ ਤੱਕ ਨਵੇਂ ਵੀ.ਸੀ. ਦੀ ਨਿਯੁਕਤੀ ਨਹੀਂ ਕੀਤੀ ਜਾਂਦੀ ਅਤੇ ਹਸਪਤਾਲ ਦੇ ਪ੍ਰਬੰਧਾਂ ਵਿੱਚ ਸੁਧਾਰ ਨਹੀਂ ਹੁੰਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਮੈਡੀਕਲ ਹਸਪਤਾਲ ਫਰੀਦਕੋਟ ਸੁਧਾਰ ਕਮੇਟੀ ਦਾ ਗਠਨ ਕਰਦਿਆਂ ਹਾਜਰ ਜਥੇਬੰਦੀਆਂ ਦਾ ਇਕ ਇਕ ਮੈਂਬਰ ਲੈ ਕੇ ਜਨਰਲ ਬਾਡੀ ਦਾ ਵੀ ਗਠਨ ਕੀਤਾ ਗਿਆ। ਜਿਸ ਦਾ ਸਰਬਸੰਮਤੀ ਨਾਲ ਗੁਰਪ੍ਰੀਤ ਸਿੰਘ ਚੰਦਬਾਜਾ ਨੂੰ ਕਨਵੀਨਰ ਥਾਪ ਕੇ ਹਰ ਤਰਾਂ ਦੇ ਸਹਿਯੋਗ ਦੀ ਸਹਿਮਤੀ ਦਿੱਤੀ ਗਈ। ਉਹਨਾਂ ਨਾਲ ਡਾ. ਮੁਕੇਸ਼ ਭੰਡਾਰੀ, ਜਤਿੰਦਰ ਕੁਮਾਰ ਸਮੇਤ ਹੋਰ ਮੈਂਬਰਾਂ ‘ਤੇ ਅਧਾਰਿਤ ਕਮੇਟੀ ਦਾ ਵੀ ਗਠਨ ਹੋਇਆ। ਵੱਖ-ਵੱਖ ਬੁਲਾਰਿਆਂ ਨੇ ਸਰਬਸੰਮਤੀ ਨਾਲ ਪੰਜਾਬ ਦੇ ਮੁੱਖ ਮੰਤਰੀ ਤੋਂ ਮੀਟਿੰਗ ਲਈ ਸਮੇਂ ਦੀ ਮੰਗ ਕੀਤੀ ਗਈ ਤਾਂ ਜੋ ਹਸਪਤਾਲ ਦੇ ਸੁਧਾਰ ਲਈ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਬੁਲਾਰਿਆਂ ਨੇ ਦਾਅਵਾ ਕੀਤਾ ਕਿ ਉਹ ਡਾ ਰਾਜ ਬਹਾਦਰ ਵਾਈਸ ਚਾਂਸਲਰ ਵਲੋਂ ਕੀਤੀਆਂ ਬੇਨਿਯਮੀਆਂ, ਧਾਂਦਲੀਆਂ, ਧੱਕੇਸ਼ਾਹੀਆਂ ਅਤੇ ਮੈਡੀਕਲ ਹਸਪਤਾਲ ਦੀ ਦੁਰਦਸ਼ਾ ਬਾਰੇ ਦਲੀਲਾਂ ਨਾਲ ਵਿਸਥਾਰ ਸਹਿਤ ਦੱਸ ਸਕਦੇ ਹਨ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮੈਡੀਕਲ ਹਸਪਤਾਲ ਦੀ ਕੀਤੀ ਦੁਰਦਸ਼ਾ ਅਤੇ ਕਮੀਆਂ ਸਬੰਧੀ ਪਰਚੇ ਛਪਵਾ ਕੇ ਘਰ ਘਰ ਪਹੁੰਚਾਏ ਜਾਣਗੇ ਤੇ ਬਹੁਤ ਜਲਦੀ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਉਹਨਾਂ ਸਪੱਸ਼ਟ ਕੀਤਾ ਕਿ ਉਹ ਡਾਕਟਰੀ ਕਿੱਤੇ ਅਤੇ ਡਾਕਟਰਾਂ ਦਾ ਬਹੁਤ ਸਨਮਾਨ ਕਰਦੇ ਹਨ ਪਰ ਉਹਨਾਂ ਦਾ ਸੰਘਰਸ਼ ਦੁਰਪ੍ਰਬੰਧਾਂ ਨਾਲ ਹੈ, ਜਿਸ ਕਰਕੇ ਮਰੀਜ਼ਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਮਰੀਜ਼ ਦੁਰਪ੍ਰਬੰਧਾਂ ਕਾਰਨ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਉਹਨਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੂੰ ਵੀ ਬੇਨਤੀ ਕੀਤੀ ਕਿ ਉਹ ਗਰੀਬਾਂ ਨੂੰ ਲੁੱਟ ਤੋਂ ਬਚਾਉਣ ਲਈ ਅੱਗੇ ਆਉਣ, ਦਵਾਈਆਂ ‘ਤੇ ਲਿਖੇ ਵੱਧ ਰੇਟਾਂ ਨੂੰ ਘਟਾਉਣ ਲਈ ਉਪਰਾਲੇ ਕਰਨ, ਅਸੀਂ ਉਹਨਾਂ ਦਾ ਵੀ ਸਾਥ ਦੇਵਾਂਗੇ। ਮੀਟਿੰਗ ਨੂੰ ਉਪਰੋਕਤ ਤੋਂ ਇਲਾਵਾ ਗੁਰਪ੍ਰੀਤ ਸਿੰਘ ਚੰਦਬਾਜਾ ਸੰਸਥਾਪਕ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ, ਗੁਰਮੀਤ ਸਿੰਘ ਗੋਲੇਵਾਲਾ ਸੂਬਾਈ ਸੀਨੀਅਰ ਮੀਤ ਪ੍ਰਧਾਨ ਬੀਕੇਯੂ ਕਾਦੀਆਂ, ਲਾਲ ਸਿੰਘ ਗੋਲੇਵਾਲਾ ਸੀਨੀਅਰ ਮੀਤ ਪ੍ਰਧਾਨ ਬੀਕੇਯੂ ਕ੍ਰਾਂਤੀਕਾਰੀ, ਚਰਨਜੀਤ ਸਿੰਘ ਸੁੱਖਣਵਾਲਾ ਬਲਾਕ ਪ੍ਰਧਾਨ ਫਰੀਦਕੋਟ ਬੀਕੇਯੂ ਏਕਤਾ ਸਿੱਧੂਪੁਰ, ਕਾਮਰੇਡ ਦਲੀਪ ਸਿੰਘ ਬੀਕੇਯੂ ਬਹਿਰੂ, ਲਖਵੀਰ ਸਿੰਘ ਬੀਹਲੇਵਾਲਾ ਸਰਕਲ ਪ੍ਰਧਾਨ ਸਾਦਿਕ ਬੀਕੇਯੂ ਲੱਖੋਵਾਲ, ਅਸ਼ੋਕ ਕੌਸ਼ਲ ਆਗੂ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਫਰੀਦਕੋਟ, ਹਰਪਾਲ ਸਿੰਘ ਮਚਾਕੀ ਜਿਲਾ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ, ਜਸਪ੍ਰੀਤ ਸਿੰਘ ਜੱਸਾ ਕੋਹਾਰਵਾਲਾ ਜਿਲਾ ਆਗੂ ਬੀਕੇਯੂ ਡਕੌਂਦਾ, ਜਤਿੰਦਰ ਕੁਮਾਰ ਸੂਬਾ ਸਕੱਤਰ ਪੰਜਾਬ ਸੁਬਾਰਡੀਨੇਟ ਫੈਡਰੇਸ਼ਨ, ਦਲੇਰ ਸਿੰਘ ਡੋਡ ਕੌਮੀ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ, ਅਜੀਤ ਸਿੰਘ ਜਿਲਾ ਆਗੂ ਪੰਜਾਬ ਮੰਡੀ ਬੋਰਡ, ਬਲਕਾਰ ਸਿੰਘ, ਜਗਤਾਰ ਸਿੰਘ ਗਿੱਲ ਜਨਰਲ ਸਕੱਤਰ ਪੈਨਸ਼ਨਰ ਐਸੋਸੀਏਸ਼ਨ ਫਰੀਦਕੋਟ, ਭਾਈ ਰਣਜੀਤ ਸਿੰਘ ਵਾੜਾਦਰਾਕਾ, ਰਾਜਵੀਰ ਸਿੰਘ ਸੰਧਵਾਂ, ਬਲਕਰਨ ਸਿੰਘ ਰੱਤੀਰੋੜੀ, ਹਰਜਿੰਦਰ ਸਿੰਘ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਫਰੀਦਕੋਟ, ਲਖਵਿੰਦਰ ਸਿੰਘ ਹਾਲੀ ਤਰਕਸ਼ੀਲ ਸੁਸਾਇਟੀ ਭਾਰਤ ਇਕਾਈ ਫਰੀਦਕੋਟ, ਜਗਜੀਵਨ ਸਿੰਘ ਹਰਦਿਆਲੇਆਣਾ, ਅਜਮੇਰ ਸਿੰਘ, ਗੁਰਪ੍ਰੀਤ ਸਿੰਘ ਵਿਦਿਆਰਥੀ ਆਗੂ, ਜਸਵਿੰਦਰ ਸਿੰਘ ਸੰਧੂ ਝੋਕ ਪ੍ਰਧਾਨ ਫੋਟੋਗ੍ਰਾਫਰ ਯੂਨੀਅਨ ਸਾਦਿਕ, ਨਛੱਤਰ ਸਿੰਘ ਭਾਣਾ, ਮਾਸਟਰ ਸੁਰਿੰਦਰ ਸਿੰਘ ਮਾਨ, ਸੁਖਵਿੰਦਰ ਸਿੰਘ ਸੰਧੂ, ਰਮਨਪ੍ਰੀਤ ਸਿੰਘ, ਰਵਿੰਦਰ ਸਿੰਘ ਬੁਗਰਾ, ਗੁਰਮੀਤ ਸਿੰਘ ਜਿੰਦਾਬਾਦ ਜਿੰਦਗੀ, ਸਤਨਾਮ ਸਿੰਘ, ਬਲਜੀਤ ਸਿੰਘ ਨਵਾਂ ਕਿਲਾਂ, ਰੁਪਿੰਦਰ ਸਿੰਘ, ਗੁਰਵਿੰਦਰ ਸਿੰਘ ਡੋਡ, ਸੂਰਜ ਭਾਨ ਆਦਿ ਵੀ ਹਾਜਰ ਸਨ।

Install Punjabi Akhbar App

Install
×