ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਜਨਤਕ ਜਥੇਬੰਦੀਆਂ ਦੀ ਜਿਲ੍ਹਾ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ

ਸਿਹਤ ਸੇਵਾਵਾਂ ਦੇ ਸੁਧਾਰ ਸਬੰਧੀ ਰਹਿੰਦੀਆਂ ਮੰਗਾਂ ਲਈ ਸੰਘਰਸ਼ ਜਾਰੀ ਰਹੇਗਾ: ਚੰਦਬਾਜਾ

ਫਰੀਦਕੋਟ :- ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੀ ਅਗਵਾਈ ਵਿੱਚ ਇਲਾਕੇ ਦੀਆਂ ਕਿਸਾਨ, ਮੁਲਾਜਮ, ਮਜ਼ਦੂਰ, ਪੈਨਸ਼ਨਰ ਅਤੇ ਵਿਦਿਆਰਥੀ ਜੱਥੇਬੰਦੀਆਂ ਦੀ ਇਕ ਉੱਚ ਪੱਧਰੀ ਮੀਟਿੰਗ, ਡਿਪਟੀ ਕਮਿਸ਼ਨਰ ਫਰੀਦਕੋਟ ਵਿਮਲ ਸੇਤੀਆ ਨਾਲ ਮਿੰਨੀ ਸਕੱਤਰੇਤ ਦੇ ਅਸ਼ੋਕ ਚੱਕਰ ਹਾਲ ਵਿੱਚ ਹੋਈ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਤੋਂ ਇਲਾਵਾ ਫਰੀਦਕੋਟ ਦੇ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ, ਹਲਕਾ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਮੈਡੀਕਲ ਸੁਧਾਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਮਨਪ੍ਰੀਤ ਸਿੰਘ ਧਾਲੀਵਾਲ ਤੋਂ ਇਲਾਵਾ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਰਜਿਸਟਰਾਰ, ਪ੍ਰਿੰਸੀਪਲ, ਮੈਡੀਕਲ ਸੁਪਰਡੈਂਟ, ਸਿਵਲ ਸਰਜਨ ਫਰੀਦਕੋਟ, ਐਸ ਡੀ ਐਮ ਫਰੀਦਕੋਟ, ਤਹਿਸੀਲਦਾਰ ਫਰੀਦਕੋਟઠ ਸਮੇਤ ਹੋਰ ਸਬੰਧਤ ਅਧਿਕਾਰੀ ਹਾਜ਼ਰ ਸਨ। ਵਰਨਣਯੋਗ ਹੈ ਕਿ ਇਹ ਮੀਟਿੰਗ ਮੈਡੀਕਲ ਸੁਧਾਰ ਕਮੇਟੀ ਵੱਲੋਂ ਮੈਡੀਕਲ ਹਸਪਤਾਲ ਦੇ ਪ੍ਰਬੰਧ ਵਿੱਚ ਸੁਧਾਰ ਅਤੇ ਮਰੀਜ਼ਾਂ ਦੀ ਹੋ ਰਹੀ ਖੱਜਲਖੁਆਰੀ ਰੋਕਣ ਲਈ ਪਿਛਲੇ ਸਮੇਂ ਦੌਰਾਨ ਸਿਹਤ ਮੰਤਰੀ ਅਤੇ ਉੱਚ ਅਧਿਕਾਰੀਆਂ ਨਾਲ ਕੀਤੀਆਂ ਲਾਗਾਤਾਰ ਮੀਟਿੰਗਾਂ ਅਤੇ ਕੀਤੀ ਗਈ ਜਨਤਕ ਲਾਮਬੰਦੀ ਦੇ ਸੰਦਰਭ ਚ ਬੁਲਾਈ ਗਈ ਸੀ। ਮੀਟਿੰਗ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਸੁਪਰਡੈਂਟ ਸੁਲੇਖ ਮਿੱਤਲ ਨੇ ਜੱਥੇਬੰਦੀਆਂ ਵੱਲੋਂ ਦਿੱਤੇ 27 ਮੰਗਾਂ ਦੇ ਨੋਟਿਸ ਵਿਚਲੀ ਹਰੇਕ ਮੰਗ ਸਬੰਧੀ ਹੁਣ ਤੱਕ ਕੀਤੀ ਕਾਰਵਾਈ ਬਾਰੇ ਆਪਣਾ ਪੱਖ ਪੇਸ਼ ਕਰਕੇ ਕੀਤੀ। ਸਮੂਹઠ ਜੱਥੇਬੰਦੀਆਂ ਵੱਲੋਂ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਬਹਿਸ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਕੈਂਸਰ ਮਰੀਜਾਂ ਦੇ ਪਿਛਲੇ ਚਾਰ ਸਾਲ ਦੇ ਮੈਡੀਕਲ ਬਿੱਲ ਸਰਕਾਰੀ ਗ੍ਰਾਂਟ ਮੌਜੂਦ ਹੋਣ ਦੇ ਬਾਵਜੂਦ ਅਦਾ ਨਹੀਂ ਕੀਤੇ ਗਏ। ਜਿਸਦੇ ਜਵਾਬ ‘ਚ ਹਸਪਤਾਲ ਅਧਿਕਾਰੀਆਂ ਨੇ ਦੱਸਿਆ ਕਿ 5000 ਪੈਂਡਿੰਗ ਬਿੱਲਾਂ ਵਿੱਚੋਂ ਪਿਛਲੇ ਦਿਨੀਂ 900 ਬਿੱਲਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੇ ਬਿੱਲਾਂ ਨੂੰ ਵੀ ਸਮਾਂਬੱਧ ਤਰੀਕੇ ਨਾਲ ਪਾਸ ਕਰਕੇ ਅਦਾਇਗੀ ਕਰ ਦਿੱਤੀ ਜਾਵੇਗੀ। ਜਨਤਕ ਆਗੂਆਂ ਨੇ ਰਜਿਸਟ੍ਰੇਸ਼ਨ ਦਫਤਰ ਅੱਗੇ ਲੱਗਣ ਵਾਲੀ ਮਰੀਜ਼ਾਂ ਦੀ ਭੀੜ ਨੂੰ ਘਟਾਉਣ ਲਈ ਵਧੇਰੇ ਕਾਊਂਟਰ ਖੋਲ੍ਹੇ ਜਾਣ, ਪਾਰਕਿੰਗ ਵਿੱਚੋਂ ਵਾਹਨਾਂ ਦੀ ਚੋਰੀ ਰੋਕਣ, ਕੈਂਸਰ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਹਸਪਤਾਲ ਵਿੱਚ ਹੀ ਮੁਹੱਈਆ ਕਰਵਾਉਣ, ਦੋ ਦਰਜਨ ਵੈਂਟੀਲੇਟਰ ਖਰਾਬ ਪਏ ਹੋਣ, ਮਹਿੰਗੇ ਟੈਸਟਾਂ ਅਤੇ ਹਸਪਤਾਲ ਦਾ ਸ਼ਹਿਰ ਵੱਲ ਪੈਂਦਾ ਗੇਟ ਖੁਲਵਾਉਣ ਆਦਿ ਮੁੱਦੇ ਪ੍ਰਮੁੱਖਤਾ ਨਾਲ ਉਠਾਏ। ਮੀਟਿੰਗ ਦੌਰਾਨ ਬਣੀ ਸਹਿਮਤੀ ਮੁਤਾਬਕ ਵਿਧਾਇਕ ਢਿੱਲੋਂ ਅਤੇ ਵਿਧਾਇਕ ਸੰਧਵਾਂ, ਜਥੇਬੰਦੀਆਂ ਦੇ ਆਗੂ ਸਾਹਿਬਾਨ ਅਤੇ ਸਬੰਧਤ ਅਧਿਕਾਰੀਆਂ ਨੇ ਮੌਕੇ ਤੇ ਮੀਡੀਏ ਦੀ ਹਾਜ਼ਰੀ ‘ਚ ਇੱਕ ਸਾਲ ਤੋਂ ਬੰਦ ਪਿਆ ਗੇਟ ਖੁੱਲਵਾ ਦਿਤਾ। ਮੀਟਿੰਗ ਦੌਰਾਨ ਸਮਾਜਿਕ ਆਗੂਆਂ ਵੱਲੋਂ ਚਾਰਜਸ਼ੀਟ ਕੀਤੇ ਡਾਕਟਰ ਦੀ ਰਿਪੋਰਟ ਜਨਤਕ ਕਰਨ, ਮੈਡੀਕਲ ਮੁਸ਼ਕਿਲਾਂ ਸਬੰਧੀ ਜਾਰੀ ਕੀਤੇ ਵਟਸਐਪ ਨੰਬਰ ਤੇ ਫੀਡਬੈਕ ਦੇਣਾ ਲਾਜ਼ਮੀ ਕਰਨ ਸਬੰਧੀ ਵੀ ਆਵਾਜ਼ ਜ਼ੋਰਦਾਰ ਢੰਗ ਨਾਲ ਉਠਾਈ ਗਈ, ਇਸ ਮੌਕੇ ਸਰਦਾਰ ਮੱਘਰ ਸਿੰਘ, ਮੁਲਾਜ਼ਮ ਆਗੂ ਅਸ਼ੋਕ ਕੌਸ਼ਲ, ਵੀਰਇੰਦਰਜੀਤ ਸਿੰਘ ਪੁਰੀ, ਰਾਜਵੀਰ ਸਿੰਘ ਸੰਧਵਾਂ,ਸੂਰਜ ਭਾਨ ਕਿਸਾਨ ਆਗੂ, ਸ਼ਵਿੰਦਰ ਸਿੰਘ, ਹਰੀਸ਼ ਵਰਮਾ, ਕੋਚ ਹਰਬੰਸ ਸਿੰਘ, ਵਿਦਿਆਰਥੀ ਆਗੂ ਗੁਰਪ੍ਰੀਤ ਸਿੰਘ ਸਮਾਜ ਸੇਵੀ ਸੁਖਜੀਤ ਸਿੰਘ ਢਿਲਵਾਂ, ਜਸਵਿੰਦਰ ਸਿੰਘ ਜੱਸਾ, ਜਗਸ਼ੀਰ ਸਿੰਘ ਸੰਧਵਾਂ, ਦਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ। ਮੀਟਿੰਗ ਉਪਰੰਤ ਗੁਰਪ੍ਰੀਤ ਸਿੰਘ ਚੰਦਬਾਜਾ ਨੇ 27 ਮੰਗਾਂ ਚੋਂ ਪੂਰੀਆਂ ਕੀਤੀਆਂ ਮੰਗਾਂ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਾਕੀ ਰਹਿੰਦੇ ਕਾਰਜਾਂ ਦੇ ਰਿਵਿਊ ਲਈ ਇਕ ਹਫਤਾ ਉਡੀਕ ਕਰ ਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ ਅਤੇ ਮਰੀਜ਼ਾਂ ਦੀ ਬਿਹਤਰ ਸੇਵਾ ਸੰਭਾਲ ਵਿੱਚ ਆਉਣ ਵਾਲੀਆਂ ਅੜਚਣਾਂ ਅਤੇ ਕੁਤਾਹੀਆਂ ਦੇ ਸੁਧਾਰ ਤਕ ਸੁਸਾਇਟੀ ਅਤੇ ਸਮੂਹ ਜਥੇਬੰਦੀਆਂ ਟਿਕ ਕੇ ਨਹੀਂ ਬੈਠਣਗੀਆ। 

Install Punjabi Akhbar App

Install
×