ਮੇਧਾ ਪਾਟੇਕਰ ਵੱਲੋਂ ਪੰਜਾਬ ਵਿੱਚ ”ਸਤਲੁਜ ਬਚਾਉ-ਪੰਜਾਬ ਬਚਾਉ” ਮੁਹਿੰਮ ਦੀ ਸ਼ੁਰੂਆਤ

ਫਰੀਦਕੋਟ :- ਪੰਜਾਬ ਵਿੱਚ ”ਸਤਲੁਜ ਬਚਾੳ-ਪੰਜਾਬ ਬਚਾਉ” ਮੁਹਿੰਮ ਦੀ ਸ਼ੁਰੂਆਤ ਪ੍ਰਸਿੱਧ ਵਾਤਾਵਰਣ ਕਾਰਕੁਨ ਮੇਧਾ ਪਾਟੇਕਰ ਵਲੋਂ ਕੀਤੀ ਗਈ। ਉਹਨਾਂ 32 ਸਾਲਾਂ ਤੋਂ ਤਿੰਨ ਰਾਜਾਂ ਜਿਵੇਂ ਕਿ ਮੱਧ ਪ੍ਰਦੇਸ਼, ਮਹਾਂਰਾਸ਼ਟਰ ਸਮੇਤ ਗੁਜਰਾਤ ਦੇ ਆਮ ਲੋਕਾਂ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਨਰਮਦਾ ਬਚਾਉ ਅੰਦੋਲਨ (ਐਨਬੀਏ) ਦੀ ਅਗਵਾਈ ਕੀਤੀ ਹੈ। ਪੀ.ਏ.ਸੀ. ਸਤਲੁਜ ਅਤੇ ਮੱਤੇਵਾੜਾ ਦੇ ਬੈਨਰ ਹੇਠ ਕਈ ਗੈਰ ਸਰਕਾਰੀ ਸੰਸਥਾਵਾਂ ਸਤਲੁਜ ਦਰਿਆ ਨੂੰ ਬਚਾਉਣ ਲਈ ਮੁਹਿੰਮ ਚਲਾ ਰਹੀਆਂ ਹਨ। ਉਨ੍ਹਾਂ ਦੀਆਂ ਮੁੱਖ ਮੰਗਾਂ ਮੱਤੇਵਾੜਾ ਨੇੜੇ ਇੰਡਸਟਰੀਅਲ ਪਾਰਕ ਬਣਾਉਣ ਦੀ ਯੋਜਨਾ ਨੂੰ ਰੱਦ ਕਰਨਾ ਅਤੇ ਬੁੱਢੇ ਨਾਲੇ ਦੇ ਪੁਨਰ-ਨਿਰਮਾਣ ਪ੍ਰਾਜੈਕਟ ‘ਚ ਪੂਰੀ ਪਾਰਦਰਸ਼ਤਾ ਲਿਆਉਣਾ ਹੈ। ਸ਼੍ਰੀਮਤੀ ਪਾਟੇਕਰ ਨੇ ਉਦਯੋਗਾਂ ਅਤੇ ਨਗਰ ਪਾਲਿਕਾਵਾਂ ਦੇ ਗੰਦੇ ਪਾਣੀ ਦੇ ਨਾਲਿਆਂ ਰਾਹੀਂ ਸਤਲੁਜ ਦੇ ਪ੍ਰਦੂਸ਼ਣ ਦੇ ਮੁੱਦੇ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਗੰਦਾ ਪਾਣੀ ਪਵਿੱਤਰ ਸਤਲੁਜ ‘ਚ ਪਾਉਣਾ ਦੇਸ਼ ਦੇ ਵਾਤਾਵਰਣ ਕਨੂੰਨਾਂ ਦੀ ਘੋਰ ਉਲੰਘਣਾ ਹੈ ਅਤੇ ਨਾਗਰਿਕਾਂ ਨੂੰ ਇਨ੍ਹਾਂ ਗੰਭੀਰ ਸਮੱਸਿਆਵਾਂ ਦੇ ਹੱਲ ਲਈ ਸਰਕਾਰਾਂ ਨੂੰ ਜਗਾਉਣ ਲਈ ਆਪਣੀ ਆਵਾਜ ਬੁਲੰਦ ਕਰਨ ਦੀ ਲੋੜ ਹੈ। ਸੁਰੱਖਿਅਤ ਜੰਗਲਾਂ ਦੇ ਨੇੜੇ ਪ੍ਰਸਤਾਵਿਤ ਉਦਯੋਗਿਕ ਪਾਰਕ ਦੀ ਜਗ੍ਹਾ ਨੂੰ ਅੱਖੀਂ ਦੇਖਣ ਲਈ ਪੀਏਸੀ ਵਲੋਂ ਮੇਧਾ ਪਾਟੇਕਰ ਨੂੰ ਮੱਤੇਵਾੜਾ ਜੰਗਲ ਦਾ ਦੌਰਾ ਕਰਵਾਇਆ ਗਿਆ। ਉਹਨਾਂ ਨੇ ਸੇਖੋਵਾਲ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ, ਜੋ ਇਲਾਕੇ ‘ਚ ਪ੍ਰਸਤਾਵਿਤ ਉਦਯੋਗਿਕ ਟੈਕਸਟਾਈਲ ਪਾਰਕ ਕਾਰਨ ਆਪਣੀ ਜ਼ਮੀਨ ਗਵਾਉਣ ਦਾ ਸਖ਼ਤ ਵਿਰੋਧ ਕਰ ਰਹੇ ਹਨ। ਪਿੰਡ ਸੇਖੋਵਾਲ ਦੇ ਵਸਨੀਕ ਕਸ਼ਮੀਰ ਸਿੰਘ ਨੇ ਆਪਣੀ ਜਮੀਨ ਲਈ ਆਪਣੀ ਲੜਾਈ ਦਾ ਪੂਰਾ ਇਤਿਹਾਸ ਦੱਸਦਿਆਂ ਕਿਹਾ ਕਿ ਦਲਿਤਾਂ ਦਾ ਇਹ ਪਿੰਡ 1962-63 ਵਿੱਚ ਇੱਥੇ ਵਸਿਆ ਸੀ, ਜਦੋਂ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਸਨ ਅਤੇ ਉਹਨਾਂ ਨੇ ਲੋਕਾਂ ਨੂੰ ਖਾਲੀ ਜ਼ਮੀਨ ਆਬਾਦ ਕਰਨ ਦਾ ਹੋਕਾ ਦਿੱਤਾ ਸੀ। ਉਹਨਾਂ ਨੇ ਇਸ ਥਾਂ ‘ਤੇ ਜ਼ਮੀਨ ਆਬਾਦ ਕੀਤੀ, ਜਿਸ ਨੂੰ ਪਿੰਡ ਦੇ ਨਾਂਅ ਕਰਾਉਣ ਦੀ ਲੜਾਈ ਸੁਪਰੀਮ ਕੋਰਟ ਤੱਕ ਚੱਲੀ ਅਤੇ ਜਿਸ ਨੂੰ ਉਨ੍ਹਾਂ ਨੇ 2014 ‘ਚ ਸਫਲਤਾਪੂਰਵਕ ਜਿੱਤ ਲਿਆ ਸੀ ਪਰ ਉਹਨਾਂ ਤੋਂ 2021 ‘ਚ ਫ਼ਿਰ ਜ਼ਮੀਨ ਖੋਹਣ ਦੀ ਵੱਡੀ ਕੌਸ਼ਿਸ਼ ਸਰਕਾਰ ਵਲੋਂ ਕੀਤੀ ਗਈ, ਜਿਸ ਦੇ ਵਿਰੋਧ ‘ਚ ਉਹ ਨਿਆਂਪਾਲਿਕਾ ‘ਚ ਲੜ ਰਹੇ ਹਨ। ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਕੁਲਤਾਰ ਸਿੰਘ ਸੰਧਵਾਂ ਵਿਧਾਇਕ ਨੇ ਦੱਸਿਆ ਕਿ ਇਹ ਪਾਣੀ ਸਤਲੁਜ ‘ਚ ਮਿਲ ਜਾਂਦਾ ਹੈ ਅਤੇ ਦੱਖਣੀ ਪੰਜਾਬ ਅਤੇ ਰਾਜਸਥਾਨ ‘ਚ ਲੱਖਾਂ ਲੋਕਾਂ ਨੂੰ ਪੀਣ ਵਾਲੇ ਪਾਣੀ ਵਜੋਂ ਸਪਲਾਈ ਕੀਤਾ ਜਾਂਦਾ ਹੈ। ਅਰਥ ਕੇਅਰ ਸੋਸਾਇਟੀ ਦੀ ਸ੍ਰੀਮਤੀ ਪੂਜਾ ਸੇਨ ਗੁਪਤਾ ਨੇ ਸ੍ਰੀਮਤੀ ਪਟਕਰ ਦਾ ਵਰਧਮਾਨ ਚੌਕ ਨੇੜੇ ਆਯੋਜਿਤ ਟਾਊਨਹਾਲ ਵਿਖੇ ਰਸਮੀ ਤੌਰ ‘ਤੇ ਸਵਾਗਤ ਕੀਤਾ। ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਦਮਦਮਾ ਸਾਹਿਬ ਨੇ ਵੀ ਸ੍ਰੀਮਤੀ ਪਾਟੇਕਰ ਦਾ ਪੰਜਾਬ ਆਉਣ ‘ਤੇ ਸਵਾਗਤ ਕਰਦਿਆਂ ਆਖਿਆ ਕਿ ”ਗੁਰੂ ਨਾਨਕ ਦੇਵ ਜੀ ਦੁਆਰਾ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤ” ਵਾਤਾਵਰਣ ਸੰਬੰਧੀ ਸੋਚ ਦਾ ਤੱਤ ਹੈ। ਪੰਜਾਬ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਹਵਾ ਅਤੇ ਪਾਣੀ ਦਾ ਨਿਰਾਦਰ ਨਾਗਰਿਕਾਂ ਦੀ ਸਿਹਤ ‘ਤੇ ਗੰਭੀਰ ਪ੍ਰਭਾਵ ਪਾਏ ਬਿਨਾਂ ਬਹੁਤ ਲੰਮਾ ਸਮਾਂ ਜਾਰੀ ਨਹੀਂ ਰਹਿ ਸਕਦਾ। ਰਾਜਨੀਤਿਕ ਪਾਰਟੀਆਂ ਨੂੰ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਵਾਤਾਵਰਣ ਦੇ ਮੁੱਦਿਆਂ ਨੂੰ ਸਭ ਤੋਂ ਵੱਧ ਤਰਜੀਹ ਦੇਣੀ ਚਾਹੀਦੀ ਹੈ ਅਤੇ ਪੰਜਾਬ ਦੀਆਂ ਅਜਿਹੀਆਂ ਸਮੱਸਿਆਵਾਂ ਬਾਰੇ ਆਪਣੀ ਸਮਝ ਨੂੰ ਸਪੱਸ਼ਟ ਤੌਰ ‘ਤੇ ਦੱਸਣਾ ਚਾਹੀਦਾ ਹੈ ਕਿਓਂਕਿ ਇਹ ਅੱਜ ਸਾਰੇ ਪੰਜਾਬ ਦਾ ਬਹੁਤ ਵੱਡਾ ਮੁੱਦਾ ਹੈ।

Install Punjabi Akhbar App

Install
×