ਮਹਾਰਾਣੀ ਦੇ ਜਨਮ ਦਿਨ ਮੌਕੇ ਸਨਮਾਨ ਸੂਚੀ ਵਿੱਚ 13 ਭਾਰਤੀ-ਆਸਟਰੇਲਿਆਈ ਸ਼ਾਮਿਲ
(ਬ੍ਰਿਸਬੇਨ) ਇੱਥੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੀ ਰਹਿਣ ਵਾਲੀ ਪਿੰਕੀ ਸਿੰਘ ਨੂੰ ਕਮਿਊਨਿਟੀ ਲਈ ਉਸ ਦੀਆਂ ਵਿਲੱਖਣ ਸੇਵਾਵਾਂ ਲਈ ਇਸ ਸਾਲ ‘ਮੈਡਲ ਆਫ਼ ਦਿ ਆਰਡਰ ਆਫ਼ ਆਸਟਰੇਲੀਆ’ (OAM) ਨਾਲ ਸਨਮਾਨਿਤ ਕੀਤਾ ਜਾਵੇਗਾ। ਉਹ 2016 ਵਿੱਚ ਭਾਰਤੀ ਮੂਲ ਦੇ ਬੱਸ ਡਰਾਈਵਰ ਮਰਹੂਮ ਮਨਮੀਤ ਅਲੀਸ਼ੇਰ ਦੀ ਦੁਖਦਾਈ ਹੱਤਿਆ ਬਾਰੇ ਫੰਡ ਇਕੱਠਾ ਕਰਨ ਅਤੇ ਜਾਗਰੂਕਤਾ ਵਿੱਚ ਸਰਗਰਮੀ ਨਾਲ ਸ਼ਾਮਲ ਸਨ। ਭਾਰਤ ਵਿੱਚ ਜਨਮੀ ਸ਼੍ਰੀਮਤੀ ਗੁਰਪ੍ਰੀਤ ਪਿੰਕੀ ਸਿੰਘ, ਮਹਾਰਾਣੀ ਦੇ ਜਨਮ ਦਿਨ ਸਨਮਾਨ ਸਮਾਰੋਹ ਦੇ ਬਾਕੀ ਜੇਤੂਆਂ ‘ਚੋਂ ਇੱਕ ਹੈ। ਇਹ ਸਨਮਾਨ ਇਸ ਸਾਲ ਅਕਤੂਬਰ ਵਿੱਚ ਦਿੱਤਾ ਜਾਵੇਗਾ। ਬਹੁਪੱਖੀ ਹੁਨਰ ਦੇ ਨਾਲ ਪਿੰਕੀ ਸਿੰਘ 1998 ਵਿੱਚ ਭਾਰਤ ਤੋਂ ਆਸਟਰੇਲੀਆ ਆਏ ਸਨ। ਉਹਨਾਂ ਦੱਸਿਆ ਕਿ ਉਹ ਸੂਬਾ ਕੁਈਨਜ਼ਲੈਂਡ ਵਿੱਚ ਭਾਰਤੀ ਕੌਂਸਲ ਦੀ ਸਲਾਹਕਾਰ, ਲਾਰਡ ਮੇਅਰਜ਼ ਦੇ ਬਹੁ-ਸੱਭਿਆਚਾਰਕ ਰਾਊਂਡ ਟੇਬਲ ਲਈ ਰਾਜਦੂਤ, ਬ੍ਰਿਸਬੇਨ ਇੰਡੀਅਨ ਲਾਇਨਜ਼ ਕਲੱਬ ਦੀ ਸੰਸਥਾਪਕ ਪ੍ਰਧਾਨ, ਪੰਜਾਬੀ ਵੈਲਫੇਅਰ ਐਸੋਸੀਏਸ਼ਨ ਆਫ਼ ਆਸਟਰੇਲੀਆ (APWA) ਦੀ ਪ੍ਰਧਾਨ, ਲਿਬਰਲ ਨੈਸ਼ਨਲ ਪਾਰਟੀ(LNP) ਲਈ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਪਾਲਿਸੀ ਚੇਅਰ ਅਤੇ ਬ੍ਰਿਸਬੇਨ ਦੇ ਮੈਕਕੋਨੇਲ ਤੋਂ 2020 ਦੀਆਂ ਚੋਣਾਂ ਲੜੀਆਂ। ਸ਼੍ਰੀਮਤੀ ਸਿੰਘ ਦਾ ਕਹਿਣਾ ਹੈ ਕਿ ਇੱਕ ਸਿੱਖ ਪਰਿਵਾਰ ‘ਚੋਂ ਹੋਣ ਕਰਕੇ ਉਹ ਹਮੇਸ਼ਾ ‘ਸੇਵਾ ਭਾਵਨਾ’ ਵਿੱਚ ਵਿਸ਼ਵਾਸ ਰੱਖਦੀ ਹੈ। ਉਹਨਾਂ ਅਨੁਸਾਰ “ਮੈਂ ਹਰ ਔਰਤ ਨੂੰ ਬੇਨਤੀ ਕਰਦੀ ਹਾਂ ਕਿ ਜੀਵਨ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰੋ ਅਤੇ ਸਮਾਜ ਨੂੰ ਹੋਰ ਬਿਹਤਰ ਬਣਾਓ।” ਸਖ਼ਤ ਮਿਹਨਤ ਵਿੱਚ ਵਿਸ਼ਵਾਸ ਰੱਖਣ ਵਾਲੀ ਸ਼੍ਰੀਮਤੀ ਸਿੰਘ ਕਹਿੰਦੀ ਹੈ ਕਿ ਉਸਨੂੰ ਇਹ ਮਾਨਤਾ ਇੱਕ ਬਹੁ-ਸੱਭਿਆਚਾਰਕ ਭਾਈਚਾਰੇ ਵਿੱਚ ਸਾਲਾਂ ਦੌਰਾਨ ਕੰਮ ਕਰਨ ਲਈ ਮਿਲੀ ਹੈ। ਉਹਨਾਂ ਦਾ ਮੰਨਣਾ ਹੈ ਕਿ ਪਰਵਾਸੀ ਔਰਤਾਂ ਨੂੰ ਭਾਸ਼ਾ ਅਤੇ ਸੱਭਿਆਚਾਰਕ ਰੁਕਾਵਟਾਂ ਦੇ ਕਾਰਨ ਮੁਹਾਰਤ ਦੇ ਕਿਸੇ ਵੀ ਖੇਤਰ ਵਿੱਚ ਪ੍ਰਾਪਤ ਕਰਨ ਲਈ ਦੂਜਿਆਂ ਨਾਲੋਂ ਥੋੜਾ ਸਖ਼ਤ ਮਿਹਨਤ ਕਰਨ ਦੀ ਲੋੜ ਹੈ, ਪਰ ਕੁਝ ਵੀ ਅਸੰਭਵ ਨਹੀਂ ਹੈ। ਦੱਸਣਯੋਗ ਹੈ ਕਿ ਵੱਖ-ਵੱਖ ਖੇਤਰ ਜਿਵੇਂ ਕਿ ਸਮਾਜਿਕ ਸੇਵਾ, ਵਿਗਿਆਨ ਅਤੇ ਖੋਜ, ਉਦਯੋਗ, ਖੇਡ, ਕਲਾ ਆਦਿ ‘ਚ ਹੁਣ ਤੱਕ 992 ਆਸਟਰੇਲੀਅਨਾਂ ਨੂੰ ਦੇਸ਼ ਲਈ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਆ ਗਿਆ ਹੈ। ਮਹਾਰਾਣੀ ਦੇ ਜਨਮ ਦਿਨ 2022 ਸਨਮਾਨਾਂ ਦੀ ਸੂਚੀ ਵਿੱਚ ਤੇਰ੍ਹਾਂ ਭਾਰਤੀ-ਆਸਟਰੇਲੀਅਨਾਂ ‘ਚ ਪ੍ਰੋਫੈਸਰ ਸੁਰੇਸ਼ ਕੁਮਾਰ ਭਾਰਗਵਾ, ਸ਼੍ਰੀਮਤੀ ਆਸ਼ਾ ਭੱਟ, ਕਲੀਨਿਕਲ ਪ੍ਰੋਫੈਸਰ ਸਮੀਰ ਭੋਲੇ, ਸ਼੍ਰੀਮਤੀ ਬਾਬੇਟ ਅਵਿਤਾ ਫ੍ਰਾਂਸਿਸ, ਡਾ. ਜੈਕਬ ਜਾਰਜ, ਡਾ. ਮਾਰਲੀਨ ਕੰਗਾ, ਡਾ. ਸਮਿਤਾ ਸ਼ਾਹ, ਮਿਸਟਰ ਕੇਰਸੀ ਮੇਹਰ-ਹੋਮਜੀ, ਸ੍ਰੀ ਰਵੀਇੰਦਰ ਸਿੰਘ ਨਿੱਝਰ, ਡਾ. ਸੱਤਿਆ ਰਾਓ, ਸ਼੍ਰੀਮਤੀ ਪੈਟਰੀਸ਼ੀਆ ਜੇਨੇਟ ਰੋਡਰਿਗਜ਼, ਸ਼੍ਰੀਮਤੀ ਗੁਰਪ੍ਰੀਤ ਪਿੰਕੀ ਸਿੰਘ ਅਤੇ ਮਿਸਟਰ ਹੈਕਟਰ ਸਾਈਮਨ ਸੋਨਜ਼ ਸ਼ਾਮਿਲ ਹਨ।