ਬ੍ਰਿਸਬੇਨ ਦੇ ਫੂਡ ਪੁਆਇੰਟਸ ਉਪਰ ਪੈ ਰਹੇ ਡਾਕੇ, ਪੁਲਿਸ ਅਫ਼ਸਰ ਤਾਇਨਾਤ

ਬੀਤੇ 24 ਘੰਟਿਆਂ ਦੌਰਾਨ ਬ੍ਰਿਸਬੇਨ ਦੇ ਖਾਣ ਪੀਣ ਵਾਲੀਆਂ ਦੁਕਾਨਾਂ ਆਦਿ ਉਪਰ ਕੁੱਝ ਹਮਲਾਵਰਾਂ ਨੇ ਲੁੱਟ-ਖੋਹ ਦੇ ਇਰਾਦੇ ਨਾਲ ਹਮਲੇ ਕੀਤੇ ਹਨ ਜਿਸ ਦੇ ਤਹਿਤ ਪੁਲਿਸ ਅਜਿਹੇ ਹਮਲੇ ਕਰਨ ਵਾਲੇ ਇੱਕ ਸੰਗਠਨ ਦੀ ਭਾਲ਼ ਵਿੱਚ ਲੱਗੀ ਹੈ।
ਇਹ ਸੰਗਠਨ ਆਪਣੇ ਆਪ ਨੂੰ ਬੰਦੂਕਾਂ ਅਤੇ ਚਾਕੂਆਂ ਆਦਿ ਨਾਲ ਲੈਸ ਕਰਕੇ ਆਉਂਦਾ ਹੈ ਅਤੇ ਅਜਿਹੀਆਂ ਥਾਂਵਾਂ ਤੇ ਹਮਲੇ ਕਰਕੇ ਨਗਦੀ ਆਦਿ ਲੁੱਟ ਕੇ ਫਰਾਰ ਹੋ ਜਾਂਦਾ ਹੈ।
ਬੀਤੇ ਐਤਵਾਰ ਨੂੰ ਰਾਤ ਦੇ 9:30 ਵਜੇ, ਹੰਗਰੀ ਜੈਕਸ (ਸਪ੍ਰਿੰਗਫੀਲਡ ਦੇ ਕਮਰਸ਼ੀਅਲ ਡ੍ਰਾਈਵ) ਉਪਰ ਅਜਿਹੇ 3 ਲੁਟੇਰਿਆਂ ਨੇ ਹਮਲਾ ਕੀਤਾ ਅਤੇ ਸਟਾਫ ਨੂੰ ਡਰਾ ਧਮਕਾ ਦੇ 2003 ਮਾਡਲ ਦੀ ਚਿੱਟੀ ਫੋਰਡ ਫਾਲਕਨ ਗੱਡੀ ਵਿੱਚ ਫਰਾਰ ਹੋ ਗਏ। ਇਸ ਗੱਡੀ ਨੂੰ ਬਾਅਦ ਵਿੱਚ ਪੁਲਿਸ ਨੇ ਹੈਲਥਵੁਡ ਖੇਤਰ ਦੀ ਜੋਹਨਸਨ ਰੋਡ ਅਤੇ ਸਟੈਪਿਲਟਨ ਰੋਡ ਦੀ ਕਰਾਸਿੰਗ ਤੋਂ ਬਰਾਮਦ ਕੀਤਾ।
ਪੁਲਿਸ ਦਾ ਮੰਨਣਾ ਹੈ ਕਿ ਇਸੀ ਗਰੁੱਪ ਨੇ ਰਾਕਲੇ, ਸੈਲਿਸਬਰੀ ਅਤੇ ਐਲਜੈਸਟਰ ਥਾਂਵਾਂ ਉਪਰ, ਮੈਕਡਾਨਲਡਜ਼ ਅਤੇ ਹੰਗਰੀ ਜੈਕਸ ਆਦਿ 3 ਦੁਕਾਨਾਂ ਉਪਰ ਅਜਿਹਾ ਹੀ ਹਮਲਾ ਕੀਤਾ ਅਤੇ ਉਹ ਵੀ ਮਹਿਜ਼ 30 ਮਿਨਟ ਦੇ ਅੰਦਰ ਅੰਦਰ।
ਹਾਲ ਦੀ ਘੜੀ ਇਨ੍ਹਾਂ ਹਮਲਿਆਂ ਦੌਰਾਨ ਕਿਸੇ ਦੇ ਵੀ ਜ਼ਖ਼ਮੀ ਆਦਿ ਹੋਣ ਦੀਆਂ ਸੂਚਨਾਵਾਂ ਨਹੀਂ ਹਨ ਪਰੰਤੂ ਪੁਲਿਸ ਵੱਲੋਂ ਕੁੱਝ ਅਫ਼ਸਰਾਂ ਦੀ ਤਾਇਨਾਤੀ ਅਜਿਹੇ ਫੂਡ ਪੁਆਇੰਟਾਂ ਉਪਰ ਕੀਤੀ ਗਈ ਹੈ ਤਾਂ ਜਾ ਹੋਰ ਵਾਰਦਾਤਾਂ ਨੂੰ ਰੋਕਿਆ ਜਾ ਸਕੇ।
ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਤਿੰਨ ਤੋਂ ਇਲਾਵਾ ਇਨ੍ਹਾਂ ਦਾ ਇੱਕ ਹੋਰ ਸਾਥੀ ਵੀ ਹੈ ਜੋ ਕਿ ਹਮੇਸ਼ਾ ਥੋੜ੍ਹੀ ਹੀ ਦੂਰੀ ਤੇ ਗੱਡੀ ਨੂੰ ਸਟਾਰਟ ਕਰਕੇ ਤਿਆਰ ਬਰ ਤਿਆਰ ਰੱਖਦਾ ਹੈ ਅਤੇ ਵਾਰਦਾਤ ਕਰਨ ਤੋਂ ਬਾਅਦ ਇਨ੍ਹਾਂ ਤਿੰਨਾਂ ਨੂੰ ਲੈ ਕੇ ਉਥੋਂ ਫਰਾਰ ਹੋ ਜਾਂਦਾ ਹੈ।