ਆਉਣ ਵਾਲੀਆਂ ਵੋਟਾਂ ਤੋਂ ਪਹਿਲਾਂ ਮੇਅਰ ਨੂੰ ਮਿਲੀਆਂ ਜਾਨ ਤੋਂ ਮਾਰਨ ਦੀਆਂ ਧਮਕੀਆਂ

ਸਿਡਨੀ ਦੇ ਸਬਅਰਬ -ਫੇਅਰਫੀਲਡ, ਜਿੱਥੇ ਕਿ ਅਗਲੇ ਕੁੱਝ ਸਮੇਂ ਅੰਦਰ ਹੀ ਚੋਣਾਂ ਹੋਣੀਆਂ ਹਨ, ਦੇ ਮੇਅਰ ਫਰੈਂਕ ਕਾਰਬਨ ਨੇ ਸੋਸ਼ਲ ਮੀਡੀਆ ਉਪਰ ਈਮੇਲ ਦੀ ਇੱਕ ਫੋਟੋ ਜਾਰੀ ਕਰਦਿਆਂ ਕਿਹਾ ਹੈ ਆਈ.ਐਸ.ਆਈ. ਵੱਲੋਂ ਉਸਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਫਰੈਂਕ ਨੇ ਇਸ ਬਾਬਤ ਕਿਹਾ ਹੈ ਕਿ ਉਕਤ ਧਮਕੀਆਂ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਮਾਰਨ ਵਾਸਤੇ ਦਿੱਤੀਆਂ ਜਾ ਰਹੀਆਂ ਹਨ ਜੋ ਕਿ ਸਰਾਸਰ ਗਲਤ ਹੈ ਅਤੇ ਗ਼ੈਰ-ਕਾਨੂੰਨੀ ਵੀ ਹੈ। ਜੇਕਰ ਕਿਸੇ ਨੂੰ ਉਨ੍ਹਾਂ ਦੀਆਂ ਕਾਰਗੁਜ਼ਾਰੀਆਂ ਉਪਰ ਕੋਈ ਸ਼ੰਕਾ ਜਾਂ ਮਨਮੁਟਾਵ ਹੈ ਤਾਂ ਉਨ੍ਹਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਹੈ ਕਿਉਂਕਿ ਉਨ੍ਹਾਂ ਨੇ ਕਦੀ ਵੀ ਕਿਸੇ ਪ੍ਰਤੀ ਕੋਈ ਵੀ ਗ਼ੈਰ-ਸੰਵਿਧਾਨਿਕ ਜਾਂ ਗ਼ੈਰ-ਸਮਾਜਿਕ ਕੰਮ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਉਨ੍ਹਾਂ ਦਾ ਮਨ ਭਟਕਾਉਣ ਵਾਸਤੇ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਦੇ ਡਰ ਕਾਰਨ ਉਹ ਆਪਣੇ ਸਮਾਜਿਕ ਜਾਂ ਹੋਰ ਕੰਮਾਂ ਨੂੰ ਨਹੀਂ ਛੱਡਣਗੇ ਅਤੇ ਜਨਤਕ ਸੇਵਾਵਾਂ ਆਦਿ ਲਈ ਹਮੇਸ਼ਾ ਕੰਮ ਕਰਦੇ ਰਹਿਣਗੇ।
ਜਿਹੜੀ ਤਸਵੀਰ ਉਨ੍ਹਾਂ ਜਾਰੀ ਕੀਤੀ ਹੈ ਉਸ ਵਿੱਚ ਆਈ.ਐਸ.ਆਈ. ਵੱਲੋਂ ਲਿਖਿਆ ਗਿਆ ਹੈ, ”ਫਰੈਂਕ ਕਾਰਬਨ, ਤੂੰ ਇਸਲਾਮਿਕ ਲੜਾਕੂਆਂ ਵਾਸਤੇ ਜੋ ਕੀਤਾ ਹੈ ਉਹ ਨਾਂ-ਮਨਜ਼ੂਰ ਹੈ ਅਤੇ ਇਸ ਵਾਸਤੇ ਤੂੰ ਹੁਣ ਆਪਣਾ ਕੋਫ਼ਿਨ ਤਿਆਰ ਕਰ ਲੈ…. ਕਿਉਂਕਿ ਜਲਦੀ ਹੀ ਤੈਨੂੰ ਮਾਰ ਦਿੱਤਾ ਜਾਵੇਗਾ”।