ਬੰਦੀ ਛੋੜ ਦਿਵਸ ਅਤੇ ਦੀਵਾਲੀ ਮੌਕੇ ਮਾਈਆਂ ਰੱਬ ਰਜਾਈਆਂ ਦਾ ਸਨਮਾਨ

ਫਰੀਦਕੋਟ :- ਗੁਰਦਵਾਰਾ ਸਾਹਿਬਜਾਦਾ ਅਜੀਤ ਸਿੰਘ ਲੰਗਰ ਮਾਤਾ ਖੀਵੀ ਜੀ ਫਰੀਦਕੋਟ ਵਲੋਂ ਅੱਜ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਸ਼ੁੱਭ ਮੌਕੇ ‘ਤੇ ਲੰਗਰ ਵਿੱਚ ਰੋਜਾਨਾ ਪ੍ਰਸ਼ਾਦੇ ਤਿਆਰ ਕਰਨ ਵਾਲੀਆਂ ਲਾਂਗਰੀ ਬੀਬੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਚੇਅਰਪਰਸਨ ਜੀਤਪਾਲ ਕੌਰ, ਕੈਪ. ਧਰਮ ਸਿੰਘ ਗਿੱਲ, ਗੁਰਦਿੱਤ ਸਿੰਘ ਸੇਖੋਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦਰਜਨ ਤੋਂ ਵੱਧ ਸੇਵਾ ਕਰਨ ਵਾਲੀਆਂ ਬੀਬੀਆਂ ਨੂੰ ਸਿਰੋਪਾਉ, ਕੱਪੜੇ ਅਤੇ ਨਗਦੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕੈਪ. ਧਰਮ ਸਿੰਘ ਗਿੱਲ ਮੁੱਖ ਸੇਵਾਦਾਰ ਨੇ ਆਖਿਆ ਕਿ ਹਰ ਸਾਲ ਦੀਵਾਲੀ ਮੌਕੇ ਚਾਰ ਚੁਫੇਰੇ ਤਾਂ ਰੋਸ਼ਨੀਆਂ ਕਰਦੇ ਹਾਂ ਪਰ ਮਨ ਦਾ ਵਿਹੜਾ, ਜੋ ਘੌਰ ਹਨੇਰੇ ਦਾ ਸ਼ਿਕਾਰ ਹੈ, ਨੂੰ ਕਦੇ ਰੁਸ਼ਨਾਉਣ ਦਾ ਕਿਤੇ ਫਿਕਰ ਅਤੇ ਨਾ ਹੀ ਜਿਕਰ ਹੈ। ਗੁਰੂ ਘਰ ਦੀ ਸੇਵਾ ਦੇ ਦਰਵਾਜਿਉਂ ਲੰਘ ਕੇ ‘ਗੁਰਬਾਣੀ ਇਸ ਜਗਿ ਮਹਿ ਚਾਨਣ’ ਦੀ ਲੋਅ ਨਾਲ ਅੰਦਰ ਵੀ ਚਾਨਣ ਕਰੀਏ। ਬਾਬੇ ਨਾਨਕ ਦੇ ਸਿਧਾਂਤ ‘ਤੇ ਪਹਿਰਾ ਦਿੰਦਿਆਂ ਅੱਜ ‘ਮਾਈਆਂ ਰੱਬ ਰਜਾਈਆਂ’ ਦੀ ਸੇਵਾ ਨੂੰ ਮੁੱਖ ਰੱਖਦਿਆਂ ਉਨਾਂ ਨੂੰ ਸਨਮਾਨਿਤ ਕਰਕੇ ਗੁਰਦਵਾਰਾ ਕਮੇਟੀ ਮਾਣ ਮਹਿਸੂਸ ਕਰਦੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ, ਗੁਰਪ੍ਰੀਤ ਸਿੰਘ ਹੈੱਡ ਗ੍ਰੰਥੀ, ਕਰਮਜੀਤ ਸਿੰਘ, ਮਲਕੀਤ ਸਿੰਘ, ਅੰਮ੍ਰਿਤਪਾਲ ਸਿੰਘ ਬਰਾੜ, ਸਵਰਨ ਸਿੰਘ ਸਰਾਂ ਆਦਿ ਵੀ ਹਾਜਰ ਸਨ।

Install Punjabi Akhbar App

Install
×