ਮਜ਼ਦੂਰ ਦਿਵਸ ਤੇ ਮਜਬੂਰ ਮਜ਼ਦੂਰ!

ਅਸੀਂ ਸਧਾਰਨ ਲੋਕ ਹਾਂ , ਬਹੁਤ ਹੀ ਸਧਾਰਨ ਸਾਡੀ ਕੋਈ ਛੁੱਟੀ ਨਹੀਂ ਤੇ ਸਾਡਾ ਕਾਹਦਾ ਮਜ਼ਦੂਰ ਦਿਵਸ ਅਸੀਂ ਤਾਂ ਅੱਜ ਦੇ ਦਿਨ ਵੀ ਮਜ਼ਦੂਰ ਦਿਵਸ ਤੇ ਮਜ਼ਬੂਰ ਹਾਂ, ਦੋ ਵਕਤ ਦੀ ਰੋਟੀ ਖ਼ਾਤਰ ਮਜ਼ਦੂਰ ਚੋਂਕ ‘ਚ ਖੜੇ ਦਿਹਾੜੀ ਲੱਗ ਜਾਵਣ ਦੀ ਉਡੀਕ ਕਰ ਰਹੇ ਹੁੰਦੇ ਹਾਂ , ਕਿਉਂ ਕਿ ਅਸੀਂ ਮਜ਼ਦੂਰ ਹੁੰਦੇ ਹਾਂ, ਇਹ ਸ਼ਬਦ ਮੈਨੂੰ ਉਨ੍ਹਾਂ ਕੰਮਕਾਜੀ ਮੇਹਨਤਕਸ਼  ਮਜਦੂਰਾਂ ਦੀਆ ਅੱਖਾਂ ‘ਚੋ ਪੜ੍ਹਨ  ਨੂੰ ਮਿਲੇ ਜਿਨ੍ਹਾਂ ਦੇ ਚੇਹਰੇ ਮੈਨੂੰ ਇਕੋ ਜਹੇ ਜਾਪੇ ਤੇ ਸਭ  ਦੇ ਚੇਹਰੇਆ  ਤੇ ਇਕੋ ਜਹੀ ਚਿੰਤਾ। ਭਾਰਤ ਵਿਚ ਮਜ਼ਦੂਰ ਦਿਵਸ ਕੰਮਕਾਜੀ ਲੋਕਾਂ ਦੇ ਸਨਮਾਨ ਵਜੋਂ ਮਨਾਇਆ ਜਾਂਦਾ ਹੈ। ਜੇਕਰ ਇਮਾਨਦਾਰੀ ਨਾਲ ਅਸੀਂ ਆਪਣੇ ਆਲੇ-ਦੁਆਲੈ ਵੇਖੀਏ ਤਾਂ ਕਿੰਨਾ ਕੂੰ ਸਨਮਾਨ ਮਿਲਦਾ ਹੈ ਇਨ੍ਹਾਂ ਮੇਹਨਤਕਸ਼  ਮਜਦੂਰਾਂ ਨੂੰ, ਕਈ ਵਾਰ ਤਾਂ  ਮਜ਼ਦੂਰੀ ਵੀ ਪੂਰੀ ਨਹੀਂ ਮਿਲਦੀ ਤੇ ਇਉਂ ਜਾਪਦਾ ਹੈ ਕਿ ਇਹ ਆਪਣੇ ਆਪ ਤੋਂ ਬਾਰ-ਬਾਰ ਇਹ ਸਵਾਲ ਕਰਦੇ ਹੋਣ ਕਿ ਸਾਡੇ ਹਿਸੇ ਹੀ ਇਹ ਤੰਗੀਆਂ – ਤੁਸ਼ਟੀਆਂ  ਹੀ ਕਿਉਂ ਆਈਆਂ ਹਨ। ਕੀ ਇਸ ਦਾ ਕਾਰਨ ਵਿੱਦਿਆ ਤੋਂ ਵਾਂਜੇ ਰਹਿਣਾ ਹੈ ਜਾਂ ਕੋਈ ਹੋਰ ਕਾਰਨ ਹੈ। ਜੇ ਵਿੱਦਿਆ ਤੋਂ ਵਾਂਜੇ ਰਹਿਣਾ ਮਜ਼ਦੂਰੀ ਕਰਣ ਦਾ ਕਾਰਨ  ਹੁੰਦਾ ਤਾਂ ਅੱਜ ਚੰਗੇ ਪੜ੍ਹਾਈ ਹਾਸਲ ਕਰ ਵੀ ਕਈ ਲੋਕ ਮਜਦੂਰੀ ਕਰਨ ਨੂੰ ਮਜਬੂਰ ਨਾ ਹੁੰਦੇ। ਇਸ ਪਿਛੇ ਇਕ ਵੱਡਾ ਕਾਰਨ ਸਮਾਜਕ ਪ੍ਰਬੰਧਾ ਦਾ ਦਰੁਸਤ ਨਾ ਹੋਣਾ ਹੈ। ਜਿਨ੍ਹਾਂ ਚਿਰ ਸਮਾਜਕ ਪ੍ਰਬੰਧਾ ਦਾ ਢਾਂਚਾ ਦਰੁਸਤ ਨਹੀਂ ਹੁੰਦਾ, ਉਨ੍ਹਾਂ  ਚਿਰ ਮਜ਼ਦੂਰ ਵਰਗ ਦਾ ਭਲਾ ਹੋਣਾ ਮੁਸ਼ਕਿਲ ਹੈ। ਅੱਜ ਵੀ ਬਹੁਤ ਸਾਰੇ ਮਜਦੂਰਾਂ ਦੀ ਮਜਬੂਰੀ ਹੁੰਦੀ ਹੈ ਕਿ ਜਿਸ ਦਿਨ ਉਨ੍ਹਾਂ ਦੇ ਨਾਮ ਤੇ  ਮਜ਼ਦੂਰ ਦਿਵਸ ਮਨਾਈ ਜਾਂਦਾ ਤੇ ਉਸ ਦਿਨ ਉਹ ਆਪਣੇ ਤੇ ਆਪਣੇ ਪਰਿਵਾਰ ਦੀ  ਢਿੱਡ ਦੀ ਅੱਗ (ਭੁੱਖ) ਬਜਾਉਣ ਖਾਤਰ ਤੇ ਆਪਣੇ ਘਰ ਦੇ  ਚੁੱਲ੍ਹੇ ਦੀ ਅੱਗ ਮਗਾਉਂਣ ਖਾਤਰ ਮਜ਼ਦੂਰੀ ਕਰ ਰਿਹਾ ਹੁੰਦਾ। ਇੱਥੇ ਮੈਨੂੰ ਸੰਤ ਰਾਮ ਉਦਾਸੀ ਜੀ ਦੀਆ ਕੁਜ ਸਤਰਾਂ ਯਾਦ ਆ ਰਹੀਆਂ ਹਨ, ਉਹ ਕਹਿੰਦੇ ਸਨ :

ਮਾਂ ਧਰਤੀਏ ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ,

ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵੇਹੜੇ,

ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ,

ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ,

ਜਿੱਥੇ ਵਾਲ ਤਰਸਦੇ ਕੰਘੀਆਂ ਨੂੰ,

ਨੱਕ ਵਗਦੇ, ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ,

ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵੇਹੜੇ। 

ਅੱਜ ਵੀ ਮਜਦੂਰ ਵਰਗ ਦੀ ਵੱਡੀ ਅਬਾਦੀ ਜੀਵਨ ਬਹੁਤ ਮੁਸ਼ਕਲ ਬਸਰ ਕਰ ਰਹੀ ਹੈ ਤੇ ਅੱਜ ਵੀ ਮੁਢਲੀਆਂ ਸਹੂਲਤਾਂ ਤੋਂ ਵਾਜੀ ਹੈ। ਮਜ਼ਦੂਰ ਵਰਗ ਚੋਂ ਹੋਣਾ ਜਾਂ ਮਜ਼ਦੂਰ ਹੋਣਾ ਕੋਈ ਜਰੂਰੀ ਨਹੀਂ ਕਿ ਉਹ ਕਿਸੇ ਖਾਸ ਜਾਤ- ਧਰਮ ਦੇ ਹੋਣ, ਮਜ਼ਦੂਰ ਕੋਈ ਵੀ ਹੋ ਸਕਦਾ, ਉਹ ਐਸੀ, ਬੀਸੀ, ਤੇ ਜਰਨਲ ਵਰਗ ਵਿਚੋਂ ਵੀ ਹੋ ਸਕਦਾ ।   ਦੁਨੀਆਂ ਦੇ ਤਕਰੀਬਨ 80 ਦੇਸ਼ਾ ਵਿਚ ਮਜ਼ਦੂਰ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ। ਇਸ  ਦਿਵਸ ਨੂੰ ਮਨਾਉਣ ਦੀ ਸ਼ੁਰੂਆਤ 1 ਮਈ 1886ਈ : ਨੂੰ ਸ਼ਿਕਾਂਗੋ ਸ਼ਹਿਰ ਜੋ ਕੇ ਅਮਰੀਕਾ ‘ਚ  ਹੈ ਤੋਂ ਹੋਈ ਸੀ। ਦਰਸਲ ਉਸ ਸਮੇਂ ਦੇ ਮਜਦੂਰਾਂ ਤੋਂ 10 ਤੋਂ 15 ਘੰਟੇ ਜਬਰਣ ਕੰਮ ਲਿਆ ਜਾਂਦਾ ਸੀ। ਇਸ ਜਬਰ ਦੇ ਵਿਰੁੱਧ ਮਜ਼ਦੂਰ ਯੂਨੀਅਨਆ  ਨੇ ਇਕੱਠੇ ਹੋ ਸਰਕਾਰ ਖਿਲਾਫ ਇਕ ਵੱਡਾ ਅੰਦੋਲਨ ਕੀਤਾ।  ਇਸ  ਅੰਦੋਲਨ ਵਿਚ ਕਈ ਮਜਦੂਰਾਂ ਦੀਆ ਸ਼ਹੀਦੀਆਂ ਵੀ ਹੋਈਆਂ।  ਭਾਰਤ ਵਿਚ ਸਭ ਤੋਂ ਪਹਿਲਾ ਮਜਦੂਰ ਦਿਵਸ ਚੇਨਈ ਵਿਚ 1 ਮਈ 1923 ਈ : ਨੂੰ ਮਨਾਇਆ ਗਿਆ। ਉਸ ਸਮੇਂ ਭਾਰਤ ਵਿਚ ਮਜਦੂਰ ਦਿਵਸ ਮਨਾਉਣ ਦੀ ਸ਼ੁਰੂਆਤ ਭਾਰਤੀ ਮਜਦੂਰ ਕਿਸਾਨ ਪਾਰਟੀ ਦੇ ਨੇਤਾ ਕਾਮਰੇਡ ਸਿੰਗਕਾਵੈਲੂ ਚੇਟਯਾਰ ਨੇ ਕੀਤੀ ਸੀ। ਇਸ ਮੌਕੇ ਪਹਿਲੀ ਵਾਰ ਲਾਲ ਝੰਡੇ ਵਰਤੇ ਗਏ। ਮਦਰਾਸ ਹਾਈ ਕੋਰਟ ਦੇ ਸਾਹਮਣੇ ਹੋਏ  ਇਸ ਅੰਦੋਲਨ ਦੌਰਾਨ ਲਾਲ ਝੰਡੇ ਹੇਠ ਭਾਰਤ ਸਰਕਾਰ ਨੂੰ 1 ਮਈ ਨੂੰ ਮਜ਼ਦੂਰ ਦਿਵਸ ਵਜੋਂ ਘੋਸ਼ਿਤ ਕਰਨ ਅਤੇ  ਇਸ ਦਿਨ ਨੂੰ ਰਾਸ਼ਟਰੀ ਛੁੱਟੀ ਦਾ ਪ੍ਰਸਤਾਵ ਦਿੱਤਾ ਗਿਆ ਸੀ। ਉਸ ਤੋਂ ਮਗਰੋਂ ਹੀ ਇਸ ਦਿਨ ਨੂੰ ਭਾਰਤ ਵਿਚ ਮਜ਼ਦੂਰ ਦਿਵਸ ਨੂੰ ਸਰਕਾਰੀ ਛੁੱਟੀ ਵਜੋਂ ਵੀ ਮਾਨਤਾ ਪ੍ਰਾਪਤ ਹੋਈ। ਮੌਜੂਦਾ ਸਮੇਂ ਮਜ਼ਦੂਰ ਦਿਵਸ  ਸੰਸਾਰ ਭਰ ‘ਚ ਇੱਕ ਇਤਿਹਾਸਕ ਮਹੱਤਵ ਰੱਖਦਾ ਹੈ। ਇਹ ਹੀ ਕਾਰਨ ਹੈ ਕਿ ਅੱਜ ਇਸ ਦਿਵਸ ਨੂੰ ਸੰਸਾਰ ਭਰ ਵਿਚ ਅੰਤਰਰਾਸ਼ਟਰੀ ਤੋਰ ਤੇ 1, ਮਈ ਨੂੰ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੋ ਸਾਨੂੰ  ਇਸ ਦਿਨ ਨੂੰ ਮਨਾਉਣ ਦੇ ਨਾਲ-ਨਾਲ ਮਜ਼ਦੂਰ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਉਨ੍ਹਾਂ ਵਿਚ  ਸਮਾਜਿਕ ਜਾਗਰੂਕਤਾ ਵਧਾਉਣ ਲਈ  ਅੱਗੇ ਆਉਣਾ ਚਾਹੀਦਾ ਹੈ, ਕਿਉਂ ਕਿ ਮਜ਼ਦੂਰ ਵਰਗ ਕਿਸੇ ਵੀ ਸਮਾਜ ਦਾ ਇਕ ਮਹੱਤਵਪੂਰਨ  ਹਿੱਸਾ ਹੁੰਦੇ ਹਨ।  ਇਸ ਲਈ ਸਾਨੂੰ ਹਮੇਸ਼ਾ ਹੀ ਮਜ਼ਦੂਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਤੇ  ਸਤਿਕਾਰ ਦੇਣਾ ਚਾਹੀਦਾ ਹੈ।

(ਹਰਮਨਪ੍ਰੀਤ ਸਿੰਘ) +91 9855010005

Welcome to Punjabi Akhbar

Install Punjabi Akhbar
×