ਇਤਿਹਾਸਕ ਫ਼ੈਸਲਾ: ਮਈ ਦੇ ਸ਼ਹੀਦ ਬਰੀ- ‘ਅਦਾਲਤੀ ਪ੍ਰਪੰਚ’ ਬੇਨਕਾਬ

ਮਈ ਦਿਵਸ ‘ਤੇ ਵਿਸ਼ੇਸ਼

26 ਜੂਨ, 1893 ਨੂੰ ਸ਼ਿਕਾਗੋ ਦੇ ਗਵਰਨਰ ( ਜੌਹਨ ਪੀਟਰ ਐਲਟਗੈਲਡ ) ਦੇ ਇਤਿਹਾਸਿਕ ਫ਼ੈਸਲੇ ਨੇ, ਮਈ ਦਿਨ ਦੇ ਸ਼ਹੀਦਾਂ ਨੂੰ ਫਾਂਸੀ ਦੇਣ ਲਈ ਰਚੇ ‘ਅਦਾਲਤੀ ਨਾਟਕ’ ਦੇ ਹੀਜ-ਪਿਆਜ਼ ਨੂੰ ਪੂਰੀ ਤਰ੍ਹਾਂ ਬੇਪਰਦ ਕਰ ਦਿੱਤਾ।

•      1892 ‘ਚ ਗਵਰਨਰ ਜੌਹਨ ਪੀਟਰ ਨੂੰ 60,000 ਦਸਤਖ਼ਤਾਂ ਵਾਲੀ ਇੱਕ ਪਟੀਸ਼ਨ ਮਿਲੀ। ਜਿਸ ਵਿੱਚ ਨੀਥ, ਫਿਲਡੇਨ, ਮਾਈਕਲ ਆਦਿ ਆਗੂਆਂ ਦੀ ਸਜਾ ਰੱਦ ਕਰਨ ਦੀ ਮੰਗ ਸੀ। ਹੇਠਲੇ ਕਿਸਾਨ ਤਬਕੇ ‘ਚੋਂ ਆਏ ਇਸ ਗਵਰਨਰ ਨੇ ਜੀਹਦੇ ਦਿਲ ‘ਚ ਅਜੇ ਇਮਾਨਦਾਰੀ ਤੇ ਜੁਅਰਤ ਜਿੰਦਾ ਸੀ, ਸਮੁੱਚੇ ਫੈਸਲੇ ਨੂੰ ਮੁੜ ਖੋਲ੍ਹਣ ਦਾ ਫੈਸਲਾ ਲਿਆ। ਜਦ ਕਿ ਉਸਦੇ ਇੱਕ ਸਲਾਹਕਾਰ ਨੇ ਪਹਿਲਾਂ ਹੀ ਚਿਤਾਵਨੀ ਦਿੱਤੀ ਕਿ, “ਜੇਕਰ ਤੁਸੀਂ ਮੁਕੱਦਮਾ ਸੁਣੋਗੇ, ਤਾਂ ਮੁਜਰਮਾਂ ਨੂੰ ਮੁਆਫ ਕਰ ਦੇਵੋਗੇ, ਤਾਂ ਤੁਹਾਡਾ ਰੁਤਬਾ ਖੁੱਸ ਜਾਵੇਗਾ।” ਪਰ ਗਵਰਨਰ ਬਜਿੱਦ ਸੀ, ” ਚਾਹੇ ਕੁੱਝ ਵੀ ਹੋਵੇ, ਜੇ ਉਹ ਬੇਕਸੂਰ ਹੋਏ ਤਾਂ ਮੈਂ ਮੁਆਫ ਕਰ ਦੇਵਾਂਗਾ। “

•      ਸੋ ਗਵਰਨਰ ਜੌਹਨ ਪੀਟਰ ਨੇ ਸਾਰਾ ਰਿਕਾਰਡ ਇਕੱਠਾ ਕੀਤਾ ਤੇ ਗਹੁ ਨਾਲ ਪੜ੍ਹਿਆ। ਗਵਾਹੀਆਂ ਅਤੇ ਮਜ਼ਦੂਰ ਆਗੂਆਂ ਦੇ ਬਿਆਨਾਂ ਦੀ ਤਹਿ ਤੱਕ ਜਾ ਕੇ ਅਧਿਐਨ ਕੀਤਾ। ਅਦਾਲਤੀ ਰਿਕਾਰਡ ਤੋਂ ਇਲਾਵਾ ਹੋਰ ਵੀ ਜੋ ਮੁਕੱਦਮੇ ਬਾਰੇ ਲਿਖਿਆ ਮਿਲਿਆ, ਪੜ੍ਹਿਆ। ਡੂੰਘਾ ਅਧਿਐਨ ਕਰਨ ਤੋਂ ਬਾਅਦ ਗਵਰਨਰ ਇਸ ਸਿੱਟੇ ‘ਤੇ ਪਹੁੰਚਿਆ ਕਿ ਮਜ਼ਦੂਰ ਆਗੂ ਹਰ ਪੱਖੋਂ ਬੇਕਸੂਰ ਸਨ। ਉਸ ਨੇ ਸਰਕਾਰ, ਪੁਲਿਸ ਤੇ ਸਰਮਾਏਦਾਰਾਂ ਵੱਲੋਂ ਕੀਤੇ ਜਬਰ ਦਾ ਨੋਟਿਸ ਲੈਂਦਿਆਂ ਆਪਣੇ ਫੈਸਲੇ ਵਿੱਚ ਸਪੱਸ਼ਟ ਲਿਖਿਆ ਕਿ ” ਇਸ ਗੱਲ ਦੀ ਹਰ ਸੰਭਾਵਨਾ ਬਹੁਤ ਸਾਫ ਹੈ ਕਿ ਬੰਬ ਕਿਸੇ ਅਜਿਹੇ ਬੰਦੇ ਵੱਲੋਂ ਸੁੱਟਿਆ ਗਿਆ ਜਿਹੜਾ ਨਿੱਜੀ ਬਦਲਾ ਲੈਣਾ ਚਾਹੁੰਦਾ ਸੀ। ਸਾਫ ਹੈ ਕਿ ਸਰਕਾਰ ਵਲੋਂ ਫੜੇ ਰਥ ਦਾ ਕੁਦਰਤੀ ਨਤੀਜਾ ਅਜਿਹਾ ਹੀ ਹੋਣਾ ਸੀ। ਹੇ-ਮਾਰਕੀਟ ਦੀਆਂ ਘਟਨਾਵਾਂ ਤੋਂ ਪਹਿਲਾਂ ਦੇ ਕਈ ਸਾਲਾਂ ‘ਚ ਮਜ਼ਦੂਰਾਂ ਨਾਲ ਸੰਬੰਧਤ ਗੜਬੜਾਂ ਵਾਲੀਆਂ ਘਟਨਾਵਾਂ ਵਾਪਰਦੀਆਂ ਰਹੀਆਂ। ਬਹੁਤ  ਮਾਮਲਿਆਂ ਚ ਪਿੰਕਰਟੇਨ ਦੇ ਬੰਦਿਆਂ ਵੱਲੋਂ ਅਨੇਕਾਂ ਨਿਰਦੋਸ਼ ਮਜ਼ਦੂਰਾਂ ਨੂੰ ਵਿਉਂਤਬੱਧ ਗੋਲੀਆਂ ਮਾਰ ਕੇ ਮਾਰਿਆ ਗਿਆ। ਕਾਤਲਾਂ ਵਿੱਚੋਂ ਕਿਸੇ ‘ਤੇ ਵੀ ਮੁਕੱਦਮਾ ਨਹੀਂ ਚਲਾਇਆ ਗਿਆ। 

•      ਜਬਰ ਤਸ਼ੱਦਦ ਦੀਆਂ ਇਹਨਾਂ ਹਾਲਤਾਂ ਦਾ ਪਰਦਾਫਾਸ਼ ਕਰਦਿਆਂ ਗਵਰਨਰ ਜੌਹਨ ਪੀਟਰ ਨੇ ਮੁਕੱਦਮੇ ਦੌਰਾਨ ਭੁਗਤਾਈਆਂ ਗਵਾਹੀਆਂ ਦਾ ਵੀ ਹੀਜ-ਪਿਆਜ਼ ਨੰਗਾ ਕੀਤਾ। ਉਨ੍ਹਾਂ  ਫੈਸਲੇ ‘ਚ ਜਿਕਰ ਕੀਤਾ ਕਿ, “ਇਹ ਵੀ ਸਪਸ਼ਟ ਦਿਸਦਾ ਹੈ ਕਿ ਮੁਕੱਦਮੇ ਦੌਰਾਨ ਪੇਸ਼ ਕੀਤੀਆਂ ਗਵਾਹੀਆਂ ਮਨਘੜ੍ਹਤ ਸਨ। ਕਈ ਵੱਡੇ ਪੁਲਿਸ ਅਫਸਰਾਂ ਨੇ ਆਪਣੀ ਧੁੱਸ ਅਧੀਨ ਭੋਲ਼ੇ-ਭਾਲ਼ੇ ਬੰਦਿਆਂ ਨੂੰ ਜੇਲ੍ਹਾਂ ‘ਚ ਸੁੱਟ ਕੇ ਅਤੇ ਜ਼ਬਰ-ਤਸ਼ੱਦਦ ਦੀਆਂ ਧਮਕੀਆਂ ਦੇ ਕੇ ਡਰਾਇਆ, ਸਗੋਂ ਉਨ੍ਹਾਂ ਮੁਤਾਬਕ ਚੱਲਣ ਵਾਲੇ ਗਵਾਹਾਂ ਨੂੰ ਪੈਸਾ ਅਤੇ ਨੌਕਰੀਆਂ ਦਿੱਤੀਆਂ। ਇਸ ਤੋਂ ਵੀ ਅੱਗੇ ਉਨ੍ਹਾਂ ਨੇ ਮੁਜ਼ਰਿਮਾਂ ਦੀ ਸਾਜਿਸ਼ ਲੱਭਣ ਦੀ ਖੋਜ ਦਿਖਾਉਣ ਲਈ ਗਿਣੀਆਂ-ਮਿਥੀਆਂ ਮਨਘੜ੍ਹਤ ਕਹਾਣੀਆਂ ਘੜੀਆਂ। ਰਿਕਾਰਡ ‘ਚ ਆਏ ਸਬੂਤਾਂ ਤੋਂ ਬਿਨਾਂ ਕੁੱਝ ਬੰਦੇ ਮੰਨੇ ਵੀ ਕਿ ਉਨ੍ਹਾਂ ਨੇ ਪੈਸੇ ਲਏ ਸਨ। ਇਸ ਨਾਲ ਕਈ ਦਸਤਾਵੇਜ਼ੀ ਸਬੂਤ ਪੇਸ਼ ਕੀਤੇ ਜਾਂਦੇ ਹਨ।”

 •       ਗਵਰਨਰ ਜੌਹਨ ਪੀਟਰ ਨੇ 4 ਮਈ ਦੀ ਹੇ-ਮਾਰਕੀਟ ਰੈਲੀ ਬਾਰੇ ਵੀ ਸਾਫ ਕੀਤਾ ਕਿ ਰੈਲੀ ਪੂਰੀ ਤਰ੍ਹਾਂ ਬਾ-ਜਾਬਤਾ ਸੀ ਅਤੇ ਨਗਰ ਦਾ ਮੇਅਰ (ਪ੍ਰਧਾਨ) ਖੁਦ ਇਸ ਵਿੱਚ ਹਾਜਰ ਸੀ। ਉਹ ਉਸ ਸਮੇਂ ਉਥੋਂ ਗਿਆ ਜਦੋਂ ਭੀੜ ‘ਚੋਂ ਬਹੁਤੇ ਲੋਕ ਚਲੇ ਗਏ ਸਨ। ਜਿਵੇਂ ਹੀ ਪੁਲਿਸ ਮਹਿਕਮੇ ਦੇ ਕਪਤਾਨ ਜੌਹਨ ਬੌਨਫੀਲਡ ਨੂੰ ਪਤਾ ਲੱਗਿਆ ਕਿ ਮੇਅਰ ਚਲਾ ਗਿਆ ਹੈ, ਉਹ ਬਾਕੀ ਬਚੀ ਭੀੜ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਿਸ ਦਸਤੇ ਸਮੇਤ ਉਥੇ ਆ ਧਮਕਿਆ। ਪੁਲਿਸ ਪਹੁੰਚਦੇ ਹੀ ਕਿਸੇ ਅਗਿਆਤ ਬੰਦੇ ਨੇ ਬੰਬ ਸੁੱਟ ਦਿੱਤਾ………..ਮੁਕੱਦਮੇ ਦੀ ਕਾਰਵਾਈ ਦੌਰਾਨ ਬੰਬ ਸੁੱਟਣ ਵਾਲੇ ਅਸਲੀ ਦੋਸ਼ੀਆਂ ਦੀ ਕੋਈ ਸੂਹ ਨਾ ਮਿਲੀ। ਉਪਰੋਕਤ ਵਿਅਕਤੀ ਸਿਰਫ ਇਸ ਆਧਾਰ ‘ਤੇ ਮੁਜ਼ਰਿਮ ਕਰਾਰ ਦਿੱਤੇ ਗਏ ਕਿਉਂਕਿ ਪਿਛਲੇ ਸਮੇਂ ਵਿੱਚ ਇਨ੍ਹਾਂ ਨੇ ਪੁਲਿਸ-ਸਿਪਾਹੀਆਂ ਤੇ ਪਿੰਕਰਟੇਨ ਦੇ ਆਦਮੀਆਂ ਨੂੰ ਕਤਲ ਕਰਨ ਲਈ ਉਕਸਾਉਂਦੇ ਕਈ ਭੜਕਾਊ ਤੇ ਵਿਦਰੋਹੀ ਬਿਆਨ ਦਿੱਤੇ ਸਨ। ਇੱਥੋਂ ਤੱਕ ਕਿ ਉਹ ਵਿਅਕਤੀ ਜਿੰਨ੍ਹਾਂ ‘ਤੇ ਕਤਲ ਦਾ ਇਲਜ਼ਾਮ ਲਗਾਇਆ ਗਿਆ ਹੈ, ਤਾਂ ਹੇ-ਮਾਰਕੀਟ ਦੀ ਰੈਲੀ ਵਿੱਚ ਸ਼ਾਮਿਲ ਹੀ ਨਹੀਂ ਸਨ ਅਤੇ ਨਾ ਹੀ ਉਨ੍ਹਾਂ ਦਾ ਇਸ ਨਾਲ ਕੋਈ ਸੰਬੰਧ ਸੀ।” ਗਵਰਨਰ ਜਦੋਂ ਇਸ ਫੈਸਲੇ ਦੀ ਘੋਖ-ਪੜਤਾਲ ਕਰ ਰਿਹਾ ਸੀ ਤਾਂ ਉਸ ਵਕਤ ਫੈਸਲਾ ਦੇਣ ਵਾਲੇ ਜੱਜ ਗੈਰੀ ਨੇ ਇੱਕ ਮੈਗਜ਼ੀਨ ‘ਚ ਹੇ-ਮਾਰਕੀਟ ਦੀ ਘਟਨਾ ਦਾ ਰੀਵਿਊ ਕਰਦਾ ਲੇਖ ਲਿਖਿਆ। ਉਸਨੇ ਛੇ ਸਾਲਾਂ ਬਾਅਦ ਵੀ ਮਹਾਨ ਆਗੂਆਂ ਖ਼ਿਲਾਫ਼ ਨਫ਼ਰਤ ਦੀ ਜ਼ਹਿਰ ਉਗਲਦਿਆਂ ਆਪਣੇ ਫੈਸਲੇ ਦੀ ਥੋਥੀ ਵਜ਼ਾਹਤ ਕੀਤੀ ਕਿ “ਸਜ਼ਾ ਇਸ ਆਧਾਰ ‘ਤੇ ਨਹੀਂ ਹੋਈ ਕਿ ਉਨ੍ਹਾਂ ਨੇ ਡੇਗਾਨ ਦੀ ਮੌਤ ਦਾ ਕਾਰਨ ਬਣੀ ਖਾਸ ਕਾਰਵਾਈ ‘ਚ ਕੋਈ ਹਕੀਕੀ ਨਿੱਜੀ ਸ਼ਮੂਲੀਅਤ ਕੀਤੀ ਸੀ। ਜਦੋਂ ਸਜਾ ਦਾ ਫ਼ੈਸਲਾ ਇਹ ਆਧਾਰ ਲੈ ਕੇ ਤੁਰਦਾ ਹੈ ਕਿ ਉਨ੍ਹਾਂ ਨੇ ਆਮ ਰੂਪਾਂ ‘ਚ ਭਾਸ਼ਣਾਂ ਤੇ ਲਿਖਤਾਂ ਰਾਹੀਂ ਲੋਕਾਂ ਦੇ ਵੱਡੇ ਸਮੂਹਾਂ ਨੂੰ, ਨਾ ਕਿ  ਵਿਸ਼ੇਸ਼ ਵਿਅਕਤੀਆਂ ਨੂੰ ਕਤਲ ਕਰਨ ਦੀ ਸਿੱਖਿਆ ਦਿੱਤੀ ਅਤੇ ਕਾਰਵਾਈ ਤੇ ਇਸਦੇ ਸਮੇਂ, ਸਥਾਨ ਤੇ ਮੌਕੇ ਦੇ ਸਵਾਲ ਨੂੰ, ਅਜਿਹੇ ਹਰ ਵਿਅਕਤੀ ਦੇ ਇਰਾਦੇ ਤੇ ਰਜ਼ਾ ‘ਤੇ ਛੱਡ ਦਿੱਤਾ, ਜਿਸਨੇ ਵੀ ਉਨ੍ਹਾਂ ਦੀਆਂ ਨਸੀਹਤਾਂ ਸੁਣੀਆਂ। ਅਤੇ ਇਸ ਸਿੱਖਿਆ ਦੇ ਅਸਰ ਹੇਠ ਕਿਸੇ ਅਣਜਾਣੇ ਵਿਅਕਤੀ ਨੇ ਉਹ ਬੰਬ ਸੁੱਟਿਆ ਜੋ ਡੇਗਾਨ  ਦੀ ਮੌਤ ਦਾ ਕਾਰਨ ਬਣਿਆ……..ਅਜਿਹੇ ਮੁਕੱਦਮੇ ਦੀ ਪਹਿਲਾਂ ਕੋਈ ਪਿਰਤ ਨਹੀਂ ਹੈ ਅਤੇ ਕਾਨੂੰਨ ਦੀਆਂ ਕਿਤਾਬਾਂ ‘ਚ ਅਜਿਹੇ ਮੁਕੱਦਮੇ ਦੀ ਕੋਈ ਮਿਸਾਲ ਨਹੀਂ ਹੈ।” ਗਵਰਨਰ ਜੌਹਨ ਪੀਟਰ ਨੇ ਇਸ ਵਜਾਹਤ ਨੂੰ ਆਪਣੇ ਫੈਸਲੇ ਵਿੱਚ ਨੋਟ ਕਰਦਿਆਂ  ਇਸਦਾ ਮਜਾਕ ਉਡਾਇਆ ” ਉਨ੍ਹਾਂ ਸਭਨਾਂ ਸਦੀਆਂ ਵਿੱਚ ਜਿੰਨਾਂ ਦੌਰਾਨ ਸਮਾਜ ਵਿੱਚ ਸਰਕਾਰਾਂ ਦੀ ਹੋਂਦ ਰਹੀ ਹੈ ਅਤੇ ਜੁਰਮ ਦੀਆਂ ਸਜਾਵਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ , ਕਿਸੇ ਸੱਭਿਅਕ ਮੁਲਕ ਦੇ ਕਿਸੇ ਵੀ ਜੱਜ ਨੇ ਪਹਿਲਾਂ ਅਜਿਹਾ ਫੈਸਲਾ ਨਹੀਂ ਕੀਤਾ।”

•       ਮਜ਼ਦੂਰ ਆਗੂਆਂ ਪ੍ਰਤੀ ਵਿਸ਼ਾਲ ਲੋਕ-ਹਮਦਰਦੀ ਦਾ ਜਿਕਰ ਕਰਦਿਆਂ ਗਵਰਨਰ ਨੇ ਨੋਟ ਕੀਤਾ ਕਿ, ” ਸ਼ਿਕਾਗੋ ਦੇ ਹਜ਼ਾਰਾਂ ਵਪਾਰੀ, ਬੈਂਕਰ, ਜੱਜ, ਵਕੀਲ ਅਤੇ ਹੋਰ ਪਤਵੰਤੇ ਸ਼ਹਿਰੀ ਇਨ੍ਹਾਂ ਲਈ ਰਹਿਮ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਦੀ ਅਪੀਲ ਦਾ ਆਧਾਰ ਇਹ ਹੈ ਕਿ ਕੈਦੀ ਭਾਵੇਂ ਅਸਲੀ ਕਾਤਲ ਹੀ ਕਿਉਂ ਨਾ ਹੋਣ, ਉਹ ਆਪਣੀ ਚੋਖੀ ਸਜਾ ਭੁਗਤ ਚੁੱਕੇ ਹਨ। ਪਰ ਜਿੰਨ੍ਹਾਂ ਲੋਕਾਂ ਨੇ ਇਸ ਕੇਸ ਨੂੰ  ਡੂੰਘਾਈ ਨਾਲ ਘੋਖਿਆ ਹੈ ਤੇ ਇਸ ਮਾਮਲੇ ਨਾਲ ਸੰਬੰਧਿਤ ਸਾਰੇ ਤੱਥਾਂ ਤੋਂ ਜਾਣੂ ਹਨ, ਜਿਹੜੇ ਇਸਦੀ ਕਾਰਵਾਈ ਦੌਰਾਨ ਉਜਾਗਰ ਹੋਏ, ਉਨ੍ਹਾਂ ਦਾ ਪੱਖ ਵੱਖਰਾ ਹੈ।” ਇਹ ਲੋਕ ਰਹਿਮ ਦੀ ਮੰਗ ਕਰਨ ਦੀ ਥਾਂ ਇਨਸਾਫ਼ ਦਾ ਹੱਕ ਮੰਗਦੇ ਹਨ। ਇਨ੍ਹਾਂ ਦਾ ਮੱਤ ਸੀ ਕਿ ਜੱਜਾਂ ਦੀ ਪੱਖਪਾਤੀ ਢੰਗ ਨਾਲ ਚੋਣ ਕੀਤੀ ਗਈ। ਮੁੱਖ ਜੱਜ ਗੈਰੀ ਤੇ ਵਿਸ਼ੇਸ਼ ਅਫ਼ਸਰ ਰਾਈਸ ਪਹਿਲਾਂ ਹੀ ਫਾਂਸੀ ਦੇਣ ਦਾ ਐਲਾਨ ਕਰਦੇ ਰਹੇ। ਮੁਕੱਦਮੇ ਦੌਰਾਨ ਗਲਤ ਨਿਯਮ ਘੜ ਕੇ ਮਜਦੂਰ ਆਗੂਆਂ ਦੇ ਵਕੀਲ ਨੂੰ ਜਿਰਹ ਕਰਨ ਦਾ ਮੌਕਾ ਨਾ ਦਿੱਤਾ ਗਿਆ। ਗਵਾਹਾਂ ਨੂੰ ਵਹਿਸ਼ੀ ਤਸ਼ੱਦਦ ਅਤੇ ਲਾਲਚ ਦੇ ਕੇ ਪ੍ਰਭਾਵਿਤ ਕੀਤਾ ਗਿਆ। ਫੇਰ ਵੀ ਆਗੂਆਂ ‘ਤੇ ਡੇਗਾਨ ਨੂੰ ਕਤਲ ਕਰਨ ਦਾ ਦੋਸ਼ ਸਾਬਿਤ ਨਹੀਂ ਕੀਤਾ ਜਾ ਸਕਿਆ। ਪਰ ਸਰਮਾਏਦਾਰ ਜਮਾਤ ਦੀ ਵਾਹ-ਵਾਹ ਖੱਟਣ ਲਈ ਹੀ ਫਾਂਸੀ ਦੀ ਸਜ਼ਾ ਦੇ ਕੇ ਇਨਸਾਫ਼ ਨੂੰ ਦਾਗੀ ਕੀਤਾ। ਇਸ ਲਈ ਮਜ਼ਦੂਰ ਆਗੂ ਪੂਰੀ ਤਰ੍ਹਾਂ ਨਿਰਦੋਸ਼ ਸਨ ਤੇ ਉਨ੍ਹਾਂ ਨੂੰ ਰਿਹਾਅ ਕਰਨਾ ਇਨਸਾਫ਼ ਦੀ ਮੰਗ ਹੈ। ਗਵਰਨਰ ਜੌਹਨ ਪੀਟਰ ਖੁਦ ਵੀ ਇਸ ਸਿੱਟੇ ‘ਤੇ ਪਹੁੰਚਿਆ ਅਤੇ ਉਸਨੇ ਸਾਰੇ ਮੁਕੱਦਮੇ ਨੂੰ ਝੂਠ ਦਾ ਪੁਲੰਦਾ ਕਿਹਾ ਅਤੇ ਫਾਂਸੀ ਚੜ੍ਹੇ ਮਜ਼ਦੂਰ ਆਗੂਆਂ ਸਮੇਤ ਸਾਰਿਆਂ ਨੂੰ ਨਿਰਦੋਸ਼ ਕਰਾਰ ਦਿੰਦਿਆਂ ਜੇਲ੍ਹ ਵਿੱਚ ਬੰਦ ਆਗੂਆਂ ਨੂੰ ਰਿਹਾਅ ਕਰਨ ਦਾ ਹੁਕਮ ਲਿਖਿਆ “ਮੇਰਾ ਯਕੀਨ ਹੈ ਕਿ ਪਹਿਲਾਂ ਹੀ ਜ਼ਿਕਰ ‘ਚ ਆਏ ਕਾਰਨਾਂ ਕਰਕੇ ਇਸ ਕੇਸ ਵਿੱਚ ਕਾਰਵਾਈ ਕਰਨਾ ਮੇਰਾ ਫ਼ਰਜ਼ ਬਣਦਾ ਹੈ। ਇਸ ਕਰਕੇ ਮੈਂ ਸੈਮੂਅਲ ਫਿਲਡੇਨ, ਆਸਕਰ ਨੀਬ ਅਤੇ ਮਾਈਕਲ ਸਕਵਾਇਰ ਨੂੰ ਅੱਜ 26 ਜੂਨ 1893ਈ: ਨੂੰ ਪੂਰੀ ਤਰ੍ਹਾਂ ਮੁਕਤ ਕਰਦਾ ਹਾਂ।”

•        ਸੋ ਗਵਰਨਰ ਜੌਹਨ ਪੀਟਰ ਦੇ ਇਸ ਇਤਿਹਾਸਿਕ ਫ਼ੈਸਲੇ ਨੇ ਪੂਰੇ ਅਮਰੀਕਾ ਵਿੱਚ ਤੂਫਾਨ ਖੜ੍ਹਾ ਕਰ ਦਿੱਤਾ। ਦੋਹਾਂ ਪੱਖਾਂ ਤੋਂ ਹੀ ਇਹ ਫੈਸਲਾ ਮਹੱਤਵਪੂਰਨ ਸੀ। ਪਹਿਲਾਂ ਇਸ ਫੈਸਲੇ ਨੇ ਪਾਰਸਨਜ, ਸਪਾਈਜ਼, ਏਂਜਲ, ਫਿਸ਼ਰ ਨੂੰ ਵੀ ਨਿਰਦੋਸ਼ ਕਰਾਰ ਦਿੱਤਾ ਜਿਹੜੇ ਪਹਿਲਾਂ ਹੀ ਫਾਂਸੀ ‘ਤੇ ਲਟਕਾਏ ਜਾ ਚੁੱਕੇ ਸਨ। ਦੂਜਾ ਰਿਹਾਅ ਕੀਤੇ ਆਗੂ ਵੀ ਕਿਸੇ ਰਹਿਮ-ਦਿਲੀ ਅਧੀਨ ਰਿਹਾਅ ਨਹੀਂ ਕੀਤੇ ਗਏ ਸਗੋਂ ਇਹ ਸੱਚ ਪੇਸ਼ ਕੀਤਾ ਕਿ ਮਜ਼ਦੂਰ ਆਗੂ ਹਰ ਪੱਖੋਂ ਨਿਰਦੋਸ਼ ਸਨ। ਇਸਦੇ ਨਾਲ ਹੀ ਇਸ ਲੰਬੇ ਇਤਿਹਾਸਿਕ ਫੈਸਲੇ ‘ਚ ਗਵਰਨਰ ਨੇ ਠੋਸ ਉਦਾਹਰਣਾਂ ਸਾਹਮਣੇ ਲਿਆਕੇ ਸਰਕਾਰ, ਸਰਮਾਏਦਾਰਾਂ, ਪੁਲਿਸ ਤਾਕਤਾਂ, ਅਦਾਲਤਾਂ ਤੇ ਪਿੰਕਰਟੇਨ ਦੇ ਗੁੰਡਿਆਂ ਦਾ ਮਜ਼ਦੂਰ ਤੇ ਲੋਕ ਧਰੋਹੀ ਕਾਰਾ ਉਜਾਗਰ ਕੀਤਾ। ਇਸੇ ਕਰਕੇ ਗਵਰਨਰ ਰਾਤੋ-ਰਾਤ ਸਰਮਾਏਦਾਰਾਂ ਅਤੇ ਉਨ੍ਹਾਂ ਦੇ ਜੁੰਡੀ-ਯਾਰਾਂ ਦੀ ਨਫ਼ਰਤ ਦਾ ਪਾਤਰ ਬਣ ਗਿਆ। ਉਸ ‘ਤੇ “ਅਰਾਜਕਤਾ”, “ਹਫੜਾ-ਦਫੜੀ” ਅਤੇ “ਗੜਬੜ-ਚੌਥ” ਨੂੰ ਹੱਲਾਸ਼ੇਰੀ ਦੇਣ ਦੇ ਇਲਜ਼ਾਮ ਲਾਏ ਗਏ। ਬੁਰਜੂਆ ਹਲਕਿਆਂ ਨੇ ਬੂਹ ਦੁਹਾਈ ਪਾਈ ਕਿ ਉਸਨੇ “ਇਨਸਾਫ਼” ਅਤੇ “ਜਮਹੂਰੀਅਤ” ਨਾਲ ਦਗ਼ਾ ਕੀਤਾ ਹੈ। ਬੁਰਜੂਆ ਅਖ਼ਬਾਰਾਂ ਨੇ ਗਵਰਨਰ ‘ਤੇ ਜਾਤੀ ਹਮਲੇ ਤੇਜ਼ ਕਰਦਿਆਂ ਉਸਨੂੰ “ਸੱਤਰਿਆ-ਬਹੱਤਰਿਆ”, “ਲਫੌੜ” ਅਤੇ “ਨੀਰੋ” ਦੇ ਵਿਸ਼ੇਸ਼ਣਾਂ ਨਾਲ ਨਿਵਾਜਿਆ। ਪਰ ਜੌਹਨ ਪੀਟਰ ਇਹਨਾਂ ਤਾਬੜ-ਤੋੜ ਹਮਲਿਆਂ ਮੂਹਰੇ ਅਡੋਲ ਤੇ ਸ਼ਾਂਤ ਰਿਹਾ। ਉਸਨੇ ਬੱਸ ਇਨਾਂ ਹੀ ਕਿਹਾ ਕਿ “ਮੈਂ ਇਸ ਲਈ ਮਾਨਸਿਕ ਤੌਰ ‘ਤੇ ਤਿਆਰ ਸਾਂ।” ਦੂਜੇ ਪਾਸੇ ਮਜ਼ਦੂਰ ਜਮਾਤ ਤੇ ਇਨਸਾਫ਼ ਪਸੰਦ ਲੋਕਾਂ ਨੇ ਗਵਰਨਰ ਦੇ ਇਸ ਫੈਸਲੇ ਨੂੰ ‘ਸੱਚ ਤੇ ਇਨਸਾਫ਼’ ਦਾ ਨਾਂਅ ਦੇ ਕੇ ਜੈ-ਜੈ ਕਾਰ ਕੀਤੀ। ਸੱਚਮੁੱਚ ਹੀ ਇਸ ਇਤਿਹਾਸਿਕ ਫ਼ੈਸਲੇ ਨੇ ਝੂਠ ਦੇ ਡਫਾਂਗ ‘ਤੇ ਸੱਚ ਦੀ ਜਿੱਤ ਦੀ ਮੋਹਰ ਲਾ ਦਿੱਤੀ।

(ਯਸ਼ ਪਾਲ ) +91 98145-35005 yashpal.vargchetna@gmail.com

Install Punjabi Akhbar App

Install
×