ਮੌਲਿਕ ਅਤੇ ਅਪ੍ਰਕਾਸ਼ਤ ਲੇਖ

ਕੈਨੇਡਾ ਚੋਣਾਂ ਜਗਮੀਤ
ਬਿਨਾ ਕਿਸੇ ਸੋਰ ਸ਼ਰਾਬੇ ਦੇ ਚੱਲ ਰਿਹੈ ਹੈ ਕੈਨੇਡਾ ਦੀਆਂ ਫੈਡਰਲ ਚੋਣਾਂ ਦਾ ਪਰਚਾਰ ਅਮਲ– ਅਮਰਜੀਤ ਢਿੱਲੋਂ ਦਬੜ੍ਹੀਖਾਨਾ( ਵਿਨੀਪੈਗ)
ਕੈਨੇਡਾ ਦੇ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈਗ ਵਿਖੇ ਐਨ ਡੀ ਪੀ ਸੁਪਰੀਮੋ ਜਗਮੀਤ ਸਿੰਘ ਦਾ ਚੋਣ ਪਰਚਾਰ ਦੇਖਣ ਨੂੰ ਮਿਲਿਆ। ਚੁੱਪ ਖਾਮੋਸ਼, ਬਿਨਾ ਕਿਸੇ ਸੋਰ ਸ਼ਰਾਬੇ ਦੇ । ਜਗਮੀਤ ਸਿੰਘ ਨੇ ਆਪਣੀ ਸਾਦਗੀ ਅਤੇ ਹੱਸਮੁੱਖ ਸੁਭਾਅ ਨਾਲ ਵੱਖ ਵੱਖ ਫਿਰਕਿਆਂ ਦੇ ਲੋਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ ।ਉਹ ਬਿਨਾਂ ਕਿਸੇ ਉਚੇਚ ਦੇ ਗੋਰਿਆਂ ਅਤੇ ਕਾਲਿਆਂ ਦੇ ਨੰਨ੍ਹੇ ਮੁੰਨੇ ਬੱਚਿਆਂ ਨਾਲ ਲਾਡ ਪਿਆਰ ਵੀ ਕਰਦੇ ਰਹੇ। ਪ੍ਰੈਸ ਕਾਨਫਰ਼ੰਸ ਦੌਰਾਨ ਜਗਮੀਤ ਸਿੰਘ ਨੇ ਕਿਹਾ ਵਾਤਾਵਰਣ ਦੀ ਸ਼ੁਧਤਾ ਐਨ ਡੀ ਪੀ ਪਾਰਟੀ ਦਾ ਮੁੱਖ ਮੁੱਦਾ ਰਹੇਗਾ। ਸਤਾ ਵਿਚ ਭਾਗੀਦਾਰ ਬਨਣ ਤੇ ਉਹ ਡੀਜ਼ਲ ਪੈਟਰੋਲ ਦੇ ਵਾਹਨ ਘਟਾ ਕੇ ਇਹਨਾਂ ਨੂੰ ਬਿਜਲੀ ਊਰਜਾ ਨਾਲ ਚਲਾਉਣ ਵਾਲੇ ਪਾਸੇ ਵੱਧ ਧਿਆਨ ਦੇਣਗੇ। ਇਸ ਤੋਂ ਬਿਨਾਂ ਸਿਖਿਆ ਅਤੇ ਸਿਹਤ ਸਹੂਲਤਾਂ ਉਹਨਾਂ ਲਈ ਪਰਮੁੱਖ ਹੋਣਗੀਆਂ । ਲੋਕਾਂ ਲਈ ਦੰਦਾਂ ਦਾ ਇਲਾਜ ਮੁਫ਼ਤ ਸ਼ੁਰੂ ਕੀਤਾ ਜਾਵੇਗਾ।ਜਗਮੀਤ ਸਿੰਘ ਜੋ ਕਿ ਆਪਣੇ ਕਾਫਲੇ ਨਾਲ ਚੋਣ ਪ੍ਰਚਾ ਲਈ ਬਣਾਈ ਗਈ ਸਪੈਸ਼ਲਬੱਸ ਰਾਹੀਂ ਟਰੰਟੋ ਤੋਂ ਇਥੇ ਪਹੁੰਚੇ ਸਨ ਅਗਲੇ ਸਫਰ ਲਈ ਵੈਨਕੂਵਰ ਰਵਾਨਾ ਹੋ ਗਏ। ਕੈਨੇਡਾ ਦੇ ਪਰਧਾਨ ਮੰਤਰੀ ਪਦ ਦੇ ਦਾਅਵੇਦਾਰ ਬਣ ਰਹੇ ( ਕਿਸੇ ਦਿਨ) ਇਸ ਸ਼ਖਸ ਨੇ ਕਿਸੇ ਕਿਸਮ ਦਾ ਕੋਈ ਉਚੇਚ ਜਾਂ ਅਡੰਬਰ ਨਹੀਂ ਕੀਤਾ। ਰਾਜ ਕਰ ਰਹੀ ਲਿਬਰਟ ਪਾਰਟੀ ਦੇ ਪਰਮੁੱਖ ਜਸਟਿਨ ਟਰੂਡੋ ਅਤੇ ਮੁੱਖ ਵਿਰੋਧੀ ਪਾਰਟੀ ਕੰਸਰਵੇਟਿਵ ਦੇ ਆਗੂ ਲੀਡਰ ਐਂਡਰਿਊ ਸ਼ੀਅਰ ਵੀ ਇਹਨਾ ਗੁਣਾ ਦੇ ਹੀ ਧਾਰਨੀ ਹਨ। 21 ਅਕਤੂਬਰ ਨੂੰ ਹੋ ਰਹੀਆਂ ਇਹਨਾਂ ਚੋਣਾਂ ਵਾਲੇ ਦਿਨ ਹੀ ਭਾਰਤ ਦੇ ਮਹਾਂਰਾਸ਼ਟਰ –ਹਰਿਆਣਾ ਸੂਬੇ ਦੇ ਨਾਲ ਕੁਝ ਜਿਮਨੀ ਚੋਣਾਂ ਵੀ ਹੋ ਰਹੀਆਂ ਹਨ। ਭਾਰਤ ਵਿਚ ਸੋਰ ਸ਼ਰਾਬਾ ਸੁਰੂ ਹੋ ਗਿਆ ਹੈ ਪਰ ਇਥੇ ਬਹੁਤ ਹੀ ਸੰਜਮ ਅਤੇ ਸਲੀਕੇ ਨਾਲ ਲੀਡਰ ਲੋਕਾਂ ਨੂੰ ਮਿਲ ਰਹੇ ਹਨ। ਕੋਈ ਵੱਡੀ ਕਾਨਫਰੰਸ ਜਾਂ ਰੈਲੀ ਨਹੀਂ ।ਕੇਵਲ ਟੈਲੀਵਜਨ ਤੇ ਲੀਡਰਾਂ ਦੀ ਬਿਹਸ ਹੋਵੇਗੀ ਅਤੇ ਲੋਕ ਸੁਣ ਫੈਸਲਾ ਕਰ ਲੈਣਗੇ ਵੋਟ ਕਿਕਹੜੇ ਲੀਡਰ ਨੂੰ ਪਾਉਣੀ ਹੈ। ਇਥੇ ਲੋਕਾਂ ਕੋਲ ਰੈਲੀਆਂ ਚ ਜਾਣ ਲਈ ਵਿਹਲ ਹੈ ਹੀ ਕਿਥੇ। ਲੀਡਰ ਕੰਮ ਕਰ ਰਹੇ ਲੋਕਾਂ ਨੂੰ ਮਿਲ ਰਹੇ ਹਨ ਅਤੇ ਬਿਨਾਂ ਕਿਸੇ ਦੇ ਖਿਲਾਫ਼ ਬੋਲੇ ਮੁਸਕਰਹਾਟਾਂ ਵੰਡ ਰਹੇ ਹਨ। ਕੈਨੇਡਾ ਦੇਸ਼ ਜਿਸਦਾ ਖੇਤਰਫਲ ਤਕਰੀਬਨ 98 ਲੱਖ ਵਰਗ ਕਿਲੋਮੀਟਰ( ਭਾਰਤ ਨਾਲੋਂ ਤਿੰਨ ਗੁਣਾ ਜਿਆਦਾ )ਹੈ ਅਤੇ ਆਬਾਦੀ ਮਸਾਂ ਪੰਜਾਬ ਤੋਂ ਥੋੜੀ ਵੱਧ (ਪੌਣੇ ਚਾਰ ਕਰੋੜ) ਹੈ ਵਿਖੇ ਫੈਡਰਲ ਸਰਕਾਰ ਲਈ ਲੋਕ ਸਭਾ ਦੀਆਂ 338 ਸੀਟਾਂ ਹਨ। ਇਹ ਚੋਣਾਂ ਕੈਨੇਡਾ ਦੀ 43 ਵੀਂ ਲੋਕ ਸਭਾ ਲਈ ਹਨ।ਕਿਊਬਿਕ ਅਤੇ ਓਂਟਰਾਰੀਓ ਦੋ ਵੱਡੇ ਸੂਬੇ ਹਨ ਜੋ ਦੇਸ਼ ਦੀ ਕਿਸਮਤ ਦਾ ਫੈਸਲਾ ਕਰਦੇ ਹਨ ਅਤੇ ਇਹਨਾਂ ਸੂਬਿਆਂ ਵਿਚ ਹੁਣ ਤੱਕ ਲਿਬਰਲ ਪਾਰਟੀ ਹੀ ਅੱਗੇ ਰਹੀ ਹੈ।ਕਿਊਬਕ ਸੂਬੇ ਵਿਚ ਜਿਥੇ ਯੂ ਪੀ ਵਾਂਗ 78 ਸੀਟਾਂ ਹਨ ਉਥੇ ਮੈਨੀਟੋਬਾ ਵਿਚ ਪੰਜਾਬ ਵਾਂਗ ਸਿਰਫ 14 ਸੀਟਾਂ ਹੀ ਹਨ। ਭਾਵੇਂ ਕੰਸਰਵੇਟਿਵ ਪਾਰਟੀ ਸਤਾ ਬਦਲੀ ਲਈ ਪਰਮੁੱਖ ਦਾਅਵੇਦਾਰ ਹੈ ਪਰ ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਇਸ ਵਾਰ ਦੋਵੇਂ ਪਾਰਟੀਆਂ ਪੂਰਨ ਬਹੁਮੱਤ ਤੋਂ ਘੱਟ ਰਹਿ ਸਕਦੀਆਂ ਹਨ।ਦੋਵਾਂ ਚੋਂ ਕਿਸੇ ਪਾਰਟੀ ਦੀ ਘਟਗਿਣਤੀ ਸਰਕਾਰ ਬਣ ਸਕਦੀ ਹੈ ਪਰ ਕੋਈ ਵੀ ਪਾਰਟੀ ਦੁਬਾਰਾ ਚੋਣਾਂ ਨਹੀਂ ਚਾਹੁੰਦੀ।ਕੱਟੜ ਗੋਰਿਆਂ ਦਾ ਝੁਕਾ ਕੰਸਰਵੇਟਿਵ ਵੱਲ ਜਿਆਦਾ ਹੈ ਅਤੇ ਉਹ ਲਿਬਰਲ ਪਾਰਟੀ ਦੀ ਇਮੀਗ੍ਰੇਸ਼ਨ ਨੀਤੀਆਂ ਦੇ ਖਿਲਾਫ ਹਨ। ਇਹ ਪਾਰਟੀਆਂ ਭਾਰਤੀ ਸਿਆਸੀ ਪਾਰਟੀਆਂ ਵਾਂਗੂ ਨਾ ਪੂਰਾ ਹੋਣ ਵਾਲੇ ਝੂਠੇ ਵਾਅਦਿਆਂ ਦਾ ਪੁਲੰਦਾ ਪੇਸ਼ ਨਹੀਂ ਕਰਦੀਆਂ। ਕੰਸਰਵੇਟਿਵ ਪਾਰਟੀ ਦੇ ਐਡਰਿਊ ਸ਼ੀਅਰ ਜਿਥੇ ਇਨਕਮ ਟੈਕਸ ਘਟਾਉਣ ਦਾ ਵਾਅਦਾ ਕਰ ਰਹੇ ਹਨ ਉਥੇ ਲਿਬਰਲ ਦੇ ਜਸਟਿਨ ਟਰੂਡੋ ਬਜੁਰਗਾਂ ਦੀ ਪੈਨਸ਼ਨ ਦਸ ਪ੍ਰਤੀਸ਼ਤ ਵਧਾਉਣ ਦਾ ਵਾਅਦਾ ਕਰ ਰਹੇ ਹਨ।ਪੂਰਨ ਬਹੁਮੱਤ ਨਾ ਹੋਣ ਦੀ ਸੂਰਤ ਵਿਚ ਐਨ ਡੀ ਪੀ ( ਨਿਊ ਡੈਮੋਕਰੇਟਿਕ ਪਾਰਟੀ) ਮਹੱਤਵਪੂਰਨ ਰੋਲ ਅਦਾ ਕਰ ਸਕਦੀ ਹੈ ਜਿਸਦਾ ਝੁਕਾ ਲਿਬਰਲ ਪਾਰਟੀ ਵੱਲ ਜਿਆਦਾ ਹੈ। ਨਵੀਂ ਗਰੀਨ ਪਾਰਟੀ ਵੀ ਆਪਣਾ ਸਿਅਸੀ ਸਥਾਨ ਬਣਾ ਰਹੀ ਹੈ ਪਰ ਅਜੇ ਇਹ ਐਨ ਡੀ ਪੀ ਦੇ ਬਰਾਬਰ ਨਹੀਂ ਆ ਸਕੀ। ਲਿਬਰਲ ਪਾਰਟੀ ਨੇ ਵਿਦੇਸੀਆਂ ਲਈ ਇਮੀਗਰੇਸ਼ਨ ਦੇ ਦਰਵਾਜੇ ਖੋਹਲੇ ਹੋਣ ਕਾਰਨ ਭਾਰਤ ਸਮੇਤ ਏਸ਼ੀਅਨ ਮੁਲਕਾਂ ਦੇ ਲੋਕ ਚਾਹੁੰਦੇ ਹਨ ਕਿ ਜਸਟਿਨ ਟਰੂਡੋ ਇਕ ਵਾਰ ਦੁਬਾਰਾ ਫਿਰ ਸਤਾ ਵਿਚ ਆਉਣ ਪਰ ਹੋਣਾ ਉਹ ਹੀ ਹੈ ਜੋ 21 ਅਕਤੂਬਰ ਨੂੰ ਕੈਨੇਡਾ ਦੇ ਸਿਟੀਜ਼ਨ ਕਰਨਗੇ।

ਤਸਵੀਰ -1ਜਗਮੀਤ ਸਿੰਘ ਡਾਊਨ ਟਾਊਨ ( ਵਿਨੀਪੈਗ) ਵਿਖੇ ਲੋਕਾਂ ਨਾਲ ਮਿਲਦੇ ਹੋਏ। ਤਸਵੀਰ –ਅਮਰਜੀਤ ਢਿੱਲੋਂ 431 374 6646 ਵਟਸ ਐਪ ਨੰ 94171 20427

Install Punjabi Akhbar App

Install
×